ਜਾਣੋ, ਕੌਣ ਸੀ ਅਸਲੀ ਡ੍ਰੈਕੁਲਾ?
ਚੰਡੀਗੜ੍ਹ, 30 ਸਤੰਬਰ (ਸ਼ਾਹ) : ਤੁਸੀਂ ਡ੍ਰੈਕੁਲਾ ਦੀਆਂ ਬਹੁਤ ਸਾਰੀਆਂ ਫਿਲਮਾਂ ਦੇਖੀਆਂ ਹੋਣਗੀਆਂ ਜੋ ਦੂਜਿਆਂ ਦਾ ਖ਼ੂਨ ਪੀ ਕੇ ਜਵਾਨ ਰਹਿੰਦਾ ਏ ਅਤੇ ਧੁੱਪ ਵਿਚ ਬਾਹਰ ਨਹੀਂ ਨਿਕਲ ਸਕਦਾ ਅਤੇ ਜਦੋਂ ਚਾਹੇ ਇਕ ਕੁੱਤੇ ਦਾ ਰੂਪ ਵੀ ਲੈ ਸਕਦਾ ਏ। ਦਰਅਸਲ ਫਿਲਮਾਂ ਵਿਚ ਦਿਖਾਈ ਜਾਣ ਵਾਲੀ ਇਹ ਕਹਾਣੀ ਪੂਰੀ ਦੀ ਪੂਰੀ ਕਾਲਪਨਿਕ ਐ ਜੋ 1897 […]
By : Hamdard Tv Admin
ਚੰਡੀਗੜ੍ਹ, 30 ਸਤੰਬਰ (ਸ਼ਾਹ) : ਤੁਸੀਂ ਡ੍ਰੈਕੁਲਾ ਦੀਆਂ ਬਹੁਤ ਸਾਰੀਆਂ ਫਿਲਮਾਂ ਦੇਖੀਆਂ ਹੋਣਗੀਆਂ ਜੋ ਦੂਜਿਆਂ ਦਾ ਖ਼ੂਨ ਪੀ ਕੇ ਜਵਾਨ ਰਹਿੰਦਾ ਏ ਅਤੇ ਧੁੱਪ ਵਿਚ ਬਾਹਰ ਨਹੀਂ ਨਿਕਲ ਸਕਦਾ ਅਤੇ ਜਦੋਂ ਚਾਹੇ ਇਕ ਕੁੱਤੇ ਦਾ ਰੂਪ ਵੀ ਲੈ ਸਕਦਾ ਏ। ਦਰਅਸਲ ਫਿਲਮਾਂ ਵਿਚ ਦਿਖਾਈ ਜਾਣ ਵਾਲੀ ਇਹ ਕਹਾਣੀ ਪੂਰੀ ਦੀ ਪੂਰੀ ਕਾਲਪਨਿਕ ਐ ਜੋ 1897 ਵਿਚ ਬ੍ਰਾਮ ਸਟੋਕਰ ਵੱਲੋਂ ਲਿਖੇ ਗਏ ਇਕ ਨਾਵਲ ਤੋਂ ਲਈ ਗਈ ਐ। ਉਂਝ ਲੇਖਕ ਨੂੰ ਇਸ ਕਿਰਦਾਰ ਦੀ ਪ੍ਰੇਰਣਾ ਇਕ ਇਤਿਹਾਸਕ ਕਿਰਦਾਰ ਤੋਂ ਹੀ ਮਿਲੀ ਸੀ, ਜਿਸ ਦਾ ਨਾਮ ਸੱਚਮੁੱਚ ਡੈ੍ਰਕੁਲਾ ਸੀ। ਉਹ ਇੰਨਾ ਜ਼ਿਆਦਾ ਜ਼ਾਲਮ ਸੀ ਕਿ ਉਸ ਦਾ ਨਾਮ ਸੁਣ ਕੇ ਹੀ ਵੱਡੇ ਵੱਡੇ ਰਾਜੇ ਕੰਬਣ ਲੱਗ ਜਾਂਦੇ ਸੀ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੌਣ ਸੀ ਅਸਲੀ ਡ੍ਰੈਕੁਲਾ ਅਤੇ ਕੀ ਉਸ ਦਾ ਇਤਿਹਾਸ?
