ਦਿੱਲੀ ’ਚ ਹੋਏ ਬੰਬ ਧਮਾਕੇ ਤੋਂ ਬਾਅਦ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਸੁਰੱਖਿਆ ਕੜੀ, ਪੁਲਿਸ ਵੱਲੋਂ ਵਿਆਪਕ ਚੈਕਿੰਗ ਮੁਹਿੰਮ ਸ਼ੁਰੂ
ਦਿੱਲੀ ਦੇ ਲਾਲ ਕਿਲ੍ਹੇ ਨੇੜੇ ਮੈਟਰੋ ਸਟੇਸ਼ਨ ‘ਤੇ ਹੋਏ ਆਈ.ਈ.ਡੀ. ਧਮਾਕੇ ਦੇ ਚਲਦੇ ਸਾਰੇ ਪੰਜਾਬ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਸੰਦਰਭ ਵਿੱਚ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਪੁਲਿਸ, ਆਰ.ਪੀ.ਐਫ. ਅਤੇ ਜੇਐਸਐਲਟੀ ਦੀ ਸਾਂਝੀ ਟੀਮ ਵੱਲੋਂ ਵਿਆਪਕ ਚੈਕਿੰਗ ਮੁਹਿੰਮ ਚਲਾਈ ਗਈ।

By : Gurpiar Thind
ਅੰਮ੍ਰਿਤਸਰ– ਦਿੱਲੀ ਦੇ ਲਾਲ ਕਿਲ੍ਹੇ ਨੇੜੇ ਮੈਟਰੋ ਸਟੇਸ਼ਨ ‘ਤੇ ਹੋਏ ਆਈ.ਈ.ਡੀ. ਧਮਾਕੇ ਦੇ ਚਲਦੇ ਸਾਰੇ ਪੰਜਾਬ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਸੰਦਰਭ ਵਿੱਚ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਪੁਲਿਸ, ਆਰ.ਪੀ.ਐਫ. ਅਤੇ ਜੇਐਸਐਲਟੀ ਦੀ ਸਾਂਝੀ ਟੀਮ ਵੱਲੋਂ ਵਿਆਪਕ ਚੈਕਿੰਗ ਮੁਹਿੰਮ ਚਲਾਈ ਗਈ।
ਚੈਕਿੰਗ ਦੌਰਾਨ ਮੌਜੂਦ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ, “ਦਿੱਲੀ ‘ਚ ਹੋਏ ਧਮਾਕੇ ਤੋਂ ਬਾਅਦ ਪੰਜਾਬ ਭਰ ਦੇ ਰੇਲਵੇ ਸਟੇਸ਼ਨਾਂ ਤੇ ਹਾਈ ਅਲਰਟ ਹੈ। ਅਸੀਂ ਜੀਆਰਪੀ, ਆਰਪੀਐਫ ਅਤੇ ਜੇਐਸਐਲਟੀ ਦੀ ਸਪੋਰਟ ਨਾਲ ਸਾਰੇ ਪ੍ਰਵੇਸ਼ ਦਰਵਾਜ਼ਿਆਂ ਤੇ ਕੜੀ ਨਿਗਰਾਨੀ ਰੱਖ ਰਹੇ ਹਾਂ। ਹਰ ਯਾਤਰੀ ਦੇ ਸਮਾਨ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਅਤੇ ਰੇਲਾਂ ਵਿੱਚ ਵੀ ਤਫ਼ਤੀਸ਼ ਜਾਰੀ ਹੈ।”
ਅਧਿਕਾਰੀ ਨੇ ਦੱਸਿਆ ਕਿ ਇਹ ਚੈਕਿੰਗ ਮੁਹਿੰਮ ਸਿਰਫ਼ ਦਿਨ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਰਾਤ ਦੇ ਸਮੇਂ ਵੀ ਲਗਾਤਾਰ ਜਾਰੀ ਰਹੇਗੀ ਤਾਂ ਜੋ ਕੋਈ ਸ਼ੱਕੀ ਵਿਅਕਤੀ ਜਾਂ ਖਤਰਨਾਕ ਵਸਤੂ ਰੇਲਵੇ ਸਟੇਸ਼ਨ ਜਾਂ ਗੱਡੀਆਂ ਦੇ ਅੰਦਰ ਨਾ ਲਿਆ ਸਕੇ। ਉਨ੍ਹਾਂ ਕਿਹਾ ਕਿ ਸਾਰੇ ਸਟੇਸ਼ਨ ਸਟਾਫ਼ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਸਪੈਸ਼ਲ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਿਸੇ ਵੀ ਸ਼ੱਕੀ ਹਰਕਤ ਜਾਂ ਵਿਅਕਤੀ ਤੇ ਤੁਰੰਤ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਨੇ ਆਮ ਜਨਤਾ ਨੂੰ ਵੀ ਸਚੇਤ ਰਹਿਣ ਦੀ ਅਪੀਲ ਕੀਤੀ। “ਜੇਕਰ ਕਿਸੇ ਨੂੰ ਕੋਈ ਸ਼ੱਕੀ ਵਿਅਕਤੀ, ਬੈਗ, ਅਟੈਚੀ ਜਾਂ ਕੋਈ ਅਣਪਛਾਤੀ ਵਸਤੂ ਦਿਖਾਈ ਦੇਵੇ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦੇਣੀ ਚਾਹੀਦੀ ਹੈ,” ਅਧਿਕਾਰੀ ਨੇ ਕਿਹਾ।
ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਇਸ ਸਮੇਂ ਹਰ ਆਉਣ-ਜਾਣ ਵਾਲੀ ਟ੍ਰੇਨ ਦੀ ਚੈਕਿੰਗ ਹੋ ਰਹੀ ਹੈ ਅਤੇ ਸੁਰੱਖਿਆ ਕਰਮਚਾਰੀ ਯਾਤਰੀਆਂ ਨਾਲ ਮਿਲ ਕੇ ਜਾਗਰੂਕਤਾ ਮੁਹਿੰਮ ਵੀ ਚਲਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਅਸੁਰੱਖਿਅਤ ਹਾਲਾਤ ਤੋਂ ਬਚਣ ਲਈ ਇਹ ਕਦਮ ਸਾਵਧਾਨੀ ਤੌਰ ‘ਤੇ ਲਏ ਗਏ ਹਨ ਤਾਂ ਜੋ ਸੂਬੇ ਵਿੱਚ ਅਮਨ ਤੇ ਸੁਰੱਖਿਆ ਬਣੀ ਰਹੇ।


