Amritsar Police ਦੀ ਵੱਡੀ ਕਾਰਵਾਈ, ਅੰਤਰਰਾਸ਼ਟਰੀ ਹਥਿਆਰ ਤਸਕਰੀ ਮਾਡਿਊਲ ਬੇਨਕਾਬ
ਤਿੰਨ ਦੋਸ਼ੀ ਅਤੇ ਇੱਕ ਨਾਬਾਲਿਗ ਗ੍ਰਿਫ਼ਤਾਰ, 7 ਪਿਸਤੌਲ ਤੇ 12 ਜਿੰਦਾ ਕਾਰਤੂਸ ਬਰਾਮਦ

By : Gurpiar Thind
ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਵੱਲ ਵੱਡੀ ਕਾਮਯਾਬੀ ਹਾਸਲ ਕਰਦਿਆਂ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਗੈਰਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਤਿੰਨ ਦੋਸ਼ੀਆਂ ਅਤੇ ਇੱਕ ਨਾਬਾਲਿਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਵੱਲੋਂ ਦੋਸ਼ੀਆਂ ਦੇ ਕਬਜ਼ੇ ਵਿੱਚੋਂ 7 ਅਧੁਨਿਕ ਪਿਸਤੌਲ, 12 ਜਿੰਦਾ ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤੀ ਗਈ ਹੈ। ਇਹ ਕਾਰਵਾਈ ਖੁਫੀਆ ਸੂਚਨਾ ਦੇ ਆਧਾਰ ‘ਤੇ ਕੀਤੀ ਗਈ, ਜਿਸ ਨਾਲ ਇੱਕ ਲੰਬੇ ਸਮੇਂ ਤੋਂ ਚੱਲ ਰਹੇ ਵੱਡੇ ਨੈੱਟਵਰਕ ਦਾ ਖੁਲਾਸਾ ਹੋਇਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਗਿਰੋਹ ਡਰੋਨ ਰਾਹੀਂ ਸਰਹੱਦ ਪਾਰੋਂ ਹਥਿਆਰ ਮੰਗਵਾਉਂਦਾ ਸੀ।
ਪਾਕਿਸਤਾਨ ਵਿੱਚ ਬੈਠੇ ਤਸਕਰਾਂ ਨਾਲ ਇਹ ਲੋਕ ਸੋਸ਼ਲ ਮੀਡੀਆ ਦੇ ਜ਼ਰੀਏ ਸੰਪਰਕ ਵਿੱਚ ਸਨ। ਅਟਾਰੀ ਸੈਕਟਰ ਵਿੱਚ ਪਹਿਲਾਂ ਤੋਂ ਤੈਅ ਕੀਤੀਆਂ ਲੋਕੇਸ਼ਨਾਂ ‘ਤੇ ਹਥਿਆਰ ਸੁੱਟੇ ਜਾਂਦੇ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਸਥਾਨਕ ਨੌਜਵਾਨ ਚੁੱਕ ਕੇ ਅੱਗੇ ਸਪਲਾਈ ਕਰਦੇ ਸਨ।
ਜੇ ਦੋਸ਼ੀਆਂ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਗੁਰਵਿੰਦਰ ਉਰਫ਼ ਗਿੰਦਰ ਪੇਸ਼ੇ ਤੋਂ ਇਲੈਕਟ੍ਰੀਸ਼ਨ ਹੈ ਅਤੇ ਉਸ ਦੇ ਖਿਲਾਫ 2020 ਵਿੱਚ ਜਲੰਧਰ ਵਿੱਚ ਹੈਰੋਇਨ ਮਾਮਲੇ ‘ਚ ਕੇਸ ਦਰਜ ਹੋਇਆ ਸੀ। ਦੂਜਾ ਦੋਸ਼ੀ ਜੋਬਨਵੀਰ ਲੱਧੇਵਾਲਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਪਲੰਬਰ ਦਾ ਕੰਮ ਕਰਦਾ ਹੈ, ਉਸ ਦੀ ਉਮਰ ਲਗਭਗ 23 ਸਾਲ ਹੈ। ਤੀਜਾ ਦੋਸ਼ੀ ਲਵਪ੍ਰੀਤ ਉਰਫ਼ ਲਵ ਹੈ, ਜਿਸ ਦੇ ਖਿਲਾਫ ਵੀ ਪਹਿਲਾਂ ਸਰਹਾਈ ਅਮਾਨਤ ਖਾਨ ਵਿੱਚ ਨਸ਼ੇ ਨਾਲ ਜੁੜਿਆ ਮਾਮਲਾ ਦਰਜ ਹੈ।
ਇਸ ਮਾਮਲੇ ਵਿੱਚ ਇੱਕ ਨਾਬਾਲਿਗ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ, ਜੋ ਕਿ ਚਿੰਤਾਜਨਕ ਰੁਝਾਨ ਨੂੰ ਦਰਸਾਉਂਦੀ ਹੈ। ਪੁਲਿਸ ਮੁਤਾਬਕ ਅਪਰਾਧੀ ਗਿਰੋਹ ਜਾਨਬੂਝ ਕੇ ਨਾਬਾਲਿਗਾਂ ਨੂੰ ਵਰਤਦੇ ਹਨ ਤਾਂ ਜੋ ਕਾਨੂੰਨੀ ਕਾਰਵਾਈ ਤੋਂ ਬਚ ਸਕਣ। ਇਸ ਨਾਬਾਲਿਗ ਤੋਂ ਪਹਿਲਾਂ ਵੀ ਤਿੰਨ ਪਿਸਤੌਲ ਬਰਾਮਦ ਹੋ ਚੁੱਕੇ ਹਨ ਅਤੇ 2025 ਵਿੱਚ ਇਸ ਖਿਲਾਫ ਮਾਮਲਾ ਦਰਜ ਹੋਇਆ ਸੀ।
ਪੁਲਿਸ ਨੇ ਦੱਸਿਆ ਕਿ ਇਹ ਪੂਰਾ ਨੈੱਟਵਰਕ ਵਿਦੇਸ਼ੀ ਤਸਕਰਾਂ ਨਾਲ ਜੁੜਿਆ ਹੋਇਆ ਸੀ ਅਤੇ ਸਰਹੱਦ ਪਾਰੋਂ ਡਰੋਨ ਰਾਹੀਂ ਹਥਿਆਰ ਮੰਗਵਾ ਕੇ ਪੰਜਾਬ ਦੇ ਅਪਰਾਧਿਕ ਗਿਰੋਹਾਂ ਤੱਕ ਪਹੁੰਚਾਏ ਜਾਂਦੇ ਸਨ। ਇਸ ਸਬੰਧੀ ਥਾਣਾ ਛੇਹਰਟਾ ਵਿੱਚ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੋਰ ਲਿੰਕ ਖੰਗਾਲੇ ਜਾ ਰਹੇ ਹਨ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਪੁਲਿਸ ਗੈਰਕਾਨੂੰਨੀ ਹਥਿਆਰ ਤਸਕਰੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਖ਼ਿਲਾਫ਼ “ਜ਼ੀਰੋ ਟਾਲਰੈਂਸ” ਨੀਤੀ ਅਧੀਨ ਕਾਰਵਾਈ ਕਰ ਰਹੀ ਹੈ ਅਤੇ ਅਗਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੀ ਕਾਰਵਾਈ ਜਾਰੀ ਰਹੇਗੀ।


