Begin typing your search above and press return to search.

ਦੁਬਈ ਵਾਂਗ ਹੁਣ ਇਸ ਗ਼ਰੀਬ ਦੇਸ਼ ਦੀ ਚਮਕੀ ਕਿਸਮਤ!

ਜੌਰਜਟਾਊਨ, 19 ਫਰਵਰੀ : ਕੁੱਝ ਦਹਾਕੇ ਦੀ ਪਹਿਲਾਂ ਦੀ ਗੱਲ ਐ, ਕਿਸੇ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਕਦੇ ਅਰਬ ਮੁਲਕਾਂ ਵਿਚ ਵੀ ਇੰਨੀ ਜ਼ਿਆਦਾ ਤਰੱਕੀ ਹੋ ਜਾਵੇਗੀ, ਪਰ ਜਿਵੇਂ ਹੀ ਉਥੇ ਤੇਲ ਦੇ ਭੰਡਾਰ ਮਿਲੇ ਤਾਂ ਅੱਜ ਊਠਾਂ ਅਤੇ ਘੋੜੇ ਖੱਚਰਾਂ ’ਤੇ ਘੁੰਮਣ ਵਾਲੇ ਸ਼ੇਖ਼ ਵਿਸ਼ਵ ਦੀਆਂ ਮਹਿੰਗੀਆਂ ਕਾਰਾਂ ਵਿਚ ਘੁੰਮ ਰਹੇ ਨੇ,, […]

Like Dubai bright destiny guyana!
X

Makhan ShahBy : Makhan Shah

  |  19 Feb 2024 11:54 AM IST

  • whatsapp
  • Telegram

ਜੌਰਜਟਾਊਨ, 19 ਫਰਵਰੀ : ਕੁੱਝ ਦਹਾਕੇ ਦੀ ਪਹਿਲਾਂ ਦੀ ਗੱਲ ਐ, ਕਿਸੇ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਕਦੇ ਅਰਬ ਮੁਲਕਾਂ ਵਿਚ ਵੀ ਇੰਨੀ ਜ਼ਿਆਦਾ ਤਰੱਕੀ ਹੋ ਜਾਵੇਗੀ, ਪਰ ਜਿਵੇਂ ਹੀ ਉਥੇ ਤੇਲ ਦੇ ਭੰਡਾਰ ਮਿਲੇ ਤਾਂ ਅੱਜ ਊਠਾਂ ਅਤੇ ਘੋੜੇ ਖੱਚਰਾਂ ’ਤੇ ਘੁੰਮਣ ਵਾਲੇ ਸ਼ੇਖ਼ ਵਿਸ਼ਵ ਦੀਆਂ ਮਹਿੰਗੀਆਂ ਕਾਰਾਂ ਵਿਚ ਘੁੰਮ ਰਹੇ ਨੇ,, ਪਰ ਦੁਬਈ ਦੀ ਤਰ੍ਹਾਂ ਹੁਣ ਇਕ ਹੋਰ ਦੇਸ਼ ਦੀ ਕਿਸਮਤ ਵੀ ਚਮਕਣ ਜਾ ਰਹੀ ਐ ਕਿਉਂਕਿ ਉਥੋਂ ਇੰਨੇ ਵੱਡੇ ਤੇਲ ਦਾ ਭੰਡਾਰ ਮਿਲਿਆ ਏ ਕਿ ਹੁਣ ਇਸ ਗ਼ਰੀਬ ਦੇਸ਼ ਦੀ ਕਿਸਮਤ ਚਮਕ ਜਾਵੇਗੀ ਅਤੇ ਝੁੱਗੀਆਂ ਝੋਂਪੜੀਆਂ ਵਿਚ ਰਹਿਣ ਵਾਲੇ ਲੋਕ ਜਲਦ ਹੀ ਆਲੀਸ਼ਾਨ ਮਹਿਲਾਂ ਵਿਚ ਰਹਿੰਦੇ ਦਿਖਾਈ ਦੇਣਗੇ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕਿਹੜੇ ਦੇਸ਼ ਦੀ ਚਮਕਣ ਜਾ ਰਹੀ ਐ ਕਿਸਮਤ ਅਤੇ ਕਿੱਥੇ ਮਿਲਿਆ ਏ ਤੇਲ ਦਾ ਇਹ ਵੱਡਾ ਭੰਡਾਰ।

