Begin typing your search above and press return to search.

ਕਾਮਾਗਾਟਾਮਾਰੂ ਦੀ ਦਰਦਨਾਕ ਘਟਨਾ

ਚੰਡੀਗੜ੍ਹ, 29 ਸਤੰਬਰ : ਭਾਰਤ ਦੇ ਇਤਿਹਾਸ ਵਿਚ ਬਹੁਤ ਸਾਰੀਆਂ ਦਰਦਨਾਕ ਘਟਨਾਵਾਂ ਵਾਪਰੀਆਂ ਜੋ ਅੱਜ ਵੀ ਭਾਰਤੀਆਂ ਦੇ ਦਿਲੋ ਦਿਮਾਗ਼ ’ਚ ਵੱਸੀਆਂ ਹੋਈਆਂ ਨੇ, ਇਨ੍ਹਾਂ ਘਟਨਾਵਾਂ ਵਿਚੋਂ ਹੀ ਇਕ ਸੀ ਕਾਮਾਗਾਟਾਮਾਰੂ ਦੀ ਘਟਨਾ, ਜਿਸ ਨੂੰ ਸੁਣ ਕੇ ਅੱਜ ਵੀ ਰੂਹ ਕੰਬ ਜਾਂਦੀ ਐ ਕਿ ਕਿਵੇਂ ਅੰਗਰੇਜ਼ਾਂ ਨੇ ਭਾਰਤੀਆਂ ਨੂੰ ਕੋਹ ਕੋਹ ਕੇ ਮਾਰਿਆ ਅਤੇ ਗ਼ੁਲਾਮੀ […]

ਕਾਮਾਗਾਟਾਮਾਰੂ ਦੀ ਦਰਦਨਾਕ ਘਟਨਾ
X

Komagata Maru passengers

Hamdard Tv AdminBy : Hamdard Tv Admin

  |  29 Sept 2023 7:01 AM IST

  • whatsapp
  • Telegram

ਚੰਡੀਗੜ੍ਹ, 29 ਸਤੰਬਰ : ਭਾਰਤ ਦੇ ਇਤਿਹਾਸ ਵਿਚ ਬਹੁਤ ਸਾਰੀਆਂ ਦਰਦਨਾਕ ਘਟਨਾਵਾਂ ਵਾਪਰੀਆਂ ਜੋ ਅੱਜ ਵੀ ਭਾਰਤੀਆਂ ਦੇ ਦਿਲੋ ਦਿਮਾਗ਼ ’ਚ ਵੱਸੀਆਂ ਹੋਈਆਂ ਨੇ, ਇਨ੍ਹਾਂ ਘਟਨਾਵਾਂ ਵਿਚੋਂ ਹੀ ਇਕ ਸੀ ਕਾਮਾਗਾਟਾਮਾਰੂ ਦੀ ਘਟਨਾ, ਜਿਸ ਨੂੰ ਸੁਣ ਕੇ ਅੱਜ ਵੀ ਰੂਹ ਕੰਬ ਜਾਂਦੀ ਐ ਕਿ ਕਿਵੇਂ ਅੰਗਰੇਜ਼ਾਂ ਨੇ ਭਾਰਤੀਆਂ ਨੂੰ ਕੋਹ ਕੋਹ ਕੇ ਮਾਰਿਆ ਅਤੇ ਗ਼ੁਲਾਮੀ ਦਾ ਅਹਿਸਾਸ ਕਰਵਾਇਆ। ਸੋ ਆਓ ਤੁਹਾਨੂੰ ਕਾਮਾਗਾਟਾਮਾਰੂ ਦੀ ਇਸ ਇਤਿਹਾਸਕ ਘਟਨਾ ਦੇ ਇਤਿਹਾਸ ਤੋਂ ਜਾਣੂ ਕਰਵਾਓਨੇ ਆਂ।

