ਲੋਕ ਸਭਾ ਚੋਣਾਂ : ਪੰਜਾਬ ’ਚੋਂ ਕੌਣ ਬਾਜ਼ੀ ਮਾਰੇਗਾ?
ਚੰਡੀਗੜ੍ਹ, 15 ਸਤੰਬਰ (ਸ਼ਾਹ) : ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪੋ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਐ। ਹਰ ਰਾਜਨੀਤਕ ਪਾਰਟੀ ਸਿਆਸੀ ਜੋੜ ਤੋੜ ਵਿਚ ਜੁਟ ਗਈ ਐ ਤਾਂ ਆਪਣੀ ਜਿੱਤ ਨੂੰ ਯਕੀਨੀ ਬਣਾ ਸਕੇ। ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਵੀ ਅੰਮ੍ਰਿਤਸਰ ਵਿਚ ਵਿਸ਼ਾਲ ਰੈਲੀ ਕਰਕੇ […]
By : Hamdard Tv Admin
ਚੰਡੀਗੜ੍ਹ, 15 ਸਤੰਬਰ (ਸ਼ਾਹ) : ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪੋ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਐ। ਹਰ ਰਾਜਨੀਤਕ ਪਾਰਟੀ ਸਿਆਸੀ ਜੋੜ ਤੋੜ ਵਿਚ ਜੁਟ ਗਈ ਐ ਤਾਂ ਆਪਣੀ ਜਿੱਤ ਨੂੰ ਯਕੀਨੀ ਬਣਾ ਸਕੇ। ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਵੀ ਅੰਮ੍ਰਿਤਸਰ ਵਿਚ ਵਿਸ਼ਾਲ ਰੈਲੀ ਕਰਕੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਆਗਾਜ਼ ਕਰ ਦਿੱਤਾ ਗਿਆ ਏ, ਜਦਕਿ ਕਾਂਗਰਸੀ ਨੂੰ ਆਪਸੀ ਕਾਟੋ ਕਲੇਸ਼ ਤੋਂ ਹੀ ਵਿਹਲ ਨਹੀਂ ਮਿਲ ਰਿਹਾ। ਵਿਰੋਧੀ ਭਾਵੇਂ ਜੋ ਮਰਜ਼ੀ ਬਿਆਨਬਾਜ਼ੀਆਂ ਕਰੀ ਜਾਣ ਪਰ ਮੌਜੂਦਾ ਸਮੇਂ ਆਮ ਆਦਮੀ ਪਾਰਟੀ ਦੀ ਸਥਿਤੀ ਕਾਫ਼ੀ ਮਜ਼ਬੂਤ ਐ। ਸੋ ਆਓ ਤੁਹਾਨੂੰ ਸਿਆਸੀ ਮਾਹਿਰਾਂ ਦੀ ਰਾਇ ਮੁਤਾਬਕ ਦੱਸਦੇ ਆਂ ਕਿ ਲੋਕ ਸਭਾ ਚੋਣਾਂ ਵਿਚ ਕਿਹੜੀ ਪਾਰਟੀ ਮਾਰ ਸਕਦੀ ਐ ਬਾਜ਼ੀ?
ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਏ, ਓਵੇਂ ਓਵੇਂ ਪੰਜਾਬ ਦੀਆਂ ਵੱਖ ਵੱਖ ਰਾਜਨੀਤਕ ਪਾਰਟੀਆਂ ਦੀਆਂ ਸਿਆਸੀ ਸਰਗਰਮੀਆਂ ਵੀ ਵਧਦੀਆਂ ਜਾ ਰਹੀਆਂ ਨੇ। ਸਿਆਸੀ ਪਾਰਟੀਆਂ ਆਪੋ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਹੁਣੇ ਤੋਂ ਸਿਆਸੀ ਗੋਟੀਆਂ ਫਿੱਟ ਕਰਨ ਵਿਚ ਜੁਟ ਗਈਆਂ ਨੇ।
ਸੱਤਾਧਾਰੀ ਆਮ ਆਦਮੀ ਪਾਰਟੀ ਤੋਂ ਗੱਲ ਸ਼ੁਰੂ ਕਰਦੇ ਆਂ, ਜਿਸ ਨੇ ਲੋਕਾਂ ਨੂੰ ਕਈ ਵੱਡੀਆਂ ਸਹੂਲਤਾਂ ਦੇ ਕੇ ਪੰਜਾਬ ਵਿਚ ਆਪਣਾ ਆਧਾਰ ਕਾਫ਼ੀ ਮਜ਼ਬੂਤ ਕਰ ਲਿਆ ਏ। ਇਨ੍ਹਾਂ ਸਹੂਲਤਾਂ ਵਿਚੋਂ ਸਭ ਤੋਂ ਵੱਡੀ ਸਹੂਲਤ ਮੁਫ਼ਤ ਬਿਜਲੀ ਦੀ ਐ, ਜਿਸ ਨੇ ਪੰਜਾਬ ਦੇ ਲੋਕਾਂ ਨੂੰ ਸਿੱਧੇ ਤੌਰ ’ਤੇ ਵੱਡਾ ਫ਼ਾਇਦਾ ਪਹੁੰਚਾਇਆ ਏ। ਜਲੰਧਰ ਵਿਚ ਆਮ ਆਦਮੀ ਪਾਰਟੀ ਦੇ ਜਿੱਤਣ ਪਿੱਛੇ ਮੁਫ਼ਤ ਬਿਜਲੀ ਦੀ ਸਹੂਲਤ ਵੀ ਵੱਡਾ ਕਾਰਨ ਮੰਨਿਆ ਜਾ ਸਕਦਾ ਏ। ਇਸ ਤੋਂ ਇਲਾਵਾ ਸਰਕਾਰ ਵੱਲੋਂ ਪੰਜਾਬ ਭਰ ਵਿਚ ਖੋਲ੍ਹੇ ਗਏ ਮੁਹੱਲਾ ਕਲੀਨਿਕ ਅਤੇ ਫਿਰ ਸਕੂਲਾਂ ਦੀ ਬਦਲ ਰਹੀ ਦਸ਼ਾ ਤੋਂ ਪੰਜਾਬ ਦੇ ਲੋਕ ਕਾਫ਼ੀ ਖ਼ੁਸ਼ ਨੇ ਕਿਉਂਕਿ ਪਿਛਲੀਆਂ ਸਰਕਾਰਾਂ ਵਿਚ ਸਿਰਫ਼ ਬਿਆਨਬਾਜ਼ੀਆਂ ਹੁੰਦੀਆਂ ਰਹੀਆਂ, ਕੰਮ ਨਹੀਂ ਹੋ ਸਕੇ।
ਹੁਣ ਉਹੀ ਪਾਰਟੀਆਂ ਮੱਥੇ ’ਤੇ ਹੱਥ ਮਾਰ ਰਹੀਆਂ ਨੇ ਕਿ ਕਾਸ਼, ਉਹ ਵੀ ਆਮ ਆਦਮੀ ਪਾਰਟੀ ਦੀ ਤਰ੍ਹਾਂ ਜਨਤਾ ਨਾਲ ਸਿੱਧੇ ਜੁੜੀਆਂ ਸਮੱਸਿਆਵਾਂ ਹੱਲ ਕਰਦੇ, ਜਿਨ੍ਹਾਂ ਨਾਲ ਲੋਕਾਂ ਨੂੰ ਸਿੱਧਾ ਫ਼ਾਇਦਾ ਹੁੰਦਾ ਪਰ ਅਫ਼ਸੋਸ ਅਜਿਹਾ ਨਹੀਂ ਹੋ ਸਕਿਆ। ਜੇਕਰ ਚੋਣਾਂ ਵੇਲੇ ਕਾਂਗਰਸ ਪਾਰਟੀ ਬਿਜਲੀ ਨੂੰ ਮੁਫ਼ਤ ਕਰ ਦਿੰਦੀ ਤਾਂ ਹੋ ਸਕਦੈ ਅੱਜ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਹੁੰਦੇ।
