Begin typing your search above and press return to search.

ਖ਼ਬਰਾਂ ਹੀ ਨਹੀਂ ਖੋਜ-ਕਹਾਣੀਆਂ ਵੀ ਪ੍ਰਕਾਸ਼ਿਤ, ਪ੍ਰਸਾਰਿਤ ਕਰੋ : ਪ੍ਰੋ. ਕੁਲਬੀਰ ਸਿੰਘ

ਖ਼ਬਰਾਂ ਹੀ ਨਹੀਂ ਖੋਜ-ਕਹਾਣੀਆਂ ਵੀ ਪ੍ਰਕਾਸ਼ਿਤ, ਪ੍ਰਸਾਰਿਤ ਕਰੋ : ਪ੍ਰੋ. ਕੁਲਬੀਰ ਸਿੰਘ
X

BikramjeetSingh GillBy : BikramjeetSingh Gill

  |  9 Sept 2024 9:11 AM IST

  • whatsapp
  • Telegram

ਮੈਂ ਅਖ਼ਬਾਰ ਖੋਲ੍ਹਦੇ ਸਾਰ ਵੱਖ ਵੱਖ ਖੇਤਰਾਂ ਨਾਲ ਸੰਬੰਧਤ ਖੋਜ-ਕਹਾਣੀਆਂ ਲੱਭਦਾ, ਪੜ੍ਹਦਾ ਹਾਂ। ਧਰਤੀ ਬਾਰੇ, ਬ੍ਰਹਿਮੰਡ ਬਾਰੇ, ਸਰੀਰ ਬਾਰੇ, ਸਿਹਤ ਬਾਰੇ, ਚੰਦਰਮਾ ਬਾਰੇ, ਸੂਰਜ ਬਾਰੇ, ਸਮੁੰਦਰ ਬਾਰੇ, ਸਾਇੰਸ ਬਾਰੇ, ਸੈਰ ਬਾਰੇ, ਕਸਰਤ ਬਾਰੇ, ਮਨੁੱਖ ਬਾਰੇ, ਮਨ ਬਾਰੇ।

ਸਰੀਰ ਦੇ ਵਿਗਿਆਨ ਬਾਰੇ, ਸਿਹਤ ਦੇ ਵਿਗਿਆਨ ਬਾਰੇ, ਖੁਰਾਕ ਦੇ ਵਿਗਿਆਨ ਬਾਰੇ, ਇਲਾਜ ਦੇ ਵਿਗਿਆਨ ਬਾਰੇ, ਦਵਾਈਆਂ ਦੇ ਵਿਗਿਆਨ ਬਾਰੇ, ਜੀਵਨ ਦੇ ਵਿਗਿਆਨ ਬਾਰੇ, ਬ੍ਰਹਿਮੰਡ ਦੇ ਵਿਗਿਆਨ ਬਾਰੇ।

ਇਕ ਪਾਸੇ ਪੱਤਰਕਾਰੀ ਦਾ ਦਾਇਰਾ ਦਿਨੋ ਦਿਨ ਮੋਕਲਾ ਹੋ ਰਿਹਾ ਹੈ। ਦੂਸਰੇ ਪਾਸੇ ਸੀਮਤ-ਸੌੜਾ ਹੋ ਰਿਹਾ ਹੈ। ਇਕ ਪਾਸੇ ਕਦਰਾਂ-ਕੀਮਤਾਂ ਨਾਲੋਂ ਟੁੱਟ ਕੇ ਇਸਦਾ ਮੂੰਹ-ਮੁਹਾਂਦਰਾ ਵਿਗੜ ਰਿਹਾ ਹੈ, ਦੂਸਰੇ ਪਾਸੇ ਵਧੇਰੇ ਮਿਹਨਤ, ਵਧੇਰੇ ਗਹਿਰਾਈ, ਵਧੇਰੇ ਵਿਸ਼ਾਲਤਾ ਵੇਖਣ ਨੂੰ ਮਿਲ ਰਹੀ ਹੈ। ਮੁਕਾਬਲਾ ਬੇਹੱਦ ਸਖ਼ਤ ਹੋ ਗਿਆ ਹੈ। ਕਦਮ ਕਦਮ ਤੇ ਚੁਣੌਤੀਆਂ ਹਨ, ਕਦਮ ਕਦਮ ʼਤੇ ਰੁਕਾਵਟਾਂ ਹਨ।

ਇਸ ਸਭ ਦੇ ਬਾਵਜੂਦ ਪ੍ਰਸੰਗਕ ਬਣੇ ਰਹਿਣ ਲਈ ਵੱਖ ਵੱਖ ਨਵੇਂ ਨਿਵੇਕਲੇ ਖੇਤਰਾਂ ਬਾਬਤ ਅਤੇ ਅਜੋਕੇ ਮਨੁੱਖ ਦੀ ਦਿਲਚਸਪੀ ਤੇ ਉਤਸੁਕਤਾ ਵਾਲੇ ਖੇਤਰਾਂ ਬਾਰੇ ਖੋਜ ਅਧਾਰਿਤ ਕਹਾਣੀਆਂ ਨੂੰ, ਖੋਜਾਂ ਨੂੰ ਪਮੁੱਖਤਾ ਨਾਲ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ਪ੍ਰਕਾਸ਼ਨ ਤੇ ਪ੍ਰਸਾਰਨ ਨੂੰ ਲੱਖਾਂ ਲੋਕ ਚਾਹ ਕੇ ਪੜ੍ਹਦੇ ਅਤੇ ਵੇਖਦੇ ਹਨ।