ਕਾਮਾਗਾਟਾਮਾਰੂ ਦੀ ਦਰਦਨਾਕ ਘਟਨਾ ਦਾ ਦੇਸ਼ ਦੇ ਇਤਿਹਾਸ ਵਿਚ ਅਹਿਮ ਸਥਾਨ ਐ। ਇਹ ਉਸ ਸਮੇਂ ਦੀ ਗੱਲ ਐ ਜਦੋਂ ਦੇਸ਼ ਅੰਗਰੇਜ਼ਾਂ ਦਾ ਗ਼ੁਲਾਮ ਸੀ ਅਤੇ ਭਾਰਤੀਆਂ ਨੂੰ ਹੀਣਤਾ ਭਰੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਸੀ। ਕੈਨੇਡਾ ਦੀ ਸਰਕਾਰ ਵੱਖ ਵੱਖ ਤਰੀਕਿਆਂ ਨਾਲ ਭਾਰਤੀਆਂ ਨੂੰ ਪਰੇਸ਼ਾਨ ਕਰਦੀ ਸੀ, ਉਸ ਨੇ ਭਾਰਤੀਆਂ ਦੇ ਦਾਖ਼ਲੇ ’ਤੇ ਪਾਬੰਦੀ ਵੀ ਲਗਾ ਦਿੱਤੀ ਸੀ। 8 ਜਨਵਰੀ 1908 ਨੂੰ ਆਰਡਰ ਇਨ ਕਾਊਂਸਲ ਦੇ ਤਹਿਤ ਉਥੋਂ ਦੀ ਸਰਕਾਰ ਨੇ ਇਕ ਅਜਿਹਾ ਅਪਰਵਾਸੀ ਕਾਨੂੰਨ ਬਣਾਇਆ, ਜਿਸ ਦੇ ਅਨੁਸਾਰ ਸਿਰਫ਼ ਉਹੀ ਭਾਰਤੀ ਕੈਨੇਡਾ ਵਿਚ ਦਾਖ਼ਲ ਹੋ ਸਕਦਾ ਸੀ ਜੋ ਭਾਰਤ ਤੋਂ ਸਿੱਧਾ ਕੈਨੇਡਾ ਆਇਆ ਹੋਵੇ।

ਇਹ ਕਾਨੂੰਨ ਬੇਹੱਦ ਸਖ਼ਤ ਸੀ ਕਿਉਂਕਿ ਉਨ੍ਹੀਂ ਦਿਨੀਂ ਅਜਿਹਾ ਕੋਈ ਪ੍ਰਬੰਧ ਨਹੀਂ ਸੀ ਜੋ ਇਯ ਤਰ੍ਹਾਂ ਕਿਸੇ ਨੂੰ ਜਲਮਾਰਗ ਜ਼ਰੀਏ ਭਾਰਤ ਤੋਂ ਸਿੱਧੇ ਕੈਨੇਡਾ ਪਹੁੰਚਾ ਸਕਦਾ ਹੋਵੇ। ਕੈਨੇਡਾ ਜਾਣ ਲਈ ਮਿਆਂਮਾਰ, ਹਾਂਗਕਾਂਗ, ਸ਼ੰਘਾਈ ਅਤੇ ਜਪਾਨ ਦੇ ਤੱਟੀ ਜਲਮਾਰਗਾਂ ਤੋਂ ਭਾਰਤੀ ਜਹਾਜ਼ਾਂ ਨੂੰ ਲੰਘਣਾ ਪੈਂਦਾ ਸੀ ਪਰ ਨਵੰਬਰ 1913 ਵਿਚ ਕੈਨੇਡਾ ਦੀ ਸੁਪਰੀਮ ਕੋਰਟ ਨੇ 35 ਅਜਿਹੇ ਭਾਰਤੀਆਂ ਨੂੰ ਕੈਨੇਡਾ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦੇ ਦਿੱਤੀ ਜੋ ਸਿੱਧੇ ਅਤੇ ਲਗਾਤਾਰ ਯਾਤਰਾ ਕਰਕੇ ਕੈਨੇਡਾ ਨਹੀਂ ਪੰਹੁਚੇ ਸੀ।

ਇਸ ਤੋਂ ਉਤਸ਼ਾਹਿਤ ਹੋ ਕੇ ਸਿੰਘਾਪੁਰ ਵਿਚ ਠੇਕੇਦਾਰੀ ਦਾ ਕੰਮ ਕਰ ਰਹੇ ਭਾਰਤੀ ਸਿੱਖ ਬਾਬਾ ਗੁਰਦਿੱਤ ਸਿੰਘ ਸੰਧੂ ਨੇ ਜਨਵਰੀ 1914 ਵਿਚ ਜਪਾਨ ਤੋਂ ਕਾਮਾਗਾਟਾਮਾਰੂ ਨਾਂਅ ਦਾ ਇਕ ਜਹਾਜ਼ ’ਤੇ ਕਿਰਾਏ ’ਤੇ ਲਿਆ ਅਤੇ ਭਾਰਤ ਤੇ ਦੱਖਣ ਪੂਰਬ ਏਸ਼ੀਆ ਵਿਚ ਰਹਿ ਰਹੇ ਅਜਿਹੇ ਲੋਕਾਂ ਨੂੰ ਕੈਨੇਡਾ ਲਿਜਾਣ ਦਾ ਫ਼ੈਸਲਾ ਕੀਤਾ ਜੋ ਉਥੇ ਜਾਣ ਦੇ ਇਛੁੱਕ ਸਨ। ਉਨ੍ਹਾਂ ਦੀ ਯੋਜਨਾ ਮਾਰਚ ਮਹੀਨੇ ਯਾਤਰਾ ਸ਼ੁਰੂ ਕਰਨ ਦੀ ਸੀ ਪਰ ਉਨ੍ਹਾਂ ’ਤੇ ਗ਼ੈਰਕਾਨੂੰਨੀ ਤਰੀਕੇ ਨਾਲ ਟਿਕਟ ਵੇਚਣ ਦਾ ਦੋਸ਼ ਲੱਗਿਆ ਅਤੇ ਹਾਂਗਕਾਂਗ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਕੁੱਝ ਦਿਨਾਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ।