ਗੱਲ ਉਸ ਦੌਰ ਦੀ ਐ, ਜਦੋਂ ਆਟੋਮਨ ਸਾਮਰਾਜ ਅਤੇ ਯੂਰਪੀਅਨ ਕਰੂਸੇਡਰਜ਼ ਵਿਚਾਲੇ ਧਰਮ ਯੁੱਧ ਚਲਦਾ ਸੀ। ਦੋਵੇਂ ਇਕ ਦੂਜੇ ’ਤੇ ਹਮਲੇ ਕਰਦੇ ਰਹਿੰਦੇ ਸੀ, ਕਦੇ ਕੋਈ ਜਿੱਤ ਜਾਂਦਾ ਅਤੇ ਕਦੇ ਕੋਈ। ਸੰਨ 1462 ਵਿਚ ਆਟੋਮਨ ਦੇ ਬਾਦਸ਼ਾਹ ਸੁਲਤਾਨ ਮੁਹੰਮਦ ਨੇ ਆਪਣੀ ਵੱਡੀ ਫ਼ੌਜ ਇਕੱਠੀ ਕਰਕੇ ਪੂਰਬੀ ਯੂਰਪ ’ਤੇ ਧਾਵਾ ਬੋਲ ਦਿੱਤਾ ਪਰ ਜਿਵੇਂ ਹੀ ਸੁਲਤਾਨ ਦੀ ਫ਼ੌਜ ਵਲੇਕੀਆ ਦੇਸ਼ ਦੀ ਸਰਹੱਦ ਵਿਚ ਦਾਖ਼ਲ ਹੋਈ ਤਾਂ ਉਥੋਂ ਦਾ ਖ਼ੌਫ਼ਨਾਕ ਦ੍ਰਿਸ਼ ਦੇਖ ਹਥਿਆਰਾਂ ਨਾਲ ਲੈਸ ਹੋਈ ਫ਼ੌਜ ਦੇ ਵੀ ਰੌਂਗਟੇ ਖੜ੍ਹੇ ਹੋ ਗਏ।
ਸਾਹਮਣੇ 23 ਹਜ਼ਾਰ ਲਾਸ਼ਾਂ ਲੱਕੜ ਦੇ ਵੱਡੇ ਵੱਡੇ ਡੰਡਿਆਂ ’ਤੇ ਕੱਪੜਿਆਂ ਵਾਂਗ ਟੰਗੀਆਂ ਹੋਈਆਂ ਸਨ, ਭਾਲੇ ਉਨ੍ਹਾਂ ਦੇ ਸਰੀਰਾਂ ਨੂੰ ਚੀਰਦੇ ਹੋਏ ਸਿਰ ਉਪਰੋਂ ਦੀ ਨਿਕਲੇ ਹੋਏ ਸਨ, ਇਹ ਲਾਈਨ ਕਰੀਬ 100 ਕਿਲੋਮੀਟਰ ਲੰਬੀ ਸੀ। ਇਹ ਖ਼ੌਫ਼ਨਾਕ ਮੰਜ਼ਰ ਦੇਖ ਆਪਣੇ ਆਪ ਨੂੰ ਕਰੂਰ ਆਖਣ ਵਾਲੇ ਆਟੋਮਨ ਤੁਰਕਾਂ ਦੇ ਪਜ਼ਾਮੇ ਵੀ ਗਿੱਲੇ ਹੋ ਗਏ ਅਤੇ ਉਨ੍ਹਾਂ ਨੇ ਪਿੱਛੇ ਮੁੜਨ ਵਿਚ ਹੀ ਆਪਣੀ ਭਲਾਈ ਸਮਝੀ। ਆਓ ਹੁਣ ਤੁਹਾਨੂੰ ਇਸ ਕਹਾਣੀ ਦੇ ਪਿਛੋਕੜ ਵਿਚ ਲੈ ਚਲਦੇ ਆਂ ਤਾਂ ਕਿ ਪੂਰੀ ਕਹਾਣੀ ਸਮਝ ਵਿਚ ਆ ਸਕੇ।
