ਮੈਨੀਟੋਬਾ ਨੂੰ ਮਿਲ ਸਕਦੇ ਨੇ ਕਈ ਪੰਜਾਬੀ ਵਿਧਾਇਕ
ਵਿੰਨੀਪੈਗ, 14 ਸਤੰਬਰ (ਬਿੱਟੂ) : ਕੈਨੇਡਾ ਦੇ ਮੈਨੀਟੋਬਾ ਸੂਬੇ ਨੂੰ ਇਸ ਵਾਰ ਕਈ ਪੰਜਾਬੀ ਵਿਧਾਇਕ ਮਿਲ ਸਕਦੇ ਨੇ, ਕਿਉਂਕਿ ਅਕਤੂਬਰ ਮਹੀਨੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਸੂਬੇ ਦੀਆਂ ਪਾਰਟੀਆਂ ਨੇ 9 ਪੰਜਾਬੀ ਉਮੀਦਵਾਰ ਚੋਣ ਅਖਾੜੇ ਵਿੱਚ ਉਤਾਰ ਦਿੱਤੇ। ਭਾਰਤੀਆਂ ਖਾਸ ਤੌਰ ’ਤੇ ਪੰਜਾਬੀਆਂ ਨੂੰ ਅਹਿਮੀਅਤ ਦੇਣ ਵਾਲੀਆਂ ਪੀਸੀ ਤੇ ਐਨਡੀਪੀ ਦਾ ਇਸ ਸੂਬੇ […]
By : Editor (BS)
ਵਿੰਨੀਪੈਗ, 14 ਸਤੰਬਰ (ਬਿੱਟੂ) : ਕੈਨੇਡਾ ਦੇ ਮੈਨੀਟੋਬਾ ਸੂਬੇ ਨੂੰ ਇਸ ਵਾਰ ਕਈ ਪੰਜਾਬੀ ਵਿਧਾਇਕ ਮਿਲ ਸਕਦੇ ਨੇ, ਕਿਉਂਕਿ ਅਕਤੂਬਰ ਮਹੀਨੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਸੂਬੇ ਦੀਆਂ ਪਾਰਟੀਆਂ ਨੇ 9 ਪੰਜਾਬੀ ਉਮੀਦਵਾਰ ਚੋਣ ਅਖਾੜੇ ਵਿੱਚ ਉਤਾਰ ਦਿੱਤੇ।
ਭਾਰਤੀਆਂ ਖਾਸ ਤੌਰ ’ਤੇ ਪੰਜਾਬੀਆਂ ਨੂੰ ਅਹਿਮੀਅਤ ਦੇਣ ਵਾਲੀਆਂ ਪੀਸੀ ਤੇ ਐਨਡੀਪੀ ਦਾ ਇਸ ਸੂਬੇ ’ਚ ਚੰਗਾ ਵੋਟ ਬੈਂਕ ਹੈ ਤੇ ਇਨ੍ਹਾਂ ਪਾਰਟੀਆਂ ਵਿਚਾਲੇ ਹੀ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ, ਪਰ ਲਿਬਰਲ ਪਾਰਟੀ ਦੀ ਗੱਲ ਕਰੀਏ ਤਾਂ ਉਸ ਨੂੰ ਇਸ ਵਾਰ ਸਾਰੀਆਂ ਸੀਟਾਂ ਲਈ ਉਮੀਦਵਾਰ ਵੀ ਲੱਭਣੇ ਔਖੇ ਹੋ ਗਏ ਨੇ।
ਕੈਨੇਡਾ ਦੇ ਮੈਨੀਟੋਬਾ ਸੂਬੇ ’ਚ ਅਗਲੇ ਮਹੀਨੇ ਯਾਨੀ ਅਕਤੂਬਰ ’ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ। ਸੂਬੇ ਦੀਆਂ ਸਾਰੀਆਂ ਕੁੱਲ 57 ਸੀਟਾਂ ਲਈ 3 ਅਕਤੂਬਰ ਨੂੰ ਵੋਟਿੰਗ ਹੋਵੇਗੀ। ਮੈਨੀਟੋਬਾ ਦੀਆਂ ਦੋ ਵੱਡੀਆਂ ਸਿਆਸੀ ਪਾਰਟੀਆਂ ਐਨਡੀਪੀ ਭਾਵ ਨੈਸ਼ਨਲ ਡੈਮੋਕਰੇਟਿਕ ਪਾਰਟੀ ਅਤੇ ਪੀਸੀ ਯਾਨੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਜਿਹੜੀ ਸੂਚੀ ਜਾਰੀ ਕੀਤੀ ਹੈ, ਉਸ ਵਿੱਚ 7 ਪੰਜਾਬੀ ਸ਼ਾਮਲ ਹਨ।
ਫਾਈਨਲ ਸੂਚੀ ਮੁਤਾਬਕ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਬੁਰੋਜ਼ ਵਿਧਾਨ ਸਭਾ ਹਲਕੇ ਤੋਂ ਨਵਰਾਜ ਬਰਾੜ, ਮੈਪਲਜ਼ ਤੋਂ ਸੁਮਿਤ ਚਾਵਲਾ, ਸੈਂਟ ਬੋਨੀਫੇਸ ਤੋਂ ਕਿਰਤ ਹੇਅਰ ਅਤੇ ਰਿਚਮੰਡ ਤੋਂ ਪਰਮਜੀਤ ਸ਼ਾਹੀ ਨੂੰ ਟਿਕਟ ਦਿੱਤੀ ਹੈ।
ਜਦਕਿ ਨਿਊ ਡੈਮੋਕਰੇਟਿਕ ਪਾਰਟੀ ਨੇ ਬੁਰੋਜ਼ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਦਿਲਜੀਤ ਬਰਾੜ, ਮੈਕ ਫਿਲਿਪਸ ਤੋਂ ਜਸਦੀਪ ਦੇਵਗਨ ਅਤੇ ਮੈਪਲਜ਼ ਤੋਂ ਮੌਜੂਦਾ ਐਮਐਲਏ ਮਿੰਟੂ ਸੰਧੂ ਨੂੰ ਚੋਣ ਅਖਾੜੇ ਵਿੱਚ ਉਤਾਰ ਦਿੱਤਾ।
ਇਨ੍ਹਾਂ ਤੋਂ ਇਲਾਵਾ ਦੋ ਹੋਰ ਪੰਜਾਬੀ ਉਮੀਦਵਾਰ ਚੋਣ ਲੜ ਰਹੇ ਨੇ। ਇਨ੍ਹਾਂ ਵਿੱਚੋਂ ਮਨਜੀਤ ਕੌਰ ਗਿੱਲ ਨੂੰ ਗਰੀਨ ਪਾਰਟੀ ਨੇ ਵੇਵਰਲੇ ਵਿਧਾਨ ਸਭਾ ਸੀਟ ਲਈ ਟਿਕਟ ਦਿੱਤੀ ਹੈ। ਜਦਕਿ ਅਮਰਜੀਤ ਸਿੰਘ ਸਾਊਥਡੇਲ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।
ਮੈਨੀਟੋਬਾ ਦੀਆਂ 2019 ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਉਸ ਵੇਲੇ ਦੋ ਪੰਜਾਬੀ ਉਮੀਦਵਾਰ ਮਿੰਟੂ ਸੰਧੂ ਅਤੇ ਦਿਲਜੀਤ ਬਰਾੜ ਜਿੱਤ ਕੇ ਵਿਧਾਨ ਸਭਾ ਪੁੱਜੇ ਸੀ।
ਦਿਲਜੀਤ ਬਰਾੜ ਪੰਜਾਬ ਦੇ ਮੁਕਤਸਰ ਜ਼ਿਲ੍ਹੇ ’ਚ ਪੈਂਦੇ ਪਿੰਡ ਭੰਗਚੜ੍ਹੀ ਨਾਲ ਸਬੰਧ ਰੱਖਦੇ ਨੇ। ਪੜ੍ਹੇ-ਲਿਖੇ ਪਰਿਵਾਰ ਨਾਲ ਸਬੰਧਤ ਦਿਲਜੀਤ 2010 ’ਚ ਆਪਣੀ ਪਤਨੀ ਸਣੇ ਕੈਨੇਡਾ ਆ ਗਏ ਸੀ ਤੇ ਇੱਥੇ ਵਿੰਨੀਪੈਗ ਵਿੱਚ ਸੈਟਲ ਹੋ ਗਏ। ਇਨ੍ਹਾਂ ਦੋਵਾਂ ਪਤੀ-ਪਤਨੀ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਪੜ੍ਹਾਈ ਕੀਤੀ ਸੀ। ਇਹ ਦੋਵੇਂ ਜਣੇ 2018 ਤੱਕ ਮੈਨੀਟੋਬਾ ਅਗਰੀਕਲਚਰ ਡਿਪਾਰਟਮੈਟ ਵਿੱਚ ਕੰਮ ਕਰਦੇ ਰਹੇ।
ਮਿੰਟ ਸੰਧੂ ਦੀ ਗੱਲ ਕਰੀਏ ਤਾਂ ਉਹ 16 ਸਾਲ ਦੀ ਉਮਰ ਵਿੱਚ 1989 ’ਚ ਆਪਣੇ ਮਾਪਿਆਂ ਨਾਲ ਕੈਨੇਡਾ ਆ ਗਏ ਸੀ, ਜੋ ਕਿ ਪਿਛਲੇ 34 ਸਾਲ ਤੋਂ ਮੈਨੀਟੋਬਾ ਦੇ ਮੈਪਲਜ਼ ਵਿਧਾਨ ਸਭਾ ਹਲਕੇ ਵਿੱਚ ਰਹਿ ਰਹੇ ਨੇ। 18 ਸਾਲ ਤੋਂ ਉਨ੍ਹਾਂ ਦਾ ਗੈਸ ਸਟੇਸ਼ਨ ਦਾ ਕਾਰੋਬਾਰ ਵੀ ਚੰਗਾ ਖਾਸਾ ਚੱਲ ਰਿਹਾ ਹੈ। ਉਨ੍ਹਾਂ ਨੇ ਮੈਨੀਟੋਬਾ ਦੇ ਟਰਾਂਸਪੋਰਟੇਸ਼ਨ ਸਿਸਟਮ ਨੂੰ ਆਧੁਨਿਕ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਅਤੇ ਆਪਣੇ ਚਾਰ ਸਾਲ ਦੇ ਕਾਰਜਕਾਲ ਵਿੱਚ ਉਨ੍ਹਾਂ ਨੇ ਕਈ ਰੁਜ਼ਗਾਰ ਪੈਦਾ ਕੀਤੇ।
ਸਿਆਸਤ ਵਿੱਚ ਪੈਰ ਰੱਖਣ ਵਾਲੇ ਮਿੰਟ ਸੰਧੂ ਪਹਿਲੀ ਵਾਰ 2019 ਵਿੱਚ ਵਿਧਾਇਕ ਚੁਣੇ ਗਏ ਤੇ ਇਸ ਵਾਰ ਫਿਰ ਆਪਣੀ ਕਿਸਮਤ ਅਜ਼ਮਾ ਰਹੇ ਨੇ।