ਦੱਖਣੀ ਅਮਰੀਕਾ ਦੇ ਉਤਰ ਵਿਚ ਸੂਰੀਨਾਮ ਅਤੇ ਵੈਂਜੂਏਲਾ ਵਿਚਾਲੇ ਪੈਂਦੇ ਦੇਸ਼ ਗੁਯਾਨਾ ਦੇ ਲੋਕਾਂ ਦੀ ਕਿਸਮਤ ਚਮਕਣ ਜਾ ਰਹੀ ਐ ਕਿਉਂਕਿ ਉਥੇ ਤੇਲ ਦਾ ਬਹੁਤ ਵੱਡਾ ਭੰਡਾਰ ਮਿਲਿਆ ਏ। ਜਿਸ ਨਾਲ ਹੁਣ ਇਸ ਗ਼ਰੀਬ ਦੇਸ਼ ਵਿਚ ਪੈਸਿਆਂ ਦੀ ਬਰਸਾਤ ਹੋਵੇਗੀ ਅਤੇ ਇੱਥੋਂ ਦੇ ਬੱਕਰੀਆਂ ਭੇਡਾਂ ਚਾਰਨ ਵਾਲੇ ਲੋਕ ਜਲਦ ਹੀ ਦੁਬਈ ਦੇ ਸ਼ੇਖ਼ਾਂ ਵਾਂਗ ਮਹਿੰਗੀਆਂ ਲਗਜ਼ਰੀ ਕਾਰਾਂ ਵਿਚ ਘੁੰਮਦੇ ਦਿਖਾਈ ਦੇਣਗੇ।

ਇਕ ਜਾਣਕਾਰੀ ਅਨੁਸਾਰ ਗੁਯਾਨਾ ਦੀ ਆਬਾਦੀ 8 ਲੱਖ ਤੋਂ ਵੱਧ ਐ ਅਤੇ ਸ਼ੁਰੂ ਵਿਚ ਇਸ ਦੇਸ਼ ਨੂੰ ਗੰਨਾ ਪੈਦਾ ਕਰਨ ਦੇ ਲਈ ਇਕ ਡੱਚ ਬਸਤੀ ਦੇ ਰੂਪ ਵਿਚ ਜਾਣਿਆ ਜਾਂਦਾ ਸੀ। ਉਂਝ ਉਸ ਤੋਂ ਪਹਿਲਾਂ ਇੱਥੇ ਬ੍ਰਿਟਿਸ਼ ਲੋਕਾਂ ਦਾ ਰਾਜ ਵੀ ਰਿਹਾ, ਜਿਸ ਕਰਕੇ ਇਸ ਨੂੰ ਬ੍ਰਿਟੇਨ ਦੀ ਬਸਤੀ ਵੀ ਕਿਹਾ ਜਾਂਦਾ ਰਿਹਾ ਏ। ਇਸੇ ਸਾਲ ਇਹ ਦੇਸ਼ ਇਕ ਆਜ਼ਾਦ ਦੇਸ਼ ਦੇ ਰੂਪ ਵਿਚ ਉਭਰਿਆ ਏ।