ਜੇਕਰ ਅਗਾਮੀ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਉਸ ਨੂੰ ਲੈ ਕੇ ਮੌਜੂਦਾ ਸਮੇਂ ਆਮ ਆਦਮੀ ਪਾਰਟੀ ਦੀ ਸਥਿਤੀ ਕਾਫ਼ੀ ਮਜ਼ਬੂਤ ਦਿਖਾਈ ਦੇ ਰਹੀ ਐ। ਕੁੱਝ ਸਿਆਸੀ ਮਾਹਿਰਾਂ ਦੇ ਮੁਤਾਬਕ ਜੇਕਰ ਆਮ ਆਦਮੀ ਪਾਰਟੀ ਇਕੱਲੇ ਲੋਕ ਸਭਾ ਚੋਣਾਂ ਲੜਦੀ ਐ ਤਾਂ ਉਹ 13 ਵਿਚੋਂ 9 ਸੀਟਾਂ ’ਤੇ ਸ਼ਾਨਦਾਰ ਜਿੱਤ ਹਾਸਲ ਕਰ ਸਕਦੀ ਐ, ਜਿਨ੍ਹਾਂ ਵਿਚ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਫ਼ਿਰੋਜ਼ਪੁਰ, ਸ੍ਰੀ ਖਡੂਰ ਸਾਹਿਬ, ਫਤਿਹਗੜ੍ਹ ਸਾਹਿਬ, ਸੰਗਰੂਰ, ਫਰੀਦਕੋਟ ਅਤੇ ਗੁਰਦਾਸਪੁਰ ਦੇ ਨਾਂਅ ਸ਼ਾਮਲ ਨੇ।
ਦਰਅਸਲ ਲੁਧਿਆਣਾ ਵਿਚ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਲਗਾਤਾਰ ਦੋ ਵਾਰ ਚੋਣ ਜਿੱਤ ਚੁੱਕੇ ਨੇ, ਇਸ ਵਾਰ ਉਥੇ ਬਦਲਾਅ ਹੋਣ ਦੀ ਪੂਰੀ ਉਮੀਦ ਐ। ਇੱਥੇ ਆਮ ਆਦਮੀ ਪਾਰਟੀ ਜਲੰਧਰ ਵਾਂਗ ਕਿਸੇ ਦੂਜੀ ਪਾਰਟੀ ਵਿਚੋਂ ਆਏ ਉਮੀਦਵਾਰ ਨੂੰ ਟਿਕਟ ਦੇ ਕੇ ਉਮੀਦਵਾਰ ਬਣਾ ਸਕਦੀ ਐ। ਅੰਮ੍ਰਿਤਸਰ ਵਿਚ ਵੀ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਲਗਾਤਾਰ ਦੋ ਵਾਰ ਜਿੱਤ ਚੁੱਕੇ ਨੇ, ਉਥੇ ਵੀ ਇਸ ਵਾਰ ਆਪ ਦਾ ਡੰਕਾ ਵੱਜ ਸਕਦਾ ਏ।
Dekho Full News Video :
ਇਸੇ ਤਰ੍ਹਾਂ ਬਠਿੰਡੇ ਤੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅਤੇ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਸਾਂਸਦ ਨੇ ਪਰ ਇਸ ਸਮੇਂ ਜੋ ਹਾਲਤ ਅਕਾਲੀ ਦਲ ਦੀ ਹੋਈ ਪਈ ਐ, ਉਸ ਨੂੰ ਦੇਖ ਕੇ ਇਹ ਕਿਹਾ ਜਾ ਰਿਹਾ ਏ ਕਿ ਅਗਲੀ ਵਾਰ ਇਨ੍ਹਾਂ ਦੋਵੇਂ ਸੀਟਾਂ ’ਤੇ ਵੀ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਸਕਦਾ ਏ।