ਗੱਲ 15ਵੀਂ ਸਦੀ ਦੀ ਐ, ਜਦੋਂ ਪੂਰੀ ਯੂਰਪ ਵਿਚ ਇਕ ਰਾਜ ਹੋਇਆ ਕਰਦਾ ਸੀ ਵਲੇਕੀਆ। 21ਵੀਂ ਸਦੀ ਵਿਚ ਜਿਸ ਨੂੰ ਅਸੀਂ ਹੁਣ ਰੋਮੇਨੀਆ ਦੇਸ਼ ਦੇ ਨਾਮ ਨਾਲ ਜਾਣਦੇ ਆਂ, ਵਲੇਕੀਆ ਉਸ ਦਾ ਇਕ ਹਿੱਸਾ ਸੀ। ਇੱਥੋਂ ਦੇ ਰਾਜਾ ਦਾ ਨਾਮ ਸੀ ਵਲਾਡ ਦਿ ਸੈਕੰਡ। ਵਲੇਕੀਆ ਦਾ ਰਾਜ ਆਟੋਮਨ ਸਾਮਰਾਜ ਦੀਆਂ ਸਰਹੱਦਾਂ ਦੇ ਨਾਲ ਲਗਦਾ ਸੀ। ਯੂਰਪ ਅਤੇ ਆਟੋਮਨਸ ਦੀ ਲੜਾਈ ਹੁੰਦੀ ਸੀ, ਜਿਸ ਵਿਚ ਵਲੇਕੀਆ ਬਿਨਾਂ ਵਜ੍ਹਾ ਪਿਸਦਾ ਰਹਿੰਦਾ ਸੀ ਕਿਉਂਕਿ ਵਲੇਕੀਆ ਨੂੰ ਪਾਰ ਕੀਤੇ ਬਿਨਾਂ ਯੂਰਪ ਵਿਚ ਦਾਖ਼ਲ ਨਹੀਂ ਹੋਇਆ ਜਾ ਸਕਦਾ ਸੀ। ਯੂਰਪ ਵਿਚ ਉਸ ਦੌਰ ਸਮੇਂ ਇਸਾਈ ਧਰਮ ਦੇ ਯੋਧਿਆਂ ਦਾ ਇਕ ਸੰਗਠਨ ਹੋਇਆ ਕਰਦਾ ਸੀ, ਜਿਸ ਦਾ ਨਾਮ ਸੀ ਆਰਡਰ ਆਫ਼ ਦਿ ਡ੍ਰੈਗਨ। ਵਲਾਡ ਇਸ ਸੰਗਠਨ ਦਾ ਮੈਂਬਰ ਸੀ, ਜਿਸ ਕਾਰਨ ਉਸ ਨੂੰ ਡ੍ਰੈਕੁਲਾ ਦੀ ਉਪਾਧੀ ਮਿਲੀ ਹੋਈ ਸੀ, ਜਿਸ ਦਾ ਮਤਲਬ ਸੀ ਡ੍ਰੈਗਨ।
ਵਲਾਡ ਡ੍ਰੈਕੁਲ ਆਪਣੇ ਰਾਜ ਵਿਚ ਉਠ ਰਹੇ ਵਿਦਰੋਹ ਤੋਂ ਪਰੇਸ਼ਾਨ ਸੀ। ਗੁਆਂਢ ਵਿਚ ਇਕ ਹੋਰ ਰਾਜ ਸੀ ਹੰਗਰੀ ਜੋ ਵਿਦਰੋਹੀਆਂ ਨੂੰ ਸਮਰਥਨ ਦਿੰਦਾ ਸੀ। ਇਸ ਲਈ 1442 ਵਿਚ ਵਲਾਡ ਨੇ ਆਪਣੀ ਗੱਦੀ ਬਚਾਉਣ ਲਈ ਆਟੋਮਨ ਤੁਰਕਾਂ ਵੱਲ ਦੋਸਤੀ ਦਾ ਹੱਥ ਵਧਾਇਆ, ਜਿਸ ਦੇ ਲਈ ਸੁਲਤਾਨ ਮੁਹੰਮਦ ਵੀ ਰਾਜ਼ੀ ਹੋ ਗਏ ਪਰ ਇਸ ਸੰਧੀ ਦੀਆਂ ਦੋ ਸ਼ਰਤਾਂ ਸਨ, ਇਕ ਇਹ ਕਿ ਵਲੇਕੀਆ ਨੂੰ ਹਰ ਸਾਲ ਟੈਕਸ ਅਦਾ ਕਰਨਾ ਪਵੇਗਾ, ਦੂਜੀ ਇਹ ਐ ਕਿ ਵਲਾਡ ਆਪਣੇ ਤਿੰਨ ਬੇਟਿਆਂ ਵਿਚੋਂ ਦੋ ਬੇਟਿਆਂ ਨੂੰ ਸੁਲਤਾਨ ਦੀ ਸੇਵਾ ਵਿਚ ਭੇਜੇਗਾ। ਵਲਾਡ ਨੇ ਆਪਣੇ ਦੋ ਵੱਡੇ ਬੇਟਿਆਂ ਵਲਾਡ ਦਿ ਥਰਡ ਅਤੇ ਰਾਡੂ ਨੂੰ ਭੇਜ ਦਿੱਤਾ ਜਦਕਿ ਸਭ ਤੋਂ ਛੋਟੇ ਬੇਟੇ ਮਿਰਸੀਆ ਨੂੰ ਆਪਣੇ ਵਾਰਿਸ ਵਜੋਂ ਰੱਖ ਲਿਆ।