ਆਖ਼ਰਕਾਰ 3 ਅਪ੍ਰੈਲ 1914 ਨੂੰ ਹਾਂਗਕਾਂਗ ਬੰਦਰਗਾਹ ਤੋਂ ਕਾਮਾਗਾਟਾਮਾਰੂ ਦੀ ਇਤਿਹਾਸਕ ਯਾਤਰਾ ਸ਼ੁਰੂ ਹੋਈ। ਇਸ ਜਹਾਜ਼ ਵਿਚ 376 ਮੁਸਾਫਰ ਸਨ, ਜਿਨ੍ਹਾਂ ਵਿੱਚ 340 ਸਿੱਖ, 24 ਮੁਸਲਮਾਨ ਤੇ 12 ਹਿੰਦੂ ਸਵਾਰ ਸਨ। 22 ਮਈ 1914 ਨੂੰ ਇਹ ਜਹਾਜ਼ ਹਾਂਗਕਾਂਗ, ਸ਼ੰਘਾਈ, ਚੀਨ, ਯੋਕੋਹਾਮਾ, ਜਪਾਨ ਵਿੱਚੋਂ ਲੰਘਦਿਆਂ ਹੋਇਆ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਕੈਨੇਡਾ ਪਹੁੰਚ ਗਿਆ ਪਰ ਕੈਨੇਡਾ ਦੇ ਹਾਕਮਾਂ ਨੇ ਕਾਫ਼ੀ ਲੰਬੀ ਜੱਦੋ ਜਹਿਦ ਮਗਰੋਂ ਵੀ ਮੁਸਾਫਰਾਂ ਨੂੰ ਉਤਰਨ ਦੀ ਇਜਾਜ਼ਤ ਨਾ ਦਿੱਤੀ। ਹੋਰ ਤਾਂ ਹੋਰ ਕੈਨੇਡਾ ਸਰਕਾਰ ਦੇ ਅਧਿਕਾਰੀਆਂ ਨੇ ਜਹਾਜ਼ ’ਤੇ ਫ਼ਾਇਰਿੰਗ ਕਰਨ ਤੱਕ ਦੀ ਧਮਕੀ ਦੇ ਦਿੱਤੀ।

ਜਹਾਜ਼ ਦੇ ਯਾਤਰੀਆਂ ਨੂੰ 23 ਮਈ 1914 ਤੋਂ ਲੈ ਕੇ 23 ਜੁਲਾਈ 1914 ਤੱਕ ਦੋ ਮਹੀਨੇ ਵੈਨਕੂਵਰ ਦੀ ਬੰਦਰਗਾਹ ’ਤੇ ਬੰਦੀ ਬਣਾਈ ਰੱਖਿਆ। ਮੁਸਾਫ਼ਰਾਂ ਨਾਲ ਅਣਮਨੁੱਖੀ ਵਰਤਾਅ ਕੀਤਾ ਗਿਆ। ਇੱਥੇ ਹੀ ਬਸ ਨਹੀਂ, ਇਕ ਹੋਰ ਜਹਾਜ਼ ਰਾਹੀਂ ਹਮਲਾ ਕਰਕੇ ਕਾਮਾਗਾਟਾਮਾਰੂ ਬੇੜੇ ਨੂੰ ਡੋਬਣ ਦੀ ਵੀ ਸਾਜ਼ਿਸ਼ ਰਚੀ ਗਈ ਜੋ ਸਫ਼ਲ ਨਾ ਹੋ ਸਕੀ। ਇਸ ਗੱਲ ਨੇ ਯਾਤਰੀਆਂ ਵਿਚ ਰੋਸ ਨੂੰ ਜਨਮ ਦੇ ਦਿੱਤਾ। ਇਹ ਘਟਨਾ ਦੀ ਖ਼ਬਰ ਮੀਡੀਆ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ।

