ਗੋਗਾਮੇੜੀ ਕਤਲ ਕਾਂਡ ਵਿਚ ਨਵਾਂ ਖੁਲਾਸਾ : ਇਨ੍ਹਾਂ ਸ਼ੂਟਰਾਂ ਨੇ ਕਰਨਾ ਸੀ ਗੋਗਾਮੇੜੀ ਦਾ ਕਤਲ
ਜੈਪੁਰ, 12 ਦਸੰਬਰ, ਨਿਰਮਲ : ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਮਾਮਲੇ ਵਿੱਚ ਹਰਿਆਣਾ ਪੁਲਿਸ ਨੇ ਨਵੇਂ ਖੁਲਾਸੇ ਕੀਤੇ ਹਨ। ਇਸ ਕਤਲ ਲਈ ਰੋਹਿਤ ਰਾਠੌਰ ਅਤੇ ਨਿਤਿਨ ਫੌਜੀ ਨੂੰ ਨਹੀਂ ਸਗੋਂ ਲਾਰੈਂਸ ਗੈਂਗ ਦੇ 3 ਸ਼ੂਟਰਾਂ ਨੂੰ ਚੁਣਿਆ ਗਿਆ ਸੀ ਪਰ ਇਸ ਤੋਂ ਪਹਿਲਾਂ ਕਿ ਉਹ ਵਾਰਦਾਤ ਨੂੰ ਅੰਜਾਮ ਦਿੰਦੇ, […]
By : Editor Editor
ਜੈਪੁਰ, 12 ਦਸੰਬਰ, ਨਿਰਮਲ : ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਮਾਮਲੇ ਵਿੱਚ ਹਰਿਆਣਾ ਪੁਲਿਸ ਨੇ ਨਵੇਂ ਖੁਲਾਸੇ ਕੀਤੇ ਹਨ। ਇਸ ਕਤਲ ਲਈ ਰੋਹਿਤ ਰਾਠੌਰ ਅਤੇ ਨਿਤਿਨ ਫੌਜੀ ਨੂੰ ਨਹੀਂ ਸਗੋਂ ਲਾਰੈਂਸ ਗੈਂਗ ਦੇ 3 ਸ਼ੂਟਰਾਂ ਨੂੰ ਚੁਣਿਆ ਗਿਆ ਸੀ ਪਰ ਇਸ ਤੋਂ ਪਹਿਲਾਂ ਕਿ ਉਹ ਵਾਰਦਾਤ ਨੂੰ ਅੰਜਾਮ ਦਿੰਦੇ, ਉਨ੍ਹਾਂ ’ਤੇ ਪੁਲਸ ’ਤੇ ਗੋਲੀ ਚਲਾਉਣ ਦਾ ਦੋਸ਼ ਲਗਾਇਆ ਗਿਆ ਅਤੇ ਮਹਿੰਦਰਗੜ੍ਹ ਪੁਲਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਭੌਂਡਸੀ ਜੇਲ ਭੇਜ ਦਿੱਤਾ।
ਇਹ ਸ਼ੂਟਰ ਭਵਾਨੀ ਸਿੰਘ ਉਰਫ ਰੌਨੀ, ਰਾਹੁਲ ਅਤੇ ਸੁਮਿਤ ਹਨ। ਉਨ੍ਹਾਂ ਦੇ ਨਾਲ ਹੀ ਉਸ ਦਿਨ ਫੌਜ ਤੋਂ ਛੁੱਟੀ ’ਤੇ ਆਏ ਨਿਤਿਨ ਫੌਜੀ ਨੂੰ ਵੀ ਪੁਲਸ ਗੋਲੀਬਾਰੀ ਦੇ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਸੀ। ਫਰਾਰ ਹੋਣ ਦੌਰਾਨ ਨਿਤਿਨ ਫੌਜੀ ਆਪਣੇ ਜੇਲ੍ਹ ਵਿੱਚ ਬੰਦ ਦੋਸਤ ਭਵਾਨੀ ਸਿੰਘ ਦੇ ਸੰਪਰਕ ਵਿੱਚ ਰਿਹਾ।
ਪੁਲਸ ਸੂਤਰਾਂ ਅਨੁਸਾਰ ਭੋਂਡਸੀ ਜੇਲ੍ਹ ਵਿੱਚ ਬੈਠ ਕੇ ਭਵਾਨੀ ਸਿੰਘ ਨੇ ਮੁੜ ਗੋਗਾਮੇੜੀ ਕਤਲ ਕਾਂਡ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਅਤੇ ਫ਼ਰਾਰ ਹੋਏ ਗੈਂਗਸਟਰ ਰੋਹਿਤ ਗੋਦਾਰਾ ਅਤੇ ਨਿਤਿਨ ਫ਼ੌਜੀ ਦੇ ਵਰਿੰਦਰ ਨਾਲ ਸੰਪਰਕ ਕੀਤਾ। ਦੋਵਾਂ ਗੈਂਗਸਟਰਾਂ ਨੇ ਨਿਤਿਨ ਫੌਜੀ ਨੂੰ ਝਾਂਸਾ ਦਿੱਤਾ ਕਿ ਉਹ ਉਸ ਨੂੰ ਜਾਅਲੀ ਪਾਸਪੋਰਟ ਰਾਹੀਂ ਕੈਨੇਡਾ ਭੇਜ ਦੇਣਗੇ। ਉਸ ਨੂੰ ਸਿਰਫ਼ ਜੈਪੁਰ ਵਿੱਚ ਇੱਕ ਕਤਲ ਕਰਨਾ ਹੈ।
ਇਸ ਤੋਂ ਬਾਅਦ ਪੂਰੀ ਯੋਜਨਾਬੰਦੀ ਦੇ ਤਹਿਤ ਰੋਹਿਤ ਰਾਠੌਰ ਅਤੇ ਨਿਤਿਨ ਫੌਜੀ ਨੂੰ ਤਿਆਰ ਕਰਕੇ ਜੈਪੁਰ ਭੇਜਿਆ ਗਿਆ। 5 ਦਸੰਬਰ ਨੂੰ ਇਹ ਦੋਵੇਂ ਸ਼ੂਟਰ ਨਵੀਨ ਨਾਂ ਦੇ ਤੀਜੇ ਵਿਅਕਤੀ ਨਾਲ ਜੈਪੁਰ ਸਥਿਤ ਸੁਖਦੇਵ ਸਿੰਘ ਦੇ ਘਰ ਪਹੁੰਚੇ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ। ਗੋਗਾਮੇੜੀ ਕਤਲ ਕੇਸ ਵਿੱਚ ਰਾਜਸਥਾਨ ਪੁਲਿਸ ਨੇ ਭਵਾਨੀ ਸਿੰਘ, ਰਾਹੁਲ ਅਤੇ ਸੁਮਿਤ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਗੁਰੂਗ੍ਰਾਮ ਦੀ ਭੋਂਡਸੀ ਜੇਲ੍ਹ ਤੋਂ ਰਿਮਾਂਡ ’ਤੇ ਲਿਆ ਹੈ।
ਮਹਿੰਦਰਗੜ੍ਹ ਜ਼ਿਲ੍ਹੇ ਦੇ ਪਿੰਡ ਪਹਾੜਵਾਸ ਦਾ ਰਹਿਣ ਵਾਲਾ ਭਵਾਨੀ ਸਿੰਘ ਉਰਫ਼ ਰੌਨੀ, ਰਾਹੁਲ ਵਾਸੀ ਕੌਥਲ ਖੁਰਦ ਅਤੇ ਨਿਤਿਨ ਫ਼ੌਜੀ ਵਾਸੀ ਡੋਂਗੜਾ ਜਾਟ ਤਿੰਨੋਂ ਆਪਸ ਵਿੱਚ ਦੋਸਤ ਹਨ। ਇਨ੍ਹਾਂ ਤੋਂ ਇਲਾਵਾ ਰਾਹੁਲ ਅਤੇ ਭਵਾਨੀ ਸਿੰਘ ਦਾ ਇਕ ਹੋਰ ਦੋਸਤ ਸੁਮਿਤ ਹੈ। ਭਵਾਨੀ ਸਿੰਘ ਅਤੇ ਅਨੁਪਮ ਨਾਂ ਦੇ ਵਿਅਕਤੀ ਵਿਚਕਾਰ ਪੁਰਾਣਾ ਝਗੜਾ ਚੱਲ ਰਿਹਾ ਸੀ। 7 ਨਵੰਬਰ ਨੂੰ ਨਿਤਿਨ ਫੌਜੀ ਫੌਜ ਤੋਂ ਦੋ ਦਿਨ ਦੀ ਛੁੱਟੀ ਲੈ ਕੇ ਘਰ ਪਰਤਿਆ ਸੀ।
ਇਸ ਦੌਰਾਨ ਅਨੁਪਮ ਅਤੇ ਭਵਾਨੀ ਸਿੰਘ ਵਿਚਕਾਰ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਰਾਹੁਲ, ਸੁਮਿਤ, ਨਿਤਿਨ ਫੌਜੀ ਭਵਾਨੀ ਸਿੰਘ ਨੂੰ ਨਾਲ ਲੈ ਕੇ ਮਹਿੰਦਰਗੜ੍ਹ ਦੇ ਪਿੰਡ ਖੁਦਾਣਾ ਪਹੁੰਚੇ। ਅਨੁਪਮ ਨਾਲ ਝਗੜਾ ਵਧਣ ਤੋਂ ਬਾਅਦ ਪੁਲਿਸ ਉੱਥੇ ਆ ਗਈ। ਪੁਲਸ ਨੂੰ ਦੇਖ ਕੇ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲਸ ਮੁਲਾਜ਼ਮਾਂ ’ਤੇ ਗੋਲੀ ਚਲਾਉਣ ਦੇ ਦੋਸ਼ ਹੇਠ ਭਵਾਨੀ ਸਿੰਘ, ਰਾਹੁਲ, ਸੁਮਿਤ, ਨਿਤਿਨ ਫ਼ੌਜੀ ਤੇ ਹੋਰਾਂ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਗਿਆ ਸੀ।