ਕੀ ਨੈਟਫਲਿਕਸ ਤੋਂ ਬੰਦ ਹੋ ਰਿਹਾ ਕਪਿਲ ਦਾ ਕਮੇਡੀ ਸ਼ੋਅ?
ਚੰਡੀਗੜ੍ਹ, 20 ਮਈ, (ਲੇਖਕ-ਪ੍ਰੋ. ਕੁਲਬੀਰ ਸਿੰਘ): ਟੈਲੀਵਿਜ਼ਨ ਉਦਯੋਗ ਵਿਚ ਬੜੀ ਤੇਜ਼ੀ ਨਾਲ ਬੜੇ ਵੱਡੇ ਬਦਲਾਅ ਵਾਪਰ ਰਹੇ ਹਨ। ਅਜੇ ਕੁਝ ਮਹੀਨੇ ਪਹਿਲਾਂ ਕਪਿਲ ਸ਼ਰਮਾ ਦਾ ਚਰਚਿਤ ਕਾਮੇਡੀ ਸ਼ੋਅ ਸੋਨੀ ਚੈਨਲ ਤੋਂ ਬੰਦ ਹੋ ਕੇ ਨੈਟਫਲਿਕਸ ਤੋਂ ਬੜੇ ਧੂਮ-ਧੜੱਕੇ ਨਾਲ ਆਰੰਭ ਹੋਇਆ ਸੀ। ਹੁਣ ਖ਼ਬਰ ਆਈ ਹੈ ਕਿ ਕੁਝ ਕੜੀਆਂ ਉਪਰੰਤ ਉਸਦੀ ਸ਼ੂਟਿੰਗ ਰੋਕ ਦਿੱਤੀ ਗਈ […]
By : Editor Editor
ਚੰਡੀਗੜ੍ਹ, 20 ਮਈ, (ਲੇਖਕ-ਪ੍ਰੋ. ਕੁਲਬੀਰ ਸਿੰਘ): ਟੈਲੀਵਿਜ਼ਨ ਉਦਯੋਗ ਵਿਚ ਬੜੀ ਤੇਜ਼ੀ ਨਾਲ ਬੜੇ ਵੱਡੇ ਬਦਲਾਅ ਵਾਪਰ ਰਹੇ ਹਨ। ਅਜੇ ਕੁਝ ਮਹੀਨੇ ਪਹਿਲਾਂ ਕਪਿਲ ਸ਼ਰਮਾ ਦਾ ਚਰਚਿਤ ਕਾਮੇਡੀ ਸ਼ੋਅ ਸੋਨੀ ਚੈਨਲ ਤੋਂ ਬੰਦ ਹੋ ਕੇ ਨੈਟਫਲਿਕਸ ਤੋਂ ਬੜੇ ਧੂਮ-ਧੜੱਕੇ ਨਾਲ ਆਰੰਭ ਹੋਇਆ ਸੀ। ਹੁਣ ਖ਼ਬਰ ਆਈ ਹੈ ਕਿ ਕੁਝ ਕੜੀਆਂ ਉਪਰੰਤ ਉਸਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ ਕਿਉਂ ਕਿ ਨੈਟਫਲਿਕਸ ਨੂੰ ਉਮੀਦ ਅਨੁਸਾਰ ਦਰਸ਼ਕ ਨਹੀਂ ਮਿਲੇ ਹਨ। ਚੈਨਲਾਂ ਵਾਂਗ ਨੈਟਫਲਿਕਸ ਦਾ ਦਾਰੋਮਦਾਰ ਵੀ ਦਰਸ਼ਕ-ਗਿਣਤੀ ਉਪਰ ਹੈ। 