ਅਖਬਾਰਾਂ ਵਿੱਚ ਸੁਰਖੀਆਂ ਲੱਗ ਗਈਆਂ, ਜਿਨ੍ਹਾਂ ਨੂੰ ਪੜ੍ਹ ਕੇ ਕੈਨੇਡੀਅਨ ਭਾਰਤੀਆਂ ਵਿਚ ਭਾਰੀ ਰੋਸ ਪੈਦਾ ਹੋ ਗਿਆ, ਜਿਸ ਦੇ ਜਵਾਬ ਵਿਚ ਕੈਨੇਡਾ ਦੀ ਸਿੱਖ ਸੰਗਤ ਨੇ 21 ਜੁਲਾਈ 1914 ਨੂੰ ਵੈਨਕੂਵਰ ਦੇ ਗੁਰਦਵਾਰੇ ਵਿਚ ਇਕੱਠ ਕੀਤਾ ਤੇ ਮਤਾ ਪਾਸ ਕੀਤਾ ਕਿ ਜੇਕਰ ਜਹਾਜ਼ ’ਤੇ ਗੋਲੀ ਚਲਾਈ ਗਈ ਤਾਂ ਸਿੱਖ ਵੈਨਕੂਵਰ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਦੇਣਗੇ। ਸਿੱਖਾਂ ਦੇ ਇਸ ਐਲਾਨਨਾਮੇ ਤੋਂ ਕੈਨੇਡਾ ਸਰਕਾਰ ਡਰ ਗਈ। ਇਸ ਮਗਰੋਂ ਜਹਾਜ਼ ਵਿਚਲੇ ਸਾਰੇ ਮੁਸਾਫ਼ਰ ਵਾਪਸ ਪੰਜਾਬ ਮੁੜਨ ਵਾਸਤੇ ਰਾਜ਼ੀ ਹੋ ਗਏ।

ਆਖ਼ਰਕਾਰ 23 ਜੁਲਾਈ 1914 ਨੂੰ ਕਾਮਾਗਾਟਾਮਾਰੂ ਜਹਾਜ਼ ਕਲਕੱਤੇ ਨੂੰ ਵਾਪਸ ਮੁੜ ਪਿਆ। ਦੋ ਮਹੀਨੇ ਦੇ ਸਫ਼ਰ ਮਗਰੋਂ ਜਹਾਜ਼ 26 ਸਤੰਬਰ 1914 ਨੂੰ ਕਿਲਪੀ ਪਹੁੰਚਿਆ, ਜਿੱਥੇ ਜਹਾਜ਼ ਦੀ ਪੂਰੀ ਤਲਾਸ਼ੀ ਲਈ ਗਈ। 29 ਸਤੰਬਰ 1914 ਨੂੰ ਜਦੋਂ ਕਾਮਾਗਾਟਾਮਾਰੂ ਜਹਾਜ਼ ਬੱਜਬੱਜ ਘਾਟ ’ਤੇ ਪਹੁੰਚਿਆ ਤਾਂ ਇੱਕ ਸਪੈਸ਼ਲ ਗੱਡੀ ਮੁਸਾਫ਼ਰਾਂ ਨੂੰ ਉਥੋਂ ਪੰਜਾਬ ਲਿਜਾਣ ਵਾਸਤੇ ਅੱਗੇ ਖੜ੍ਹੀ ਹੋਈ ਸੀ।

ਮੁਸਾਫ਼ਰਾਂ ਨੇ ਇਸ ਵਿੱਚ ਬੈਠਣ ਤੋਂ ਨਾਂਹ ਕਰ ਦਿੱਤੀ ਅਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਕਲਕੱਤੇ ਦੇ ਬੜਾ ਬਾਜ਼ਾਰ ਵਾਲੇ ਗੁਰਦਵਾਰੇ ਵੱਲ ਜਲੂਸ ਬਣਾ ਕੇ ਤੁਰ ਪਏ, ਇਸ ਤੋਂ ਭੜਕੀ ਅੰਗਰੇਜ਼ ਪੁਲਿਸ ਨੇ ਮੁਸਾਫ਼ਰਾਂ ’ਤੇ ਅੰਨ੍ਹਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ 19 ਮੁਸਾਫ਼ਰ ਸ਼ਹੀਦ ਹੋ ਗਏ ਅਤੇ ਕਈ ਮੁਸਾਫ਼ਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਜਦਕਿ ਬਾਬਾ ਗੁਰਦਿੱਤ ਸਿੰਘ ਸਣੇ 30 ਸਿੱਖ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ ਜੋ 1922 ਤੱਕ ਪੁਲਿਸ ਦੀ ਪਕੜ ਵਿਚ ਨਹੀਂ ਆਏ ਪਰ ਬਾਅਦ ਵਿੱਚ ਮਹਾਤਮਾ ਗਾਂਧੀ ਦੇ ਕਹਿਣ ’ਤੇ ਫਰਾਰ ਹੋਏ ਮੁਸਾਫਰਾਂ ਨੇ ਅੰਗਰੇਜ਼ ਹਾਕਮਾਂ ਅੱਗੇ ਆਤਮ ਸਮਰਪਣ ਕਰ ਦਿੱਤਾ।