ਇਸੇ ਤਰ੍ਹਾਂ ਕਾਂਗਰਸ ਦੇ ਕਬਜ਼ੇ ਵਾਲੀਆਂ ਤਿੰਨ ਹੋਰ ਸੀਟਾਂ ਸ੍ਰੀ ਖਡੂਰ ਸਾਹਿਬ, ਫਰੀਦਕੋਟ ਅਤੇ ਫਤਿਹਗੜ੍ਹ ਸਾਹਿਬ ਵੀ ਆਮ ਆਦਮੀ ਪਾਰਟੀ ਦੇ ਹੱਥ ਆ ਸਕਦੀਆਂ ਨੇ ਕਿਉਂਕਿ ਇਨ੍ਹਾਂ ਹਲਕਿਆਂ ਵਿਚ ਆਪ ਨੇ ਕਾਫ਼ੀ ਜ਼ੋਰ ਲਗਾਇਆ ਹੋਇਆ ਏ, ਜਦਕਿ ਬਾਕੀ ਪਾਰਟੀਆਂ ਦਾ ਕੰਮ ਢਿੱਲਾ ਮੱਠਾ ਜਾਪ ਰਿਹਾ ਏ।
ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਣੀ ਸੀਟ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਪਿਛਲੀ ਵਾਰ ਇਹ ਸੀਟ ਆਮ ਆਦਮੀ ਪਾਰਟੀ ਦੇ ਹੱਥੋਂ ਨਿਕਲ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੱਥ ਵਿਚ ਚਲੀ ਗਈ ਸੀ, ਜਿੱਥੋਂ ਸਿਮਰਨਜੀਤ ਸਿੰਘ ਮਾਨ ਸਾਂਸਦ ਬਣੇ ਸੀ ਪਰ ਇਸ ਵਾਰ ਇਸ ਸੀਟ ’ਤੇ ਵੀ ਆਮ ਆਦਮੀ ਪਾਰਟੀ ਦੇ ਕਾਬਜ਼ ਹੋਣ ਪੂਰੀ ਉਮੀਦ ਜਤਾਈ ਜਾ ਰਹੀ ਐ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਵਿਕਾਸ ਕਾਰਜਾਂ ਦੀ ਝੜੀ ਆਪਣੇ ਹਲਕੇ ਵਿਚ ਲਗਾਈ ਗਈ ਐ, ਉਸ ਤੋਂ ਹਲਕੇ ਦੇ ਲੋਕ ਮੁਨਕਰ ਨਹੀਂ ਹੋ ਸਕਦੇ।
ਇਸੇ ਤਰ੍ਹਾਂ ਜੇਕਰ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਹਾਲ ਵੀ ਅਕਾਲੀ ਦਲ ਤੋਂ ਘੱਟ ਨਹੀਂ। ਕਈ ਮੁੱਦਿਆਂ ਨੂੰ ਲੈ ਕੇ ਕਾਂਗਰਸ ਪਾਟੋ ਧਾੜ ਹੋਈ ਪਈ ਐ। ਮੌਜੂਦਾ ਸਮੇਂ ਪੰਜਾਬ ਦੇ ਕਈ ਲੀਡਰਾਂ ਦੇ ਸੁਰ ਆਪਸ ਵਿਚ ਹੀ ਨਹੀਂ ਮਿਲ ਰਹੇ, ਅਜਿਹੇ ਵਿਚ ਲੋਕ ਸਭਾ ਚੋਣਾਂ ’ਤੇ ਇਸ ਦਾ ਗ਼ਲਤ ਪ੍ਰਭਾਵ ਜ਼ਰੂਰ ਪਵੇਗਾ।
ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਸਥਿਤੀ ਬਾਰੇ ਗੱਲ ਕੀਤੀ ਜਾਵੇ ਤਾਂ ਕੁੱਝ ਸਿਆਸੀ ਮਾਹਿਰਾਂ ਦਾ ਮੰਨਣਾ ਏ ਕਿ ਜਲੰਧਰ ਲੋਕ ਸਭਾ ਸੀਟਾਂ ’ਤੇ ਭਾਵੇਂ ਇਸ ਸਮੇਂ ਆਮ ਆਦਮੀ ਪਾਰਟੀ ਕਾਬਜ਼ ਐ ਪਰ ਜੇਕਰ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਇਸ ਸੀਟ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਬਣਾਉਂਦੀ ਐ ਤਾਂ ਇਹ ਸੀਟ ਖਿੱਚ ਧੂਹ ਕੇ ਕਾਂਗਰਸ ਦੀ ਝੋਲੀ ਵਿਚ ਜਾ ਸਕਦੀ ਐ।
