ਜਾਣੋ ਕਿਵੇਂ ਬਣੀ ‘ਅੰਬੈਸਡਰ’ ਭਾਰਤ ਦੀ ਕਾਰ?, 60 ਸਾਲਾਂ ਤੱਕ ਕਾਰ ਬਜ਼ਾਰ ’ਤੇ ਕੀਤਾ ਰਾਜ, ਜਲਦ ਲਾਂਚ ਹੋਵੇਗਾ ਨਵਾਂ ਮਾਡਲ
ਚੰਡੀਗੜ੍ਹ, 2 ਮਈ, ਪਰਦੀਪ ਸਿੰਘ : ਮੌਜੂਦਾ ਸਮੇਂ ਦੇਸ਼ ਦੇ ਨੇਤਾਵਾਂ ਕੋਲ ਇਕ ਤੋਂ ਬਾਅਦ ਇਕ ਲਗਜ਼ਰੀ ਸਰਕਾਰੀ ਗੱਡੀਆਂ ਮੌਜੂਦ ਹਨ। ਸੂਬਿਆਂ ਵਿਚ ਮੰਤਰੀ ਤੇ ਵਿਧਾਇਕ ਫਾਰਚੂਨਰ ਅਤੇ ਇਨੋਵਾ ਗੱਡੀਆਂ ਵਿਚ ਸਫ਼ਰ ਕਰਦੇ ਹਨ, ਜਦਕਿ ਕੇਂਦਰੀ ਨੇਤਾਵਾਂ ਕੋਲ ਲੈਂਡ ਕਰੂਜ਼ਰ, ਬੀਐਮਡਬਲਯੂ ਸਮੇਤ ਹੋਰ ਮਹਿੰਗੀਆਂ ਲਗਜ਼ਰੀ ਗੱਡੀਆਂ ਮੌਜੂਦ ਨੇ ਪਰ ਕੋਈ ਸਮਾਂ ਸੀ ਜਦੋਂ ਸਾਰੇ ਨੇਤਾਵਾਂ […]
By : Editor Editor
ਚੰਡੀਗੜ੍ਹ, 2 ਮਈ, ਪਰਦੀਪ ਸਿੰਘ : ਮੌਜੂਦਾ ਸਮੇਂ ਦੇਸ਼ ਦੇ ਨੇਤਾਵਾਂ ਕੋਲ ਇਕ ਤੋਂ ਬਾਅਦ ਇਕ ਲਗਜ਼ਰੀ ਸਰਕਾਰੀ ਗੱਡੀਆਂ ਮੌਜੂਦ ਹਨ। ਸੂਬਿਆਂ ਵਿਚ ਮੰਤਰੀ ਤੇ ਵਿਧਾਇਕ ਫਾਰਚੂਨਰ ਅਤੇ ਇਨੋਵਾ ਗੱਡੀਆਂ ਵਿਚ ਸਫ਼ਰ ਕਰਦੇ ਹਨ, ਜਦਕਿ ਕੇਂਦਰੀ ਨੇਤਾਵਾਂ ਕੋਲ ਲੈਂਡ ਕਰੂਜ਼ਰ, ਬੀਐਮਡਬਲਯੂ ਸਮੇਤ ਹੋਰ ਮਹਿੰਗੀਆਂ ਲਗਜ਼ਰੀ ਗੱਡੀਆਂ ਮੌਜੂਦ ਨੇ ਪਰ ਕੋਈ ਸਮਾਂ ਸੀ ਜਦੋਂ ਸਾਰੇ ਨੇਤਾਵਾਂ ਕੋਲ ਇਕ ਹੀ ਕਿਸਮ ਦੀ ਗੱਡੀ ਹੁੰਦੀ ਸੀ, ਉਹ ਸੀ ਅੰਬੈਸਡਰ। ਜੀ ਹਾਂ, ਉਹੀ ਕਾਰ,,, ਜਿਸ ਨੂੰ ਭਾਰਤ ਦੀ ਪਹਿਲੀ ਕਾਰ ਵੀ ਕਿਹਾ ਜਾਂਦਾ ਏ, ਜਦਕਿ ਉਹ ਭਾਰਤ ਦੀ ਪਹਿਲੀ ਕਾਰ ਨਹੀਂ ਸੀ ਪਰ ਜਦੋਂ 90 ਦੇ ਦੌਰ ਤੋਂ ਪਹਿਲਾਂ ਦੇ ਕਿਸੇ ਵਿਅਕਤੀ ਕੋਲੋਂ ਪੁੱਛੋਗੇ ਤਾਂ ਉਹ ਇਸ ਨੂੰ ਭਾਰਤ ਦੀ ਪਹਿਲੀ ਕਾਰ ਹੀ ਆਖੇਗਾ। ਸੋ ਆਓ ਅੱਜ ਤੁਹਾਨੂੰ ਅੰਬੈਸਡਰ ਕਾਰ ਦੀ ਕਹਾਣੀ ਤੋਂ ਜਾਣੂ ਕਰਵਾਓਨੇ ਆਂ ਕਿ ਕਿਵੇਂ ਇਹ ਕਾਰ ਭਾਰਤੀਆਂ ਦੀ ਚਹੇਤੀ ਕਾਰ ਬਣੀ ਸੀ।
ਅੰਬੈਸਡਰ ਕਾਰ ਦੇ ਬਾਰੇ ਵਿਚ ਜਾਣਨ ਤੋਂ ਪਹਿਲਾਂ ਸਾਨੂੰ ਥੋੜ੍ਹਾ ਬੈਕ ਗੇਅਰ ਲਗਾਉਣਾ ਪਵੇਗਾ। ਗੱਲ 2 ਨਵੰਬਰ 1881 ਦੀ ਐ, ਜਦੋਂ ਫੈ੍ਰਂਚ ਆਵਿਸ਼ਕਾਰਕ ਗੁਸਤਾਵ ਹਿਉਵੇ ਨੇ ਪੈਰਿਸ ਵਿਚ ਇਕ ਪ੍ਰਦਰਸ਼ਨੀ ਦੌਰਾਨ ਪਹਿਲੀ ਵਾਰ ਬਿਜਲੀ ਨਾਲ ਚੱਲਣ ਵਾਲੀ ਪਹਿਲੀ ਗੱਡੀ ਦਾ ਪ੍ਰਦਰਸ਼ਨ ਕੀਤਾ। ਇਸ ਦੇ 5 ਸਾਲ ਬਾਅਦ 1886 ਵਿਚ ਜਰਮਨ ਇੰਜੀਨਿਅਰ ਕਾਰਲ ਬੈਂਜ ਨੇ ਪਹਿਲੇ ਕਾਰ ਇੰਜਣ ਦਾ ਪੇਟੈਂਟ ਹਾਸਲ ਕੀਤਾ ਜੋ ਪੈਟਰੌਲ ਦੇ ਨਾਲ ਚਲਦਾ ਸੀ। ਬਸ ਇੱਥੋਂ ਹੀ ਦੁਨੀਆ ਭਰ ਵਿਚ ਗੱਡੀਆਂ ਦੀ ਸ਼ੁਰੂਆਤ ਹੋ ਗਈ ਅਤੇ ਜਲਦ ਹੀ ਇਹ ਭਾਰਤ ਦੀਆਂ ਸੜਕਾਂ ’ਤੇ ਵੀ ਦੌੜਨ ਲੱਗੀਆਂ। ਭਾਰਤ ਵਿਚ ਪਹਿਲੀ ਕਾਰ ਸੰਨ 1896 ਵਿਚ ਕੋਲਕੱਤਾ ਵਿਖੇ ਪਹੁੰਚੀ ਸੀ, ਜਿਸ ਨੂੰ ਫਾਸਟਰ ਨਾਂਅ ਦੇ ਇਕ ਅੰਗਰੇਜ਼ ਨੇ ਖ਼ਰੀਦਿਆ ਸੀ। ਇਸ ਦੇ ਇਕ ਸਾਲ ਮਗਰੋਂ ਹੀ ਜਮਸ਼ੇਦਜੀ ਟਾਟਾ ਨੇ ਆਪਣੀ ਪਹਿਲੀ ਕਾਰ ਖ਼ਰੀਦੀ ਪਰ ਅਗਲੇ ਲਗਭਗ 50 ਸਾਲਾਂ ਤੱਕ ਵੀ ਕਾਰ ਖ਼ਰੀਦਣਾ ਭਾਰਤੀਆਂ ਲਈ ਦੂਰ ਦੀ ਕੌਡੀ ਬਣਿਆ ਰਿਹਾ।
