ਕੈਨੇਡਾ ਵਾਸੀਆਂ ਨੂੰ ਸਸਤੇ ਘਰ ਮੁਹੱਈਆ ਕਰਵਾਏਗੀ ਲਿਬਰਲ ਸਰਕਾਰ
ਟੋਰਾਂਟੋ, 11 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਘਰ ਖਰੀਦਣ ਦੇ ਇੱਛਕ ਕੈਨੇਡਾ ਵਾਸੀਆਂ ਨੂੰ ਫੈਡਰਲ ਸਰਕਾਰ ਜਲਦ ਹੀ ਵੱਡੀ ਰਾਹਤ ਦੇ ਸਕਦੀ ਹੈ। ਹਾਊਸਿੰਗ ਮੰਤਰੀ ਸ਼ੌਨ ਫਰੇਜ਼ਰ ਨੇ ਸੰਕੇਤ ਦਿਤੇ ਹਨ ਕਿ ਸਸਤੇ ਘਰ ਮੁਹੱਈਆ ਕਰਵਾਉਣ ਲਈ ਜੀ.ਐਸ.ਟੀ. ਮੁਆਫ ਕੀਤਾ ਜਾ ਸਕਦੀ ਹੈ ਅਤੇ ਖਰੀਦਦਾਰਾਂ ਨੂੰ ਆਸਾਨ ਸ਼ਰਤਾਂ ’ਤੇ ਕਰਜ਼ਾ ਲੈਣ ਦੀ ਸਹੂਲਤ ਮੁਹੱਈਆ ਕਰਵਾਈ ਜਾ […]
By : Editor (BS)
ਟੋਰਾਂਟੋ, 11 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਘਰ ਖਰੀਦਣ ਦੇ ਇੱਛਕ ਕੈਨੇਡਾ ਵਾਸੀਆਂ ਨੂੰ ਫੈਡਰਲ ਸਰਕਾਰ ਜਲਦ ਹੀ ਵੱਡੀ ਰਾਹਤ ਦੇ ਸਕਦੀ ਹੈ। ਹਾਊਸਿੰਗ ਮੰਤਰੀ ਸ਼ੌਨ ਫਰੇਜ਼ਰ ਨੇ ਸੰਕੇਤ ਦਿਤੇ ਹਨ ਕਿ ਸਸਤੇ ਘਰ ਮੁਹੱਈਆ ਕਰਵਾਉਣ ਲਈ ਜੀ.ਐਸ.ਟੀ. ਮੁਆਫ ਕੀਤਾ ਜਾ ਸਕਦੀ ਹੈ ਅਤੇ ਖਰੀਦਦਾਰਾਂ ਨੂੰ ਆਸਾਨ ਸ਼ਰਤਾਂ ’ਤੇ ਕਰਜ਼ਾ ਲੈਣ ਦੀ ਸਹੂਲਤ ਮੁਹੱਈਆ ਕਰਵਾਈ ਜਾ ਸਕਦੀ ਹੈ।
ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਲਿਬਰਲ ਸਰਕਾਰ ਦੀ ਮਕਬੂਲੀਅਤ ਲਗਾਤਾਰ ਘਟ ਰਹੀ ਹੈ ਅਤੇ ਹਾਊਸਿੰਗ ਖੇਤਰ ਵਿਚ ਸੁਧਾਰ ਰਾਹੀਂ ਲਿਬਰਲ ਸਰਕਾਰ ਆਪਣਾ ਅਕਸ ਸੁਧਾਰਨਾ ਚਾਹੁੰਦੀ ਹੈ।
ਸੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਸ਼ੌਨ ਫਰੇਜ਼ਰ ਨੇ ਕਿਹਾ ਕਿ ਸਿਰਫ ਮਕਾਨਾਂ ਦੀ ਮਾਲਕੀ ਵਾਸਤੇ ਹੀ ਨਹੀਂ ਸਗੋਂ ਕਿਰਾਏ ’ਤੇ ਮਿਲਣ ਵਾਲੇ ਮਕਾਨਾਂ ਦੇ ਮਾਮਲੇ ਵਿਚ ਵੀ ਇਹ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਕਿਫ਼ਾਇਤੀ ਰਿਹਾਇਸ਼ ਦਾ ਟੀਚਾ ਹਾਸਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਚੇਤੇ ਰਹੇ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਲਗਾਤਾਰ ਮਹਿੰਗੇ ਮਕਾਨਾਂ ਅਤੇ ਅਸਮਾਨ ਚੜ੍ਹੇ ਕਿਰਾਇਆਂ ਦਾ ਮੁੱਦਾ ਉਠਾ ਕੇ ਲੋਕਾਂ ਨੂੰ ਘੇਰਦੇ ਆ ਰਹੇ ਹਨ ਅਤੇ ਸੰਭਾਵਤ ਤੌਰ ’ਤੇ ਲੋਕਾਂ ਦੇ ਮਨ ਵਿਚ ਇਹ ਸੁਨੇਹਾ ਅਸਰ ਵੀ ਕਰ ਰਿਹਾ ਹੈ।
