ਮੋਹ ਸਾੜ ਕੇ ਘਸਾ ਕੇ ਸਿਆਹੀ ਬਣਾ ਤੇ ਅਕਲ ਨੂੰ ਸੋਹਣਾ ਕਾਗ਼ਜ਼ ਬਣਾ...
(ਹੇ ਭਾਈ! ਮਾਇਆ ਦਾ) ਮੋਹ ਸਾੜ ਕੇ (ਉਸ ਨੂੰ) ਘਸਾ ਕੇ ਸਿਆਹੀ ਬਣਾ ਤੇ (ਆਪਣੀ) ਅਕਲ ਨੂੰ ਸੋਹਣਾ ਕਾਗ਼ਜ਼ ਬਣਾ। ਪ੍ਰੇਮ ਨੂੰ ਕਲਮ, ਤੇ ਆਪਣੇ ਮਨ ਨੂੰ ਲਿਖਾਰੀ ਬਣਾ।

By : Gill
ਸਿਰੀਰਾਗੁ ਮਹਲੁ ੧ ॥ ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥ ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥ ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥੧॥ ਬਾਬਾ ਏਹੁ ਲੇਖਾ ਲਿਖਿ ਜਾਣੁ ॥ ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ ॥੧॥ ਰਹਾਉ ॥ ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ ॥ ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ ॥ ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥੨॥ ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ ॥ ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ ॥ ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ ॥੩॥ ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ ॥ ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ॥ ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥੪॥੬॥ {ਪੰਨਾ 16}
ਪਦ ਅਰਥ: ਜਾਲਿ = ਸਾੜ ਕੇ। ਘਸਿ = ਘਸਾ ਕੇ। ਮਸੁ = ਸਿਆਹੀ {ਇਹ ਲਫ਼ਜ਼ ਇਸਤ੍ਰੀ-ਲਿੰਗ ਹੈ ਤੇ ਸਦਾ (ੁ) ਅੰਤ ਹੁੰਦਾ ਹੈ}। ਸਾਰੁ = ਵਧੀਆ। ਭਾਉ = ਪ੍ਰੇਮ। ਪੁਛਿ = ਪੁੱਛ ਕੇ। ਪਾਰਾਵਾਰ = ਪਾਰ-ਅਵਾਰ, ਪਾਰਲਾ ਉਰਲਾ ਬੰਨਾ।1।
ਲਿਖਿ ਜਾਣੁ = ਲਿਖਣ ਦੀ ਜਾਚ ਸਿੱਖ। ਨੀਸਾਣੁ = ਰਾਹਦਾਰੀ, ਪਰਵਾਨਾ।1। ਰਹਾਉ।
ਮਿਲਹਿ = ਮਿਲਦੀਆਂ ਹਨ। ਸਦ = ਸਦਾ। ਤਿਨ ਮੁਖਿ = ਉਹਨਾਂ ਬੰਦਿਆਂ ਦੇ ਮੂੰਹ ਉੱਤੇ। ਨਿਕਲਹਿ = ਲੱਗਦੇ ਹਨ। ਮਨਿ = ਮਨ ਵਿਚ। ਕਰਮਿ = (ਪਰਮਾਤਮਾ ਦੀ) ਮਿਹਰ ਨਾਲ। ਗਲੀ ਵਾਉ ਦੁਆਉ = ਹਵਾਈ ਫ਼ਜ਼ੂਲ ਗੱਲਾਂ ਨਾਲ।2।
ਇਕਿ = ਕਈ ਜੀਵ। ਰਖੀਅਹਿ = ਰੱਖੇ ਜਾਂਦੇ ਹਨ। ਨਾਵ = ਨਾਮ {'ਨਾਉ' ਤੋਂ ਬਹੁ-ਵਚਨ}। ਸਲਾਰ = ਸਰਦਾਰ। ਇਕਨਾ = ਕਈਆਂ ਦੇ। ਅਗੈ = ਪਰਮਾਤਮਾ ਦੀ ਹਜ਼ੂਰੀ ਵਿਚ। ਜਾਣੀਐ = ਪਤਾ ਲਗਦਾ ਹੈ। ਵੇਕਾਰ = ਵਿਅਰਥ।3।
