ਸ਼ਹੀਦਾਂ ਬਾਰੇ ਗ਼ਲਤ ਜਾਣਕਾਰੀ ਦੇ ਰਿਹਾ ਪੰਜਾਬ ਸਿੱਖਿਆ ਵਿਭਾਗ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਭਾਵੇਂ ਸ਼ਹੀਦਾਂ ਨੂੰ ਵੱਡਾ ਮਾਣ ਸਨਮਾਨ ਦੇਣ ਦੀ ਗੱਲ ਕੀਤੀ ਜਾ ਰਹੀ ਐ ਪਰ ਦੂਜੇ ਪਾਸੇ ਵਿਦਿਆਰਥੀਆਂ ਨੂੰ ਸ਼ਹੀਦਾਂ ਨਾਲ ਸਬੰਧਤ ਗ਼ਲਤ ਜਾਣਕਾਰੀ ਪੜ੍ਹਾਈ ਜਾ ਰਹੀ ਐ। ਇਹ ਦਾਅਵਾ ਨੌਵੀਂ ਜਮਾਤ ਦੀ ਅੰਗਰੇਜ਼ੀ ਵਿਸ਼ੇ ਕਿਤਾਬ ਵਿਚ ਗ਼ਲਤੀ ਫੜਨ ਵਾਲੇ ਲੇਖਕ ਰਾਕੇਸ਼ ਕੁਮਾਰ ਵੱਲੋਂ ਕੀਤਾ ਜਾ ਰਿਹਾ ਏ। ਉਨ੍ਹਾਂ ਦਾ ਇਲਜ਼ਾਮ […]
![ਸ਼ਹੀਦਾਂ ਬਾਰੇ ਗ਼ਲਤ ਜਾਣਕਾਰੀ ਦੇ ਰਿਹਾ ਪੰਜਾਬ ਸਿੱਖਿਆ ਵਿਭਾਗ ਸ਼ਹੀਦਾਂ ਬਾਰੇ ਗ਼ਲਤ ਜਾਣਕਾਰੀ ਦੇ ਰਿਹਾ ਪੰਜਾਬ ਸਿੱਖਿਆ ਵਿਭਾਗ](https://hamdardmediagroup.com/wp-content/uploads/2023/08/web.jpg)
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਭਾਵੇਂ ਸ਼ਹੀਦਾਂ ਨੂੰ ਵੱਡਾ ਮਾਣ ਸਨਮਾਨ ਦੇਣ ਦੀ ਗੱਲ ਕੀਤੀ ਜਾ ਰਹੀ ਐ ਪਰ ਦੂਜੇ ਪਾਸੇ ਵਿਦਿਆਰਥੀਆਂ ਨੂੰ ਸ਼ਹੀਦਾਂ ਨਾਲ ਸਬੰਧਤ ਗ਼ਲਤ ਜਾਣਕਾਰੀ ਪੜ੍ਹਾਈ ਜਾ ਰਹੀ ਐ।
ਇਹ ਦਾਅਵਾ ਨੌਵੀਂ ਜਮਾਤ ਦੀ ਅੰਗਰੇਜ਼ੀ ਵਿਸ਼ੇ ਕਿਤਾਬ ਵਿਚ ਗ਼ਲਤੀ ਫੜਨ ਵਾਲੇ ਲੇਖਕ ਰਾਕੇਸ਼ ਕੁਮਾਰ ਵੱਲੋਂ ਕੀਤਾ ਜਾ ਰਿਹਾ ਏ। ਉਨ੍ਹਾਂ ਦਾ ਇਲਜ਼ਾਮ ਐ ਕਿ ਇਸ ਪਾਠ ਪੁਸਤਕ ਵਿਚ ਸ਼ਹੀਦ ਊਧਮ ਸਿੰਘ ਸਬੰਧੀ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਐ।