ਇਸ ਤੋਂ ਪਹਿਲਾਂ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਵੱਲੋਂ ਵੀ ਸਸਤੇ ਮਕਾਨਾਂ ਦੀ ਉਸਾਰੀ ਵਾਸਤੇ ਵੱਡੇ ਪੱਧਰ ’ਤੇ ਤਬਦੀਲੀਆਂ ਕਰਨ ਦਾ ਸੁਝਾਅ ਦਿਤਾ ਜਾ ਚੁੱਕਾ ਹੈ। ਸ਼ੌਨ ਫਰੇਜ਼ਰ ਨੇ ਅੱਗੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਪੈਸਾ ਖਰਚ ਕੀਤਾ ਜਾਵੇਗੀ ਜੋ ਪਹਿਲਾਂ ਹੀ ਵੱਖ ਵੱਖ ਯੋਜਨਾਵਾਂ ਅਧੀਨ ਅਲਾਟ ਕੀਤਾ ਗਿਆ ਹੈ।
ਉਚੀਆਂ ਵਿਆਜ ਦਰਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਕੁਝ ਲੋਕਾਂ ਨੂੰ ਆਪਣੇ ਘਰ ਗਵਾਉਣੇ ਪੈ ਸਕਦੇ ਹਨ ਪਰ ਡਿਵੈਲਪਰਾਂ ਨੂੰ ਰਾਹਤ ਮਿਲਣ ਦੀ ਸੂਰਤ ਵਿਚ ਭਵਿੱਖ ਦੀਆਂ ਉਸਾਰੀਆਂ ਉਪਰ ਹੋਣ ਵਾਲਾ ਖਰਚ ਘਟਾਇਆ ਜਾ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਟੋਰਾਂਟੋ ਅਤੇ ਵੈਨਕੂਵਰ ਵਰਗੇ ਸ਼ਹਿਰਾਂ ਨੂੰ ਛੱਡ ਦਿਤਾ ਜਾਵੇ ਤਾਂ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਮਕਾਨ ਖਰੀਦਣਾ ਹਾਲੇ ਵੀ ਬਹੁਤਾ ਮੁਸ਼ਕਲ ਨਹੀਂ। ਕੈਲਗਰੀ ਵਿਖੇ ਭਾਵੇਂ ਪਿਛਲੇ ਸਮੇਂ ਦੌਰਾਨ ਮਕਾਨਾਂ ਦੀਆਂ ਕੀਮਤਾਂ ਅਤੇ ਕਿਰਾਇਆਂ ਵਿਚ ਵਾਧਾ ਹੋਇਆ ਹੈ ਪਰ ਹੁਣ ਵੀ ਇਹ ਆਮ ਪਰਵਾਰ ਦੇ ਪਹੁੰਚ ਵਿਚ ਹਨ।
ਕੈਲਗਰੀ ਦੀ ਮੇਅਰ ਜੋਤੀ ਗੌਂਡਕ ਵੀ ਇਹ ਗੱਲ ਪੁਰਜ਼ੋਰ ਆਵਾਜ਼ ਵਿਚ ਆਖ ਚੁੱਕੇ ਹਨ ਕਿ ਗੁੰਝਲਦਾਰ ਹਾਲਾਤ ਵਿਚ ਬਾਹਰ ਨਿਕਲਣਾ ਲਾਜ਼ਮੀ ਹੈ ਅਤੇ ਇਸ ਵਾਸਤੇ ਸਰਕਾਰ ਦੇ ਹਰ ਪੱਧਰ ’ਤੇ ਯਤਨ ਕਰਨੇ ਹੋਣਗੇ। ਵਿਆਜ ਦਰਾਂ ਉਚੀਆਂ ਹੋਣ ਕਾਰਨ ਟੋਰਾਂਟੋ ਵਰਗੇ ਸ਼ਹਿਰ ਵਿਚ ਅਗਸਤ ਮਹੀਨੇ ਦੌਰਾਨ ਰੀਅਲ ਅਸਟੇਟ ਬਾਜ਼ਾਰ ਨਰਮ ਰਿਹਾ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਮੰਦੀ ਆਉਣ ਦੇ ਸੰਕੇਤ ਮਿਲ ਰਹੇ ਹਨ। ਆਰਥਿਕ ਮਾਹਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ 2024 ਦੀਆਂ ਗਰਮੀਆਂ ਤੋਂ ਪਹਿਲਾਂ ਵਿਆਜ ਦਰਾਂ ਵਿਚ ਕਮੀ ਸੰਭਵ ਨਹੀਂ ਅਤੇ ਇਸ ਤੋਂ ਬਾਅਦ ਹੀ ਰੀਅਲ ਅਸਟੇਟ ਬਾਜ਼ਾਰ ਮੁੜ ਆਪਣੇ ਜਲੌਅ ਵਿਚ ਆ ਸਕਦਾ ਹੈ।