ਇਜ਼ਰਾਈਲ ਨੇ ਮੁਸਲਿਮ ਦੇਸ਼ਾਂ ਵਿੱਚ ਮੌਜੂਦ ਆਪਣੇ ਨਾਗਰਿਕਾਂ ਨੂੰ ਜਲਦ ਦੇਸ਼ ਛੱਡਣ ਲਈ ਕਿਹਾ
ਹਮਾਸ-ਇਜ਼ਰਾਈਲ ਜੰਗ ਰੋਕਣ ਲਈ 10 ਤੋਂ ਜ਼ਿਆਦਾ ਦੇਸ਼ਾਂ ਦੇ ਨੁਮਾਇੰਦਿਆਂ ਵਿਚਾਲੇ ਮੀਟਿੰਗ ਯੇਰੂਸ਼ਲਮ, 21 ਅਕਤੂਬਰ, ਨਿਰਮਲ : ਇਜ਼ਰਾਈਲ-ਹਮਾਸ ਜੰਗ ਦਾ ਅੱਜ 15ਵਾਂ ਦਿਨ ਹੈ। ਇਸ ਦੌਰਾਨ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ ਸਿਸੀ ਦੀ ਅਗਵਾਈ ਹੇਠ ਦੋਵਾਂ ਧਿਰਾਂ ਵਿਚਾਲੇ ਜੰਗਬੰਦੀ ਕਾਇਮ ਕਰਨ ਲਈ ਮੀਟਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਕਾਹਿਰਾ ’ਚ ਹੋ ਰਹੇ ਸੰਮੇਲਨ ’ਚ […]
By : Hamdard Tv Admin
ਹਮਾਸ-ਇਜ਼ਰਾਈਲ ਜੰਗ ਰੋਕਣ ਲਈ 10 ਤੋਂ ਜ਼ਿਆਦਾ ਦੇਸ਼ਾਂ ਦੇ ਨੁਮਾਇੰਦਿਆਂ ਵਿਚਾਲੇ ਮੀਟਿੰਗ
ਯੇਰੂਸ਼ਲਮ, 21 ਅਕਤੂਬਰ, ਨਿਰਮਲ : ਇਜ਼ਰਾਈਲ-ਹਮਾਸ ਜੰਗ ਦਾ ਅੱਜ 15ਵਾਂ ਦਿਨ ਹੈ। ਇਸ ਦੌਰਾਨ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ ਸਿਸੀ ਦੀ ਅਗਵਾਈ ਹੇਠ ਦੋਵਾਂ ਧਿਰਾਂ ਵਿਚਾਲੇ ਜੰਗਬੰਦੀ ਕਾਇਮ ਕਰਨ ਲਈ ਮੀਟਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਕਾਹਿਰਾ ’ਚ ਹੋ ਰਹੇ ਸੰਮੇਲਨ ’ਚ ਹਮਾਸ ਅਤੇ ਇਜ਼ਰਾਈਲ ਦਾ ਕੋਈ ਪ੍ਰਤੀਨਿਧੀ ਸ਼ਾਮਲ ਨਹੀਂ ਹੈ। ਇਸ ਸੰਮੇਲਨ ਵਿੱਚ ਕਤਰ, ਯੂਏਈ, ਇਟਲੀ, ਸਪੇਨ, ਗ੍ਰੀਸ, ਕੈਨੇਡਾ ਅਤੇ ਯੂਰਪੀਅਨ ਕੌਂਸਲ ਸਮੇਤ 10 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀ ਮੌਜੂਦ ਹਨ।
ਦੂਜੇ ਪਾਸੇ ਇਜ਼ਰਾਈਲ ਨੇ ਮਿਸਰ, ਜਾਰਡਨ ਅਤੇ ਮੋਰੱਕੋ ਸਮੇਤ ਮੁਸਲਿਮ ਦੇਸ਼ਾਂ ਵਿੱਚ ਮੌਜੂਦ ਆਪਣੇ ਨਾਗਰਿਕਾਂ ਨੂੰ ਜਲਦੀ ਤੋਂ ਜਲਦੀ ਦੇਸ਼ ਛੱਡਣ ਲਈ ਕਿਹਾ ਹੈ। ਇਜ਼ਰਾਈਲੀਆਂ ਨੂੰ ਵੀ ਇਨ੍ਹਾਂ ਦੇਸ਼ਾਂ ’ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਜ਼ਰਾਈਲ ਦੀ ਰਾਸ਼ਟਰੀ ਸੁਰੱਖਿਆ ਏਜੰਸੀ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਇਨ੍ਹਾਂ ਦੇਸ਼ਾਂ ’ਚ ਜੰਗ ਕਾਰਨ ਨਾਰਾਜ਼ ਲੋਕ ਇਜ਼ਰਾਇਲੀਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਇਸ ਦੇ ਨਾਲ ਹੀ ਹਮਾਸ ਦੇ ਹਮਲੇ ਤੋਂ ਬਾਅਦ ਮਿਸਰ ਅਤੇ ਗਾਜ਼ਾ ਦੇ ਵਿਚਕਾਰ ਰਫਾਹ ਬਾਰਡਰ ਪਹਿਲੀ ਵਾਰ ਖੁੱਲ੍ਹ ਗਿਆ ਹੈ। ਇਸ ਦੇ ਨਾਲ ਹੀ ਫਲਸਤੀਨੀਆਂ ਨੂੰ ਜ਼ਰੂਰੀ ਸਮਾਨ ਪਹੁੰਚਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਹੁਣ ਤੱਕ 20 ਟਰੱਕ ਜ਼ਰੂਰੀ ਸਾਮਾਨ ਲੈ ਕੇ ਗਾਜ਼ਾ ਪਹੁੰਚ ਚੁੱਕੇ ਹਨ।
ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਰਫਾਹ ਸਰਹੱਦ ਪਾਰ ਕਰਨ ਤੋਂ ਬਾਅਦ ਕਰੀਬ 200 ਟਰੱਕ 3 ਹਜ਼ਾਰ ਟਨ ਮਾਲ ਲੈ ਕੇ ਗਾਜ਼ਾ ਸਰਹੱਦ ’ਚ ਦਾਖਲ ਹੋਏ ਹਨ। ਇਸ ਦੌਰਾਨ ਉਮੀਦ ਕੀਤੀ ਜਾ ਰਹੀ ਹੈ ਕਿ ਵਿਦੇਸ਼ੀ ਨਾਗਰਿਕ ਗਾਜ਼ਾ ਛੱਡ ਕੇ ਮਿਸਰ ਚਲੇ ਜਾਣਗੇ।
ਗਾਜ਼ਾ ਸ਼ਹਿਰ ਦੇ ਅਲ-ਕੁਦਸ ਹਸਪਤਾਲ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਹਸਪਤਾਲ ਅਤੇ ਆਸਪਾਸ ਦੇ ਇਲਾਕਿਆਂ ’ਚ ਇਕ ਹਜ਼ਾਰ ਤੋਂ ਜ਼ਿਆਦਾ ਲੋਕ ਮੌਜੂਦ ਹਨ। ਹਸਪਤਾਲ ਪ੍ਰਸ਼ਾਸਨ ਨੇ ਇਸ ਨੂੰ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਜ਼ਰਾਇਲੀ ਹਮਲਿਆਂ ਨਾਲ ਬੇਘਰ ਹੋਏ ਲਗਭਗ 12 ਹਜ਼ਾਰ ਲੋਕ ਇੱਥੇ ਰਹਿ ਰਹੇ ਹਨ।