ਦਰਅਸਲ ਸਾਲ 2015 ਵਿਚ ਅਮਰੀਕੀ ਤੇਲ ਕੰਪਨੀ ਐਕਸਾਨ ਮੋਬਿਲ ਵੱਲੋਂ ਗੁਯਾਨਾ ਦੇ ਕਿਨਾਰੇ ’ਤੇ ਇਕ ਵੱਡੇ ਤੇਲ ਭੰਡਾਰ ਮਿਲਣ ਦਾ ਐਲਾਨ ਕੀਤਾ ਗਿਆ ਸੀ। ਇਸ ਤੇਲ ਭੰਡਾਰ ਨੂੰ ਦੇਸ਼ ਦੇ ਆਰਥਿਕ ਵਿਕਾਸ ਲਈ ਵਰਤਿਆ ਜਾ ਸਕੇਗਾ। ਅਮਰੀਕਨ ਹੇਸ ਅਤੇ ਚੀਨੀ ਕੰਪਨੀ ਸੀਐਨਓਓਸੀ ਨੇ ਗੁਯਾਨਾ ਦੇ ਕਿਨਾਰੇ ਤੋਂ ਕਰੀਬ 200 ਕਿਲੋਮੀਟਰ ਦੂਰ ਇਕ ਖੂਹ ਪੁੱਟਿਆ, ਜਿਸ ਵਿਚ ਹੁਣ ਤੱਕ ਲਗਭਗ 11 ਅਰਬ ਬੈਰਲ ਤੇਲ ਭੰਡਾਰ ਦੀ ਖੋਜ ਕੀਤੀ ਜਾ ਚੁੱਕੀ ਐ ਪਰ ਇਕ ਤਾਜ਼ਾ ਅੰਦਾਜ਼ੇ ਮੁਤਾਬਕ ਇਹ ਮਾਤਰਾ 17 ਅਰਬ ਬੈਰਲ ਤੱਕ ਪਹੁੰਚ ਸਕਦੀ ਐ।

ਤੇਲ ਦਾ ਇਹ ਭੰਡਾਰ ਬ੍ਰਾਜ਼ੀਲ ਦੇ ਮੌਜੂਦਾ 14 ਬਿਲੀਅਨ ਬੈਰਲ ਦੇ ਤੇਲ ਭੰਡਾਰ ਤੋਂ ਵੀ ਜ਼ਿਆਦਾ ਹੋਵੇਗਾ, ਜਿਸ ਦਾ ਫ਼ਾਇਦਾ ਗੁਯਾਨਾ ਨੂੰ ਮਿਲੇਗਾ। ਸਾਲ 2019 ਤੱਕ ਗੁਯਾਨਾ ਦੀ ਅਰਥਵਿਵਸਥਾ ਖੇਤੀ, ਸੋਨੇ ਅਤੇ ਹੀਰੇ ਦੀ ਮਾਈਨਿੰਗ ’ਤੇ ਅਧਾਰਿਤ ਸੀ। ਹੁਣ ਗੁਯਾਨਾ ਸਰਕਾਰ ਨੇ ਤੇਲ ਦੀ ਖੋਜ ਤੋਂ ਮਿਲ ਰਹੇ ਪੈਸੇ ਨੂੰ ਦੇਸ਼ ਦੀ ਵਿਕਾਸ ਦਰ ਨੂੰ ਵੱਡੇ ਪੱਧਰ ’ਤੇ ਵਧਾਉਣਾ ਸ਼ੁਰੂ ਕਰ ਦਿੱਤਾ ਏ।

ਸਾਲ 2020 ਵਿਚ ਬ੍ਰਾਜ਼ੀਲ ਦੇ ਤਤਕਾਲੀ ਵਿੱਤ ਮੰਤਰੀ ਪਾਓਲੋ ਗੁਏਡੇਜ਼ ਨੇ ਗੁਯਾਨਾ ਦੀ ਤੁਲਨਾ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਨਾਲ ਕੀਤੀ ਜੋ ਤੇਲ ਕਾਰਨ ਆਈ ਅਮੀਰੀ ਦਾ ਪ੍ਰਤੀਕ ਬਣ ਚੁੱਕਿਆ ਏ। ਪਾਓਲੋ ਨੇ ਆਖਿਆ ਕਿ ਜਲਦ ਹੀ ਗੁਯਾਨਾ ਵੀ ਨਵਾਂ ਦੁਬਈ ਬਣੇਗਾ ਕਿਉਂਕਿ ਇਸ ਸਬੰਧੀ ਜੋ ਅੰਕੜੇ ਸਾਹਮਣੇ ਆ ਰਹੇ ਨੇ, ਉਹ ਵਾਕਈ ਹੈਰਾਨ ਕਰਨ ਵਾਲੇ ਨੇ। ਇੰਟਰਨੈਸ਼ਨਲ ਮੌਨੇਟਰੀ ਫੰਡ ਯਾਨੀ ਆਈਐਮਐਫ ਦਾ ਅੰਦਾਜ਼ਾ ਏ ਕਿ ਸਾਲ 2019 ਅਤੇ 2023 ਵਿਚ ਦੇਸ਼ ਦੀ ਜੀਡੀਪੀ 5.17 ਬਿਲੀਅਨ ਡਾਲਰ ਤੋਂ ਵੱਧ ਕੇ ਸਿੱਧੀ 14.7 ਬਿਲੀਅਨ ਡਾਲਰ ਹੋ ਜਾਵੇਗੀ ਜੋ ਲਗਭਗ 184 ਫ਼ੀਸਦੀ ਦਾ ਵਾਧਾ ਏ।

