Jeevanjot Project ਤਹਿਤ ਬਾਲ ਭਿਖਿਆ ਖ਼ਿਲਾਫ਼ ਵੱਡੀ ਕਾਰਵਾਈ, 7 children rescued under this mission
ਅੰਮ੍ਰਿਤਸਰ ਜੀਵਨਜੋਤ ਪ੍ਰੋਜੈਕਟ ਦੇ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵੱਲੋਂ ਸ਼ਹਿਰ ਵਿੱਚ ਬਾਲ ਭਿਖਿਆ ਦੇ ਖ਼ਿਲਾਫ਼ ਲਗਾਤਾਰ ਕਾਰਵਾਈ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੇ ਅਧਿਕਾਰੀ ਤਰਨਜੀਤ ਸਿੰਘ ਨੇ ਦੱਸਿਆ ਕਿ ਬਾਲ ਸੁਰੱਖਿਆ ਕਾਨੂੰਨ ਅਧੀਨ ਟੀਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਕਾਂ ਅਤੇ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਅਚਾਨਕ ਰੇਡਾਂ ਕੀਤੀਆਂ ਜਾ ਰਹੀਆਂ ਹਨ।

By : Gurpiar Thind
ਅੰਮ੍ਰਿਤਸਰ : ਅੰਮ੍ਰਿਤਸਰ ਜੀਵਨਜੋਤ ਪ੍ਰੋਜੈਕਟ ਦੇ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵੱਲੋਂ ਸ਼ਹਿਰ ਵਿੱਚ ਬਾਲ ਭਿਖਿਆ ਦੇ ਖ਼ਿਲਾਫ਼ ਲਗਾਤਾਰ ਕਾਰਵਾਈ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੇ ਅਧਿਕਾਰੀ ਤਰਨਜੀਤ ਸਿੰਘ ਨੇ ਦੱਸਿਆ ਕਿ ਬਾਲ ਸੁਰੱਖਿਆ ਕਾਨੂੰਨ ਅਧੀਨ ਟੀਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਕਾਂ ਅਤੇ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਅਚਾਨਕ ਰੇਡਾਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਰਣਜੀਤ ਐਵੇਨਿਊ ਇਲਾਕੇ ਵਿੱਚ ਖ਼ਾਸ ਕਾਰਵਾਈ ਕੀਤੀ ਗਈ, ਜਿੱਥੇ ਬੱਚਿਆਂ ਤੋਂ ਮੰਗਵਾਉਣ ਦੀਆਂ ਸੂਚਨਾਵਾਂ ਮਿਲ ਰਹੀਆਂ ਸਨ। ਅਕਸਰ ਇਹ ਬੱਚੇ ਅਧਿਕਾਰੀਆਂ ਨੂੰ ਵੇਖ ਕੇ ਭੱਜ ਜਾਂਦੇ ਸਨ, ਪਰ ਅੱਜ ਦੀ ਯੋਜਨਾਬੱਧ ਕਾਰਵਾਈ ਦੌਰਾਨ ਕੁੱਲ ਸੱਤ ਬੱਚਿਆਂ ਨੂੰ ਸੁਰੱਖਿਅਤ ਤਰੀਕੇ ਨਾਲ ਰੈਸਕਿਊ ਕੀਤਾ ਗਿਆ।
