3 ਨਵੰਬਰ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ, ਮੁੱਖ ਸਕੱਤਰ ਪ੍ਰਤਾਪ ਸਿੰਘ ਦਾ ਵੱਡਾ ਖੁਲਾਸਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਪ੍ਰਤਾਪ ਸਿੰਘ ਨੇ ਤਿੰਨ ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਣ ਵਾਲੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸਰਬ ਸੰਮਤੀ ਨਾਲ ਪ੍ਰਧਾਨ ਚੁਣਨ ਦੀ ਪੂਰੀ ਸੰਭਾਵਨਾ ਹੈ, ਅਤੇ ਸੰਭਵ ਹੈ ਕਿ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਮ 'ਤੇ ਇਕਮਤ ਨਾਲ ਮੋਹਰ ਲੱਗੇ।

By : Gurpiar Thind
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਪ੍ਰਤਾਪ ਸਿੰਘ ਨੇ ਤਿੰਨ ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਣ ਵਾਲੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸਰਬ ਸੰਮਤੀ ਨਾਲ ਪ੍ਰਧਾਨ ਚੁਣਨ ਦੀ ਪੂਰੀ ਸੰਭਾਵਨਾ ਹੈ, ਅਤੇ ਸੰਭਵ ਹੈ ਕਿ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਮ 'ਤੇ ਇਕਮਤ ਨਾਲ ਮੋਹਰ ਲੱਗੇ।
ਪ੍ਰਤਾਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਹਰ ਸਾਲ ਦੋ ਮੁੱਖ ਇਜਲਾਸ ਕਰਦੀ ਹੈ ਇੱਕ ਅਹੁਦੇਦਾਰਾਂ ਦੀ ਚੋਣ ਲਈ ਤੇ ਦੂਜਾ ਬਜਟ ਪਾਸ ਕਰਨ ਲਈ। ਉਨ੍ਹਾਂ ਦੱਸਿਆ ਕਿ ਇਸ ਵਾਰ ਪ੍ਰਧਾਨਗੀ ਦੀ ਚੋਣ ਦਾ ਇਜਲਾਸ 3 ਨਵੰਬਰ ਨੂੰ ਹੋਵੇਗਾ, ਜਿਸ ਵਿੱਚ ਲਗਭਗ 148 ਮੈਂਬਰ ਹਾਜ਼ਰ ਰਹਿਣਗੇ। ਸ਼੍ਰੋਮਣੀ ਕਮੇਟੀ ਦੇ ਕੁੱਲ 185 ਮੈਂਬਰਾਂ ਵਿੱਚੋਂ 170 ਚੁਣੇ ਹੋਏ ਹਨ ਤੇ 15 ਨਾਮਜ਼ਦ, ਜਿਨ੍ਹਾਂ ਵਿੱਚੋਂ ਕੁਝ ਦੇਹਾਂਤ ਹੋ ਚੁੱਕੇ ਜਾਂ ਅਸਤੀਫ਼ੇ ਦੇ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਜੇ ਸਰਬ ਸੰਮਤੀ ਨਾਲ ਫ਼ੈਸਲਾ ਹੋ ਗਿਆ ਤਾਂ ਚੋਣ ਦੀ ਲੋੜ ਨਹੀਂ ਪਵੇਗੀ, ਨਹੀਂ ਤਾਂ ਪ੍ਰਕਿਰਿਆ ਅਨੁਸਾਰ ਬੈਲਟ ਪੇਪਰ ਰਾਹੀਂ ਚੋਣ ਕਰਵਾਈ ਜਾਵੇਗੀ। ਪ੍ਰਤਾਪ ਸਿੰਘ ਨੇ ਕਿਹਾ ਕਿ ਜਿਵੇਂ ਹੀ ਮੌਜੂਦਾ ਪ੍ਰਧਾਨ ਚੋਣ ਪ੍ਰਕਿਰਿਆ ਸ਼ੁਰੂ ਕਰਨ ਦੀ ਬੇਨਤੀ ਕਰਨਗੇ, ਮੈਂਬਰ ਆਪਣੇ ਉਮੀਦਵਾਰਾਂ ਦੇ ਨਾਮ ਪੇਸ਼ ਕਰਨਗੇ, ਤੇ ਜੇ ਕਿਸੇ ਹੋਰ ਵੱਲੋਂ ਕੋਈ ਪ੍ਰਸਤਾਵ ਨਾ ਆਇਆ ਤਾਂ ਜੈਕਾਰਿਆਂ ਨਾਲ ਪ੍ਰਧਾਨਗੀ ਦੀ ਮੋਹਰ ਲਗਾ ਦਿੱਤੀ ਜਾਵੇਗੀ।
ਉਨ੍ਹਾਂ ਨੇ ਕਿਹਾ, “ਮੇਰੀ ਗੁਰਮਤ ਚਰਨਾਂ ਚ ਅਰਦਾਸ ਹੈ ਕਿ ਪੰਥ ਵਿਚ ਏਕਤਾ ਬਣੀ ਰਹੇ, ਕਿਉਂਕਿ ਏਕਤਾ ਹੀ ਸਾਡੀ ਤਾਕਤ ਹੈ। ਜੇ ਪ੍ਰਧਾਨਗੀ ਦੀ ਚੋਣ ਸਰਬ ਸੰਮਤੀ ਨਾਲ ਹੋ ਜਾਵੇ, ਤਾਂ ਇਹ ਪੰਥਕ ਏਕਤਾ ਵੱਲ ਇਕ ਵੱਡਾ ਕਦਮ ਹੋਵੇਗਾ।” ਚੋਣ ਪ੍ਰਕਿਰਿਆ ਦੁਪਹਿਰ 12 ਵਜੇ ਸ਼ੁਰੂ ਹੋਵੇਗੀ, ਜਿਸ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਪ੍ਰਕਾਸ਼ ਅਤੇ ਮੁੱਖਵਾਕ ਪਾਠ ਹੋਵੇਗਾ। ਉਸ ਤੋਂ ਬਾਅਦ ਅਰਦਾਸ ਕਰਕੇ ਚੋਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਪ੍ਰਤਾਪ ਸਿੰਘ ਨੇ ਦੱਸਿਆ ਕਿ ਸਮੂਹ ਪ੍ਰਕਿਰਿਆ ਲਾਈਵ ਪ੍ਰਸਾਰਿਤ ਕੀਤੀ ਜਾਵੇਗੀ, ਤਾਂ ਜੋ ਸੰਗਤ ਪਾਰਦਰਸ਼ੀ ਢੰਗ ਨਾਲ ਪੂਰੇ ਇਜਲਾਸ ਦੀ ਜਾਣਕਾਰੀ ਪ੍ਰਾਪਤ ਕਰ ਸਕੇ।