ਇਕੱਲੇ ਸਾਲ 2022 ਵਿਚ ਹੀ ਜੀਡੀਪੀ ਗ੍ਰੋਥ ਰੇਟ 62 ਫ਼ੀਸਦੀ ਦਰਜ ਕੀਤਾ ਗਿਆ, ਜਿਸ ਕਾਰਨ ਗੁਯਾਨਾ ਵਿਚ ਪ੍ਰਤੀ ਵਿਅਕਤੀ ਕੁੱਲ ਘਰੇਲੂ ਉਤਪਾਦ 2019 ਵਿਚ 6477 ਅਮਰੀਕੀ ਡਾਲਰ ਤੋਂ ਵਧ ਕੇ ਸਾਲ 2022 ਵਿਚ 18199 ਅਮਰੀਕੀ ਡਾਲਰ ਹੋ ਗਿਆ। ਇਹ ਅੰਕੜਾ ਵਾਕਈ ਹੈਰਾਨ ਕਰਨ ਵਾਲਾ ਏ ਜੋ ਸਾਲ 2022 ਵਿਚ ਬ੍ਰਾਜ਼ੀਲ ਦੀ ਪ੍ਰਤੀ ਵਿਅਕਤੀ ਜੀਡੀਪੀ ਦੇ 200 ਫ਼ੀਸਦੀ ਤੋਂ ਵੱਧ ਅਤੇ ਗਵਾਟੇਮਾਲਾ ਦੀ ਪ੍ਰਤੀ ਵਿਅਕਤੀ ਜੀਡੀਪੀ ਦੇ 300 ਫ਼ੀਸਦੀ ਤੋਂ ਵੀ ਵੱਧ ਐ। ਗੁਯਾਨਾ ਵੱਲੋਂ ਵਿਸ਼ਵ ਬੈਂਕ ਦੀ ਨੁਮਾਇੰਦਾ ਡੇਲਿਤਾ ਡੋਰੇਟੀ ਦਾ ਕਹਿਣਾ ਏ ਕਿ ਗਯਾਨਾ ਤੋਂ ਬਹੁਤ ਸਾਰੀਆਂ ਉਮੀਦਾਂ ਨੇ, ਸਾਨੂੰ ਇੰਝ ਲਗਦਾ ਏ ਕਿ ਜਿਵੇਂ ਸਾਡੇ ਦੇਸ਼ ਨੇ ਕੋਈ ਲਾਟਰੀ ਜਿੱਤ ਲਈ ਹੋਵੇ।