ਫਿਰ ਸੰਨ 1928 ਵਿਚ ਫੋਰਡ ਅਤੇ ਜਰਮਨ ਮੋਟਰਜ਼ ਨੇ ਭਾਰਤ ਵਿਚ ਕਾਰਾਂ ਬਣਾਉਣੀਆਂ ਅਤੇ ਵੇਚਣੀਆਂ ਸ਼ੁਰੂ ਕੀਤੀਆਂ ਪਰ ਭਾਰਤੀ ਅਜੇ ਵੀ ਬੈਲ ਗੱਡੀਆਂ ਰਾਹੀਂ ਹੀ ਸਫ਼ਰ ਕਰਦੇ ਸਨ। ਇਸ ਮਗਰੋਂ ਸੰਨ 1942 ਵਿਚ ਬੀਐਮ ਬਿੜਲਾ ਨੇ ਹਿੰਦੁਸਤਾਨ ਮੋਟਰਜ਼ ਦੇ ਨਾਂਅ ਤੋਂ ਇਕ ਕੰਪਨੀ ਦੀ ਸ਼ੁਰੂਆਤ ਕੀਤੀ, ਜਿਨ੍ਹਾਂ ਦੇ ਭਰਾ ਘਣਸ਼ਿਆਮ ਦਾਸ ਬਿੜਲਾ ਮਹਾਤਮਾ ਗਾਂਧੀ ਦੇ ਕਾਫ਼ੀ ਕਰੀਬੀ ਮਿੱਤਰ ਸਨ। ਉਨ੍ਹਾਂ ਦੀ ਪ੍ਰੇਰਣਾ ਸਦਕਾ ਹੀ ਬਿੜਲਾ ਪਰਿਵਾਰ ਨੇ ਭਾਰਤ ਨੂੰ ਆਟੋਮੋਟਿਵ ਮੈਨੂਫੈਕਚਰਿੰਗ ਵਿਚ ਆਤਮ ਨਿਰਭਰ ਬਣਾਉਣ ਦਾ ਇਰਾਦਾ ਕੀਤਾ। ਇਸ ਕੰਪਨੀ ਦੀ ਸ਼ੁਰੂਆਤ ਗੁਜਰਾਤ ਵਿਚ ਬੰਦਰਗਾਹ ਦੇ ਨੇੜੇ ਓਖਾ ਤੋਂ ਹੋਈ ਸੀ। ਕਾਰਾਂ ਦੇ ਕਲਪੁਰਜ਼ੇ ਤਿਆਰ ਕਰਨ ਲਈ ਇਹ ਕਾਫ਼ੀ ਵਧੀਆ ਜਗ੍ਹਾ ਸੀ। ਇਹ ਕਲਪੁਰਜ਼ੇ ਬ੍ਰਿਟੇਨ ਦੀ ਇਕ ਕੰਪਨੀ ਮਾਰਿਸ ਮੋਟਰਜ਼ ਤੋਂ ਆਯਾਤ ਕੀਤੇ ਜਾਂਦੇ ਸਨ, ਜਿਨ੍ਹਾਂ ਨੂੰ ਭਾਰਤ ਵਿਚ ਅੰਸੈਂਬਲ ਕੀਤਾ ਜਾਂਦਾ ਸੀ। ਬੰਦਰਗਾਹ ਨੇੜੇ ਹੋਣ ਕਰਕੇ ਕਾਫ਼ੀ ਫ਼ਾਇਦਾ ਹੁੰਦਾ ਸੀ। ਇਸੇ ਦਹਾਕੇ ਦੌਰਾਨ ਭਾਰਤ ਵਿਚ ਟਾਟਾ ਅਤੇ ਮਹਿੰਦਰਾ ਗਰੁੱਪ ਨੇ ਵੀ ਆਪਣੀ ਆਟੋਮੋਟਿਵ ਕੰਪਨੀ ਲਾਂਚ ਕਰ ਦਿੱਤੀ ਪਰ ਇਹ ਸਭ ਕੁੱਝ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕਿਆ। 