Begin typing your search above and press return to search.

ਬਾਦਲ ਨੇ ਤਨਖ਼ਾਹੀਆ ਮਾਮਲੇ ਨੂੰ ਛੇਤੀ ਨਿਪਟਾਉਣ ਲਈ ਸਿੰਘ ਸਾਹਿਬ ਨੂੰ ਕੀਤੀ ਅਪੀਲ

ਤਨਖ਼ਾਹੀਆ ਕਰਾਰ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੁੜ ਅਪੀਲ ਕੀਤੀ ਹੈ

DarshanSinghBy : DarshanSingh

  |  23 Nov 2024 6:39 AM IST

  • whatsapp
  • Telegram

ਅੰਮ੍ਰਿਤਸਰ-ਤਨਖ਼ਾਹੀਆ ਕਰਾਰ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੁੜ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਮਾਮਲੇ ’ਤੇ ਜਲਦੀ ਵਿਚਾਰ ਕਰਕੇ ਉਸ ਦਾ ਨਿਬੇੜਾ ਕੀਤਾ ਜਾਵੇ। ਉਨ੍ਹਾਂ ਨੇ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਨਿਮਰਤਾ ਸਹਿਤ ਨਿਮਾਣੇ ਸਿੱਖ ਵਜੋਂ ਅਕਾਲ ਤਖ਼ਤ ਵਿਖੇ ਪੇਸ਼ ਹੋਣਾ ਚਾਹੁੰਦੇ ਹਨ।

ਸੁਖਬੀਰ ਬਾਦਲ ਨੇ ਇਹ ਪੱਤਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਲਿਖਿਆ ਸੀ ਪਰ ਇਹ ਹੁਣ ਜਨਤਕ ਹੋਇਆ ਹੈ। ਪੱਤਰ ’ਤੇ 18 ਨਵੰਬਰ ਦੀ ਤਰੀਕ ਦਰਜ ਹੈ। ਅਕਾਲ ਤਖ਼ਤ ਦੇ ਜਥੇਦਾਰ ਨੂੰ ਭੇਜੇ ਗਏ ਇਸ ਪੱਤਰ ’ਚ ਸਿਰਫ ਪੰਜ ਸਤਰਾਂ ਹਨ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲ ਤਖ਼ਤ ਵੱਲੋਂ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੋਇਆ ਹੈ, ਜਿਸ ਦਾ ਉਨ੍ਹਾਂ ਦੇ ਮਨ ’ਤੇ ਡੂੰਘਾ ਅਸਰ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਮੁੜ ਨਿਮਰਤਾ ਅਤੇ ਸਤਿਕਾਰ ਸਹਿਤ ਬੇਨਤੀ ਕਰ ਰਹੇ ਹਨ ਕਿ ਉਹ ਨਿਮਾਣੇ ਸਿੱਖ ਵਾਂਗ ਅਕਾਲ ਤਖ਼ਤ ’ਤੇ ਪੇਸ਼ ਹੋਣਾ ਚਾਹੁੰਦੇ ਹਨ। ਸੁਖਬੀਰ ਨੇ ਉਮੀਦ ਪ੍ਰਗਟਾਈ ਹੈ ਕਿ ਅਕਾਲ ਤਖ਼ਤ ਛੇਵੇਂ ਪਾਤਸ਼ਾਹ ਦਾ ਸਾਜਿਆ ਹੋਇਆ ਕਿਰਪਾਲੂ ਅਤੇ ਬਖਸ਼ਿੰਦ ਅਸਥਾਨ ਹੋਣ ਕਾਰਨ ਉਹ (ਜਥੇਦਾਰ) ਉਸ ਦੀ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਨਗੇ।

ਉਨ੍ਹਾਂ ਦਾ ਇਹ ਪੱਤਰ ਤਖ਼ਤ ਦੇ ਸਕੱਤਰੇਤ ਵਿਖੇ ਪੁੱਜ ਗਿਆ ਹੈ, ਜਿਸ ਦੀ ਪੁਸ਼ਟੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਨੇ ਕੀਤੀ ਹੈ। ਇਸ ਸਵਾਲ ਕਿ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਕਦੋਂ ਹੋਵੇਗੀ? ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਫ਼ੈਸਲਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਕੀਤਾ ਜਾਵੇਗਾ। ਸੁਖਬੀਰ ਨੇ ਇਸ ਤੋਂ ਪਹਿਲਾਂ ਖੁਦ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਆ ਕੇ ਤੇ ਪੱਤਰ ਦੇ ਕੇ ਮਾਮਲੇ ’ਤੇ ਜਲਦੀ ਵਿਚਾਰ ਕਰਨ ਦੀ ਅਪੀਲ ਕੀਤੀ ਸੀ। ਤਨਖ਼ਾਹੀਆ ਕਰਾਰ ਦਿੱਤੇ ਜਾਣ ਦੇ ਅਗਲੇ ਦਿਨ ਹੀ ਉਨ੍ਹਾਂ ਨੇ ਅਕਾਲ ਤਖ਼ਤ ਵਿਖੇ ਪੁੱਜ ਕੇ ਆਪਣਾ ਖਿਮਾਯਾਚਨਾ ਪੱਤਰ ਦੇ ਦਿੱਤਾ ਸੀ। ਇਸੇ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਵੀ ਦੋ ਵਾਰ ਜਥੇਦਾਰ ਗਿਆਨੀ ਰਘਬੀਰ ਸਿੰਘ ਮਿਲ ਕੇ ਮਾਮਲੇ ਨੂੰ ਜਲਦੀ ਵਿਚਾਰਨ ਦੀ ਅਪੀਲ ਕੀਤੀ ਸੀ। ਇਹ ਮਾਮਲਾ ਜੁਲਾਈ ਦੇ ਮਹੀਨੇ ’ਚ ਅਕਾਲ ਤਖ਼ਤ ਤੇ ਪੁੱਜਾ ਸੀ, ਜਦੋਂ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਹੋਈ ਧਿਰ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਦੇ ਕੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕੁਝ ਨੀਤੀਆਂ ਅਤੇ ਫ਼ੈਸਲਿਆਂ ਦੇ ਕਾਰਨ ਪੰਥ ਨੂੰ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਹੋਏ ਨੁਕਸਾਨ ਵਾਸਤੇ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਪੰਜ ਸਿੰਘ ਸਾਹਿਬਾਨ ਨੇ ਇਹ ਇਸ ਮਾਮਲੇ ’ਤੇ ਵਿਚਾਰ ਕਰਨ ਉਪਰੰਤ ਸੁਖਬੀਰ ਸਿੰਘ ਬਾਦਲ ਕੋਲੋਂ ਸਪੱਸ਼ਟੀਕਰਨ ਮੰਗਣ ਮਗਰੋਂ ਉਸ ਨੂੰ ਤਨਖਾਹੀਆ ਕਰਾਰ ਦਿੱਤਾ ਸੀ।

Next Story
ਤਾਜ਼ਾ ਖਬਰਾਂ
Share it