ਸੰਸਦ ਮੈਂਬਰ ਸਾਹਨੀ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ 2.25 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ
ਵਾਈਸ ਚਾਂਸਲਰ ਵੱਲੋਂ ਵਿਦਿਆਰਥੀਆਂ ਲਈ ਲਾਏ ਜਾਂਦੇ ਮੇਲਿਆਂ ਦਾ ਪਸਾਰ ਕਰਨ ਦੀ ਲੋੜ ’ਤੇ ਜ਼ੋਰ ਬਠਿੰਡਾ, 5 ਫਰਵਰੀ (ਅੰਗਰੇਜ ਸਿੰਘ ਵਿੱਕੀ) ਪੰਜਾਬ ਤੋਂ ਸੰਸਦ ਮੈਂਬਰ ਸ. ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬੀ ਯੂਨੀਵਰਸਿਟੀ ਨੂੰ 2.25 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ।ਅੱਜ ਏਥੇ 37ਵੇਂ ਨਾਰਥ ਜ਼ੋਨ ਅੰਤਰ ਰਾਸ਼ਟਰੀ ਯੁਵਕ ਮੇਲੇ ਦੇ ਸਮਾਪਤੀ ਸਮਰੋਹ ਨੂੰ […]
By : Editor Editor
ਵਾਈਸ ਚਾਂਸਲਰ ਵੱਲੋਂ ਵਿਦਿਆਰਥੀਆਂ ਲਈ ਲਾਏ ਜਾਂਦੇ ਮੇਲਿਆਂ ਦਾ ਪਸਾਰ ਕਰਨ ਦੀ ਲੋੜ ’ਤੇ ਜ਼ੋਰ
ਬਠਿੰਡਾ, 5 ਫਰਵਰੀ (ਅੰਗਰੇਜ ਸਿੰਘ ਵਿੱਕੀ) ਪੰਜਾਬ ਤੋਂ ਸੰਸਦ ਮੈਂਬਰ ਸ. ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬੀ ਯੂਨੀਵਰਸਿਟੀ ਨੂੰ 2.25 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ।ਅੱਜ ਏਥੇ 37ਵੇਂ ਨਾਰਥ ਜ਼ੋਨ ਅੰਤਰ ਰਾਸ਼ਟਰੀ ਯੁਵਕ ਮੇਲੇ ਦੇ ਸਮਾਪਤੀ ਸਮਰੋਹ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਸੂਬੇ ਦੀ ਸ਼ਾਨਦਾਰ ਵਿਰਾਸਤ ਹੈ ਅਤੇ ਇਸ ਨੂੰ ਸੰਭਾਲਣ ਤੇ ਇਸ ਦੇ ਪਸਾਰ ਲਈ ਉਹ ਹਰ ਯੋਗਦਾਨ ਦੇਣਗੇ। ਉਨ੍ਹਾਂ ਨੇ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਾਸਤੇ ਇੱਕ ਹੋਰ ਰੀਡਿੰਗ ਹਾਲ ਬਣਾਉਣ ਲਈ ਦੋ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਤਾਂ ਜੋ ਇਸ ਦੇ ਨੌ ਹਜ਼ਾਰ ਤੋਂ ਵਧੇਰੇ ਵਿਦਿਆਰਥੀ ਇਸ ਦਾ ਪੂਰਾ ਲਾਭ ਉਠਾ ਸਕਣ। ਉਹਨਾਂ ਨੇ ਗੁਰੂ ਤੇਗ ਬਹਾਦਰ ਐਡੀਟੋਰੀਅਮ ਵਾਸਤੇ 25 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਵੀ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਗੁਰੂ ਤੇਗ ਬਹਾਦਰ ਐਡੀਟੋਰੀਅਮ ਉਤਰੀ ਜ਼ੋਨ ਦਾ ਸਭ ਤੋਂ ਸ਼ਾਨਦਾਰ ਐਡੀਟੋਰੀਅਮ ਹੋਵੇ ਅਤੇ ਵਿਦਿਆਰਥੀਆਂ ਦੀਆਂ ਵੱਧ ਤੋਂ ਵੱਧ ਗਤੀਵਿਧੀਆਂ ਏਥੇ ਹੀ ਹੋਣ। ਇਸ ਦੌਰਾਨ ਉਨ੍ਹਾਂ ਨੇ ਆਪਣੀ ਪੜ੍ਹਾਈ ਦੌਰਾਨ ਯੂਨੀਵਰਸਿਟੀ ਵਿੱਚ ਬਿਤਾਏ ਗਏ ਪਲਾਂ ਨੂੰ ਯਾਦ ਕੀਤਾ ਅਤੇ ਅਜਿਹਾ ਕਰਦੇ ਹੋਏ ਉਹ ਬਹੁਤ ਹੀ ਭਾਵੁਕ ਦਿਖਾਈ ਦਿੱਤੇ।ਇਸ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.ਅਰਵਿੰਦ ਨੇ ਨਾਰਥ ਜ਼ੋਨ ਅੰਤਰ ਰਾਸ਼ਟਰੀ ਯੁਵਕ ਮੇਲੇ ਦੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਬਾਕੀ ਵਿਦਿਆਰਥੀਆਂ ਨੂੰ ਹੋਰ ਵਧੇਰੇ ਮਿਹਨਤ ਕਰਨ ਦੀ ਸਲਾਹ ਦਿੱਤੀ ਤਾਂ ਜੋ ਉਹ ਭਵਿੱਖ ਵਿੱਚ ਵਧੀਆ ਨਤੀਜੇ ਕੱਢ ਸਕਣ। ਵਾਈਸ ਚਾਂਸਲਰ ਨੇ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਹਰ ਖੇਤਰ ਵਿੱਚ ਵਧੀਆਂ ਸਹੂਲਤਾਂ ਦੇਣ ਲਈ ਦ੍ਰਿੜ ਹਨ ਅਤੇ ਉਹ ਇਸ ਵਾਸਤੇ ਲਗਾਤਰ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਲਈ ਲਾਏ ਜਾਂਦੇ ਮੇਲਿਆਂ ਦਾ ਪਸਾਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮੇਲੇ ਵਿਦਿਆਰਥੀਆਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਯੂਨੀਵਰਸਿਟੀ ਲਈ ਗਰਾਂਟ ਦੇਣ ਦਾ ਸ. ਸਾਹਨੀ ਦਾ ਧਨਵਾਦ ਕੀਤਾ।
ਇਸ ਮੌਕੇ ਏ.ਆਈ.ਯੂ. ਦੇ ਅਬਜ਼ਰਬਰ ਡਾ. ਐਸ.ਕੇ. ਸ਼ਰਮਾ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ।ਇਸ ਤੋਂ ਪਹਿਲਾਂ ਵੀ.ਸੀ.ਦਫਤਰ ਵਿਖੇ ਯੂਨੀਵਰਸਿਟੀ ਦੀ ਕੰਮ ਕਾਜ ਸਬੰਧੀ ਵਾਈਸ ਚਾਂਸਲਰ ਪ੍ਰੋਫੈਸਰ ਅਰਵਿਦ ਨਾਲ ਵਿਚਾਰ ਵਿਟਾਂਦਰਾ ਕਰਦੇ ਹੋਏ ਸੰਸਦ ਮੈਂਬਰ ਸਰਦਾਰ ਵਿਕਰਮਜੀਤ ਸਿੰਘ ਸਾਹਨੀ ਨੇ ਯੂਨੀਵਰਸਿਟੀ ਦੇ ਪਸਾਰ ਲਈ ਆਪਣੇ ਵੱਲੋਂ ਹਰ ਮਦਦ ਦੇਣ ਦਾ ਭਰੋਸਾ ਦਵਾਇਆ। ਉਹਨਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹੋਣ ਦੇ ਨਾਤੇ ਇਸ ਯੂਨੀਵਰਸਿਟੀ ਦੇ ਵਿਕਾਸ ਵਾਸਤੇ ਉਨਾਂ ਦੀ ਪਹਿਲੀ ਜਿੰਮੇਵਾਰੀ ਬਣਦੀ ਹੈ ਅਤੇ ਉਹ ਇਹ ਜਿੰਮੇਵਾਰੀ ਹਰ ਹਾਲਤ ਵਿੱਚ ਨਿਭਾਉਂਦੇ ਰਹਿਣਗੇ ਇਸ ਦੌਰਾਨ ਪ੍ਰੋ.ਅਰਵਿੰਦ ਨੇ ਪਿਛਲੇ ਸਮੇਂ ਦੌਰਾਨ ਯੂਨੀਵਰਸਿਟੀ ਦੀਆਂ ਆਰਥਿਕ ਹਾਲਤਾਂ ਸਧਾਰਨ ਲਈ ਚੁੱਕੇ ਗਏ ਕਦਮਾਂ ਬਾਰੇ ਸਾਹਨੀ ਨੂੰ ਜਾਣੂ ਕਰਾਇਆ।
ਉਹਨਾਂ ਦੱਸਿਆ ਕਿ ਯੂਨੀਵਰਸਿਟੀ ਦੇ ਕੰਮ ਕਾਜ ਦੇ ਸੰਬੰਧ ਵਿੱਚ ਵੱਖ ਵੱਖ ਪੱਖਾਂ ਤੋਂ ਕੀਤੇ ਗਏ ਸੁਧਾਰਾਂ ਦੇ ਨਤੀਜੇ ਵਜੋਂ ਪਹਿਲਾਂ ਦੇ ਮੁਕਾਬਲੇ ਵਿੱਤੀ ਸਥਿਤੀ ਬੇਹਤਰ ਹੋਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਯੂਨੀਵਰਸਿਟੀ ਦੀ ਗਰਾਂਟ 12 ਕਰੋੜ ਰੁਪਏ ਤੋਂ ਵਧਾ ਕੇ 30 ਕਰੋੜ ਰੁਪਏ ਪ੍ਰਤੀ ਮਹੀਨਾ ਕੀਤੀ ਗਈ ਹੈ। ਇਸ ਦੇ ਨਤੀਜੇ ਵਜੋਂ ਯੂਨੀਵਰਸਿਟੀ ਆਰਥਿਕ ਸੰਕਟ ਵਿੱਚੋਂ ਨਿਕਲਣ ਚ ਸਫਲ ਹੋਈ ਹੈ। ਇਸ ਕਰਕੇ ਉਹ ਸਰਕਾਰ, ਵਿਦਿਆਰਥੀਆਂ ਅਤੇ ਲੋਕਾਂ ਦੀਆਂ ਖਾਹਿਸ਼ਾਂ ਨੂੰ ਪੂਰੀਆਂ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਇੱਕ ਸ਼ਾਨਦਾਰ ਮੁਕਾਮ ਤੇ ਪਹੁੰਚਾਇਆ ਜਾਵੇਗਾ।
ਇਸ ਦੌਰਾਨ ਸਾਹਨੀ ਨੇ ਯੂਨੀਵਰਸਿਟੀ ਦੇ ਪਸਾਰ ਅਤੇ ਨਵੇਂ ਕੋਰਸ ਸ਼ੁਰੂ ਕਰਨ ਦੇ ਸੰਬੰਧ ਵਿੱਚ ਵੀ ਪ੍ਰੋ.ਅਰਵਿੰਦ ਨਾਲ ਵਿਚਾਰ ਚਰਚਾ ਕੀਤੀ। ਪ੍ਰੋ.ਅਰਵਿੰਦ ਨੇ ਦੱਸਿਆ ਕਿ ਇਸ ਸਬੰਧ ਵਿੱਚ ਪਹਿਲਾਂ ਹੀ ਕੁਝ ਕਦਮ ਚੁੱਕੇ ਗਏ ਹਨ। ਉਨ੍ਹਾਂ ਨੇ ਯੂਨੀਵਰਸਿਟੀ ਦੇ ਮੋਹਾਲੀ ਸੈਂਟਰ ਵਿੱਚ ਕੁਝ ਨਵੇਂ ਕੋਰਸ ਸ਼ੁਰੂ ਕਰਨ ਦੀ ਸਰਦਾਰ ਸਾਹਨੀ ਨੂੰ ਜਾਣਕਾਰੀ ਦਿੱਤੀ ਇਸ ਦੌਰਾਨ ਸਾਹਨੀ ਨੇ ਯੂਨੀਵਰਸਿਟੀ ਦੇ ਖੇਤਰੀ ਸੈਂਟਰਾਂ ਦੇ ਪਸਾਰ ਲਈ ਵੀ ਜ਼ਰੂਰੀ ਫੰਡ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਵਿਸ਼ੇਸ਼ ਸਹਾਇਤਾ ਲਈ ਵੀ ਖਾਹਿਸ਼ ਪ੍ਰਗਟ ਕੀਤੀ। ਇਸ ਮੌਕੇ ਵਾਈਸ ਚਾਂਸਲਰ ਦੇ ਨਿੱਜੀ ਸਕੱਤਰ ਡਾ. ਨਾਗਰ ਸਿੰਘ, ਡਾਇਰੈਕਟਰ ਸਪੋਰਟਸ ਡਾ. ਅਜੀਤਾ,ਯੁਵਕ ਭਲਾਈ ਦੇ ਇਨਚਾਰਜ ਡਾ.ਗਗਨ ਥਾਪਾ ਅਤੇ ਐਨ.ਐਸ.ਐਸ.ਕੋਆਰਡੀਨੇਟਰ ਸ੍ਰੀਮਤੀ ਮਮਤਾ ਸ਼ਰਮਾ ਵੀ ਹਾਜ਼ਰ ਸਨ।