1943 ਤੋਂ 1945 ਦੇ ਵਿਚਕਾਰ ਦੂਜੇ ਵਿਸ਼ਵ ਯੁੱਧ ਦੀ ਵਜ੍ਹਾ ਕਰਕੇ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ, ਜਦਕਿ ਯੁੱਧ ਤੋਂ ਬਾਅਦ ਕਈ ਸਾਲ ਆਜ਼ਾਦੀ ਦੇ ਬੰਦੋਬਸਤ ਵਿਚ ਬੀਤ ਗਏ। ਇਸ ਮਗਰੋਂ ਅਜ਼ਾਦੀ ਦੇ ਮਹਿਜ਼ ਦੋ ਸਾਲ ਬਾਅਦ ਯਾਨੀ ਸੰਨ 1949 ਵਿਚ ਹਿੰਦੁਸਤਾਨ ਮੋਟਰਜ਼ ਨੇ ਆਪਣੀ ਪਹਿਲੀ ਕਾਰ ਲਾਂਚ ਕਰ ਦਿੱਤੀ, ਜਿਸ ਦਾ ਨਾਮ ਸੀ ਹਿੰਦੁਸਤਾਨ-10, ਇਹ ਕਾਰ ਪੂਰੀ ਤਰ੍ਹਾਂ ਮਾਰਿਸ਼-10 ਨਾਮੀ ਕਾਰ ਦੀ ਕਾਪੀ ਸੀ, ਜਿਸ ਵਿਚ 1.5 ਲੀਟਰ ਦੀ ਕੈਪੇਸਿਟੀ ਵਾਲਾ ਵਾਲਵ ਇੰਜਣ ਲੱਗਿਆ ਸੀ, ਜਿਸ ਵਿਚ 37 ਹਾਰਸ ਪਾਵਰ ਦੀ ਤਾਕਤ ਸੀ।
ਆਜ਼ਾਦੀ ਤੋਂ ਬਾਅਦ ਯਾਨੀ ਸਾਲ 1952 ਵਿਚ ਭਾਰਤ ਸਰਕਾਰ ਨੇ ਪਹਿਲੀ ਟੈਰਿਫ ਪਾਲਿਸੀ ਤਿਆਰ ਕੀਤੀ, ਜਿਸ ਦੇ ਤਹਿਤ ਜੇਕਰ ਕਿਸੇ ਵਿਦੇਸ਼ੀ ਕੰਪਨੀ ਦਾ ਕਿਸੇ ਭਾਰਤੀ ਕੰਪਨੀ ਦੇ ਨਾਲ ਕਰਾਰ ਨਹੀਂ ਤਾਂ ਉਸ ’ਤੇ ਭਾਰੀ ਟੈਕਸ ਲਗਾਇਆ ਗਿਆ। ਇਸ ਦਾ ਨਤੀਜਾ ਇਹ ਹੋਇਆ ਕਿ ਫੋਰਡ ਅਤੇ ਜਨਰਲ ਮੋਟਰਜ਼ ਵਰਗੀਆਂ ਕੰਪਨੀਆਂ ਭਾਰਤ ਤੋਂ ਆਪਣੀ ਬੋਰੀ ਬਿਸਤਰਾ ਸਮੇਟ ਕੇ ਚਲਦੀਆਂ ਬਣੀਆਂ। ਉਧਰ ਬਿੜਲਾ ਨੇ ਹਿੰਦੁਸਤਾਨ ਮੋਟਰਜ਼ ਦਾ ਕਾਰਖ਼ਾਨਾ ਗੁਜਰਾਤ ਤੋਂ ਸਿਫ਼ਟ ਕਰਕੇ ਬੰਗਾਲ ਸਥਾਪਿਤ ਕਰ ਲਿਆ। ਕਲਕੱਤੇ ਤੋਂ ਮਹਿਜ਼ 10 ਕਿਲੋਮੀਟਰ ਦੂਰ ਉਤਰਪਾੜਾ ਵਿਚ ਨਵਾਂ ਕਾਰਖ਼ਾਨਾ ਲਗਾਇਆ ਗਿਆ। ਜਿਸ ਮਗਰੋਂ ਕੰਪਨੀ ਨੇ ਹਿੰਦੁਸਤਾਨ-14, ਬੇਬੀ ਹਿੰਦੁਸਤਾਨ ਅਤੇ ਹਿੰਦੁਸਤਾਨ ਲੈਂਡਮਾਸਟਰ ਨਾਮ ਦੀਆਂ ਗੱਡੀਆਂ ਲਾਂਚ ਕੀਤੀਆਂ। ਹਾਲਾਂਕਿ ਇਹ ਸਾਰੀਆਂ ਗੱਡੀਆਂ ਭਾਰਤ ਵਿਚ ਹੀ ਬਣੀਆਂ ਸਨ ਪਰ ਫਿਰ ਵੀ ਇਨ੍ਹਾਂ ਨੂੰ ਸੁੱਖ ਸੁਵਿਧਾਵਾਂ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ, ਕੁੱਝ ਵਰਗ ਦੇ ਲੋਕ ਹੀ ਇਨ੍ਹਾਂ ਗੱਡੀਆਂ ਨੂੰ ਖ਼ਰੀਦ ਸਕਦੇ ਸਨ।
ਫਿਰ ਕੰਪਨੀ ਨੇ ਸੰਨ 1958 ਵਿਚ ਇਕ ਅਜਿਹੀ ਕਾਰ ਲਾਂਚ ਕੀਤੀ, ਜਿਸ ਨੇ ਭਾਰਤੀ ਆਟੋਮੋਬਾਇਲ ਇੰਡਸਟਰੀ ਦਾ ਮੁਹਾਂਦਰਾ ਬਦਲ ਕੇ ਰੱਖ ਦਿੱਤਾ। ਹਿੰਦੁਸਤਾਨ ਮੋਟਰਜ਼ ਨੇ ਇਸ ਕਾਰ ਨੂੰ ‘ਅੰਬੈਸਡਰ’ ਨਾਂਅ ਤੋਂ ਲਾਂਚ ਕੀਤਾ। ਇਹ ਕਾਰ ਦੇਖਣ ਨੂੰ ਮੌਰਿਸ ਕੰਪਨੀ ਦੀ ਆਕਸਫੋਰਡ ਸੀਰੀਜ਼-3 ਵਰਗੀ ਲਗਦੀ ਸੀ, ਬਸ ਥੋੜ੍ਹੇ ਬਹੁਤੇ ਬਦਲਾਅ ਕੀਤੇ ਗਏ ਸਨ। ਜਿਵੇਂ ਹੀ ਇਹ ਕਾਰ ਭਾਰਤ ਦੀਆਂ ਸੜਕਾਂ ’ਤੇ ਉਤਰੀ ਤਾਂ ਜਲਦ ਹੀ ਇਸ ਨੇ ਭਾਰਤੀਆਂ ਦੇ ਦਿਲਾਂ ਵਿਚ ਥਾਂ ਬਣਾ ਲਈ। ਉਸ ਸਮੇਂ ਇਸ ਕਾਰ ਦੀ ਕੀਮਤ 14 ਹਜ਼ਾਰ ਰੁਪਏ ਰੱਖੀ ਗਈ ਸੀ। ਇਸ ਕਾਰ ਦੀ ਸਭ ਤੋਂ ਖ਼ਾਸ ਗੱਲ ਇਹ ਸੀ ਕਿ ਇਹ ਭਾਰਤੀ ਸੜਕਾਂ ਦੇ ਅਨੁਸਾਰ ਬਣਾਈ ਗਈ ਸੀ, ਜੋ ਖੱਡਿਆਂ ਵਾਲਿਆਂ ਸੜਕਾਂ ’ਤੇ ਵੀ ਬੜੇ ਆਰਾਮ ਨਾਲ ਚਲਾਈ ਜਾ ਸਕਦੀ ਸੀ। ਹਿੰਦੁਸਤਾਨ ਮੋਟਰਜ਼ ਦੀ ਇਹੀ ਉਹ ਕਾਰ ਸੀ, ਜਿਸ ਦੇ ਜ਼ਰੀਏ ਕੰਪਨੀ ਨੇ ਇੰਡਸਟਰੀ ਵਿਚ ਆਪਣੀ ਪੈਂਠ ਮਜ਼ਬੂਤ ਕਰ ਲਈ। ਇਸ ਕਾਰ ਦੀ ਇਕ ਹੋਰ ਖ਼ਾਸ ਗੱਲ ਇਹ ਵੀ ਸੀ ਕਿ ਜੇਕਰ ਇਹ ਕਾਰ ਖ਼ਰਾਬ ਹੋ ਜਾਂਦੀ ਤਾਂ ਕੋਈ ਨੌਸਿਖੀਆ ਮੈਕੇਨਿਕ ਵੀ ਇਸ ਨੂੰ ਆਸਾਨੀ ਨਾਲ ਠੀਕ ਕਰ ਸਕਦਾ ਸੀ।
