ਜੱਗ ਜੰਕਸ਼ਨ ਰੇਲਾਂ ਦਾ-2
ਪਾਰਸ 28 ਜੂਨ 1916 ਨੂੰ ਨਾਨਕੇ ਪਿੰਡ ਮਹਿਰਾਜ `ਚ ਜੰਮਿਆ ਸੀ। ਮਹਿਰਾਜ ਉਦੋਂ ਜ਼ਿਲ੍ਹਾ ਫਿਰੋਜ਼ਪੁਰ ਵਿਚ ਸੀ ਹੁਣ ਬਠਿੰਡੇ `ਚ ਹੈ। ਉਹਦੀ ਮਾਤਾ ਰਾਮ ਕੌਰ ਸੀ ਤੇ ਪਿਤਾ ਤਾਰਾ ਸਿੰਘ। ਨਾਨਕਿਆਂ ਨੇ ਉਹਦਾ ਨਾਂ ਗਮਦੂਰ ਸਿੰਘ ਰੱਖਿਆ ਸੀ ਪਰ ਦਾਦਕਿਆਂ ਨੇ ਕਰਨੈਲ ਸਿੰਘ ਰੱਖ ਲਿਆ। ਉਦੋਂ ਉਹਦੇ ਮਾਪਿਆਂ ਨੂੰ ਕੀ ਪਤਾ ਸੀ ਕਿ ਉਹ ਫੌਜ […]
By : Editor (BS)
ਪਾਰਸ 28 ਜੂਨ 1916 ਨੂੰ ਨਾਨਕੇ ਪਿੰਡ ਮਹਿਰਾਜ 'ਚ ਜੰਮਿਆ ਸੀ। ਮਹਿਰਾਜ ਉਦੋਂ ਜ਼ਿਲ੍ਹਾ ਫਿਰੋਜ਼ਪੁਰ ਵਿਚ ਸੀ ਹੁਣ ਬਠਿੰਡੇ 'ਚ ਹੈ। ਉਹਦੀ ਮਾਤਾ ਰਾਮ ਕੌਰ ਸੀ ਤੇ ਪਿਤਾ ਤਾਰਾ ਸਿੰਘ। ਨਾਨਕਿਆਂ ਨੇ ਉਹਦਾ ਨਾਂ ਗਮਦੂਰ ਸਿੰਘ ਰੱਖਿਆ ਸੀ ਪਰ ਦਾਦਕਿਆਂ ਨੇ ਕਰਨੈਲ ਸਿੰਘ ਰੱਖ ਲਿਆ। ਉਦੋਂ ਉਹਦੇ ਮਾਪਿਆਂ ਨੂੰ ਕੀ ਪਤਾ ਸੀ ਕਿ ਉਹ ਫੌਜ ਦਾ ਕਰਨੈਲ ਨਹੀਂ, ਕਵੀਸ਼ਰੀ ਦਾ ਜਰਨੈਲ ਬਣੇਗਾ!