ਬੀਤੇ ਇਕ ਦੋ ਸਾਲਾਂ ਦੌਰਾਨ ਇਕ ਪ੍ਰਮੁੱਖ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਮਨੁੱਖ ਦੀ ਸਿਹਤ ਅਤੇ ਵੱਖ ਵੱਖ ਬਿਮਾਰੀਆਂ ਬਾਰੇ ਬੁਨਿਆਦੀ ਤੇ ਮਹੱਤਵਪੂਰਨ ਜਾਣਕਾਰੀ ਸੰਖੇਪ ਵਿਚ ਦਰਸ਼ਕਾਂ, ਪਾਠਕਾਂ ਤੱਕ ਪਹੁੰਚਾਈ ਜਾ ਰਹੀ ਹੈ। ਕਿਸੇ ਮਾਹਿਰ ਡਾਕਟਰ ਨਾਲ ਮੁਲਕਾਤ ਦੇ ਰੂਪ ਵਿਚ ਜਾਂ ਐਂਕਰ ਦੁਆਰਾ ਤਿਆਰ ਕੀਤੀ ਸੰਖੇਪ ਵੀਡੀਓ ਦੇ ਰੂਪ ਵਿਚ। ਅਜਿਹੀ ਮੁਲਾਕਾਤ, ਅਜਿਹੀ ਵੀਡੀਓ ਨੂੰ ਲੱਖਾਂ ਲੋਕ ਪੜ੍ਹਦੇ, ਸੁਣਦੇ ਅਤੇ ਵੇਖਦੇ ਹਨ। ਸਿਹਤ ਦਾ ਵਿਸ਼ਾ ਵਿਸ਼ਵ-ਵਿਆਪੀ ਹੈ। ਰਾਜਨੀਤਕ ਸੁਰਖੀਆਂ ਵਿਚ ਕੇਵਲ 20 ਪ੍ਰਤੀਸ਼ਤ ਪਾਠਕਾਂ ਦਰਸ਼ਕਾਂ ਦੀ ਦਿਲਚਸਪੀ ਹੁੰਦੀ ਹੈ ਅਤੇ ਇਹ ਖੇਤਰ ਸਥਾਨਕ ਅਤੇ ਸੀਮਤ ਹੈ। ਕਿਉਂ ਕਿ ਹਰੇਕ ਖੇਤਰ, ਹਰੇਕ ਸੂਬੇ, ਹਰੇਕ ਦੇਸ਼ ਦੀ ਆਪਣੀ ਰਾਜਨੀਤੀ ਹੈ। ਆਪਣੀਆਂ ਸਮੱਸਿਆਵਾਂ ਪ੍ਰੇਸ਼ਾਨੀਆਂ ਹਨ। ਆਪਣੀਆਂ ਮੰਗਾਂ-ਉਮੰਗਾਂ ਹਨ। ਪਰੰਤੂ ਸਿਹਤ ਦਾ, ਸਰੀਰ ਦਾ, ਮਨ ਦਾ ਵਿਸ਼ਾ ਸਾਂਝਾ ਅਤੇ ਸਰਵ-ਵਿਆਪੀ ਹੈ।

ਸਿਹਤ ਬਾਰੇ, ਸਿਹਤ-ਖੋਜਾਂ ਬਾਰੇ ਬਣਾਈ ਵੀਡੀਓ ਭਾਵੇਂ ਕਿਸੇ ਵੀ ਭਾਸ਼ਾ ਵਿਚ ਹੋਵੇ ਪਰੰਤੂ ਸਕਰੀਨ ʼਤੇ ਸੰਖੇਪ ਜਾਣਕਾਰੀ ਅੰਗਰੇਜ਼ੀ ਵਿਚ ਵੀ ਦੇ ਦਿੱਤੀ ਜਾਵੇ ਤਾਂ ਅਜਿਹੀ ਵੀਡੀਓ ਪੂਰੀ ਦੁਨੀਆਂ ਵਿਚ ਵੇਖੀ ਜਾਂਦੀ ਹੈ। ਹਰੇਕ ਵਿਅਕਤੀ ਤੰਦਰੁਸਤ ਰਹਿਣਾ ਚਾਹੁੰਦਾ ਹੈ। ਲੰਮੀ, ਪ੍ਰਸੰਨ ਤੇ ਖੁਸ਼ਹਾਲ ਜ਼ਿੰਦਗੀ ਜਿਊਣਾ ਲੋਚਦਾ ਹੈ। ਇਸੇ ਲਈ ਇਸ ਖੇਤਰ, ਇਸ ਵਿਸ਼ੇ ਵਿੱਚ ਹਰੇਕ ਦੀ ਦਿਲਚਸਪੀ ਰਹਿੰਦੀ ਹੈ।