ਦੁਸ਼ਮਣਾਂ ਦੇ ਖੂਨ ਵਿੱਚ ਡੁਬੋ ਕੇ ਖਾਂਦਾ ਸੀ ਬਰੈਡ 👹
ਸੁਲਤਾਨ ਦੀ ਸੇਵਾ ਵਿਚ ਰਹਿਣਾ ਇਕ ਤਰ੍ਹਾਂ ਦੀ ਕੈਦ ਸੀ, ਜਿੱਥੇ ਦੋਵਾਂ ਜਣਿਆਂ ਨੂੰ ਤੁਰਕਾਂ ਦੇ ਤੌਰ ਤਰੀਕੇ ਅਪਣਾਉਣ ਲਈ ਫੋਰਸ ਕੀਤਾ ਜਾਂਦਾ ਸੀ। ਦੋਵਾਂ ਵਿਚੋਂ ਰਾਡੂ ਨੇ ਤਾਂ ਤੁਰਕਾਂ ਅੱਗੇ ਝੁਕ ਕੇ ਇਸਲਾਮ ਕਬੂਲ ਕਰ ਲਿਆ ਪਰ ਵਲਾਡ ਦਿ ਥਰਡ ਇਸਦੇ ਲਈ ਰਾਜ਼ੀ ਨਹੀਂ ਹੋਇਆ, ਜਿਸ ਦੀ ਉਸ ਨੂੰ ਸਜ਼ਾ ਦਿੱਤੀ ਗਈ ਪਰ ਉਹ ਫਿਰ ਵੀ ਤੁਰਕਾਂ ਦੇ ਅੱਗੇ ਨਹੀਂ ਝੁਕਿਆ। ਇੱਧਰ ਉਸ ਦੇ ਪਿਤਾ ਵੀ ਮੁਸੀਬਤ ਵਿਚ ਸਨ। ਕਹਾਣੀ ਅੱਗੇ ਇੰਨੀ ਜ਼ਿਆਦਾ ਰੌਚਕ ਐ ਕਿ ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ।
ਡ੍ਰੈਕੁਲਾ ਦਾ ਬਦਲਾ
ਸੰਨ 1447,,,, ਇਕ ਵਾਰ ਫਿਰ ਵੱਡਾ ਵਿਦਰੋਹ ਸ਼ੁਰੂ ਹੋਇਆ ਅਤੇ ਵਲਾਦਿਸਲਾਵ ਨਾਂਅ ਦੇ ਰਾਜੇ ਦੀ ਅਗਵਾਈ ਵਿਚ ਵਲਾਡ ਦਿ ਸੈਕੰਡ ਨੂੰ ਸੱਤਾ ਤੋਂ ਉਖਾੜ ਸੁੱਟਿਆ। ਇਸ ਘਟਨਾ ਦੇ ਕੁੱਝ ਸਮੇਂ ਬਾਅਦ ਵਲਾਡ ਦਿ ਥਰਡ ਵਾਪਸ ਵਲੇਕੀਆ ਆ ਗਿਆ ਅਤੇ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਪੂਰੇ ਪਰਿਵਾਰ ਦੀ ਹੱਤਿਆ ਕਰ ਦਿੱਤੀ ਗਈ ਐ। ਉਸ ਦੇ ਪਿਤਾ ਨੂੰ ਮਾਰ ਕੇ ਘਰ ਦੇ ਪਿੱਛਾ ਦਫ਼ਨਾ ਦਿੱਤਾ ਗਿਆ ਸੀ, ਜਦਕਿ ਉਸ ਦੇ ਭਰਾ ਮਿਰਸੀਆ ਨੂੰ ਕਾਫ਼ੀ ਟੌਰਚਰ ਕਰਕੇ ਜ਼ਮੀਨ ਵਿਚ ਜ਼ਿੰਦਾ ਗੱਡ ਦਿੱਤਾ ਗਿਆ। ਇਹ ਸਭ ਕੁੱਝ ਸੁਣ ਕੇ ਵਲਾਡ ਦਾ ਖ਼ੂਨ ਖੌਲ ਉਠਿਆ, ਉਸ ਨੇ ਬਦਲਾ ਲੈਣ ਦੀ ਸਹੁੰ ਖਾ ਲਈ। ਕੁੱਝ ਹੀ ਸਮੇਂ ਵਿਚ ਉਸ ਨੇ ਫ਼ੌਜ ਇਕੱਠੀ ਕਰਕੇ ਵਲਾਦਿਸਲਾਵ ਦੇ ਵਿਰੁੱਧ ਯੁੱਧ ਛੇੜ ਦਿੱਤਾ ਅਤੇ ਵਲਾਦਿਸਲਾਵ ਦਾ ਸਿਰ ਕੱਟ ਕੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ ਅਤੇ ਵਲੇਕੀਆ ਦਾ ਰਾਜਾ ਬਣ ਗਿਆ।
ਆਪਣੇ ਪਿਤਾ ਵਾਂਗ ਡੈ੍ਰਕੁਲਾ ਦੀ ਉਪਾਧੀ ਹਾਸਲ ਕੀਤੀ ਅਤੇ ਉਸ ਨੂੰ ਵਲਾਡ ਡ੍ਰੈਕੁਲਾ ਦੇ ਨਾਮ ਤੋਂ ਜਾਣਿਆ ਜਾਣ ਲੱਗਿਆ। ਹਾਲਾਂਕਿ ਉਸ ਦਾ ਇਕ ਹੋਰ ਨਾਮ ਪੂਰੇ ਯੂਰਪ ਵਿਚ ਮਸ਼ਹੂਰ ਸੀ ਵਲਾਡ ਦਿ ਇੰਪੇਲਰ, ਜਿਸ ਦਾ ਅਰਥ ਐ ਸੁਰਾਖ਼ ਕਰਨ ਵਾਲਾ। ਉਸ ਦਾ ਇਹ ਨਾਮ ਇਸ ਲਈ ਪਿਆ ਕਿਉਂਕਿ ਉਹ ਆਪਣੇ ਦੁਸ਼ਮਣਾਂ ਦੇ ਸਿਰਾਂ ਵਿਚ ਭਾਲਿਆਂ ਨਾਲ ਸੁਰਾਗ਼ ਕਰ ਦਿੰਦਾ ਸੀ ਅਤੇ ਫਿਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਲਟਕਾ ਦਿੰਦਾ ਸੀ। ਯੂਰਪੀਅਨ ਇਤਿਹਾਸ ਵਿਚ ਵਲਾਡ ਡ੍ਰੈਕੁਲਾ ਨੂੰ ਸਭ ਤੋਂ ਕਰੂਰ ਸਾਸ਼ਕ ਦੇ ਤੌਰ ’ਤੇ ਜਾਣਿਆ ਜਾਂਦਾ ਏ। ਉਸ ਦੇ ਦੁਸ਼ਮਣ ਉਸ ਨੂੰ ਸ਼ੈਤਾਨ ਦੀ ਔਲਾਦ ਕਹਿੰਦੇ ਸੀ।