ਉਹਦੇ ਮਾਪੇ ਜੁਆਨੀ ਵਿਚ ਈ ਗ਼ੁਜ਼ਰ ਗਏ। ਯਤੀਮ ਬਾਲਕ ਨੂੰ ਅੰਤਾਂ ਦੇ ਮਾੜੇ ਦਿਨ ਵੇਖਣੇ ਪਏ। ਉਹਦੀਆਂ ਤਿੰਨ ਭੈਣਾਂ ਸਨ। ਨਿੱਕੇ ਹੁੰਦੇ ਦੇ ਸਿਰ ਹੀ ਕਬੀਲਦਾਰੀ ਦਾ ਭਾਰੀ ਬੋਝ ਪੈ ਗਿਆ। ਉਹ ਨਾ ਸਕੂਲ ਜਾ ਸਕਿਆ, ਨਾ ਬਚਪਨ ਦੀਆਂ ਖੇਡਾਂ ਖੇਡ ਸਕਿਆ।
ਉਹ ਦੱਸਦਾ ਹੁੰਦਾ ਸੀ, ਮੈਨੂੰ ਅਜੇ ਵੀ ਦੀਂਹਦੈ... ਛੱਪੜ ਕੋਲ ਇਕ ਡੇਰਾ ਹੈ। ਟਾਹਲੀ ਹੇਠਾਂ ਓਡ ਟੱਪਰੀਵਾਸ ਡੇਰਾ ਲਾਈ ਬੈਠੇ ਐ। ਉਨ੍ਹਾਂ ਦੇ ਖੂੰਖਾਰ ਕੁੱਤੇ ਸਿ਼ਕਾਰ ਸੁੰਘਦੇ ਫਿਰਦੇ ਐ। ਕੁਝ ਬਾਲ ਛੱਪੜ 'ਤੇ ਫੱਟੀਆਂ ਪੋਚ ਕੇ ਹਵਾ 'ਚ ਘੁਮਾਉਂਦੇ ਗਾਈ ਜਾਂਦੇ ਐ: ਸੂਰਜਾ-ਸੂਰਜਾ ਫੱਟੀ ਸੁਕਾ, ਨਹੀਂ ਸੁਕਾਉਣੀ ਤਾਂ ਘਰ ਨੂੰ ਜਾਹ...। ਉਨ੍ਹਾਂ ਤੋਂ ਥੋੜ੍ਹਾ ਹਟ ਕੇ ਇਕ ਬਾਲਕ ਖੜ੍ਹਾ ਹੈ। ਪੈਰੋਂ ਨੰਗਾ, ਤੇੜ ਕੱਛਾ, ਗਲ 'ਚ ਟੁੱਟੇ ਗੁਦਾਮਾਂ ਵਾਲਾ ਝੱਗਾ। ਉਹਦਾ ਵੀ ਜੀ ਕਰਦਾ ਹੈ ਉਹਦੇ ਹੱਥ ਵਿਚ ਫੱਟੀ ਹੋਵੇ। ਉਹ ਵੀ ਪੜ੍ਹੇ। ਉਹ ਵੀ ਫੱਟੀ ਲਿਖੇ ਤੇ ਪੋਚੇ। ਫਿਰ ਸੁਕਾਵੇ ਤੇ ਗਾਵੇ: ਸੂਰਜਾ-ਸੂਰਜਾ ਫੱਟੀ ਸੁਕਾ...।
ਉਹ ਦੱਸਦਾ ਸੀ, ਓਦੋਂ ਮੇਰੇ ਵੀ ਬਾਲ-ਮਨ ਵਿਚ ਓਡਾਂ ਦੇ ਕੁੱਤਿਆਂ ਵਰਗੀ ਬੇਚੈਨੀ ਸੀ। ਮੈਂ ਹਰ ਰੋਜ਼ ਛੱਪੜ ਵੱਲ ਜਾਣਾ ਤੇ ਬੱਚਿਆਂ ਵੱਲ ਵੇਖਦੇ ਰਹਿਣਾ। ਫੇਰ ਮੈਂ ਇਕ ਪੈਂਤੜਾ ਘੜਿਆ। ਨਿੱਕਿਆਂ ਮੁੰਡਿਆਂ ਨਾਲ ਯਾਰੀ ਪਾਈ। ਜਦੋਂ ਉਹ ਛੱਪੜ 'ਤੇ ਆਉਂਦੇ ਮੈਂ ਉਹਨਾਂ ਤੋਂ ੳ ਅ ਸਿੱਖਣ ਲੱਗ ਪਿਆ। ਉਹ ਜਿੰਨਾ ਕੁ ਦੱਸ ਜਾਂਦੇ ਮੈਂ ਯਾਦ ਕਰ ਲੈਂਦਾ। ਜਦੋਂ ਸਾਰੀ ਪੈਂਤੀ ਯਾਦ ਹੋ ਗਈ ਤਾਂ ਮੈਂ ਬਾਬਾ ਕ੍ਰਿਸ਼ਨਾ ਨੰਦ ਦੇ ਡੇਰੇ ਮਹੰਤ ਦੇ ਚਰਨਾਂ 'ਚ ਜਾ ਮੱਥਾ ਟੇਕਿਆ। ਉਹ ਧੂੜਕੋਟ ਦਾ ਨੇਤਰਹੀਣ ਮਹੰਤ ਸੀ। ਉਸ ਨੇ ਕਿਹਾ, ਇਕ ਰੁਪਈਆ ਮੱਥਾ ਟੇਕੇਂਗਾ ਤਾਂ ਪੰਜ ਪੌੜੀਆਂ ਦਾ ਸਬਕ ਦੇਊਂਗਾ। ਮੈਂ ਚਾਚੇ ਤੋਂ ਚੋਰੀਓਂ ਦਾਣੇ ਹੱਟੀ ਸਿੱਟੇ ਤੇ ਰੁਪਈਆ ਵੱਟ ਕੇ ਪੰਜ ਪੌੜੀਆਂ ਦਾ ਸਬਕ ਲੈ ਲਿਆ। ਫੇਰ ਤਿੰਨ ਘੰਟਿਆਂ 'ਚ ਈ ਜ਼ਬਾਨੀ ਯਾਦ ਕਰ ਕੇ ਜਾ ਸੁਣਾਇਆ ਕ੍ਰਿਸ਼ਨਾ ਨੰਦ ਨੂੰ। ਕ੍ਰਿਸ਼ਨਾ ਨੰਦ ਆਂਹਦਾ, ਜਾਹ ਤੇਰੀ ਪੜ੍ਹਾਈ ਪੂਰੀ ਹੋਗੀ। ਮੈਂ ਕਿਹਾ, ਮੈਨੂੰ ਪੰਜ ਪੌੜੀਆਂ ਦਾ ਸਬਕ ਹੋਰ ਦਿਓ। ਆਂਹਦਾ, ਏਨਾ ਹੀ ਹੁਕਮ ਹੈ। ਕੁਝ ਦਿਨਾਂ ਬਾਅਦ ਆਨਾ ਲੈ ਕੇ ਕ੍ਰਿਸ਼ਨਾ ਨੰਦ ਨੇ ਪੰਜ ਪੌੜੀਆਂ ਦਾ ਸਬਕ ਹੋਰ ਦਿੱਤਾ। ਮੈਂ ਉਹ ਵੀ ਯਾਦ ਕਰ ਲਿਆ। ਕ੍ਰਿਸ਼ਨਾ ਨੰਦ ਹੈਰਾਨ ਹੋਇਆ ਤੇ ਅਸ਼ੀਰਵਾਦ ਦਿੱਤੀ ‘ਤੂੰ ਤਾਂ ਪਾਰਸ ਹੈਂ!’ ਫੇਰ ਜਦੋਂ ਮੈਂ ਆਪ ਛੰਦ ਜੋੜਨ ਲੱਗ ਪਿਆ, ਤਾਂ ਆਪਣਾ ਨਾਂ ਕੈਲੇ ਤੋਂ ਕਰਨੈਲ ਸਿੰਘ ‘ਪਾਰਸ’ ਰੱਖ ਲਿਆ।
