ਹਲਕਾ ਅਜਨਾਲਾ ਦੇ ਪਿੰਡ ਪੰਡੋਰੀ ‘ਚ ਕਿਸਾਨਾਂ ਨੂੰ ਬੀਜ ਵੰਡਣ ਦਾ ਪ੍ਰੋਗਰਾਮ ਆਯੋਜਿਤ, ਹੜ੍ਹ ਪ੍ਰਭਾਵਿਤ 204 ਕਿਸਾਨਾਂ ਨੂੰ ਮੁਫ਼ਤ ਬੀਜ ਵੰਡੇ ਗਏ
ਅੰਮ੍ਰਿਤਸਰ ਦੇ ਅਜਨਾਲਾ ਹਲਕੇ ਦੇ ਪਿੰਡ ਪੰਡੋਰੀ ਵਿੱਚ ਅੱਜ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤ ਕਿਸਾਨਾਂ ਨੂੰ ਬੀਜ ਵੰਡਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

By : Makhan shah
ਅੰਮ੍ਰਿਤਸਰ (ਗੁਰਪਿਆਰ ਥਿੰਦ) : ਅੰਮ੍ਰਿਤਸਰ ਦੇ ਅਜਨਾਲਾ ਹਲਕੇ ਦੇ ਪਿੰਡ ਪੰਡੋਰੀ ਵਿੱਚ ਅੱਜ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤ ਕਿਸਾਨਾਂ ਨੂੰ ਬੀਜ ਵੰਡਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਦੇ ਹੁਕਮਾਂ ਅਨੁਸਾਰ, ਸਰਕਾਰ ਵੱਲੋਂ ਹੜ੍ਹ ਕਾਰਨ ਨੁਕਸਾਨ ਝੱਲ ਰਹੇ ਕਿਸਾਨਾਂ ਨੂੰ ਮੁਫ਼ਤ ਬੀਜ ਵੰਡਣ ਦੀ ਪਹਿਲ ਪੰਜਾਬ ਵਿੱਚ ਸਭ ਤੋਂ ਪਹਿਲਾਂ ਅਜਨਾਲਾ ਹਲਕੇ ਤੋਂ ਸ਼ੁਰੂ ਕੀਤੀ ਗਈ ਹੈ।
ਧਾਲੀਵਾਲ ਨੇ ਕਿਹਾ ਕਿ ਅੱਜ 204 ਕਿਸਾਨਾਂ ਨੂੰ ਕਰੀਬ 796 ਤੋੜੇ ਬੀਜ ਵੰਡੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਬਣਾਈਆਂ ਗਈਆਂ ਲਿਸਟਾਂ ਅਨੁਸਾਰ ਲਗਾਤਾਰ ਹੋਰ ਕਿਸਾਨਾਂ ਨੂੰ ਵੀ ਇਹ ਬੀਜ ਦਿੱਤੇ ਜਾਣਗੇ। ਇਹ ਉਪਰਾਲਾ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਣ ਅਤੇ ਉਨ੍ਹਾਂ ਦੀ ਅਗਲੀ ਫਸਲ ਦੀ ਬੁਨਿਆਦ ਮਜ਼ਬੂਤ ਕਰਨ ਵਾਸਤੇ ਕੀਤਾ ਗਿਆ ਹੈ।
ਇਸ ਮੌਕੇ ਵਿਧਾਇਕ ਧਾਲੀਵਾਲ ਨੇ ਭਾਜਪਾ ਨੇਤਾ ਮਨਜੀੰਦਰ ਸਿਰਸਾ ਦੇ ਉਸ ਬਿਆਨ ‘ਤੇ ਵੀ ਸਵਾਲ ਖੜ੍ਹੇ ਕੀਤੇ ਜਿਸ ‘ਚ ਸਿਰਸਾ ਨੇ ਕਿਹਾ ਸੀ ਕਿ ਪੰਜਾਬ ਤੋਂ ਦਿੱਲੀ ਵਿੱਚ ਪ੍ਰਦੂਸ਼ਣ ਫੈਲਦਾ ਹੈ। ਧਾਲੀਵਾਲ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਬਿਆਨ ਪੰਜਾਬ ਦੇ ਕਿਸਾਨਾਂ ਦੀ ਬਦਨਾਮੀ ਲਈ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ।
ਉਨ੍ਹਾਂ ਕਿਹਾ ਜਦੋਂ ਮੈਂ ਖੇਤੀਬਾੜੀ ਮੰਤਰੀ ਸੀ, ਤਾਂ ਮੈਂ ਕੇਂਦਰੀ ਮੰਤਰੀ ਨੂੰ ਕਿਹਾ ਸੀ ਕਿ ਤੁਸੀਂ ਸਾਬਤ ਕਰਕੇ ਦਿਖਾਓ ਕਿ ਪੰਜਾਬ ਦਾ ਪ੍ਰਦੂਸ਼ਣ ਦਿੱਲੀ ਤੱਕ ਕਿਵੇਂ ਜਾਂਦਾ ਹੈ। ਪ੍ਰਦੂਸ਼ਣ ਦਾ ਵੱਡਾ ਹਿੱਸਾ ਹਰਿਆਣਾ ਤੇ ਦਿੱਲੀ ਦੀ ਇੰਡਸਟਰੀ ਤੋਂ ਆਉਂਦਾ ਹੈ, ਪਰ ਸਾਰੀ ਤੋਪ ਪੰਜਾਬ ਦੇ ਕਿਸਾਨਾਂ ‘ਤੇ ਤਾਣੀ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਜਾਨਬੂਝ ਕੇ ਪੰਜਾਬ ਨੂੰ ਹਰ ਮੰਚ ‘ਤੇ ਬਦਨਾਮ ਕਰ ਰਹੀ ਹੈ, ਜਦਕਿ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾਂ ਦੇਸ਼ ਲਈ ਅਨਾਜ ਉਪਜਾ ਕੇ ਆਪਣੀ ਕੁਰਬਾਨੀ ਦਿੱਤੀ ਹੈ। ਪਿੰਡ ਪੰਡੋਰੀ ਦੇ ਕਿਸਾਨ ਹਰਮੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਹੜ੍ਹ ਨਾਲ ਬਹੁਤ ਨੁਕਸਾਨ ਹੋਇਆ ਹੈ, ਪਰ ਪੰਜਾਬ ਸਰਕਾਰ ਨੇ ਸਮੇਂ-ਸਿਰ ਮਦਦ ਦੇ ਕੇ ਕਿਸਾਨਾਂ ਦਾ ਹੌਸਲਾ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਇਸ ਦੌਰਾਨ ਵੱਡੇ ਪੱਧਰ ‘ਤੇ ਸਹਿਯੋਗ ਦਿੱਤਾ ਗਿਆ।
ਧਾਲੀਵਾਲ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਕੋਈ ਵੀ ਕਿਸਾਨ ਆਪਣੀ ਅਗਲੀ ਫਸਲ ਤੋਂ ਵਾਂਝਾ ਨਾ ਰਹੇ, ਅਤੇ ਹਰ ਪ੍ਰਭਾਵਿਤ ਪਰਿਵਾਰ ਨੂੰ ਜ਼ਰੂਰੀ ਮਦਦ ਮਿਲੇ ਤਾਂ ਜੋ ਪੰਜਾਬ ਦਾ ਖੇਤੀਬਾੜੀ ਖੇਤਰ ਮੁੜ ਮਜ਼ਬੂਤੀ ਨਾਲ ਖੜ੍ਹ ਸਕੇ।