ਅਧਿਕਾਰੀ ਤਰਨਜੀਤ ਸਿੰਘ ਨੇ ਕਿਹਾ ਕਿ ਰੈਸਕਿਊ ਕੀਤੇ ਗਏ ਬੱਚਿਆਂ ਨੂੰ ਚਾਈਲਡ ਵੈਲਫੇਅਰ ਕਮੇਟੀ ਸਾਹਮਣੇ ਪੇਸ਼ ਕੀਤਾ ਜਾਵੇਗਾ। ਨਾਲ ਹੀ ਦਾਅਵਾ ਕਰਨ ਵਾਲੇ ਮਾਪਿਆਂ ਦੇ ਆਧਾਰ ਕਾਰਡ, ਜਨਮ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ, ਤਾਂ ਜੋ ਇਹ ਪਤਾ ਲੱਗ ਸਕੇ ਕਿ ਬੱਚੇ ਅਸਲ ਵਿੱਚ ਉਨ੍ਹਾਂ ਦੇ ਹੀ ਹਨ ਜਾਂ ਨਹੀਂ। ਜੇ ਲੋੜ ਪਈ ਤਾਂ ਡੀਐਨਏ ਟੈਸਟ ਵੀ ਕਰਵਾਏ ਜਾਣਗੇ ਅਤੇ ਗਲਤ ਸਾਬਤ ਹੋਣ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਬਾਲ ਭਿਖਿਆ ਬੱਚਿਆਂ ਦੇ ਭਵਿੱਖ ਨੂੰ ਤਬਾਹ ਕਰ ਦਿੰਦੀ ਹੈ। ਇਹ ਬੱਚੇ ਪੜ੍ਹਾਈ ਦੀ ਉਮਰ ਵਿੱਚ ਹਨ, ਮੰਗਣ ਦੀ ਨਹੀਂ। ਸਰਕਾਰ ਵੱਲੋਂ ਉਪਲਬਧ ਸਕੀਮਾਂ ਤਹਿਤ ਉਨ੍ਹਾਂ ਨੂੰ ਸਕੂਲਾਂ ਨਾਲ ਜੋੜਿਆ ਜਾਵੇਗਾ ਅਤੇ 4000 ਰੁਪਏ ਸਪਾਂਸਰਸ਼ਿਪ ਸਮੇਤ ਹੋਰ ਸਹਾਇਤਾਵਾਂ ਵੀ ਦਿੱਤੀਆਂ ਜਾਣਗੀਆਂ।
ਅੰਤ ਵਿੱਚ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸੜਕਾਂ ’ਤੇ ਮੰਗਣ ਵਾਲੇ ਬੱਚਿਆਂ ਨੂੰ ਪੈਸੇ ਨਾ ਦਿੱਤੇ ਜਾਣ, ਬਲਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਅੰਮ੍ਰਿਤਸਰ ਨੂੰ ਬਾਲ ਭਿਖਿਆ ਮੁਕਤ ਬਣਾਇਆ ਜਾ ਸਕੇ। ਸਮਾਜ ਸੇਵੀ ਸੋਨੂੰ ਜੰਡਿਆਲਾ ਵੱਲੋਂ ਇਸ ਸਬੰਧੀ ਡੀਸੀ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਬਾਲ ਵਿਕਾਸ ਵਿਭਾਗ ਨੇ ਤੁਰੰਤ ਐਕਸ਼ਨ ਲੈਂਦਿਆਂ ਅਚਾਨਕ ਛਾਪੇਮਾਰੀ ਕਰਕੇ ਛੇ ਬੱਚਿਆਂ ਨੂੰ ਰੈਸਕਿਊ ਕਰ ਲਿਆ।
ਕਾਰਵਾਈ ਦੌਰਾਨ ਬੱਚਿਆਂ ਦੇ ਮਾਪੇ ਵੀ ਮੌਕੇ ‘ਤੇ ਪਹੁੰਚੇ ਅਤੇ ਆਪਣੇ ਬੱਚਿਆਂ ਨੂੰ ਨਾਲ ਲੈ ਜਾਣ ਦੀ ਮੰਗ ਕੀਤੀ। ਇਸ ‘ਤੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਮਾਪੇ ਡੀਸੀ ਦਫ਼ਤਰ ਵਿੱਚ ਪਛਾਣ ਪੱਤਰ ਪੇਸ਼ ਕਰਕੇ ਹੀ ਆਪਣੇ ਬੱਚਿਆਂ ਨੂੰ ਲੈ ਜਾ ਸਕਣਗੇ। ਸਮਾਜ ਸੇਵੀ ਸੋਨੂੰ ਜੰਡਿਆਲਾ ਦਾ ਕਹਿਣਾ ਹੈ ਕਿ ਪੁਲਿਸ ਟੀਮ ਨੂੰ ਦੇਖ ਕੇ ਕਈ ਬੱਚੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਨਾਲ ਸਪਸ਼ਟ ਹੁੰਦਾ ਹੈ ਕਿ ਉਨ੍ਹਾਂ ਨੂੰ ਕਾਰਵਾਈ ਦੀ ਪੂਰੀ ਜਾਣਕਾਰੀ ਸੀ।
ਉਨ੍ਹਾਂ ਮੰਗ ਕੀਤੀ ਕਿ ਰੈਸਕਿਊ ਕੀਤੇ ਬੱਚਿਆਂ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਡੀਐਨਏ ਟੈਸਟ ਰਾਹੀਂ ਇਹ ਪਤਾ ਲਗਾਇਆ ਜਾਵੇ ਕਿ ਬੱਚੇ ਅੰਮ੍ਰਿਤਸਰ ਦੇ ਹਨ ਜਾਂ ਕਿਸੇ ਹੋਰ ਸੂਬੇ ਤੋਂ ਲਿਆਂਦੇ ਗਏ ਹਨ।


