ਪ੍ਰੀਪੇਡ ਸਮਾਰਟ ਮੀਟਰਾਂ ਦੇ ਵਿਰੋਧ ’ਚ BKU ਏਕਤਾ ਸੰਘਰਸ਼ ਦਾ ਰੋਸ, ਪਿੰਡਾਂ ਤੋਂ ਮੀਟਰ ਲਾਹ ਕੇ ਬਿਜਲੀ ਘਰ ਕੀਤੇ ਜਮਾਂ
ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵੱਲੋਂ ਪ੍ਰੀਪੇਡ ਸਮਾਰਟ ਮੀਟਰਾਂ ਦੇ ਵਿਰੋਧ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਖਾਸਾ ਬਿਜਲੀ ਘਰ ਵਿੱਚ ਵੱਡਾ ਰੋਸ ਪ੍ਰਗਟ ਕੀਤਾ ਗਿਆ। ਪੰਜਾਬ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਪੰਜਾਬ ਦੇ ਵੱਖ–ਵੱਖ ਪਿੰਡਾਂ ਵਿੱਚੋਂ ਕਿਸਾਨ ਪ੍ਰੀਪੇਡ ਮੀਟਰ ਲਾਹ ਕੇ ਬਿਜਲੀ ਘਰ ਪਹੁੰਚੇ ਅਤੇ ਬਿਜਲੀ ਅਧਿਕਾਰੀਆਂ ਨੂੰ ਇਹ ਮੀਟਰ ਜਮ੍ਹਾ ਕਰਵਾਏ।

By : Gurpiar Thind
ਅੰਮ੍ਰਿਤਸਰ: ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵੱਲੋਂ ਪ੍ਰੀਪੇਡ ਸਮਾਰਟ ਮੀਟਰਾਂ ਦੇ ਵਿਰੋਧ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਖਾਸਾ ਬਿਜਲੀ ਘਰ ਵਿੱਚ ਵੱਡਾ ਰੋਸ ਪ੍ਰਗਟ ਕੀਤਾ ਗਿਆ। ਪੰਜਾਬ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਪੰਜਾਬ ਦੇ ਵੱਖ–ਵੱਖ ਪਿੰਡਾਂ ਵਿੱਚੋਂ ਕਿਸਾਨ ਪ੍ਰੀਪੇਡ ਮੀਟਰ ਲਾਹ ਕੇ ਬਿਜਲੀ ਘਰ ਪਹੁੰਚੇ ਅਤੇ ਬਿਜਲੀ ਅਧਿਕਾਰੀਆਂ ਨੂੰ ਇਹ ਮੀਟਰ ਜਮ੍ਹਾ ਕਰਵਾਏ।
ਕਿਸਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਬਿਜਲੀ ਬੋਰਡ ਨੂੰ ਪ੍ਰਾਈਵੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸਨੂੰ ਕਿਸਾਨ ਕਤਈ ਸਵੀਕਾਰ ਨਹੀਂ ਕਰਨਗੇ। ਉਹਨਾਂ ਨੇ ਕਿਹਾ ਕਿ ਪ੍ਰੀਪੇਡ ਸਮਾਰਟ ਮੀਟਰ ਲਗਾਉਣ ਦਾ ਉਦਦੇਸ਼ ਬਿਜਲੀ ਪ੍ਰਣਾਲੀ ਨੂੰ ਹੌਲੀ–ਹੌਲੀ ਕਾਰਪੋਰੇਟ ਕੰਪਨੀਆਂ ਦੇ ਹੱਥਾਂ ਵਿੱਚ ਦੇਣਾ ਹੈ।
ਉਹਨਾਂ ਦੇ ਅਨੁਸਾਰ ਇਹ ਮੀਟਰ ਲੱਗਣ ਨਾਲ ਗਰੀਬ ਅਤੇ ਮਜ਼ਦੂਰ ਵਰਗ ਦਾ ਜੀਵਨ ਹੋਰ ਮੁਸ਼ਕਲ ਹੋ ਜਾਵੇਗਾ ਕਿਉਂਕਿ ਦਿਨ-ਬ-ਦਿਨ ਬਿਜਲੀ ਬਿਲ ਦਾ ਬੋਝ ਬਹੁਤ ਵਧੇਗਾ ਅਤੇ ਪਹਿਲਾਂ ਹੀ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਲਈ ਪ੍ਰੀਪੇਡ ਵਿੱਚ ਬਿਲ ਭਰਨਾ ਔਖਾ ਹੋ ਜਾਵੇਗਾ।
ਕਿਸਾਨਾਂ ਨੇ ਕਿਹਾ ਕਿ ਜੇਕਰ ਪ੍ਰੀਪੇਡ ਮੀਟਰ ਲੱਗੇ ਤਾਂ ਗਰੀਬ ਤਬਕੇ ਨੂੰ ਆਪਣੇ ਘਰ ਚਲਾਉਣਾ ਵੀ ਮੁਸ਼ਕਲ ਹੋ ਜਾਵੇਗਾ, ਕਿਉਂਕਿ ਇਹ ਮੀਟਰ ਬਿਜਲੀ ਖਪਤ ’ਤੇ ਤੁਰੰਤ ਰਕਮ ਕਟੌਤੀ ਕਰਦੇ ਹਨ। “ਬਿਜਲੀ ਬੋਰਡ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਨਹੀਂ ਹੋਣ ਦਿੱਤਾ ਜਾਵੇਗਾ,” ਕਿਸਾਨਾਂ ਨੇ ਤਿੱਖਾ ਸੰਦੇਸ਼ ਦਿੱਤਾ।
ਅੱਜ ਲਗਭਗ 10 ਪ੍ਰੀਪੇਡ ਸਮਾਰਟ ਮੀਟਰ ਵੱਖ-ਵੱਖ ਪਿੰਡਾਂ ਤੋਂ ਲਾਹ ਕੇ ਬਿਜਲੀ ਘਰ ਜਮ੍ਹਾਂ ਕਰਵਾਏ ਗਏ। ਸੰਘਰਸ਼ੀ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਹੋਰ ਪਿੰਡਾਂ ਤੋਂ ਵੀ ਮੀਟਰ ਲਾਹ ਕੇ ਬਿਜਲੀ ਘਰ ਭੇਜੇ ਜਾਣਗੇ।


