ਚੱਲਦੇ ਅਖੰਡ ਪਾਠ ਦੌਰਾਨ ਗੁਰੂ ਸਾਹਿਬ ਵੱਲ ਸੁੱਟੀ ਜੁੱਤੀ ਬੇਅਦਬੀ ਮਾਮਲੇ ਵਿੱਚ ਪ੍ਰਵਾਸੀ ਮਜ਼ਦੂਰ ਗ੍ਰਿਫਤਾਰ
ਅੰਮ੍ਰਿਤਸਰ ਦਿਹਾਤੀ ਦੇ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਸ਼ਹੂਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਮੇਜਰ ਸਿੰਘ ਦੇ ਪਰਿਵਾਰ ਵੱਲੋਂ ਘਰ ਵਿੱਚ ਅਖੰਡ ਪਾਠ ਸਾਹਿਬ ਰਖਵਾਇਆ ਗਿਆ ਸੀ। ਅੱਜ ਸਵੇਰੇ ਲਗਭਗ 3 ਵਜੇ, ਉਨ੍ਹਾਂ ਦੇ ਘਰ ‘ਚ ਕੰਮ ਕਰਦਾ ਇੱਕ ਪ੍ਰਵਾਸੀ ਮਜ਼ਦੂਰ ਅਚਾਨਕ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਾਠ ਕਰ ਰਹੇ ਗ੍ਰੰਥੀ ਸਿੰਘ ਵੱਲ ਜੁੱਤੀ ਸੁੱਟ ਕੇ ਬੇਅਦਬੀ ਕਰ ਗਿਆ।

By : Gurpiar Thind
ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਦੇ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਸ਼ਹੂਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਮੇਜਰ ਸਿੰਘ ਦੇ ਪਰਿਵਾਰ ਵੱਲੋਂ ਘਰ ਵਿੱਚ ਅਖੰਡ ਪਾਠ ਸਾਹਿਬ ਰਖਵਾਇਆ ਗਿਆ ਸੀ। ਅੱਜ ਸਵੇਰੇ ਲਗਭਗ 3 ਵਜੇ, ਉਨ੍ਹਾਂ ਦੇ ਘਰ ‘ਚ ਕੰਮ ਕਰਦਾ ਇੱਕ ਪ੍ਰਵਾਸੀ ਮਜ਼ਦੂਰ ਅਚਾਨਕ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਾਠ ਕਰ ਰਹੇ ਗ੍ਰੰਥੀ ਸਿੰਘ ਵੱਲ ਜੁੱਤੀ ਸੁੱਟ ਕੇ ਬੇਅਦਬੀ ਕਰ ਗਿਆ।
ਘਟਨਾ ਤੋਂ ਬਾਅਦ, ਪਰਿਵਾਰ ਵੱਲੋਂ ਇਸ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਦੋਸ਼ੀ ਮਜ਼ਦੂਰ ਨੂੰ ਘਰੋਂ ਭਜਾ ਦਿੱਤਾ ਗਿਆ। ਪਰ ਗ੍ਰੰਥੀ ਸਿੰਘ ਵੱਲੋਂ ਇਹ ਸਾਰੀ ਜਾਣਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਸੋਹਲ ਅਤੇ ਬਾਬਾ ਸਤਨਾਮ ਸਿੰਘ ਤੱਕ ਪਹੁੰਚਾਈ ਗਈ। ਦੋਵੇਂ ਆਗੂ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਮਜ਼ਦੂਰ ਨੂੰ ਕਾਬੂ ਕਰ ਲਿਆ। ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ ਨੇ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਅਤੇ ਸ਼ਰਮਨਾਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਿੱਥੇ ਪ੍ਰਵਾਸੀ ਮਜ਼ਦੂਰ ਦੋਸ਼ੀ ਹੈ, ਉੱਥੇ ਪਾਠ ਕਰਵਾਉਣ ਵਾਲਾ ਪਰਿਵਾਰ ਵੀ ਗੁਰੂ ਸਾਹਿਬ ਜੀ ਦੀ ਪਰਿਹੇਦਾਰੀ ‘ਚ ਕੋਤਾਹੀ ਕਰਕੇ ਉਤਨਾ ਹੀ ਜ਼ਿੰਮੇਵਾਰ ਹੈ।
ਡੀਐਸਪੀ ਗੁਰਵਿੰਦਰ ਸਿੰਘ ਅਤੇ ਐਸਐਚਓ ਸਤਪਾਲ ਸਿੰਘ ਲੋਪੋਕੇ ਵੱਲੋਂ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਜਗਜੀਤ ਸਿੰਘ, ਸੁਖਜੀਤ ਸਿੰਘ, ਗੁਰਪ੍ਰੀਤ ਸਿੰਘ (ਪੁੱਤਰ ਮੇਜਰ ਸਿੰਘ) ਅਤੇ ਸੀਰੀ ਰਾਜੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਾਰੇ ਖਿਲਾਫ ਸਖ਼ਤ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਜਿੰਨ੍ਹਾਂ ਨੇ ਵੀ ਘਟਨਾ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਵੀ ਨਹੀਂ ਛੱਡਿਆ ਜਾਵੇਗਾ।