ਕਰਨੈਲ ਸਿੰਘ ਦੇ ਬਾਪ ਤੇ ਚਾਚੇ ਨੂੰ ਬਾਬੇ ਦੀ 36 ਘੁਮਾਂ ਜ਼ਮੀਨ ਮਿਲੀ ਸੀ। ਉਹਦਾ ਬਾਪ ਆਪਣੇ ਆਪ ਨੂੰ ਸਰਦਾਰਾਂ ਦਾ ‘ਕਾਕਾ’ ਸਮਝਣ ਲੱਗ ਪਿਆ ਤੇ ਵੈਲਾਂ 'ਚ ਪੈ ਗਿਆ। ਉਸ ਨੇ ਨਿੱਤ ਤੋਲਾ ਫੀਮ ਖਾਣੀ। ਘੁਮਾਂ ਘੁਮਾਂ ਕਰ ਕੇ ਸਾਰੀ ਜ਼ਮੀਨ ਗਹਿਣੇ ਧਰ ਦਿੱਤੀ। 1930 'ਚ ਉਹ 36 ਸਾਲ ਦੀ ਜੁਆਨ ਉਮਰੇ ਗੁਜ਼ਰ ਗਿਆ। ਦਸਾਂ ਮਹੀਨਿਆਂ ਮਗਰੋਂ ਮਾਂ ਵੀ ਬੱਚੇ ਵਿਲਕਦੇ ਛੱਡ ਕੇ ਪਰਲੋਕ ਜਾ ਸਿਧਾਰੀ। ਤਿੰਨ ਭੈਣਾਂ ਦਾ ਵੱਡਾ ਭਰਾ ਕੈਲਾ ਉਦੋਂ 14 ਸਾਲ 10 ਮਹੀਨਿਆਂ ਦਾ ਸੀ।
ਵੇਲੇ ਕੁਵੇਲੇ ਕੈਲੇ ਦੀ ਗੁਮਟੀ ਵਾਲੀ ਭੂਆ ਤੇ ਫੁੱਫੜ ਉਨ੍ਹਾਂ ਦਾ ਡੰਗ ਸਾਰਦੇ। ਇਕ ਵਾਰ ਫੁੱਫੜ ਨੇ ਛੋਲਿਆਂ ਦਾ ਬੀਜ ਵੇਚ ਕੇ ਤੇ ਭੂਆ ਨੇ ਕੰਨਾਂ ਦੀਆਂ ਡੰਡੀਆਂ ਗਹਿਣੇ ਧਰ ਕੇ ਭਤੀਜੇ ਨੂੰ ਪੈਸੇ ਦਿੱਤੇ ਤੇ ਉਹ ਜ਼ਮੀਨ ਦੇ ਮੁਕੱਦਮੇ ਵਾਸਤੇ ਵਕੀਲ ਦੀ 11 ਰੁਪਏ ਫੀਸ ਭਰ ਸਕਿਆ। ਬੁਰਾ ਹਾਲ ਸੀ ਤੇ ਬੌਂਕੇ ਦਿਹਾੜੇ। ਬਾਪ ਦੀ ਧਰੀ ਜ਼ਮੀਨ ਛਡਾਉਂਦਿਆਂ ਉਹਦੇ ਧੋਲ਼ੇ ਆ ਗਏ। ਆਖ਼ਰ ਉਹ ਬਾਰਾਂ ਕਿੱਲਿਆਂ ਦਾ ਮਾਲਕ ਬਣ ਗਿਆ। ਫਿਰ ਉਹਨਾਂ ਬਾਰਾਂ ਕਿੱਲਿਆਂ ਨੇ ਹੀ ਉਹਦੇ ਮਰਨ ਪਿੱਛੋਂ ਉਹਦੇ ਕਰੋੜਪਤੀ ਪੁੱਤਰਾਂ 'ਚ ਅਜਿਹਾ ਪਾਟਕ ਪਾਇਆ ਕਿ ਪਾਰਸ ਦਾ ਹੀ ਛੰਦ ਚੇਤੇ ਕਰ ਦਿੱਤਾ:
ਪੈਸੇ ਤੇ ਚੌਧਰ ਦੀ ਖ਼ਾਤਰ, ਹੋ ਕੇ ਕਹੀ ਕੁਹਾੜੇ
ਸਕੇ ਭਰਾਵਾਂ ਵਿਚ ਪੈ ਜਾਂਦੇ, ਸੌ ਸੌ ਕੋਹ ਦੇ ਪਾੜੇ
ਆਪਣਾ ਖ਼ੂਨ ਪਰਾਇਆ ਹੁੰਦਾ ਜਦ ਆਉਂਦੇ ਦਿਨ ਮਾੜੇ...
