ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਪਾਕਿਸਤਾਨ ਤੋਂ ਵਾਪਸ ਪਰਤੇ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਲਈ ਗਿਆ ਜੱਥਾ ਅੱਜ ਵਾਪਸ ਭਾਰਤ ਪਰਤ ਆਇਆ। ਇਸ ਜੱਥੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਸ਼ਾਮਲ ਸਨ, ਜੋ ਅੱਜ ਅਟਾਰੀ-ਵਾਘਾ ਬਾਰਡਰ ਰਾਹੀਂ ਭਾਰਤ ਪੁੱਜੇ।

By : Gurpiar Thind
ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਲਈ ਗਿਆ ਜੱਥਾ ਅੱਜ ਵਾਪਸ ਭਾਰਤ ਪਰਤ ਆਇਆ। ਇਸ ਜੱਥੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਸ਼ਾਮਲ ਸਨ, ਜੋ ਅੱਜ ਅਟਾਰੀ-ਵਾਘਾ ਬਾਰਡਰ ਰਾਹੀਂ ਭਾਰਤ ਪੁੱਜੇ। ਵਾਪਸੀ ‘ਤੇ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਗੁਰੂ ਘਰਾਂ ਵਿੱਚ ਦਰਸ਼ਨ ਦੇ ਅਨੁਭਵ ਤੇ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।
ਗਿਆਨੀ ਗੜਗੱਜ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਅਸੀਸ ਨਾਲ ਜੱਥੇ ਨੇ ਸ਼ਾਂਤੀਪੂਰਨ ਤਰੀਕੇ ਨਾਲ ਪਾਕਿਸਤਾਨ ਦੇ ਗੁਰਦੁਆਰਿਆਂ ਵਿੱਚ ਦਰਸ਼ਨ ਕੀਤੇ। ਉਹਨਾਂ ਦੱਸਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਨੇ ਬਹੁਤ ਹੀ ਚੰਗੇ ਪ੍ਰਬੰਧ ਕੀਤੇ ਸਨ, ਜਿਸ ਲਈ ਉਹਨਾਂ ਨੇ ਲਹਿੰਦੇ ਪੰਜਾਬ ਦੀ ਸਰਕਾਰ ਤੇ ਕਮੇਟੀ ਦੇ ਪ੍ਰਧਾਨ ਮੇਤ ਸਿੰਘ ਅਰੋੜਾ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਪੂਰਾ ਪ੍ਰੋਟੋਕਾਲ, ਸੁਰੱਖਿਆ ਤੇ ਮੈਡੀਕਲ ਪ੍ਰਬੰਧ ਬਹੁਤ ਸ਼ਾਨਦਾਰ ਸਨ।
ਜਥੇਦਾਰ ਨੇ ਦੱਸਿਆ ਕਿ ਉੱਥੇ ਸਿੱਖ ਸੰਗਤ ਦੇ ਨਾਲ ਨਾਲ ਸਿੰਧੀ ਸਮਾਜ ਦੇ ਲੱਖਾਂ ਗੁਰੂ ਨਾਨਕ ਨਾਮ ਲੇਵਾ ਭਾਈ-ਭੈਣਾਂ ਨਾਲ ਵੀ ਗੱਲਬਾਤ ਹੋਈ। ਸਭ ਨੂੰ ਗੁਰਬਾਣੀ ਨਾਲ ਜੁੜਨ, ਆਪਸੀ ਪਿਆਰ ਤੇ ਚੜ੍ਹਦੀ ਕਲਾ ਵਿਚ ਰਹਿਣ ਦਾ ਪੈਗਾਮ ਦਿੱਤਾ ਗਿਆ। ਉਹਨਾਂ ਦੋਨਾਂ ਸਰਕਾਰਾਂ ਦਾ ਧੰਨਵਾਦ ਕੀਤਾ ਜੋ ਇਹ ਧਾਰਮਿਕ ਯਾਤਰਾ ਸੰਭਵ ਬਣੀ।