ਅੰਬੈਸਡਰ ਹੀ ਭਾਰਤ ਦੀ ਪਹਿਲੀ ਡੀਜ਼ਲ ਕਾਰ ਸੀ ਅਤੇ ਉਦੋਂ ਇਸ ਨੂੰ ਕਿੰਗ ਆਫ਼ ਇੰਡੀਅਨ ਰੋਡਜ਼ ਵੀ ਕਿਹਾ ਜਾਂਦਾ ਸੀ। ਅੰਬੈਸਡਰ ਅਜਿਹੀ ਕਾਰ ਬਣੀ ਜਿਸ ਨੂੰ ਮੱਧ ਵਰਗ ਦੇ ਲੋਕਾਂ ਨੇ ਵੀ ਖ਼ਰੀਦਿਆ। ਉਸ ਸਮੇਂ ਕਾਰ ਨੂੰ ਅਮੀਰੀ ਅਤੇ ਆਪਣੀ ਸ਼ਾਨੋ ਸ਼ੌਕਤ ਦਿਖਾਉਣ ਦੀ ਚੀਜ਼ ਵੀ ਸਮਝਿਆ ਜਾਂਦਾ ਸੀ। ਜਿੱਥੇ ਅੰਬੈਸਡਰ ਕਾਰ ਟੈਕਸੀ ਚਾਲਕਾਂ ਦੀ ਵੀ ਪਹਿਲੀ ਪਸੰਦ ਬਣ ਗਈ ਸੀ, ਉਥੇ ਹੀ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਵੱਡੇ ਅਫ਼ਸਰਾਂ ਲਈ ਵੀ ਅੰਬੈਸਡਰ ਕਾਰ ਤਾਕਤ ਦਾ ਪ੍ਰਤੀਕ ਸੀ। ਆਓ ਅੰਬੈਸਡਰ ਕਾਰ ਨਾਲ ਜੁੜਿਆ ਇਕ ਕਿੱਸਾ ਤੁਹਾਡੇ ਨਾਲ ਸਾਂਝਾ ਕਰਦੇ ਆਂ।
ਇਹ ਕਿੱਸਾ ਉਸ ਸਮੇਂ ਦਾ ਹੈ, ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਦੇ ਪ੍ਰਧਾਨ ਮੰਤਰੀ ਹੋਇਆ ਕਰਦੇ ਸੀ ਅਤੇ ਉਹ ਆਪਣੀ ਰੋਜ਼ਾਨਾ ਦੀ ਯਾਤਰਾ ਭਾਰਤੀ ਗੱਡੀਆਂ ਰਾਹੀਂ ਹੀ ਕਰਦੇ ਸਨ ਪਰ ਜਦੋਂ ਕੋਈ ਵਿਦੇਸ਼ੀ ਮਹਿਮਾਨ ਆਉਂਦਾ ਸੀ ਤਾਂ ਉਹ ਆਪਣੀ ਕੈਡਿਲੈਕ ਗੱਡੀ ਵਿਚ ਲੈਣ ਲਈ ਜਾਂਦੇ ਸਨ, ਇਹ ਸਭ ਕੁੱਝ ਦੇਖ ਕੇ ਜਦੋਂ ਤਤਕਾਲੀਨ ਗ੍ਰਹਿ ਮੰਤਰੀ ਲਾਲ ਬਹਾਦੁਰ ਸਾਸ਼ਤਰੀ ਨੇ ਨਹਿਰੂ ਜੀ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਆਖਿਆ ‘‘ਮੈਂ ਵਿਦੇਸ਼ੀ ਮਹਿਮਾਨਾਂ ਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਭਾਰਤ ਦਾ ਪ੍ਰਧਾਨ ਮੰਤਰੀ ਵੀ ਕੈਡਿਲੈਕ ਵਿਚ ਘੁੰਮ ਸਕਦਾ ਹੈ।’’
