ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਦਿੱਤਾ ਵੱਡਾ ਬਿਆਨ ਕਿਹਾ ਪੰਜਾਬ ਵਿੱਚ ਗੈਂਗਸਟਰਾਂ ਲਈ ਕੋਈ ਥਾਂ ਨਹੀਂ
ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਗੈਂਗਸਟਰ ਵਿਰੋਧੀ ਮੁਹਿੰਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਧਾਲੀਵਾਲ ਨੇ ਕਿਹਾ ਕਿ 2022 ਤੋਂ ਲੈ ਕੇ 2025 ਤੱਕ ਪੰਜਾਬ ਸਰਕਾਰ ਅਤੇ ਪੁਲਿਸ ਨੇ ਸਮਾਜ ਵਿਰੋਧੀ ਤੱਤਾਂ ਦੇ ਖਿਲਾਫ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ।

By : Gurpiar Thind
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਗੈਂਗਸਟਰ ਵਿਰੋਧੀ ਮੁਹਿੰਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਧਾਲੀਵਾਲ ਨੇ ਕਿਹਾ ਕਿ 2022 ਤੋਂ ਲੈ ਕੇ 2025 ਤੱਕ ਪੰਜਾਬ ਸਰਕਾਰ ਅਤੇ ਪੁਲਿਸ ਨੇ ਸਮਾਜ ਵਿਰੋਧੀ ਤੱਤਾਂ ਦੇ ਖਿਲਾਫ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ 310 ਤੋਂ ਵੱਧ FIR ਗੈਂਗਸਟਰਾਂ, ਗੁੰਡਿਆਂ ਅਤੇ ਬਦਮਾਸ਼ ਤੱਤਾਂ ਦੇ ਖ਼ਿਲਾਫ ਦਰਜ ਕੀਤੀਆਂ ਗਈਆਂ ਹਨ। ਇਸ ਦੌਰਾਨ ਕਾਰਵਾਈ ਵਿੱਚ 302 ਜ਼ਖਮੀ ਹੋਏ ਅਤੇ 30 ਦੇ ਕਰੀਬ ਗੈਂਗਸਟਰ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਹਨ। ਪੁਲਿਸ ਦੇ ਵੀ 39 ਜਵਾਨ ਜਖ਼ਮੀ ਹੋਏ ਅਤੇ 3 ਸ਼ਹੀਦ ਹੋਏ, ਜੋ ਇਹ ਦਰਸਾਉਂਦਾ ਹੈ ਕਿ ਪੰਜਾਬ ਪੁਲਿਸ ਨੇ ਆਪਣੀ ਜਾਨ ਦੀ ਪਰਵਾਹ ਬਿਨਾਂ ਜ਼ਮੀਨੀ ਪੱਧਰ ‘ਤੇ ਦਲੇਰੀ ਨਾਲ ਮੁਹਿੰਮ ਚਲਾਈ।
ਧਾਲੀਵਾਲ ਨੇ ਹਾਲ ਹੀ ਦੇ ਅੰਮ੍ਰਿਤਸਰ, ਲੁਧਿਆਣਾ ਵਿੱਚ ਹੋਏ ਪੁਲਿਸ ਆਪਰੇਸ਼ਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਿਵੇਂ ਹੀ ਕੋਈ ਗੈਂਗਸਟਰ ਹਰਕਤ ਕਰਦਾ ਹੈ, ਪੁਲਿਸ ਤੁਰੰਤ ਐਕਟਿਵ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਫੜਨ ਜਾਂ ਖਤਮ ਕਰਨ ਲਈ ਤੁਰੰਤ ਕਾਰਵਾਈ ਕਰਦੀ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਹੀ ਜੋ ਟੈਕਸੀ ਵਾਲੇ ਨਾਲ ਮੁਕਾਬਲਾ ਹੋਇਆ, ਉਸ ਵਿੱਚ ਉਹ ਸ਼ਖ਼ਸ ਫੜਿਆ ਗਿਆ ਜਿਸ ਨੇ ਕੁਝ ਦਿਨ ਪਹਿਲਾਂ ਇੱਕ ਨਾਗਰਿਕ ਦੀ ਹਤਿਆ ਕੀਤੀ ਸੀ।
ਧਾਲੀਵਾਲ ਨੇ ਦਾਅਵਾ ਕੀਤਾ ਕਿ ਸਰਹੱਦੀ ਪਾਕਿਸਤਾਨੀ ਤਾਕਤਾਂ ਇਹ ਸਮਾਜ ਵਿਰੋਧੀ ਤੱਤਾਂ ਨੂੰ ਪ੍ਰੋਤਸਾਹਿਤ ਕਰਦੀਆਂ ਹਨ, ਪਰ ਪੰਜਾਬ ਸਰਕਾਰ ਨੇ ਕਦੇ ਵੀ ਉਨ੍ਹਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਕਿਹਾ ਹੈ ਕਿ ਗੈਂਗਸਟਰ ਜਾਂ ਤਾਂ ਆਪਣੀਆਂ ਹਰਕਤਾਂ ਛੱਡ ਦੇਣ, ਮੁੱਖ ਧਾਰਾ ਵਿੱਚ ਆ ਜਾਣ ਜਾਂ ਫਿਰ ਪੰਜਾਬ ਛੱਡ ਦੇਣ ਕਿਉਂਕਿ ਪੰਜਾਬ ਵਿੱਚ ਉਨ੍ਹਾਂ ਲਈ ਕੋਈ ਜਗ੍ਹਾ ਨਹੀਂ।
ਧਾਲੀਵਾਲ ਨੇ ਕਿਹਾ ਕਿ ਜਿਵੇਂ ਨਸ਼ਾ ਮਾਫੀਆ ਖ਼ਿਲਾਫ ਜੰਗ ਚੱਲ ਰਹੀ ਹੈ, ਓਹੋ ਜਿਹੀ ਜੰਗ ਗੈਂਗਸਟਰ ਟੋਲੀਆਂ ਖ਼ਿਲਾਫ ਵੀ ਜਾਰੀ ਰਹੇਗੀ। ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਤੱਕ ਬਦਮਾਸ਼ ਅਤੇ ਗੈਂਗਸਟਰ ਪੰਜਾਬ ਨੂੰ ਅਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰਦੇ ਰਹਿਣਗੇ, ਸਾਡੀ ਲੜਾਈ ਹੋਰ ਸਖ਼ਤ ਹੁੰਦੀ ਜਾਵੇਗੀ।