ਭੈ ਤੇਰੈ = ਤੈਥੋਂ ਭਉ ਕੀਤਿਆਂ, ਤੈਥੋਂ ਦੂਰ ਦੂਰ ਰਿਹਾਂ। ਅਗਲਾ = ਬਹੁਤਾ। ਖਪਿ = ਖਪ ਕੇ, ਖਿੱਝ ਕੇ। ਦੇਹ = ਸਰੀਰ। ਉਠੀ ਚਲਿਆ = ਉਠ ਤੁਰਨ ਵੇਲੇ, ਉਠ ਤੁਰਿਆਂ। ਸਭਿ ਕੂੜੇ ਨੇਹ = ਸਾਰੇ ਝੂਠੇ ਮੋਹ-ਪਿਆਰ।4।
ਅਰਥ: (ਹੇ ਭਾਈ! ਮਾਇਆ ਦਾ) ਮੋਹ ਸਾੜ ਕੇ (ਉਸ ਨੂੰ) ਘਸਾ ਕੇ ਸਿਆਹੀ ਬਣਾ ਤੇ (ਆਪਣੀ) ਅਕਲ ਨੂੰ ਸੋਹਣਾ ਕਾਗ਼ਜ਼ ਬਣਾ। ਪ੍ਰੇਮ ਨੂੰ ਕਲਮ, ਤੇ ਆਪਣੇ ਮਨ ਨੂੰ ਲਿਖਾਰੀ ਬਣਾ। ਗੁਰੂ ਦੀ ਸਿਖਿਆ ਲੈ ਕੇ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰਨੀ ਲਿਖ। ਪ੍ਰਭੂ ਦਾ ਨਾਮ ਲਿਖ, ਪ੍ਰਭੂ ਦੀ ਸਿਫ਼ਤਿ-ਸਾਲਾਹ ਲਿਖ, ਇਹ ਲਿਖ ਕਿ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ-ਉਰਲਾ ਬੰਨਾ ਨਹੀਂ ਲੱਭ ਸਕਦਾ।1।
ਹੇ ਭਾਈ! ਇਹ ਲੇਖਾ ਲਿਖਣ ਦੀ ਜਾਚ ਸਿੱਖ। ਜਿਸ ਥਾਂ (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਇਹ ਲੇਖਾ ਸੱਚੀ ਰਾਹਦਾਰੀ ਬਣਦਾ ਹੈ।1। ਰਹਾਉ।
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ (ਪ੍ਰਭੂ ਦਾ) ਸਦਾ-ਥਿਰ ਨਾਮ ਵੱਸਦਾ ਹੈ (ਲੇਖਾ ਮੰਗਣ ਵਾਲੇ ਥਾਂ) ਉਹਨਾਂ ਦੇ ਮੂੰਹ ਉਤੇ ਟਿੱਕੇ ਲੱਗਦੇ ਹਨ, ਉਹਨਾਂ ਨੂੰ ਵਡਿਆਈਆਂ ਮਿਲਦੀਆਂ ਹਨ, ਉਹਨਾਂ ਨੂੰ ਸਦਾ ਦੀਆਂ ਖੁਸ਼ੀਆਂ ਤੇ ਆਤਮ ਹੁਲਾਰੇ ਮਿਲਦੇ ਹਨ। ਪਰ ਪ੍ਰਭੂ ਦਾ ਨਾਮ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ, ਹਵਾਈ ਫ਼ਜ਼ੂਲ ਗੱਲਾਂ ਨਾਲ ਨਹੀਂ ਮਿਲਦਾ।2।
(ਸੰਸਾਰ ਵਿਚ) ਬੇਅੰਤ ਜੀਵ ਆਉਂਦੇ ਹਨ (ਤੇ ਜੀਵਨ-ਸਫ਼ਰ ਮੁਕਾ ਕੇ ਇਥੋਂ) ਕੂਚ ਕਰ ਜਾਂਦੇ ਹਨ, (ਕਈਆਂ ਦੇ) ਸਰਦਾਰ (ਆਦਿਕ ਵੱਡੇ ਵੱਡੇ) ਨਾਮ ਰੱਖੀਦੇ ਹਨ, ਕਈ (ਜਗਤ ਵਿਚ) ਮੰਗਤੇ ਹੀ ਜੰਮੇ, ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਹਨ। (ਪਰ ਦਰਬਾਰਾਂ ਵਾਲੇ ਸਰਦਾਰ ਹੋਣ ਚਾਹੇ ਕੰਗਾਲ ਹੋਣ) ਜੀਵਨ-ਸਫ਼ਰ ਮੁਕਾਇਆਂ ਸਮਝ ਆਉਂਦੀ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਹ ਸਭ) ਜੀਵਨ ਵਿਅਰਥ (ਗੰਵਾ ਜਾਂਦੇ ਹਨ) ।3।
ਹੇ ਨਾਨਕ! (ਆਖ– ਹੇ ਪ੍ਰਭੂ!) ਤੈਥੋਂ ਦੂਰ ਦੂਰ ਰਿਹਾਂ ਸੰਸਾਰ ਦਾ ਤੌਖ਼ਲਾ ਬਹੁਤ ਵਿਆਪਦਾ ਹੈ, (ਇਸ ਤੌਖ਼ਲੇ ਵਿਚ) ਖਿੱਝ ਖਿੱਝ ਕੇ ਸਰੀਰ ਭੀ ਢਹਿੰਦਾ ਜਾਂਦਾ ਹੈ, (ਤੇਰੀ ਯਾਦ ਤੋਂ ਬਿਨਾ ਮਾਇਆ ਦਾ ਭੀ ਕੀਹ ਮਾਣ?) ਜਿਨ੍ਹਾਂ ਦੇ ਨਾਮ ਖ਼ਾਨ ਸੁਲਤਾਨ ਕਰ ਕੇ ਵੱਜਦੇ ਹਨ ਸਭ (ਇਥੇ ਹੀ) ਮਿੱਟੀ ਵਿਚ ਮਿਲ ਜਾਂਦੇ ਹਨ (ਜਗਤ ਤੋਂ ਤੁਰਨ ਵੇਲੇ ਸਾਰੇ ਝੂਠੇ ਮੋਹ-ਪਿਆਰ ਮੁੱਕ ਜਾਂਦੇ ਹਨ) ।4।6।