ਇਸ ਮਗਰੋਂ ਉਨ੍ਹਾਂ ਸਾਰਿਆਂ ’ਤੇ ਮੁਕੱਦਮਾ ਚਲਾਇਆ ਗਿਆ ਅਤੇ ਪੰਜ ਸਾਲ ਦੀ ਸਜ਼ਾ ਸੁਣਾਈ ਗਈ। ਕਾਮਾਗਾਟਾਮਾਰੂ ਦੇ ਮਾਮਲੇ ਨੇ ਜਿੱਥੇ ਬ੍ਰਿਟਿਸ਼ ਸਰਕਾਰ ਦੇ ਅੱਤਿਆਚਾਰ ਅਤੇ ਜਿੱਦ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ, ਉਥੇ ਹੀ ਦੁਨੀਆ ਭਰ ਦੇ ਲੋਕਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੈਨੇਡਾ ਸਰਕਾਰ ਨੂੰ ਵੀ ਜਮ ਕੇ ਲਾਹਣਤਾਂ ਪਾਈਆਂ ਗਈਆਂ। ਇਸ ਇਤਿਹਾਸਕ ਘਟਨਾ ਦੌਰਾਨ ਮਾਰੇ ਗਏ ਲੋਕਾਂ ਦੀ ਯਾਦ ਵਿਚ 1951 ਵਿਚ ਭਾਰਤ ਸਰਕਾਰ ਨੇ ਬਜਬਜ ਘਾਟ ’ਤੇ ਇਕ ਸਮਾਰਕ ਬਣਵਾਇਆ।

ਇਸੇ ਤਰ੍ਹਾਂ 23 ਜੁਲਾਈ 1989 ਨੂੰ ਇਸ ਘਟਨਾ ਦੇ 75 ਸਾਲ ਪੂਰੇ ਹੋਣ ’ਤੇ ਸਿੱਖ ਗੁਰਦੁਆਰਾ ਵੈਨਕੂਵਰ ਵਿਚ ਵੀ ਸਮਾਰਕ ਬਣਵਾਇਆ ਗਿਆ। ਇਸ ਘਟਨਾ ਨੇ ਭਾਰਤੀਆਂ ਨੂੰ ਆਜ਼ਾਦੀ ਦੇ ਲਈ ਹੋਰ ਜ਼ਿਆਦਾ ਪ੍ਰੇਰਿਤ ਕਰ ਦਿੱਤਾ ਸੀ ਪਰ ਇਸ ਘਟਨਾ ਦੇ ਕਰੀਬ 108 ਸਾਲ ਬਾਅਦ ਯਾਨੀ 18 ਮਈ 2016 ਕੈਨੇਡਾ ਦੀ ਮੌਜੂਦਾ ਲਿਬਰਲ ਸਰਕਾਰ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦਰਦਨਾਕ ਘਟਨਾ ’ਤੇ ਮੁਆਫ਼ੀ ਮੰਗ ਕੇ ਇਕ ਨਵਾਂ ਅਧਿਆਇ ਸਿਰਜ ਦਿੱਤਾ, ਜਿਸ ਦਾ ਸਭ ਪਾਸਿਓਂ ਸਵਾਗਤ ਹੋਇਆ। ਅੱਜ ਵੀ ਕੈਨੇਡਾ ਅਤੇ ਭਾਰਤ ਵਿਚ ਕਾਮਾਗਾਟਾਮਾਰੂ ਦੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਏ। ਅਦਾਰਾ ਹਮਦਰਦ ਟੀਵੀ ਵੀ ਕਾਮਾਗਾਟਾਮਾਰੂ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਏ।

Next Story
ਤਾਜ਼ਾ ਖਬਰਾਂ
Share it