ਕੈਨੇਡਾ ’ਚ 46 ਸਾਲਾ ਕੁਲਵੰਤ ਕੌਰ ਦਾ ਕਤਲ
ਨਿਊ ਵੈਸਟਮਿੰਸਟਰ (ਬੀ.ਸੀ.), (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ 46 ਸਾਲ ਦੀ ਕੁਲਵੰਤ ਕੌਰ ਦਾ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਹੱਤਿਆ ਦੇ ਕੇਸ ਵਿੱਚ ਪੁਲਿਸ ਨੇ ਕੁਲਵੰਤ ਦੇ ਪਤੀ 57 ਸਾਲ ਦੇ ਬਲਵੀਰ ਸਿੰਘ ਨੂੰ ਹੀ ਗ੍ਰਿਫ਼ਤਾਰ ਕਰ ਲਿਆ, ਜਿਸ ’ਤੇ ਸੈਕਿੰਡ ਡਿਗਰੀ ਮਰਡਰ ਦੇ ਦੋਸ਼ ਆਇਦ ਕੀਤੇ […]
By : Hamdard Tv Admin
ਨਿਊ ਵੈਸਟਮਿੰਸਟਰ (ਬੀ.ਸੀ.), (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ 46 ਸਾਲ ਦੀ ਕੁਲਵੰਤ ਕੌਰ ਦਾ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਹੱਤਿਆ ਦੇ ਕੇਸ ਵਿੱਚ ਪੁਲਿਸ ਨੇ ਕੁਲਵੰਤ ਦੇ ਪਤੀ 57 ਸਾਲ ਦੇ ਬਲਵੀਰ ਸਿੰਘ ਨੂੰ ਹੀ ਗ੍ਰਿਫ਼ਤਾਰ ਕਰ ਲਿਆ, ਜਿਸ ’ਤੇ ਸੈਕਿੰਡ ਡਿਗਰੀ ਮਰਡਰ ਦੇ ਦੋਸ਼ ਆਇਦ ਕੀਤੇ ਗਏ।
ਘਰ ’ਚੋਂ ਮਿਲੀ ਲਾਸ਼, ਪਤੀ ਗ੍ਰਿਫ਼ਤਾਰ, ਹੱਤਿਆ ਦੇ ਦੋਸ਼
ਪੁਲਿਸ ਦਾ ਕਹਿਣਾ ਹੈ ਕਿ ਮੁਢਲੀ ਜਾਂਚ ’ਚ ਇਹ ਪਰਿਵਾਰਕ ਝਗੜੇ ਕਾਰਨ ਹੋਈ ਵਾਰਦਾਤ ਲੱਗ ਰਹੀ ਹੈ, ਬਾਕੀ ਅਸਲ ਕਾਰਨਾਂ ਬਾਰੇ ਡੂੰਘਾਈ ਨਾਲ ਪੜਤਾਲ ਕਰਨ ਮਗਰੋਂ ਪਤਾ ਲੱਗੇਗਾ।
ਬੀ.ਸੀ. ਦੇ ਨਿਊ ਵੈਸਟਮਿੰਸਟਰ ਸ਼ਹਿਰ ’ਚ ਵੱਡੀ ਵਾਰਦਾਤ
ਕਤਲ ਦੀ ਇਹ ਵੱਡੀ ਵਾਰਦਾਤ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਨਿਊ ਵੈਸਟਮਿੰਸਟਰ ਸ਼ਹਿਰ ਵਿੱਚ ਵਾਪਰੀ। ਨਿਊ ਵੈਸਟਮਿੰਸਟਰ ਪੁਲਿਸ ਮੁਤਾਬਕ ਉਨ੍ਹਾਂ ਨੂੰ ਬੀਤੇ ਦਿਨੀਂ 13 ਅਕਤੂਬਰ ਨੂੰ ਸ਼ਾਮ 5 ਵਜ ਕੇ 9 ਮਿੰਟ ’ਤੇ ਸ਼ਹਿਰ ਦੀ ਸੂਜ਼ੁਕੀ ਸਟਰੀਟ ਦੇ ਬਲਾਕ-200 ਵਿੱਚ ਛੁਰੇਬਾਜ਼ੀ ਹੋਣ ਸਬੰਧੀ ਰਿਪੋਰਟ ਮਿਲੀ ਸੀ। ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਉੱਥੇ ਛੁਰਾ ਲੱਗਣ ਕਾਰਨ ਇੱਕ ਮਹਿਲਾ ਤੜਪ ਰਹੀ ਸੀ।
46 ਸਾਲ ਦੀ ਕੁਲਵੰਤ ਕੌਰ ਨੂੰ ਘਰ ’ਚ ਹੀ ਮਾਰੇ ਗਏ ਛੁਰੇ