ਮੈਰਾਥਨ ਦਾ ਮਹਾਂਰਥੀ ਫੌਜਾ ਸਿੰਘ ਬਚਪਨ 'ਚ ਤੁਰ ਨਹੀਂ ਸੀ ਸਕਦਾ ਪਰ ਬੁਢਾਪੇ 'ਚ ਖ਼ੂਬ ਦੌੜਿਆ। ਕਰਨੈਲ ਸਿੰਘ ਬਚਪਨ 'ਚ ਦੌੜਦਾ ਰਿਹਾ ਪਰ ਬੁੱਢਵਾਰੇ ਤੁਰਨੋ ਰਹਿ ਗਿਆ। ਚੜ੍ਹਦੀ ਉਮਰੇ ਉਹਦਾ ਮੁਕਤਸਰ ਦਾ ਮੇਲਾ ਵੇਖਣ ਨੂੰ ਜੀਅ ਕੀਤਾ ਪਰ ਕਿਤੋਂ ਕਿਰਾਇਆ ਨਾ ਮਿਲਿਆ। ਹਾਰ ਕੇ ਉਹ ਘਰੋਂ ਭੱਜ ਪਿਆ। ਕਦੇ ਕਿਸੇ ਦੇ ਸਾਈਕਲ ਮਗਰ ਭੱਜਦਾ, ਕਦੇ ਕਿਸੇ ਦੇ ਟਾਂਗੇ ਮਗਰ ਦੌੜਦਾ, ਬਾਘੇ ਪੁਰਾਣੇ, ਕੋਟਕਪੂਰੇ, ਸਰਾਏਨਾਗਾ ਵਿਚ ਦੀ ਹੁੰਦਾ ਮੁਕਤਸਰ ਪਹੁੰਚ ਗਿਆ।
ਮੁਕਤਸਰ ਪਹੁੰਚ ਕੇ ਉਹ ਮੇਲਾ ਵੇਖਣ ਦੀ ਥਾਂ ਟੁੱਟੀ ਗੰਢੀ ਗੁਰਦੁਆਰਾ ਸਾਹਿਬ 'ਚ ਤਿੰਨ ਆਨੇ ਦਿਹਾੜੀ 'ਤੇ ਪਹਿਰਾ ਦੇਣ ਲੱਗ ਪਿਆ। ਉਹਦੀ ਡਿਊਟੀ ਸੰਗਤਾਂ ਨੂੰ ਇਸ਼ਨਾਨ ਕਰਨ ਸਮੇਂ ਤਲਾਅ 'ਚ ਤਾਰੀਆਂ ਲਾਉਣੋ ਰੋਕਣ ਲੱਗੀ। ਉਹਨੂੰ ਦੋ ਵਾਰ ਬਾਟੀ ਭਰਵਾਂ ਕੜਾਹ ਮਿਲਦਾ ਤੇ ਤਿੰਨ ਆਨੇ। ਰੋਟੀ ਉਹ ਲੰਗਰ 'ਚੋਂ ਖਾ ਲੈਂਦਾ। ਉਥੇ ਉਹਦਾ ਰੋਡਿਆਂ ਵਾਲੇ ਕਵੀਸ਼ਰ ਮੋਹਣ ਸਿੰਘ ਨਾਲ ਮੇਲ ਹੋ ਗਿਆ। ਉਸ ਨੇ, ਭਰ ਦੇ ਮਿਠਾਸ ਸ਼ਾਇਰਾਂ ਦੀ ਜ਼ਬਾਨ ਵਿਚ... ਕਵੀਸ਼ਰੀ ਸੁਣਾਈ ਤਾਂ ਮੋਹਣ ਸਿੰਘ ਨੇ ਉਹਨੂੰ ਆਪਣਾ ਸ਼ਗਿਰਦ ਬਣਾ ਲਿਆ। ਛੇ ਸੱਤ ਵਰ੍ਹੇ ਉਹਦੇ ਜਥੇ 'ਚ ਰਿਹਾ। ਉਹ ਛੰਦ ਜੋੜਦਾ ਤੇ ਜਥੇ ਨਾਲ ਰਲ ਕੇ ਗਾਉਂਦਾ। ਜਥੇ ਨੂੰ ਇਕ ਅਖਾੜੇ ਦੇ ਦਸ ਰੁਪਏ ਮਿਲਦੇ। ਉਹਨਾਂ 'ਚੋਂ ਡੂਢ ਰੁਪਈਆ ਪਾਰਸ ਨੂੰ ਮਿਲ ਜਾਂਦਾ। ਉਸ ਨੇ ਡੇਰੇ ਦੇ ਮਹੰਤ ਤੋਂ ਗੁਰਮੁਖੀ ਦੇ ਅੱਖਰ ਤਾਂ ਸਿੱਖੇ ਹੀ ਸਨ, ਹਿੰਦੀ ਤੇ ਉਰਦੂ ਦੇ ਅੱਖਰ ਉਠਾਉਣੇ ਆਪਣੇ ਆਪ ਸਿੱਖਿਆ। ਕੁਝ ਸ਼ਬਦ ਅੰਗਰੇਜ਼ੀ ਦੇ ਵੀ ਕੰਠ ਕੀਤੇ।
ਰੋਡਿਆਂ ਵਾਲੇ ਜਥੇ ਨਾਲ ਲੱਗ ਕੇ ਉਹਦੀ ਭੱਲ ਬਣ ਗਈ। ਮੋਹਣ ਸਿੰਘ ਦੇ ਭਰਾ ਸੋਹਣ ਸਿੰਘ ਨਾਲ ਕਿਸੇ ਗੱਲੋਂ ਫਿੱਕ ਪਈ ਤਾਂ 1938 ਵਿਚ ਉਸ ਨੇ ਆਪਣਾ ਵੱਖਰਾ ਜਥਾ ਬਣਾ ਲਿਆ। ਉਹਦੇ ਨਾਲ ਰਣਜੀਤ ਸਿੰਘ ਸਿੱਧਵਾਂ ਤੇ ਚੰਦ ਸਿੰਘ ਜੰਡੀ ਰਲ ਗਏ। ਪਾਰਸ ਨੇ ਸਰੋਤਿਆਂ 'ਤੇ ਜਾਦੂਮਈ ਅਸਰ ਕਰਨ ਵਾਲੀ ਸ਼ਾਇਰੀ ਰਚੀ। ਜਥੇ ਨੇ ਕਵੀਸ਼ਰੀ ਕਰਨ ਦਾ ਰਿਆਜ਼ ਕੀਤਾ ਤੇ ਸ਼ਬਦਾਂ ਦੇ ਉਚਾਰਣ ਨੂੰ ਸ਼ੁਧਤਾ ਬਖਸ਼ੀ। ਸਿਖਿਆਦਾਇਕ ਤੇ ਮਨੋਰੰਜਕ ਟੋਟਕੇ ਘੜੇ। ਕਵੀਸ਼ਰੀ ਵਿਚ ਨਵੀਆਂ ਪਿਰਤਾਂ ਪਾਈਆਂ। ਤਰਕ ਨਾਲ ਠੇਠ ਬੋਲੀ ਵਿਚ ਦਲੀਲਾਂ ਦਿੱਤੀਆਂ ਤੇ ਕਵੀਸ਼ਰੀ ਕਰਨ ਦੇ ਨਾਲ ਖੇਤੀ ਵਾਹੀ ਦੇ ਵੀ ਜੋਤਰੇ ਲਾਏ। (ਚਲਦਾ)