ਕੈਨੇਡਾ ਦੀ ਸੰਸਦ ’ਚ ਪਹਿਲੀ ਵਾਰ ਮਨਾਇਆ ਗਿਆ ਕੁੱਲੂ ਦੁਸ਼ਹਿਰਾ
ਔਟਵਾ, (ਹਮਦਰਦ ਨਿਊਜ਼ ਸਰਵਿਸ) : ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅਪੂਰਨ ਕੂਟਨੀਤਕ ਸਬੰਧਾਂ ਦੇ ਬਾਵਜੂਦ ਪ੍ਰਵਾਸੀ ਭਾਰਤੀਆਂ ਵੱਲੋਂ ਪਹਿਲੀ ਵਾਰ ਕੈਨੇਡਾ ਦੀ ਸੰਸਦ ‘ਪਾਰਲੀਮੈਂਟ ਹਿੱਲ’ ਵਿੱਚ ਹਿਮਾਚਲ ਪ੍ਰਦੇਸ਼ ਦਾ ਪ੍ਰਸਿੱਧ ਕੁੱਲੂ ਦੁਸ਼ਹਿਰਾ ਮਨਾਇਆ ਗਿਆ। ਐਮਪੀ ਚੰਦਰ ਆਰਿਆ ਨੇ ਇਸ ਦੀ ਮੇਜਬਾਨੀ ਕੀਤੀ। ਬੁਰਾਈ ’ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਇਸ ਤਿਉਹਾਰ ਦੀ ਮੇਜਬਾਨੀ ਕੈਨੇਡਾ ਦੇ ਸੰਸਦ […]
By : Hamdard Tv Admin
ਔਟਵਾ, (ਹਮਦਰਦ ਨਿਊਜ਼ ਸਰਵਿਸ) : ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅਪੂਰਨ ਕੂਟਨੀਤਕ ਸਬੰਧਾਂ ਦੇ ਬਾਵਜੂਦ ਪ੍ਰਵਾਸੀ ਭਾਰਤੀਆਂ ਵੱਲੋਂ ਪਹਿਲੀ ਵਾਰ ਕੈਨੇਡਾ ਦੀ ਸੰਸਦ ‘ਪਾਰਲੀਮੈਂਟ ਹਿੱਲ’ ਵਿੱਚ ਹਿਮਾਚਲ ਪ੍ਰਦੇਸ਼ ਦਾ ਪ੍ਰਸਿੱਧ ਕੁੱਲੂ ਦੁਸ਼ਹਿਰਾ ਮਨਾਇਆ ਗਿਆ। ਐਮਪੀ ਚੰਦਰ ਆਰਿਆ ਨੇ ਇਸ ਦੀ ਮੇਜਬਾਨੀ ਕੀਤੀ।
ਬੁਰਾਈ ’ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਇਸ ਤਿਉਹਾਰ ਦੀ ਮੇਜਬਾਨੀ ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰਿਆ ਨੇ ਕੀਤੀ। ਇਸ ਨੂੰ ਹਿਮਾਚਲ ਪ੍ਰਦੇਸ਼ ਦੇ ਪ੍ਰਵਾਸੀ ਸੰਗਠਨ ‘ਹਿਮਾਚਲੀ ਪ੍ਰਵਾਸੀ ਗਲੋਬਲ ਐਸੋਸੀਏਸ਼ਨ’ ਵੱਲੋਂ ਸਮਰਥਨ ਦਿੱਤਾ ਗਿਆ।
ਐਚਪੀਜੀਏ ਯਾਨੀ ਹਿਮਾਚਲੀ ਪ੍ਰਵਾਸੀ ਗਲੋਬਲ ਐਸੋਸੀਏਸ਼ਨ ਦੇ ਡਾਇਰੈਕਟਰ ਮੰਡਲ ਵਿੱਚੋਂ ਇੱਕ ਭਾਗਿਆ ਚੰਦਰ ਨੇ ਔਟਵਾ ਤੋਂ ਫੋਨ ’ਤੇ ਦੱਸਿਆ ਕਿ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਐਤਵਾਰ ਨੂੰ ਕੈਨੇਡਾ ’ਚ ਹੋਰ ਮੌਜੂਦ ਲੋਕਾਂ ਨਾਲ ਪ੍ਰਵਾਸੀ ਭਾਰਤੀਆਂ ਨੂੰ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਸੰਬੋਧਨ ਕੀਤਾ। ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਨਿਵੇਸ਼ਕਾਂ ਅਤੇ ਵਿਅਕਤੀਆਂ ਨੂੰ ਵਪਾਰ ਤੇ ਸੈਰ-ਸਪਾਟਾ ਲਈ ਹਿਮਾਚਲ ਪ੍ਰਦੇਸ਼ ਆਉਣ ਦਾ ਵੀ ਸੱਦਾ ਦਿੱਤਾ।
ਇਸ ਪ੍ਰੋਗਰਾਮ ਵਿੱਚ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਵਰਮਾ ਅਤੇ 25 ਭਾਰਤੀ-ਕੈਨੇਡੀਅਨ ਪ੍ਰਵਾਸੀ ਸੰਗਠਨਾਂ ਦੇ ਨੁਮਾਇੰਦਿਆਂ ਸਣੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ।
ਇਸ ਦੌਰਾਨ ਹਿਮਾਚਲੀ ਪ੍ਰਵਾਸੀ ਗਲੋਬਲ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਰਾਮਲੀਲਾ ਦੇ ਮੰਚਨ ਤੋਂ ਇਲਾਵਾ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਹਿਮਾਚਲੀ ਨਾਟੀ ਸ਼ਾਮਲ ਸੀ। ਦੁਪਹਿਰ ਵੇਲੇ ਲੰਚ ਮੌਕੇ ਦਰਸ਼ਕਾਂ ਨੂੰ ‘ਧਾਮ’ ਪਰੋਸਿਆ ਗਿਆ। ਧਾਮ ਹਿਮਾਚਲੀ ਸੱਭਿਆਚਾਰਕ ਵਿੱਚ ਵਿਆਹ ਜਾਂ ਧਾਰਮਿਕ ਦਿਨਾਂ ਦੌਰਾਨ ਪਰੋਸਿਆ ਜਾਣ ਵਾਲਾ ਇੱਕ ਖਾਣਾ ਹੈ। ਧਾਮ ਵਿੱਚ ਪਕਾਏ ਗਏ ਚੌਲ਼ ਅਤੇ ਮੂੰਗ ਦਾਲ ਪਰੋਸੀ ਜਾਂਦੀ ਹੈ।
ਪ੍ਰੋਗਰਾਮ ਦੀ ਸਮਾਪਤੀ ਵੇਲੇ ਹਿਮਾਚਲ ਮੂਲ ਦੇ ਭਾਗਿਆ ਚੰਦਰ, ਅਰੁਣ ਚੌਹਾਨ, ਆਸ਼ੂਤੋਸ਼ ਕਾਲੀਆ ਤੇ ਵਿਵੇਕ ਨੱਜਰ ਨੇ ਪ੍ਰੋਗਰਾਮ ਦੇ ਆਯੋਜਨ ਲਈ ਸੰਸਦ ਮੈਂਬਰ ਚੰਦਰ ਆਰਿਆ ਦਾ ਧੰਨਵਾਦ ਕੀਤਾ।
ਮੰਨਿਆ ਜਾਂਦਾ ਹੈ ਕਿ ਹਿਮਾਚਲ ਵਿੱਚ ਵਿਸ਼ਵ ਪ੍ਰਸਿੱਧ ਕੁੱਲੂ ਦੁਸ਼ਹਿਰਾ 17ਵੀਂ ਸਦੀ ਵਿੱਚ ਸ਼ੁਰੂ ਹੋਇਆ ਸੀ। ਉਸ ਵੇਲੇ ਸ਼ਾਸ ਰਾਜਾ ਜਗਤ ਸਿੰਘ ਨੇ ਇੱਕ ਸ਼ਰਾਪ ਨੂੰ ਦੂਰ ਕਰਨ ਅਤੇ ਜਿੱਤ ’ਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਕੁੱਲੂ ਮੰਦਿਰ ਵਿੱਚ ਭਗਵਾਨ ਰਘੂਨਾਥ ਦੀ ਇੱਕ ਮੂਰਤੀ ਸਥਾਪਤ ਕੀਤੀ ਸੀ।