ਬੀ.ਸੀ. ਐਮਰਜੰਸੀ ਹੈਲਥ ਸਰਵਿਸਜ਼ ਵੱਲੋਂ ਜਾਨ ਬਚਾਉਣ ਲਈ ਕੀਤੇ ਲੱਖ ਯਤਨਾਂ ਦੇ ਬਾਵਜੂਦ ਉਹ ਮਹਿਲਾ ਜ਼ਖਮਾਂ ਦੀ ਤਾਬ ਨਾ ਝੱਲਦੀ ਹੋਈ ਮੌਕੇ ’ਤੇ ਹੀ ਦਮ ਤੋੜ ਗਈ। ਮ੍ਰਿਤਕਾ ਦੀ ਪਛਾਣ ਨਿਊ ਵੈਸਟਮਿੰਸਟਰ ਸ਼ਹਿਰ ਦੀ ਹੀ ਵਾਸੀ 46 ਸਾਲਾ ਕੁਲਵੰਤ ਕੌਰ ਵਜੋਂ ਹੋਈ। ਪੁਲਿਸ ਨੇ ਮੌਕੇ ’ਤੇ ਹੀ ਸ਼ੱਕੀ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ, ਜਿਸ ਦੀ ਪਛਾਣ ਨਿਊ ਵੈਸਟਮਿੰਸਟਰ ਦੇ ਹੀ ਵਾਸੀ 57 ਸਾਲ ਦੇ ਬਲਵੀਰ ਸਿੰਘ ਵਜੋਂ ਹੋਈ ਹੈ। ਜਾਂਚ-ਪੜਤਾਲ ਮਗਰੋਂ ਪੁਲਿਸ ਨੇ ਬਲਵੀਰ ਸਿੰਘ ’ਤੇ ਕੁਲਵੰਤ ਕੌਰ ਦੇ ਕਤਲ ਮਾਮਲੇ ਵਿੱਚ ਸੈਕਿੰਡ ਡਿਗਰੀ ਮਰਡਰ ਦੇ ਦੋਸ਼ ਆਇਦ ਕਰ ਦਿੱਤੇ।
ਹਾਲਾਂਕਿ ਇੰਟੀਗਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਨਿਊ ਵੈਸਟਮਿੰਸਟਰ ਪੁਲਿਸ ਵਿਭਾਗ ਅਤੇ ਬੀ.ਸੀ. ਕੌਰਨਰ ਸਰਵਿਸ ਨਾਲ ਮਿਲ ਕੇ ਇਸ ਕੇਸ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਇੰਟੀਗਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਅਧਿਕਾਰੀ ਸਾਰਜੈਂਟ ਟਿਮਥੀ ਪਿਰੋਟੀ ਨੇ ਕਿਹਾ ਕਿ ਮੁਢਲੀ ਜਾਂਚ ਵਿੱਚ ਇਹ ਕਤਲ ਪਰਿਵਾਰਕ ਮੈਂਬਰਾਂ ਵਿਚਾਲੇ ਝਗੜਾ ਦਾ ਨਤੀਜਾ ਲੱਗ ਰਿਹਾ ਹੈ।
ਬਾਕੀ ਮੌਕੇ ਦੇ ਗਵਾਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਾਰਦਾਤ ਦੇ ਅਸਲ ਕਾਰਨਾਂ ਬਾਰੇ ਪੂਰੀ ਛਾਣਬੀਣ ਮਗਰੋਂ ਹੀ ਪਤਾ ਲੱਗੇਗਾ। ਪੁੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਕੁਲਵੰਤ ਕੌਰ ਅਤੇ ਬਲਵੀਰ ਸਿੰਘ ਆਪਸ ਵਿੱਚ ਪਤੀ-ਪਤਨੀ ਹਨ। ਘਰੇਲੂ ਝਗੜੇ ਦੇ ਚਲਦਿਆਂ ਹੀ ਇਹ ਵਾਰਦਾਤ ਹੋਈ ਜਾਪ ਰਹੀ ਹੈ, ਪਰ ਬਾਕੀ ਜਾਂਚ ਮਗਰੋਂ ਪਤਾ ਲੱਗੇਗਾ।
ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਵੀ ਕੁਲਵੰਤ ਕੌਰ ਦੇ ਕਤਲ ਨਾਲ ਸਬੰਧਤ ਕੋਈ ਜਾਣਕਾਰੀ ਹੈ ਤਾਂ ਉਹ ਇੰਟੀਗਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨਾਲ ਫੋਨ ਨੰਬਰ : 1-877-551 ’ਤੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਆਈ ਹਿਟ ਦੀ ਈਮੇਲ ਆਈਡੀ ’ਤੇ ਗੁਪਤ ਢੰਗ ਨਾਲ ਸੂਚਨਾ ਦਿੱਤੀ ਜਾ ਸਕਦੀ ਹੈ।