ਇਸੇ ਤਰ੍ਹਾਂ ਅਨੰਦਪੁਰ ਸਾਹਿਬ ਦੀ ਸੀਟ ’ਤੇ ਕਾਂਗਰਸ ਦਾ ਕਬਜ਼ਾ ਬਰਕਰਾਰ ਰਹਿ ਸਕਦਾ ਏ, ਜਿੱਥੋਂ ਇਸ ਸਮੇਂ ਮਨੀਸ਼ ਤਿਵਾੜੀ ਸਾਂਸਦ ਨੇ। ਹੁਣ ਗੱਲ ਕਰਦੇ ਆਂ ਪਟਿਆਲਾ ਸੀਟ ਦੀ ਤਾਂ ਇਸ ਸੀਟ ’ਤੇ ਮੌਜੂਦਾ ਸਮੇਂ ਕੈਪਟਨ ਦੀ ਪਤਨੀ ਪ੍ਰਨੀਤ ਕੌਰ ਸਾਂਸਦ ਐ ਪਰ ਅਗਲੀ ਵਾਰ ਕਾਂਗਰਸ ਇੱਥੋਂ ਕਿਸੇ ਹੋਰ ਨੂੰ ਟਿਕਟ ਦੇਵੇਗੀ। ਜੇਕਰ ਕਾਂਗਰਸ ਨੇ ਪਟਿਆਲਾ ਤੋਂ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਟਿਕਟ ਦਿੱਤੀ ਤਾਂ ਕਾਂਗਰਸ ਪਾਰਟੀ ਦਾ ਦਾਅ ਲੱਗ ਸਕਦਾ ਏ। ਇਸ ਤੋਂ ਇਲਾਵਾ ਗੁਰਦਾਸਪੁਰ ਦੀ ਸੀਟ ’ਤੇ ਵੀ ਕਾਂਗਰਸ ਪਾਰਟੀ ਦਾ ਦਾਅ ਲੱਗ ਸਕਦਾ ਏ।
ਇਸੇ ਤਰ੍ਹਾਂ ਜੇਕਰ ਭਾਰਤੀ ਜਨਤਾ ਪਾਰਟੀ ਯਾਨੀ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਕੁੱਝ ਸਿਆਸੀ ਮਾਹਿਰਾਂ ਦਾ ਮੰਨਣਾ ਏ ਕਿ ਹੁਸ਼ਿਆਰਪੁਰ ਸੀਟ ਤੋਂ ਭਾਜਪਾ ਨੂੰ ਕੋਈ ਨਹੀਂ ਹਰਾ ਸਕਦਾ, ਅਗਲੀ ਵਾਰ ਵੀ ਇਹ ਸੀਟ ਭਾਜਪਾ ਦੇ ਖਾਤੇ ਜਾਣ ਦੀ ਪੂਰੀ ਉਮੀਦ ਐ ਕਿਉਂਕਿ ਇੱਥੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਕਾਫ਼ੀ ਵਿਕਾਸ ਕਾਰਜ ਕਰਵਾਏ ਗਏ ਨੇ।
ਉਂਝ ਇਹ ਵੀ ਸੂਹਾਂ ਮਿਲ ਰਹੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਆਪਣੀ ਬੇਟੀ ਬੀਬੀ ਜੈਇੰਦਰ ਕੌਰ ਨੂੰ ਟਿਕਟ ਦਿਵਾਉਣ ਲਈ ਜ਼ੋਰ ਲਗਾ ਰਹੇ ਨੇ, ਜੇਕਰ ਅਜਿਹਾ ਹੋਇਆ ਤਾਂ ਉਥੇ ਕਾਂਗਰਸ, ਆਪ ਅਤੇ ਭਾਜਪਾ ਵਿਚਾਲੇ ਕਾਂਟੇ ਦੀ ਟੱਕਰ ਹੋਵੇਗੀ। ਭਾਜਪਾ ਇਸ ਸਮੇਂ ਦੋ ਸੀਟਾਂ ਹੁਸ਼ਿਆਰਪੁਰ ਅਤੇ ਗੁਰਦਾਸਪੁਰ ’ਤੇ ਕਾਬਜ਼ ਐ ਪਰ ਗੁਰਦਾਸਪੁਰ ਵਿਚ ਜਿਸ ਤਰ੍ਹਾਂ ਸੰਨੀ ਦਿਓਲ ਨੇ ਹਲਕਾ ਵਾਸੀਆਂ ਨੂੰ ਮੁੜ ਸ਼ਕਲ ਨਹੀਂ ਦਿਖਾਈ, ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਏ ਕਿ ਹੁਣ ਭਾਜਪਾ ਗੁਰਦਾਸਪੁਰ ਨੂੰ ਭੁੱਲ ਜਾਵੇ ਤਾਂ ਚੰਗਾ ਹੋਵੇਗਾ। ਇੱਥੋਂ ਕਾਂਗਰਸ ਜਾਂ ਆਮ ਆਦਮੀ ਪਾਰਟੀ ਦਾ ਦਾਅ ਲੱਗ ਸਕਦਾ ਏ।
ਮਾਹਿਰਾਂ ਮੁਤਾਬਕ ਕਿਸੇ ਪਾਰਟੀ ਦੀ ਜਿੱਤ ਉਨ੍ਹਾਂ ਦੇ ਵਿਜ਼ਨ ਦੇ ਆਧਾਰਿਤ ਹੁੰਦੀ ਐ, ਮੌਜੂਦਾ ਸਮੇਂ ਆਮ ਆਦਮੀ ਪਾਰਟੀ ਦਾ ਵਿਜ਼ਨ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਏ, ਜਿਸ ਵਿਚ ਆਮ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ, ਚੰਗੀ ਉਚ ਪੱਧਰੀ ਸਿੱਖਿਆ ਸ਼ਾਮਲ ਐ। ਬਾਕੀ ਮੁਫ਼ਤ ਬਿਜਲੀ ਦੇ ਮੁੱਦੇ ਨੇ ਪਹਿਲਾਂ ਹੀ ਲੋਕਾਂ ਦਾ ਦਿਲ ਜਿੱਤ ਲਿਆ ਏ, ਜਿਸ ਨਾਲ ਮਹਿੰਗਾਈ ਦੇ ਇਸ ਦੌਰ ਵਿਚ ਲੋਕਾਂ ਨੂੰ ਸਿੱਧੇ ਤੌਰ ’ਤੇ ਬਹੁਤ ਵੱਡੀ ਰਾਹਤ ਮਿਲੀ ਐ।
ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਨਸ਼ੇ ਦੇ ਮੁੱਦੇ ’ਤੇ ਵੀ ਆਪ ਸਰਕਾਰ ਨੇ ਯੋਜਨਾਬੱਧ ਤਰੀਕੇ ਨਾਲ ਕੰਮ ਸ਼ੁਰੂ ਕਰ ਦਿੱਤਾ ਏ, ਜਿਸ ਤੋਂ ਬਾਅਦ ਨਸ਼ਾ ਤਸਕਰਾਂ ਨੂੰ ਭਾਜੜਾਂ ਪਈਆਂ ਹੋਈਆਂ ਨੇ। ਸੋ ਹਾਲਾਤ ਇਹ ਬਣ ਚੁੱਕੇ ਨੇ ਕਿ ਆਮ ਆਦਮੀ ਪਾਰਟੀ ਨੇ ਆਪਣੇ ਵਿਰੋਧੀ ਪਾਰਟੀਆਂ ਲਈ ਕੋਈ ਅਜਿਹਾ ਮੁੱਦਾ ਨਹੀਂ ਛੱਡਿਆ, ਜਿਸ ਨੂੰ ਲੈ ਕੇ ਉਹ ਲੋਕਾਂ ਵਿਚ ਆ ਸਕਣ ਜਾਂ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਸਕਣ। ਫਿਲਹਾਲ ਲੋਕ ਸਭਾ ਚੋਣਾਂ ਵਿਚ ਅਜੇ ਕਈ ਮਹੀਨੇ ਬਾਕੀ ਨੇ, ਬਾਕੀ ਮੌਕਾ ਦੱਸੇਗਾ ਕਿ ਉਦੋਂ ਤੱਕ ਕੀ ਹਾਲਾਤ ਬਣਦੇ ਨੇ।
ਸੋ ਤੁਹਾਡਾ ਇਸ ਮਾਮਲੇ ਵਿਚ ਕੀ ਕਹਿਣਾ ਏ, ਸਾਨੂੰ ਆਪਣੀ ਰਾਇ ਸਾਂਝੀ ਕਰੋ।