Sri Darbar Sahib ਦੇ ਸੇਵਾਦਾਰਾਂ ਦੀ ਵਰਦੀ ਵਿੱਚ ਅਹਿਮ ਤਬਦੀਲੀ, ਨਵਾਂ ਰੂਪ ਹੋਇਆ ਲਾਗੂ
ਸ਼੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ, ਰਵਾਇਤ ਅਤੇ ਸੇਵਾ ਪ੍ਰਣਾਲੀ ਨੂੰ ਹੋਰ ਸੁਚੱਜਾ ਅਤੇ ਦਰਸ਼ਨਿਕ ਬਣਾਉਣ ਦੇ ਉਦੇਸ਼ ਨਾਲ ਸ੍ਰੀ ਦਰਬਾਰ ਸਾਹਿਬ ਦੇ ਸੁਰੱਖਿਆ ਸੇਵਾ ਦਲ ਦੇ ਸੇਵਾਦਾਰਾਂ ਦੀ ਵਰਦੀ ਵਿੱਚ ਅਹਿਮ ਅਤੇ ਜ਼ਰੂਰੀ ਤਬਦੀਲੀ ਕੀਤੀ ਗਈ ਹੈ।

By : Gurpiar Thind
ਅੰਮ੍ਰਿਤਸਰ: ਸ਼੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ, ਰਵਾਇਤ ਅਤੇ ਸੇਵਾ ਪ੍ਰਣਾਲੀ ਨੂੰ ਹੋਰ ਸੁਚੱਜਾ ਅਤੇ ਦਰਸ਼ਨਿਕ ਬਣਾਉਣ ਦੇ ਉਦੇਸ਼ ਨਾਲ ਸ੍ਰੀ ਦਰਬਾਰ ਸਾਹਿਬ ਦੇ ਸੁਰੱਖਿਆ ਸੇਵਾ ਦਲ ਦੇ ਸੇਵਾਦਾਰਾਂ ਦੀ ਵਰਦੀ ਵਿੱਚ ਅਹਿਮ ਅਤੇ ਜ਼ਰੂਰੀ ਤਬਦੀਲੀ ਕੀਤੀ ਗਈ ਹੈ। ਇਸ ਨਵੇਂ ਫੈਸਲੇ ਅਧੀਨ ਹੁਣ ਸ੍ਰੀ ਦਰਬਾਰ ਸਾਹਿਬ ਵਿਖੇ ਤਾਇਨਾਤ ਸੇਵਾਦਾਰ ਦੋ ਵੱਖ-ਵੱਖ ਰੰਗਾਂ—ਪੀਲ਼ੀ ਅਤੇ ਗੂੜ੍ਹੇ ਨੀਲੇ—ਦੀ ਵਰਦੀ ਵਿੱਚ ਨਜ਼ਰ ਆਉਣਗੇ।
ਜਾਣਕਾਰੀ ਅਨੁਸਾਰ ਸੇਵਾਦਾਰ ਹਫ਼ਤੇ ਵਿੱਚ ਦੋ-ਦੋ ਦਿਨ ਵਾਰੀ ਸਿਰ ਇਹ ਵਰਦੀਆਂ ਪਹਿਨਣਗੇ। ਨਵੀਂ ਵਿਵਸਥਾ ਮੁਤਾਬਕ ਜਦੋਂ ਸੇਵਾਦਾਰ ਪੀਲ਼ੀ ਵਰਦੀ ਪਹਿਨਣਗੇ ਤਾਂ ਉਨ੍ਹਾਂ ਦੀ ਦਸਤਾਰ ਨੀਲੇ ਰੰਗ ਦੀ ਹੋਵੇਗੀ ਅਤੇ ਜਦੋਂ ਵਰਦੀ ਨੀਲੀ ਹੋਵੇਗੀ ਤਾਂ ਦਸਤਾਰ ਪੀਲ਼ੀ ਰੰਗ ਦੀ ਪਹਿਨੀ ਜਾਵੇਗੀ। ਇਸ ਰੰਗੀਨ ਸੰਯੋਗ ਨਾਲ ਸੇਵਾਦਾਰਾਂ ਦੀ ਪਹਿਚਾਣ ਸਾਫ਼ ਹੋਣ ਦੇ ਨਾਲ-ਨਾਲ ਦਰਸ਼ਨਿਕ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ।
ਵਰਦੀ ਦੇ ਦੋਵੇਂ ਮੋਢਿਆਂ ਉੱਤੇ ਖੰਡਿਆਂ ਦੀ ਘੜ੍ਹਾਈ ਕੀਤੀ ਗਈ ਹੈ, ਜੋ ਸਿੱਖੀ ਦੀ ਸ਼ਾਨ ਅਤੇ ਪਹਿਚਾਣ ਨੂੰ ਦਰਸਾਉਂਦੀ ਹੈ। ਇਸ ਤੋਂ ਇਲਾਵਾ ਛਾਤੀ ਉੱਤੇ ਸਾਫ਼ ਅੱਖਰਾਂ ਵਿੱਚ ‘ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ’ ਲਿਖਿਆ ਗਿਆ ਹੈ। ਸੇਵਾਦਾਰ ਚਿੱਟੇ ਰੰਗ ਦਾ ਹਜ਼ੂਰੀਆ ਵੀ ਪਹਿਨਣਗੇ, ਜੋ ਮਰਿਆਦਾ ਅਤੇ ਪਵਿਤ੍ਰਤਾ ਦਾ ਪ੍ਰਤੀਕ ਹੈ।
ਇਸ ਦੇ ਨਾਲ ਹੀ ਸੇਵਾਦਾਰਾਂ ਨੂੰ ਕਮਰਕੱਸੇ ਵਜੋਂ ਕੱਪੜੇ ਦੀਆਂ ਵਿਸ਼ੇਸ਼ ਬੈਲਟਾਂ ਅਤੇ ਦਸਤਾਰਾਂ ਉੱਤੇ ਸਜਾਉਣ ਲਈ ਖੰਡੇ ਵੀ ਦਿੱਤੇ ਜਾਣਗੇ। ਨਵੀਂ ਵਰਦੀ ਸੇਵਾਦਾਰਾਂ ਨੂੰ ਪਹਿਲਾਂ ਨਾਲੋਂ ਹੋਰ ਅਨੁਸ਼ਾਸਿਤ, ਪ੍ਰਭਾਵਸ਼ਾਲੀ ਅਤੇ ਦਰਸ਼ਨਿਕ ਰੂਪ ਵਿੱਚ ਪੇਸ਼ ਕਰੇਗੀ।