ਗੁਯਾਨਾ ਵਿਚ ਮਿਲੇ ਵੱਡੇ ਤੇਲ ਭੰਡਾਰ ਦਾ ਅਸਰ ਰਾਜਧਾਨੀ ਜੌਰਜਟਾਊਨ ਵਰਗੇ ਪ੍ਰਮੁੱਖ ਸ਼ਹਿਰਾਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਏ। ਕਾਮਿਆਂ ਨੂੰ ਹਸਪਤਾਲਾਂ, ਰਾਜਮਾਰਗਾਂ, ਪੁਲ਼ਾਂ ਅਤੇ ਬੰਦਰਗਾਹਾਂ ਤੋਂ ਇਲਾਵਾ ਦੇਸ਼ ਵਿਚ ਬਣ ਰਹੇ ਵੱਡੇ ਵੱਡੇ ਹੋਟਲਾਂ ਵਿਚ ਅਥਾਹ ਕੰਮ ਮਿਲ ਰਿਹਾ ਏ। ਗੁਯਾਨਾ ਵਿਚ ਇਹ ਤੇਲ ਭੰਡਾਰ ਮਿਲਣ ਤੋਂ ਬਾਅਦ ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਗਏ ਬਹੁਤ ਸਾਰੇ ਲੋਕ ਵੀ ਆਪਣੇ ਦੇਸ਼ ਵਿਚ ਫਿਰ ਤੋਂ ਵਾਪਸੀ ਕਰਨ ਲੱਗ ਪਏ ਨੇ। ਉਨ੍ਹਾਂ ਦਾ ਕਹਿਣਾ ਏ ਕਿ ਤੇਲ ਤੋਂ ਹੁੰਦੀ ਕਮਾਈ ਨੇ ਉਭਰਦੇ ਮੱਧਮ ਵਰਗ ਅਤੇ ਦੇਸ਼ ਦੇ ਮੌਜੂਦਾ ਅਮੀਰ ਵਰਗ ਦੋਵਾਂ ਦੇ ਲਈ ਵੱਡੇ ਮੌਕੇ ਪੈਦਾ ਕੀਤੇ ਨੇ।

ਇਸ ਤੋਂ ਇਲਾਵਾ ਅਮਰੀਕਾ ਅਤੇ ਕੈਨੇਡਾ ਵਿਚ ਰਹਿੰਦੇ ਬਹੁਤ ਸਾਰੇ ਅਮੀਰ ਲੋਕ ਵੀ ਤੇਲ ਦੇ ਵੱਧ ਮੁਨਾਫ਼ੇ ਦੀ ਉਮੀਦ ਵਿਚ ਗੁਯਾਨਾ ਵਿਖੇ ਜਾਇਦਾਦ ਜਾਂ ਹੋਰ ਕੰਮਾਂ ਵਿਚ ਪੈਸਾ ਲਗਾ ਰਹੇ ਨੇ। ਗੁਯਾਨਾ ਵਿਚ ਤੇਲ ਤੋਂ ਆਈ ਦੌਲਤ ਨੇ ਹਾਲਾਤ ਇੰਨੇ ਤੇਜ਼ੀ ਨਾਲ ਬਦਲ ਦਿੱਤੇ ਨੇ ਕਿ ਪੂਰੀ ਦੁਨੀਆਂ ਦੀਆਂ ਕੰਪਨੀਆਂ ਹੁਣ ਗੁਯਾਨਾ ਵੱਲ ਖਿੱਚੀਆਂ ਚਲੀਆਂ ਆ ਰਹੀਆਂ ਨੇ।

ਸੋ ਹੁਣ ਤੇਲ ਦੀ ਇਸ ਵੱਡੀ ਖੋਜ ਤੋਂ ਬਾਅਦ ਜਲਦ ਹੀ ਗੁਯਾਨਾ ਦੇ ਦਿਨ ਬਦਲਣ ਵਾਲੇ ਨੇ, ਗ਼ਰੀਬੀ ਦਾ ਜੀਵਨ ਬਤੀਤ ਕਰਨ ਵਾਲੇ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਸੁਧਰਦੀ ਜਾ ਰਹੀ ਐ, ਉਹ ਦਿਨ ਦੂਰ ਨਹੀਂ ਜਦੋਂ ਗੁਯਾਨਾ ਵਿਚ ਵੀ ਦੁਬਈ ਦੀ ਤਰ੍ਹਾਂ ਗਗਨਚੁੰਭੀ ਇਮਾਰਤਾਂ ਦਿਖਾਈ ਦੇਣਗੀਆਂ।
ਸੋ ਤੁਹਾਡਾ ਇਸ ਮਾਮਲੇ ਵਿਚ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it