30 ਮਾਰਚ ਨੂੰ ਨੈਟਫਲਿਕਸ ʼਤੇ ਆਰੰਭ ਹੋਇਆ ਇਹ ਸ਼ੋਅ ਦਰਸ਼ਕਾਂ ਨੂੰ ਪ੍ਰਭਾਵਤ ਨਹੀਂ ਕਰ ਸਕਿਆ ਅਤੇ ਹਰੇਕ ਸ਼ੋਅ ਦੀ ਟੀ ਆਰ ਪੀ ਡਿੱਗਦੀ ਗਈ। ਇੰਝ ਨੈਟਫਲਿਕਸ ਦੇ ਪਹਿਲੇ ਦਸ ਪ੍ਰੋਗਰਾਮਾਂ ਵਿਚੋਂ ਵੀ ਇਹ ਬਾਹਰ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਵਿਸ਼ਾ-ਸਮੱਗਰੀ ਸੰਬੰਧੀ ਸਮੱਸਿਆ ਹੈ। ਸੋਨੀ ਚੈਨਲ ʼਤੇ ਪ੍ਰੋਗਰਾਮ ਦੀ ਪੇਸ਼ਕਾਰੀ ਖੁਲ੍ਹੀ ਡੁਲ੍ਹੀ ਹੁੰਦੀ ਸੀ ਅਤੇ ਕਪਿਲ ਸ਼ਰਮਾ ਨੂੰ ਖੁਲ੍ਹ ਕੇ ਕੰਮ ਕਰਨ ਦਿੱਤਾ ਜਾਂਦਾ ਸੀ। ਇਹੀ ਦਰਸ਼ਕਾਂ ਨੂੰ ਪਸੰਦ ਆਉਂਦਾ ਸੀ। ਨੈਟਫਲਿਕਸ ʼਤੇ ਮਾਹੌਲ ਰਸਮੀ ਜਿਹਾ ਹੋ ਗਿਆ ਅਤੇ ਕਪਿਲ ਨੂੰ ਵੀ ਆਮ ਟੈਲੀਵਿਜ਼ਨ ਐਂਕਰਾਂ ਵਾਂਗ ਬੰਨ੍ਹ ਕੇ ਬਿਠਾ ਦਿੱਤਾ ਗਿਆ। ਨਤੀਜੇ ਵਜੋਂ ਇਸ ਸ਼ੋਅ ਦੀ ਰੂਹ ਗਾਇਬ ਹੋ ਗਈ ਅਤੇ ਇਹ ਹੋਰਨਾਂ ਟੈਲੀਵਿਜ਼ਨ ਇੰਟਰਵਿਊ ਵਾਂਗ ਸਵਾਲਾਂ ਜਵਾਬਾਂ ਤੱਕ ਸੀਮਤ ਹੋ ਗਿਆ।
ਪਹਿਲਾਂ ਨੈਟਫਲਿਕਸ ਨੇ ਇਸਨੂੰ ਤੁਰੰਤ ਬੰਦ ਕਰਨ ਦਾ ਮਨ ਬਣਾ ਲਿਆ ਸੀ ਪਰੰਤੂ ਤਾਜ਼ਾ ਖ਼ਬਰਾਂ ਅਨੁਸਾਰ ਇਸਦੀਆਂ 13 ਕੜੀਆਂ ਦਾ ਪ੍ਰਸਾਰਨ ਜ਼ਰੂਰ ਹੋਵੇਗਾ। 13 ਕੜੀਆਂ ਦੀ ਸ਼ੂਟਿੰਗ ਕਰਕੇ ਨੈਟਫਲਿਕਸ ਨੇ ਇਸ ਦਾ ਸੈੱਟ ਉਖਾੜ ਦਿੱਤਾ ਹੈ। ਇਸ ਸ਼ੋਅ ਦਾ ਦੂਸਰਾ ਰਾਊਂਡ 2024 ਦੇ ਅਖੀਰ ਵਿਚ ਹੋਵੇਗਾ ਜਾਂ ਨਹੀਂ ਇਸਦੀ ਘੋਸ਼ਨਾ ਬਾਅਦ ਵਿਚ ਕੀਤੀ ਜਾਵੇਗੀ। ਦਰਸ਼ਕਾਂ ਦਾ ਕਹਿਣਾ ਹੈ ਕਿ ਨੈਟਫਲਿਕਸ ʼਤੇ ਆਉਣ ਉਪਰੰਤ ਕਾਮੇਡੀ ਸ਼ੋਅ ਨਕਲੀ ਕਿਸਮ ਦਾ ਹੋ ਗਿਆ ਹੈ। ਉਹ ਰਸ, ਉਹ ਰੁਚੀ, ਉਹ ਆਨੰਦ, ਉਹ ਆਪ-ਮੁਹਾਰਾ ਹਾਸਾ ਮਨਫ਼ੀ ਹੋ ਗਿਆ ਹੈ। ਨਤੀਜੇ ਵਜੋਂ ਦਰਸ਼ਕ ਗਿਣਤੀ ਲਗਾਤਾਰ ਘੱਟਦੀ ਗਈ। ਅੰਕੜੇ ਦੱਸਦੇ ਹਨ ਕਿ ਲੰਮੀ ਉਡੀਕ ਬਾਅਦ ਜਦ ਸ਼ੋਅ ਨੈਟਫਲਿਕਸ ʼਤੇ ਸ਼ੁਰੂ ਹੋਇਆ ਤਾਂ ਪਹਿਲੀ ਕੜੀ ਨੂੰ 2.5 ਮਿਲੀਅਨ ਲੋਕਾਂ ਨੇ ਵੇਖਿਆ। ਦੂਸਰੀ ਕੜੀ ਦੇ ਪ੍ਰਸਾਰਨ ਸਮੇਂ ਦਰਸ਼ਕਾਂ ਦੀ ਗਿਣਤੀ 2.6 ਮਿਲੀਅਨ ਹੋ ਗਈ। ਪਰੰਤੂ ਤੀਸਰੀ ਕੜੀ ਸਮੇਂ ਇਹ ਗਿਣਤੀ ਇਕਦਮ ਘੱਟ ਕੇ 1.7 ਮਲਿੀਅਨ ਰਹਿ ਗਈ। ਜਿਹੜੀ ਚੌਥੀ ਕੜੀ ਤੱਕ ਪਹੁੰਚਦੇ 1.2 ਮਿਲੀਅਨ ʼਤੇ ਖਿਸਕ ਗਈ। ਇਥੇ ਆ ਕੇ ਸ਼ੋਅ ਨੈਟਫਲਿਕਸ ਦੇ ਉਪਰਲੇ ਦਸ ਪ੍ਰੋਗਰਾਮਾਂ ਦੀ ਸੂਚੀ ਵਿਚੋਂ ਬਾਹਰ ਹੋ ਗਿਆ।
ਛੇਵੇਂ ਹਫ਼ਤੇ ਦਰਸ਼ਕ-ਗਿਣਤੀ ਕੇਵਲ ਇਕ ਮਿਲੀਅਨ ਰਹਿ ਗਈ। ਪਹਿਲੀਆਂ ਦੋ ਕਿਸ਼ਤਾਂ ਤੋਂ ਬਾਅਦ ਦਰਸ਼ਕ-ਗਿਣਤੀ ਵਧਾਉਣ ਦੀ ਸਿਰ-ਤੋੜ ਕੋਸ਼ਿਸ਼ ਕੀਤੀ ਗਈ ਪਰੰਤੂ ਟੀਮ ਅਤੇ ਨੈਟਫਲਿਕਸ ਨੂੰ ਇਸ ਵਿਚ ਸਫ਼ਲਤਾ ਨਹੀਂ ਮਿਲੀ। ਇਹ ਅੰਕੜੇ ਨੈਟਫਲਿਕਸ ਦੇ ਆਪਣੇ ਡਾਟਾ ਦੇ ਹਨ।ਨੈਟਫਲਿਕਸ ਨੇ ਇਸ ਸ਼ੋਅ ਦੀ ਲੰਮਾ ਸਮਾਂ ਮਸ਼ਹੂਰੀ ਕੀਤੀ ਸੀ ਤਾਂ ਜੋ ਦੁਨੀਆਂ ਭਰ ਵਿਚੋਂ ਵੱਖ ਵੱਖ ਵਰਗ ਦੇ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ। ਸ਼ੋਅ ਨਾਲ ਜੋੜਿਆ ਜਾ ਸਕੇ ਪਰੰਤੂ ਸ਼ੋਅ ਨੈਟਫਲਿਕਸ ਅਤੇ ਦਰਸ਼ਕਾਂ ਦੀਆਂ ਉਮੀਦਾਂ ʼਤੇ ਪੂਰਾ ਨਹੀਂ ਉਤਰਿਆ।
ਇਹ ਵੀ ਨੋਟ ਕੀਤਾ ਗਿਆ ਕਿ ਉਪਰੋਕਤ ਅੰਕੜਿਆਂ ਵਿਚ ਦਰਸਾਏ ਗਏ ਦਰਸ਼ਕਾਂ ਵਿਚੋਂ ਬਹੁਤ ਸਾਰਿਆਂ ਨੇ ਸ਼ੋਅ ਆਰੰਭ ਤੋਂ ਅਖ਼ੀਰ ਤੱਕ ਨਹੀਂ ਵੇਖਿਆ। ਸ਼ੁਰੂ ਕਰਕੇ ਵਿਚਾਲੇ ਹੀ ਵੇਖਣਾ ਬੰਦ ਕਰ ਦਿੱਤਾ। ਦਰਅਸਲ ਆਪਣੀ ਅਲੱਗ ਕਿਸਮ ਦੀ ਵਿਸ਼ਾ-ਸਮੱਗਰੀ ਕਾਰਨ ਨੈਟਫਲਿਕਸ ਭਾਰਤ ਵਿਚ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਘੱਟ ਵੇਖਿਆ ਜਾਂਦਾ ਹੈ। ਇਸ ਘਾਟ ਨੂੰ ਦੂਰ ਕਰਨ ਲਈ ਹੀ ਨੈਟਫਲਿਕਸ ਕਪਿਲ ਸ਼ਰਮਾ ਦੇ ਸ਼ੋਅ ਨੂੰ ਲੈ ਕੇ ਆਇਆ ਸੀ। ਪਰੰਤੂ ਇਸ ਚਰਚਿਤ ਅਤੇ ਕਾਮਯਾਬ ਸ਼ੋਅ ਨਾਲ ਵੀ ਨੈਟਫਲਿਕਸ ਵੱਡੀ ਗਿਣਤੀ ਵਿਚ ਭਾਰਤੀ ਦਰਸ਼ਕਾਂ ਨੂੰ ਆਪਣੇ ਨਾਲ ਨਹੀਂ ਜੋੜ ਸਕਿਆ। ਹਾਲ ਦੀ ਘੜੀ ਇਸ ਦੇ ਕਾਰਨਾਂ ਬਾਰੇ ਘੋਖ ਕੀਤੀ ਜਾ ਰਹੀ ਹੈ। ਉਮੀਦ ਹੈ ਦਰਸ਼ਕਾਂ ਦੀਆਂ ਉਮੀਦਾਂ ਅਨੁਸਾਰ ਅਦਲ ਬਦਲ ਕਰਕੇ ਸ਼ੋਅ ਦੂਸਰਾ ਸੀਜ਼ਨ ਲੈ ਕੇ ਵਾਪਿਸ ਪਰਤੇਗਾ। ਸੈੱਟ ਵਿਚ, ਪਾਤਰਾਂ ਵਿਚ ਤਬਦੀਲੀਆਂ ਕਰਕੇ ਨੈਟਫਲਿਕਸ ਨੇ 192 ਦੇਸ਼ਾਂ ਵਿਚ ਇਸਦਾ ਪ੍ਰਸਾਰਨ ਆਰੰਭ ਕੀਤਾ। ਕਪਿਲ ਸ਼ਰਮਾ ਦਾ ਕਹਿਣਾ ਹੈ ਕਿ "ਜੇਕਰ ਕੋਈ ਚੀਜ਼ ਪੂਰੇ ਪਰਵਿਾਰ ਲਈ ਫਿੱਟ ਹੈ ਤਾਂ ਉਹ ਇੰਡੀਆ ਵਿਚ ਹਿੱਟ ਹੈ।" ਪਰੰਤੂ ਇਸ ਵਾਰ ਅਜਿਹਾ ਨਹੀਂ ਹੋਇਆ ਕਿਉਂ ਕਿ ਭਾਰਤ ਪਿੰਡਾਂ ਵਿਚ ਵੱਸਦਾ ਹੈ ਅਤੇ ਸ਼ੋਅ ਦਾ ਸ਼ਹਿਰੀਕਰਨ ਕਰ ਦਿੱਤਾ ਗਿਆ ਹੈ। ਪਿੰਡਾਂ ਦੇ ਬਹੁਗਿਣਤੀ ਲੋਕ ਹਾਲ ਦੀ ਘੜੀ ਨੈਟਫਲਿਕਸ ਦੇ ਆਦਿ ਨਹੀਂ ਹਨ।