ਸੱਤਾ ’ਤੇ ਬੈਠਣ ਤੋਂ ਕੁੱਝ ਸਾਲ ਬਾਅਦ ਵਲਾਡ ਡ੍ਰੈਕੁਲਾ ਦੇ ਖ਼ਿਲਾਫ਼ ਕੁੱਝ ਲੋਕਾਂ ਨੇ ਵਿਦਰੋਹ ਕਰਨ ਦੀ ਕੋਸ਼ਿਸ਼ ਕੀਤੀ ਪਰ ਵਲਾਡ ਡ੍ਰੈਕੁਲਾ ਆਪਣੇ ਪਿਤਾ ਦੀ ਗ਼ਲਤੀ ਦੁਹਰਾਉਣਾ ਨਹੀਂ ਚਾਹੁੰਦਾ ਸੀ, ਉਸ ਨੇ ਸਾਰੇ ਲੋਕਾਂ ਨੂੰ ਦਾਅਵਤ ’ਤੇ ਬੁਲਾਇਆ ਅਤੇ ਇਸੇ ਦੌਰਾਨ ਉਸ ਨੇ ਆਪਣੇ ਇਕ ਇਕ ਦੁਸ਼ਮਣ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਸ ਨੇ ਆਪਣੇ ਦੁਸ਼ਮਣਾਂ ਨੂੰ ਸਿਰਫ਼ ਮਾਰਿਆ ਹੀ ਨਹੀਂ ਬਲਕਿ ਉਨ੍ਹਾਂ ਦੇ ਸਰੀਰਾਂ ਨੂੰ ਨੇਜਿਆਂ ’ਤੇ ਪੂਰੇ ਸ਼ਹਿਰ ਵਿਚ ਟੰਗਵਾ ਦਿੱਤਾ ਤਾਂ ਕਿ ਸਾਰਿਆਂ ਵਿਚ ਉਸ ਦੀ ਦਹਿਸ਼ਤ ਫ਼ੈਲ ਜਾਵੇ। ਵਲਾਡ ਆਪਣੇ ਦੁਸ਼ਮਣਾਂ ਲਈ ਬੇਹੱਦ ਕਰੂਰ ਸੀ ਪਰ ਯੂਰਪ ਦੇ ਲੋਕ ਉਸ ਨੂੰ ਮਸੀਹਾ ਮੰਨਦੇ ਸਨ। ਖ਼ਾਸ ਕਰਕੇ ਪੌਪ ਨੇ ਉਸ ਨੂੰ ਹੀਰੋ ਆਖਦੇ ਸੀ ਕਿਉਂਕਿ ਉਸ ਆਟੋਮਨ ਫ਼ੌਜਾਂ ਦੇ ਨਾਲ ਅਜਿਹੀ ਕਰੂਰਤਾ ਕੀਤੀ ਸੀ ਕਿ ਉਹ ਯੂਰਪ ਦੀ ਸਰਹੱਣ ਵਿਚ ਦਾਖ਼ਲ ਹੋਣ ਤੋਂ ਡਰਦੇ ਸਨ।
ਇਕ ਵਾਰ ਉਸ ਨੇ ਉਸ ਨੇ ਦੋ ਭਰਾਵਾਂ ਨੂੰ ਜ਼ਿੰਦਾ ਉਬਾਲ ਦਿੱਤਾ ਸੀ ਅਤੇ ਫਿਰ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਉਹ ਸੂਪ ਪੀਣ ਲਈ ਮਜਬੂਰ ਕੀਤਾ। ਇਕ ਵਾਰ ਉਸ ਨੇ ਦੁਸ਼ਮਣ ਫ਼ੌਜੀਆਂ ਦੇ ਸਿਰਾਂ ਵਿਚ ਕਿੱਲਾਂ ਠੋਕ ਦਿੱਤੀਆਂ ਸੀ ਕਿਉਂਕਿ ਉਹ ਆਪਣਾ ਸਾਫ਼ਾ ਉਤਾਰਨ ਤੋਂ ਇਨਕਾਰ ਕਰ ਰਹੇ ਸਨ। ਇਸ ਮਗਰੋਂ ਪੂਰੇ ਯੂਰਪ ਵਿਚ ਡ੍ਰੈਕੁਲਾ ਦੀ ਸੱਚੀਆਂ ਝੂਠੀਆਂ ਕਹਾਣੀਆਂ ਮਸ਼ਹੂਰ ਹੋ ਗਈਆਂ, ਕੁੱਝ ਲੋਕ ਇਹ ਆਖਦੇ ਸੀ ਕਿ ਡ੍ਰੈਕੁਲਾ ਆਪਣੇ ਦੁਸ਼ਮਣਾਂ ਦੇ ਖ਼ੂਨ ਵਿਚ ਡੁਬੋ ਕੇ ਬ੍ਰੈੱਡ ਖਾਂਦਾ ਸੀ। ਅੱਗੇ ਚੱਲ ਕੇ ਇਹੀ ਮਿੱਥਾਂ ਡ੍ਰੈਕੁਲਾ ਦੇ ਨਾਮ ਨਾਲ ਪੱਕੇ ਤੌਰ ’ਤੇ ਜੁੜ ਗਈਆਂ ਅਤੇ ਡ੍ਰੈਕੁਲਾ ਨਾਮ ਦੇ ਕਾਲਪਨਿਕ ਕਿਰਦਾਰ ਦੀ ਰਚਨਾ ਹੋਈ। ਉਸ ਨੇ ਵਲੇਕੀਆ ’ਤੇ ਸਿਰਫ਼ ਸੱਤ ਸਾਲ ਤੱਕ ਰਾਜ ਕੀਤਾ, ਜਿਸ ਦੌਰਾਨ ਉਸ ਨੇ 80 ਹਜ਼ਾਰ ਲੋਕਾਂ ਦਾ ਕਤਲ ਕੀਤਾ ਸੀ।
ਇੰਝ ਹੋਇਆ ਡ੍ਰੈਕੁਲਾ ਦਾ ਅੰਤ
ਇਹ ਸਮਾਂ ਸੀ ਸੰਨ 1462 ਦਾ,,,,,, ਜਦੋਂ ਆਟੋਮਨ ਫ਼ੌਜ ਨੇ ਵਲੇਕੀਆ ’ਤੇ ਹਮਲਾ ਕੀਤਾ ਅਤੇ ਮੁਕਾਬਲਾ ਕਰਨ ਲਈ ਵਲਾਡ ਨੇ ਹੰਗਰੀ ਤੋਂ ਮਦਦ ਮੰਗੀ ਪਰ ਹੰਗਰੀ ਆਟੋਮਨ ਸਾਮਰਾਜ ਨਾਲ ਪੰਗਾ ਲੈਣ ਤੋਂ ਬਚਦਾ ਸੀ, ਇਸ ਲਈ ਹੰਗਰੀ ਦੇ ਸੈਨਿਕਾਂ ਨੇ ਉਸ ਨੂੰ ਕੈਦ ਕਰ ਲਿਆ, ਉਸ ਦੀ ਪਤਨੀ ਦੀ ਹੱਤਿਆ ਕਰ ਦਿੱਤੀ ਅਤੇ ਉਸ ਦਾ ਰਾਜ ਖੋਹ ਕੇ ਉਸ ਦੇ ਭਰਾ ਨੂੰ ਦੇ ਦਿੱਤਾ। ਯੂਰਪੀਅਨ ਕਹਾਣੀਆਂ ਅਨੁਸਾਰ ਕੈਦ ਵਿਚ ਰਹਿੰਦਿਆਂ ਉਸ ਨੇ ਆਪਣੇ ਦੁਸ਼ਮਣਾਂ ਨੂੰ ਸ਼ਰਾਪ ਦਿੱਤਾ ਸੀ ਕਿ ਜਿਨ੍ਹਾਂ ਨੇ ਉਸ ਦੇ ਖ਼ਾਨਦਾਨ ਨੂੰ ਤਬਾਹ ਕੀਤਾ ਏ, ਉਨ੍ਹਾਂ ਦਾ ਵੀ ਸਰਵਨਾਸ਼ ਹੋ ਜਾਵੇ।
