ਹਮਾਸ ਵਲੋਂ ਧਮਕੀ : ਬੰਧਕਾਂ ਦੀ ਕਰ ਦੇਵਾਂਗੇ ਹੱਤਿਆ
ਤੇਲ ਅਵੀਵ, 11 ਦਸੰਬਰ, ਨਿਰਮਲ : ਹਮਾਸ ਨੇ ਬੰਧਕਾਂ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਹਮਾਸ ਨੇ ਐਤਵਾਰ ਨੂੰ ਕਿਹਾ ਕਿ ਸਾਡੀਆਂ ਮੰਗਾਂ ਪੂਰੀਆਂ ਹੋਣ ਤੱਕ ਇਕ ਵੀ ਬੰਧਕ ਨੂੰ ਜ਼ਿੰਦਾ ਵਾਪਸ ਨਹੀਂ ਕੀਤਾ ਜਾਵੇਗਾ। ਹਮਾਸ ਨੇ ਬੰਧਕਾਂ ਦੇ ਬਦਲੇ ਫਲਸਤੀਨੀ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਹੈ। 24 ਨਵੰਬਰ ਤੋਂ 1 ਦਸੰਬਰ ਤੱਕ ਚੱਲੀ […]
By : Editor Editor
ਤੇਲ ਅਵੀਵ, 11 ਦਸੰਬਰ, ਨਿਰਮਲ : ਹਮਾਸ ਨੇ ਬੰਧਕਾਂ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਹਮਾਸ ਨੇ ਐਤਵਾਰ ਨੂੰ ਕਿਹਾ ਕਿ ਸਾਡੀਆਂ ਮੰਗਾਂ ਪੂਰੀਆਂ ਹੋਣ ਤੱਕ ਇਕ ਵੀ ਬੰਧਕ ਨੂੰ ਜ਼ਿੰਦਾ ਵਾਪਸ ਨਹੀਂ ਕੀਤਾ ਜਾਵੇਗਾ।
ਹਮਾਸ ਨੇ ਬੰਧਕਾਂ ਦੇ ਬਦਲੇ ਫਲਸਤੀਨੀ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਹੈ। 24 ਨਵੰਬਰ ਤੋਂ 1 ਦਸੰਬਰ ਤੱਕ ਚੱਲੀ ਜੰਗਬੰਦੀ ਵਿੱਚ 240 ਫਲਸਤੀਨੀ ਕੈਦੀਆਂ ਦੇ ਬਦਲੇ 105 ਬੰਧਕਾਂ ਨੂੰ ਰਿਹਾਅ ਕੀਤਾ ਗਿਆ ਸੀ। ਹਮਾਸ ਦੀ ਕੈਦ ਵਿਚ ਅਜੇ ਵੀ 137 ਬੰਧਕ ਹਨ।
ਇਸ ਦੇ ਨਾਲ ਹੀ ਅਲ ਜਜ਼ੀਰਾ ਮੁਤਾਬਕ 24 ਘੰਟਿਆਂ ’ਚ ਇਜ਼ਰਾਇਲੀ ਹਮਲਿਆਂ ’ਚ 300 ਫਲਸਤੀਨੀ ਮਾਰੇ ਗਏ ਹਨ। 7 ਅਕਤੂਬਰ ਤੋਂ ਸ਼ੁਰੂ ਹੋਈ ਇਜ਼ਰਾਇਲ-ਹਮਾਸ ਜੰਗ ਵਿੱਚ ਹੁਣ ਤੱਕ ਗਾਜ਼ਾ ਦੇ 18 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਇਸ ਜੰਗ ’ਚ ਹੁਣ ਤੱਕ ਹਮਾਸ ਦੇ 7 ਹਜ਼ਾਰ ਅੱਤਵਾਦੀ ਮਾਰੇ ਜਾ ਚੁੱਕੇ ਹਨ।
ਸੀਐਨਐਨ ਮੁਤਾਬਕ ਇਜ਼ਰਾਈਲ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਤਜ਼ਾਚੀ ਹਾਨੇਗਬੀ ਨੇ ਕਿਹਾ ਕਿ ਇੱਕ ਅੰਦਾਜ਼ੇ ਮੁਤਾਬਕ 7 ਅਕਤੂਬਰ ਤੋਂ ਗਾਜ਼ਾ ਵਿੱਚ ਮਾਰੇ ਗਏ ਘੱਟੋ-ਘੱਟ 7 ਹਜ਼ਾਰ ਲੋਕ ਹਮਾਸ ਦੇ ਅੱਤਵਾਦੀ ਸਨ। ਇਸ ਦੇ ਨਾਲ ਹੀ ਇਜ਼ਰਾਇਲੀ ਫੌਜ ਨੇ ਪਿਛਲੇ 24 ਘੰਟਿਆਂ ’ਚ ਹਮਾਸ ਦੇ 240 ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ।
ਉੱਤਰੀ ਗਾਜ਼ਾ ਤੋਂ ਬਾਅਦ ਇਜ਼ਰਾਇਲੀ ਫੌਜ ਦੱਖਣੀ ਗਾਜ਼ਾ ’ਤੇ ਲਗਾਤਾਰ ਹਮਲੇ ਕਰ ਰਹੀ ਹੈ। ਖਾਨ ਯੂਨਿਸ ’ਚ ਲੋਕ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਚਾ ਰਹੇ ਹਨ।
ਨੇਤਨਯਾਹੂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਗਾਜ਼ਾ ਵਿੱਚ ਅੱਤਵਾਦੀਆਂ ਨੇ ਆਤਮ ਸਮਰਪਣ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਹਮਾਸ ਲਈ ਅੰਤ ਦੀ ਸ਼ੁਰੂਆਤ ਹੈ। ਹਮਾਸ ਗਾਜ਼ਾ ’ਤੇ ਕੰਟਰੋਲ ਗੁਆ ਰਿਹਾ ਹੈ। ਉਨ੍ਹਾਂ ਕਿਹਾ-ਹਮਾਸ ਦੇ ਅੱਤਵਾਦੀਆਂ ਨੂੰ ਹਥਿਆਰ ਸੁੱਟਣੇ ਚਾਹੀਦੇ ਹਨ ਅਤੇ ਯੁੱਧ ਖਤਮ ਕਰਨਾ ਚਾਹੀਦਾ ਹੈ। ਦਰਅਸਲ, ਗਾਜ਼ਾ ਵਿੱਚ ਸਮਰਪਣ ਕਰਨ ਵਾਲੇ ਫਲਸਤੀਨੀਆਂ ਦੀਆਂ ਫੋਟੋਆਂ-ਵੀਡੀਓ ਸਾਹਮਣੇ ਆ ਰਹੀਆਂ ਹਨ।
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਨੂੰ ਖਤਮ ਕਰਨ ਦਾ ਫੈਸਲਾ ਸਿਰਫ ਇਜ਼ਰਾਈਲ ਹੀ ਕਰ ਸਕਦਾ ਹੈ। ਅਮਰੀਕਾ ਸਿਰਫ ਤੇਲ ਅਵੀਵ ਨੂੰ ਸਲਾਹ ਦੇ ਸਕਦਾ ਹੈ।
ਦੂਜੇ ਪਾਸੇ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ.ਡੀ.ਐਫ.) ਨੇ ਕਿਹਾ ਹੈ ਕਿ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਗਾਜ਼ਾ ’ਚ ਹਮਾਸ ਦੇ ਕੁੱਲ 22 ਹਜ਼ਾਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਨ੍ਹਾਂ ਵਿੱਚੋਂ ਸਾਢੇ ਤਿੰਨ ਹਜ਼ਾਰ ਜੰਗਬੰਦੀ ਖ਼ਤਮ ਹੋਣ ਤੋਂ ਬਾਅਦ ਹੋਈ।
ਸੀਐਨਐਨ ਦੇ ਨਾਲ ਇੱਕ ਇੰਟਰਵਿਊ ਵਿੱਚ, ਬਲਿੰਕਨ ਨੇ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਬਾਰੇ ਬਹੁਤ ਕੁਝ ਕਹਿਣ ਤੋਂ ਬਚਿਆ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ਅਮਰੀਕਾ ਯੁੱਧ ਦੇ ਅੰਤ ਦਾ ਸਮਾਂ ਤੈਅ ਨਹੀਂ ਕਰ ਸਕਦਾ। ਇਹ ਸੱਚ ਹੈ ਕਿ ਅਸੀਂ ਇਜ਼ਰਾਈਲ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ। ਸਿਰਫ਼ ਇਜ਼ਰਾਈਲ ਹੀ ਅੰਤਿਮ ਫ਼ੈਸਲਾ ਲਵੇਗਾ।
ਇੱਕ ਸਵਾਲ ਦੇ ਜਵਾਬ ਵਿੱਚ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਇਜ਼ਰਾਈਲ ਦੇ ਇਰਾਦੇ ਗਲਤ ਨਹੀਂ ਹਨ। ਉਹ ਗਾਜ਼ਾ ਵਿੱਚ ਨਾਗਰਿਕਾਂ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ, ਨਤੀਜੇ ਹਮੇਸ਼ਾ ਸਾਡੀਆਂ ਉਮੀਦਾਂ ਅਨੁਸਾਰ ਨਹੀਂ ਆਉਂਦੇ। ਬਲਿੰਕਨ ਦਾ ਇਹ ਬਿਆਨ ਮਹੱਤਵਪੂਰਨ ਹੈ ਕਿਉਂਕਿ ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕੀ ਸਰਕਾਰ ਇਜ਼ਰਾਈਲ ’ਤੇ ਜ਼ਮੀਨੀ ਕਾਰਵਾਈ ਨੂੰ ਜਲਦੀ ਤੋਂ ਜਲਦੀ ਖਤਮ ਕਰਨ ਲਈ ਦਬਾਅ ਬਣਾ ਰਹੀ ਹੈ।