ਅੱਜ ਪੱਤਰਕਾਰੀ ਵਧੇਰੇ ਕਰਕੇ ਸਥਾਨਕ ਸਰੋਕਾਰਾਂ ਨਾਲ ਜੁੜ ਗਈ ਹੈ ਪਰ ਪਾਠਕ, ਦਰਸ਼ਕ ਦੁਨੀਆਂ ਬਾਰੇ ਵੀ ਜਾਨਣਾ ਚਾਹੁੰਦੇ ਹਨ। ਹਰ ਵੇਲੇ ਨਾਕਾਰਾਤਮਕ ਖ਼ਬਰਾਂ। ਲੁੱਟਾਂ, ਖੋਹਾਂ, ਲੜਾਈ, ਝਗੜਿਆਂ, ਕਤਲਾਂ ਦੀਆਂ ਖ਼ਬਰਾਂ। ਦਰਸ਼ਕ, ਪਾਠਕ ਵੇਖ ਪੜ੍ਹ ਕੇ ਅੱਕ ਥੱਕ ਗਏ ਹਨ। ਪ੍ਰੇਸ਼ਾਨ ਹਨ, ਉਦਾਸ ਹਨ, ਉਪਰਾਮ ਹਨ।

ਪਹਿਲਾਂ ਪਹਿਲ ਕਿਸੇ ਪਿੰਡ ਵਿਚ, ਸ਼ਹਿਰ ਦੇ ਕਿਸੇ ਗਲੀ ਮਹੱਲੇ ਵਿਚ ਕੋਈ ਲੜਾਈ ਝਗੜਾ, ਕੋਈ ਛੋਟੀ ਮੋਟੀ ਵਾਰਦਾਤ ਹੋ ਜਾਂਦੀ ਸੀ ਤਾਂ ਨਾਲ ਦੇ ਪਿੰਡ, ਨਾਲ ਦੇ ਗਲੀ ਮਹੱਲੇ ਨੂੰ ਵੀ ਪਤਾ ਨਹੀਂ ਸੀ ਚੱਲਦਾ। ਹੁਣ ਲੜਾਈ ਝਗੜੇ, ਲੁੱਟਾਂ ਖੋਹਾਂ ਵੀ ਵੱਧ ਗਈਆਂ ਹਨ ਅਤੇ ਹਰੇਕ ਦੇ ਹੱਥ ਵਿਚ ਕੈਮਰਾ ਹੈ, ਹਰ ਗਲੀ ਮਹੱਲੇ ਦੇ ਹਰ ਘਰ ਦੇ ਬਾਹਰ ਸੀ ਸੀ ਟੀ ਵੀ ਕੈਮਰੇ ਲੱਗੇ ਹਨ। ਸੋ ਚੈਨਲ ਸਾਰਾ ਦਿਨ ਅਜਿਹੀਆਂ ਖ਼ਬਰਾਂ, ਅਜਿਹੀਆਂ ਵੀਡੀਓ ਵਿਖਾਉਂਦੇ ਰਹਿੰਦੇ ਹਨ ਅਤੇ ਉਹ ਪ੍ਰਸਾਰਨ ਦੁਨੀਆਂ ਭਰ ਵਿਚ ਪਹੁੰਚ ਰਿਹਾ ਹੁੰਦਾ ਹੈ।

ਕੁਦਰਤ ਬੇਹੱਦ ਆਕਰਸ਼ਕ ਹੈ, ਜ਼ਿੰਦਗੀ ਬੇਹੱਦ ਖੂਬਸੂਰਤ ਹੈ, ਧਰਤੀ ਬੇਹੱਦ ਮਨਮੋਹਕ ਹੈ, ਬ੍ਰਹਿਮੰਡ ਬੇਹੱਦ ਵਿਸ਼ਾਲ ਹੈ, ਮਨੁੱਖ ਬੇਹੱਦ ਮਹੱਤਵਪੂਰਨ ਹੈ। ਮੀਡੀਆ ਨੇ ਕਦੇ ਖੁਲ੍ਹ ਕੇ, ਨਿੱਠ ਕੇ, ਵਿਸਥਾਰ ਵਿਚ ਇਨ੍ਹਾਂ ਪੱਖਾਂ ਦੀ ਗੱਲ ਨਹੀਂ ਕੀਤੀ। ਰੋਜ਼ਾਨਾ ਮੁਖ ਸੁਰਖੀ ਸਿਆਸਤ ਨਾਲ ਸੰਬੰਧਤ ਹੁੰਦੀ ਹੈ। ਸਿਆਣੇ ਕਹਿੰਦੇ ਹਨ ਬਹੁਤਾਤ ਕਿਸੇ ਵੀ ਚੀਜ਼ ਦੀ ਮਾੜੀ ਹੁੰਦੀ ਹੈ। ਸੰਤੁਲਿਤ ਪਹੁੰਚ ਨੂੰ ਹੀ ਸਹੀ ਮੰਨਿਆ ਜਾਂਦਾ ਹੈ।

------ 0 ------

Next Story
ਤਾਜ਼ਾ ਖਬਰਾਂ
Share it