ਇਸ ਸ਼ਰਾਪ ਨੂੰ ਅਮਲੀ ਜਾਮਾ ਪਹਿਨਾਉਣ ਦਾ ਮੌਕਾ ਵੀ ਡ੍ਰੈਕੁਲਾ ਨੂੰ ਉਸ ਸਮੇਂ ਮਿਲਿਆ ਜਦੋਂ ਉਹ ਹੰਗਰੀ ਦੀ ਕੈਦ ਵਿਚੋਂ ਭੱਜਣ ਵਿਚ ਸਫ਼ਲ ਹੋ ਗਿਆ ਪਰ ਇਕ ਸਾਲ ਦੇ ਅੰਦਰ ਹੀ ਆਟੋਮਨ ਤੁਰਕਾਂ ਨਾਲ ਲੜਦਿਆਂ ਉਸ ਦੀ ਮੌਤ ਹੋ ਗਈ। ਇਸ ਮਗਰੋਂ ਆਟੋਮਨ ਸੈਨਿਕਾਂ ਨੇ ਉਸ ਦਾ ਸਿਰ ਕੱਟ ਕੇ ਪੂਰੇ ਇਸਤਾਂਬੁਲ ਵਿਚ ਘੁੰਮਾਇਆ ਅਤੇ ਫਿਰ ਲਿਜਾ ਕੇ ਸੁਲਤਾਨ ਦੇ ਪੈਰਾਂ ਵਿਚ ਸੁੱਟ ਦਿੱਤਾ। ਇਹ ਕੋਈ ਫਿਲਮੀ ਕਹਾਣੀ ਨਹੀਂ, ਬਲਕਿ ਅਸਲੀ ਡ੍ਰੈਕੁਲਾ ਦੀ ਕਹਾਣੀ ਐ ਜੋ ਰੂਪ ਤਾਂ ਭਾਵੇਂ ਨਹੀਂ ਬਦਲ ਸਕਦਾ ਸੀ ਪਰ ਕਰੂਰਤਾ ਪੱਖੋਂ ਫਿਲਮੀ ਡ੍ਰੈਕੁਲਾ ਵੀ ਉਸ ਦੇ ਅੱਗੇ ਕੁੱਝ ਨਹੀਂ।
ਇਸ ਦੇ ਕਰੀਬ ਤਿੰਨ ਸਦੀਆਂ ਮਗਰੋਂ ਬ੍ਰਾਮ ਸਟੋਕਰ ਨੇ ਡ੍ਰੈਕੁਲਾ ਨਾਂਅ ਦਾ ਇਕ ਨਾਵਲ ਲਿਖਿਆ, ਜਿਸ ਨੇ ਡ੍ਰੈਕੁਲਾ ਦੀ ਕਹਾਣੀ ਨੂੰ ਪੂਰੀ ਦੁਨੀਆ ਵਿਚ ਫੈਲਾਅ ਦਿੱਤਾ। ਉਸ ’ਤੇ ਕਈ ਫਿਲਮਾਂ ਬਣੀਆਂ, ਨਾਟਕ ਲਿਖੇ ਗਏ। ਕਿਹਾ ਜਾਂਦਾ ਏ ਕਿ ਅਸਲੀ ਡ੍ਰੈਕੁਲਾ ਨੇ ਮਰਨ ਸਮੇਂ ਸ਼ਰਾਪ ਦਿੱਤਾ ਸੀ ਕਿ ਉਹ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਣ ਲਈ ਫਿਰ ਤੋਂ ਜ਼ਿੰਦਾ ਹੋ ਕੇ ਵਾਪਸ ਆਵੇਗਾ, ਉਂਝ ਬ੍ਰਾਮ ਸਟੋਕਰ ਦੀ ਕਹਾਣੀ ਵਾਲਾ ਕਾਲਪਨਿਕ ਡ੍ਰੈਕੁਲਾ ਵੀ ਕੁੱਝ ਅਜਿਹਾ ਹੀ ਐ ਜੋ ਸਵੇਰ ਹੁੰਦਿਆਂ ਆਪਣੀ ਕਬਰ ਵਿਚ ਸੌਂ ਜਾਂਦਾ ਏ ਅਤੇ ਰਾਤ ਹੁੰਦੇ ਹੀ ਕਬਰ ਵਿਚੋਂ ਬਾਹਰ ਆ ਜਾਂਦੈ,,,, ਖ਼ੂਨ ਪੀਣ ਦੇ ਲਈ।
ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਰੌਚਕ ਜਾਣਕਾਰੀ ਲਈ ਦੇਖਦੇ ਰਹੋ ਹਮਦਰਦ ਟੀਵੀ