ਅੰਬੈਸਡਰ ਕਾਰ ਉਸ ਦੌਰ ਦੀ ਸਭ ਤੋਂ ਪਿਆਰੀ ਕਾਰ ਸੀ ਅਤੇ ਇਸ ਕਾਰ ਨੂੰ ਪਿਆਰ ਨਾਲ ਐਂਬੀ ਵੀ ਕਿਹਾ ਜਾਂਦਾ ਸੀ। ਇਸ ਕਾਰ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਏ ਕਿ ਉਸ ਸਮੇਂ ਭਾਰਤ ਵਿਚ ਵਿਕਣ ਵਾਲੀਆਂ ਕੁੱਲ ਕਾਰਾਂ ਵਿਚ 70 ਫ਼ੀਸਦੀ ਅੰਬੈਸਡਰ ਹੀ ਹੋਇਆ ਕਰਦੀ ਸੀ ਅਤੇ ਇਸ ਵਿਚ ਵੱਡਾ ਹਿੱਸਾ ਸਰਕਾਰੀ ਆਰਡਰ ਦਾ ਹੁੰਦਾ ਸੀ ਕਿਉਂਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਮੰਤਰੀ ਅਤੇ ਨੌਕਰਸ਼ਾਹ ਅੰਬੈਸਡਰ ਕਾਰ ਰਾਹੀਂ ਯਾਤਰਾ ਕਰਨਾ ਪਸੰਦ ਕਰਦੇ ਸੀ। ਸਾਲ 1983 ਤੱਕ ਅੰਬੈਸਡਰ ਨੇ ਭਾਰਤੀ ਕਾਰ ਬਜ਼ਾਰ ’ਤੇ ਪੂਰਾ ਡਟ ਕੇ ਰਾਜ ਕੀਤਾ, ਫਿਰ 1983 ਵਿਚ ਮਾਰੂਤੀ-800 ਲਾਂਚ ਹੋਈ, ਜਿਸ ਨੇ ਲੋਕਾਂ ਵਿਚ ਤਾਂ ਭਾਵੇਂ ਅੰਬੈਸਡਰ ਦਾ ਕਰੇਜ਼ ਘਟਾ ਦਿੱਤਾ ਸੀ ਪਰ ਨੇਤਾਵਾਂ ਅਤੇ ਮੰਤਰੀਆਂ ਦੀ ਪਸੰਦ ਫਿਰ ਅੰਬੈਸਡਰ ਹੀ ਬਣੀ ਰਹੀ।
ਸਾਲ 2003 ਵਿਚ ਅਟਲ ਬਿਹਾਰੀ ਵਾਜਪਾਈ ਉਹ ਪਹਿਲੇ ਪ੍ਰਧਾਨ ਮੰਤਰੀ ਬਣੇ, ਜਿਨ੍ਹਾਂ ਨੇ ਅੰਬੈਸਡਰ ਕਾਰ ਦੀ ਬਜਾਏ ਬੀਐਮਡਬਲਯੂ ਰਾਹੀਂ ਸਫ਼ਰ ਕਰਨਾ ਸ਼ੁਰੂ ਕੀਤਾ। ਸਾਲ 2001 ਵਿਚ ਸੰਸਦ ’ਤੇ ਹੋਏ ਹਮਲੇ ਮਗਰੋਂ ਸੁਰੱਖਿਆ ਕਾਰਨਾਂ ਕਰਕੇ ਅੰਬੈਸਡਰ ਗੱਡੀ ਨੂੰ ਪ੍ਰਧਾਨ ਮੰਤਰੀ ਦੇ ਕਾਫ਼ਲੇ ਤੋਂ ਹਟਾ ਦਿੱਤਾ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਅੰਬੈਸਡਰ ਟੈਕਸੀ ਚਾਲਕਾਂ ਦੀ ਹਰਮਨ ਪਿਆਰੀ ਬਣੀ ਰਹੀ ਜੋ ਕਾਲੇ ਅਤੇ ਪੀਲੇ ਰੰਗ ਵਿਚ ਹੁੰਦੀ ਸੀ। ਸਾਲ 2013 ਵਿਚ ਗਲੋਬਲ ਆਟੋਮੋਟਿਵ ਪ੍ਰੋਗਰਾਮ ਵਿਚ ਅੰਬੈਸਡਰ ਕਾਰ ਨੂੰ ਦੁਨੀਆ ਦੀ ਸਭ ਤੋਂ ਬਿਹਤਰੀਨ ਟੈਕਸੀ ਦਾ ਦਰਜਾ ਹਾਸਲ ਹੋਇਆ। ਇਸ ਕਾਰ ਦਾ ਡਿਜ਼ਾਇਨ ਇੰਨਾ ਆਈਕੌਨਿਕ ਸੀ ਕਿ 60 ਸਾਲਾਂ ਦੇ ਲੰਬੇ ਵਕਫ਼ੇ ਵਿਚ ਇਸ ਕਾਰ ਦੇ ਨੈਣ ਨਕਸ਼ਾਂ ਵਿਚ ਜ਼ਰ੍ਹਾ ਵੀ ਬਦਲਾਅ ਨਹੀਂ ਕੀਤਾ ਗਿਆ, ਜਾਂ ਇਹ ਕਹਿ ਲਓ ਕਿ ਕੰਪਨੀ ਖ਼ੁਦ ਨੂੰ ਸਮੇਂ ਦੇ ਨਾਲ ਬਦਲ ਨਹੀਂ ਸਕੀ, ਜਿਸ ਦਾ ਨਤੀਜਾ ਇਹ ਹੋਇਆ ਕਿ ਵਧਦੀ ਮੁਕਾਬਲੇਬਾਜ਼ੀ ਦੇ ਚਲਦਿਆਂ ਸਾਲ 2014 ਵਿਚ ਕੰਪਨੀ ਨੇ ਇਸ ਕਾਰ ਨੂੰ ਬਣਾਉਣਾ ਬੰਦ ਕਰ ਦਿੱਤਾ। ਫਰਵਰੀ 2017 ਵਿਚ ਹਿੰਦੁਸਤਾਨ ਮੋਟਰਜ਼ ਨੇ ‘ਅੰਬੈਸਡਰ’ ਬ੍ਰਾਂਡ ਨਾਲ ਜੁੜੇ ਸਾਰੇ ਅਧਿਕਾਰ ਫਰਾਂਸ ਦੀ ਇਕ ਕੰਪਨੀ ਨੂੰ ‘ਪਿਊਜ਼ੋ’ ਨੂੰ 80 ਕਰੋੜ ਰੁਪਏ ਵਿਚ ਵੇਚ ਦਿੱਤੇ। ਹੁਣ ਖ਼ਬਰਾਂ ਇਹ ਆ ਰਹੀਆਂ ਹਨ ਕਿ ਪਿਊਜ਼ੋ ਕੰਪਨੀ ਇਕ ਵਾਰ ਫਿਰ ਤੋਂ ਅੰਬੈਸਡਰ ਕਾਰ ਨੂੰ ਭਾਰਤ ਵਿਚ ਲਾਂਚ ਕਰਨ ਦਾ ਪ੍ਰੋਗਰਾਮ ਬਣਾ ਰਹੀ ਐ, ਜਿਸ ਨੂੰ ਦੇਖਦਿਆਂ ਇੰਝ ਜਾਪਦਾ ਏ ਕਿ ਅੰਬੈਸਡਰ ਆਪਣੇ ਨਵੇਂ ਰੂਪ ਵਿਚ ਸਾਨੂੰ ਜਲਦ ਹੀ ਸੜਕਾਂ ’ਤੇ ਦੌੜਦੀ ਨਜ਼ਰ ਆ ਸਕਦੀ ਐ।
ਰਿਪੋਰਟ- ਸ਼ਾਹ