ਕਰਤਾਰਪੁਰ ਸਾਹਿਬ ਬਾਰੇ ਗੱਲ ਕਰਦੇ ਉਹਨਾਂ ਕਿਹਾ ਕਿ ਹਾਲ ਹੀ ਵਿੱਚ ਆਏ ਹੜ੍ਹ ਕਾਰਨ ਨੁਕਸਾਨ ਦੇ ਬਾਵਜੂਦ ਹੁਣ ਉੱਥੇ ਸਫ਼ਾਈ ਤੇ ਸੰਭਾਲ ਦੇ ਪ੍ਰਬੰਧ ਬੇਹਤਰੀਨ ਹਨ। ਉਹਨਾਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ‘ਚ ਅਮਨ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਨਾਲ ਹੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਕਰਤਾਰਪੁਰ ਲਾਂਘਾ ਜਲਦੀ ਖੋਲ੍ਹਿਆ ਜਾਵੇ, ਤਾਂ ਜੋ ਹੋਰ ਵੱਡੀ ਗਿਣਤੀ ਵਿੱਚ ਸਿੱਖ ਯਾਤਰੀ ਦਰਸ਼ਨ ਲਈ ਜਾ ਸਕਣ।
ਉਹਨਾਂ ਕਿਹਾ ਕਿ ਹੁਣ ਜਦੋਂ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੇੜੇ ਆ ਰਹੀ ਹੈ, ਤਾਂ ਕਰਤਾਰਪੁਰ ਲਾਂਘਾ ਖੋਲ੍ਹਣਾ “ਸੋਨੇ ਉੱਤੇ ਸੁਹਾਗਾ” ਵਰਗੀ ਗੱਲ ਹੋਵੇਗੀ। ਇਹ ਲਾਂਘਾ ਸਿਰਫ਼ ਰਾਹ ਨਹੀਂ, ਸਗੋਂ ਦਿਲਾਂ ਨੂੰ ਜੋੜਨ ਵਾਲਾ ਪੁਲ ਹੈ ਜੋ ਦੋਨਾਂ ਦੇਸ਼ਾਂ ਦੇ ਲੋਕਾਂ ਵਿਚ ਪ੍ਰੇਮ ਤੇ ਸਾਂਝ ਵਧਾਉਂਦਾ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਗਿਆਨੀ ਗੜਗੱਜ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਆਮ ਲੋਕਾਂ ਵਿੱਚ ਭਾਰਤੀ ਸਿੱਖਾਂ ਲਈ ਪਿਆਰ ਤੇ ਸਤਿਕਾਰ ਵੇਖਣ ਨੂੰ ਮਿਲਿਆ। ਉਹਨਾਂ ਦੱਸਿਆ ਕਿ ਲਾਹੌਰ ਦੇ ਬਾਜ਼ਾਰਾਂ ਵਿੱਚ ਲੋਕ ਉਨ੍ਹਾਂ ਨਾਲ ਖੁਲ੍ਹੇ ਦਿਲ ਨਾਲ ਮਿਲੇ ਅਤੇ ਕਿਹਾ ਕਿ “ਦਸਤਾਰ ਵਾਲੇ ਕਦੋਂ ਆਉਣਗੇ?” — ਇਹ ਗੱਲ ਦਰਸਾਉਂਦੀ ਹੈ ਕਿ ਦੋਨਾਂ ਪਾਸਿਆਂ ਦੇ ਆਮ ਲੋਕਾਂ ਵਿਚ ਨਫ਼ਰਤ ਨਹੀਂ, ਸਗੋਂ ਭਾਵਨਾਤਮਕ ਜੋੜ ਹੈ।
ਉਹਨਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਜਦੋਂ ਕਿਸੇ ਯਾਤਰੀ ਨੂੰ ਵੀਜ਼ਾ ਮਿਲ ਜਾਵੇ, ਤਾਂ ਉਹਨੂੰ ਗੁਰੂ ਘਰ ਦੇ ਦਰਸ਼ਨ ਕਰਨ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਨਾਲ ਹੀ, ਦੋਨਾਂ ਪਾਸਿਆਂ ਦੇ ਹਿੰਦੂ ਅਤੇ ਸਿੱਖ ਸ਼ਰਧਾਲੂਆਂ ਨੂੰ ਆਪਸੀ ਤੀਰਥ ਸਥਾਨਾਂ ਦੇ ਦਰਸ਼ਨ ਲਈ ਵੀ ਵੀਜ਼ਾ ਸੁਵਿਧਾ ਦਿੱਤੀ ਜਾਵੇ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ “ਗੁਰੂ ਨਾਨਕ ਦੇਵ ਜੀ ਨੇ ਸਾਨੂੰ ਪਿਆਰ, ਇਕਤਾ ਅਤੇ ਸਾਂਝ ਦਾ ਪੈਗਾਮ ਦਿੱਤਾ ਸੀ। ਅਸੀਂ ਦੋਨਾਂ ਦੇਸ਼ਾਂ ਵਿਚਕਾਰ ਸ਼ਾਂਤੀ ਤੇ ਭਰਾਵਾਂ ਵਾਲਾ ਮਾਹੌਲ ਬਣਾਈਏ, ਇਹੀ ਸਾਡੀ ਅਰਦਾਸ ਹੈ।”