ਇਕ ਪਾਸੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸ਼ਹੀਦਾਂ ਨੂੰ ਮਾਣ ਸਨਮਾਨ ਦੇਣ ਦੀ ਗੱਲ ਕੀਤੀ ਜਾ ਰਹੀ ਐ, ਸਰਕਾਰੀ ਦਫ਼ਤਰਾਂ ਵਿਚ ਸ਼ਹੀਦਾਂ ਦੀਆਂ ਤਸਵੀਰਾਂ ਤੱਕ ਲਗਾਈਆਂ ਗਈਆਂ ਨੇ ਪਰ ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 9ਵੀਂ ਜਮਾਤ ਦੇ ਅੰਗਰੇਜ਼ੀ ਵਿਸ਼ੇ ਦੀ ਇਕ ਕਿਤਾਬ ਵਿਚ ਸ਼ਹੀਦ ਊਧਮ ਸਿੰਘ ਬਾਰੇ ਗ਼ਲਤ ਜਾਣਕਾਰੀ ਪ੍ਰਕਾਸ਼ਤ ਕੀਤੀ ਗਈ ਐ।
ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋਂ 9ਵੀਂ ਜਮਾਤ ਦੀ ਮੇਨ ਕੋਰਸ ਬੁੱਕ ਵਿਚ ਲਿਖੇ ਸ਼ਹੀਦ ਊਧਮ ਸਿੰਘ ਦੇ ਲੇਖ ’ਤੇ ਕਈ ਸਵਾਲ ਖੜ੍ਹੇ ਕੀਤੇ ਗਏ ਨੇ ਅਤੇ ਇਨ੍ਹਾਂ ਨੂੰ ਸੁਧਾਰਨ ਦੀ ਮੰਗ ਕੀਤੀ ਗਈ ਐ।
ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਆਖਿਆ ਕਿ ਉਹ 17 ਪੁਸਤਕਾਂ ਲਿਖ ਚੁੱਕੇ ਨੇ ਅਤੇ ਪੰਜ ਪੁਸਤਕਾਂ ਸ਼ਹੀਦ ਊਧਮ ਸਿੰਘ ਦੀ ਜੀਵਨੀ ’ਤੇ ਲਿਖੀਆਂ ਨੇ ਪਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੰਗਰੇਜ਼ੀ ਦੀ ਪੁਸਤਕ ਦੇ ਮੇਨ ਕੋਰਸ ਬੁੱਕ ਵਿਚ ਪੇਜ਼ ਨੰਬਰ 39-40 ’ਤੇ ਸ਼ਹੀਦ ਊਧਮ ਸਿੰਘ ਦੀ ਜੀਵਨੀ ਨਾਲ ਸਬੰਧਤ ਲੇਖ ਲਿਖਿਆ ਏ, ਜਿਸ ਵਿਚ ਕਈ ਗ਼ਲਤੀਆ ਨੇ, ਜਿਸ ਨਾਲ ਬੱਚੇ ਸ਼ਹੀਦ ਨਾਲ ਜੁੜੀ ਗ਼ਲਤ ਜਾਣਕਾਰੀ ਹਾਸਲ ਕਰ ਰਹੇ ਨੇ।
ਸ਼ਹੀਦ ਊਧਮ ਸਿੰਘ ਨੂੰ 31 ਜੁਲਾਈ 1940 ਨੂੰ ਫਾਂਸੀ ਦਿੱਤੀ ਗਈ ਸੀ, ਜਦਕਿ ਲੇਖ ਵਿਚ ਲਿਖਿਆ ਏ ਕਿ 30 ਜੁਲਾਈ ਨੂੰ ਫਾਂਸੀ ਦਿੱਤੀ ਗਈ ਸੀ। ਇਸ ਦੇ ਨਾਲ ਹੀ ਪਾਠ ਪੁਸਤਕ ਦੇ ਲੇਖ ਵਿਚ ਲਿਖਿਆ ਹੋਇਐ ਕਿ ਸ਼ਹੀਦ ਦਾ ਜਨਮ 26 ਦਸੰਬਰ 1899 ਨੂੰ ਹੋਇਆ ਸੀ, ਜਦਕਿ ਉਨ੍ਹਾਂ ਦਾ ਜ ਨਮ 18 ਦਸੰਬਰ 1899 ਨੂੰ ਹੋਇਆ ਸੀ। ਸ਼ਹੀਦ ਊਧਮ ਸਿੰਘ ਦੇ ਪੰਜ ਵਾਰ ਜੇਲ੍ਹ ਜਾਣ ਦੀ ਗੱਲ ਵੀ ਗ਼ਲਤ ਐ ਜਦਕਿ ਉਹ ਅਸਲ ਵਿਚ ਦੋ ਵਾਰ ਜੇਲ੍ਹ ਗਏ ਸੀ।
ਲੇਖ ਵਿਚ ਲਿਖਿਆ ਗਿਆ ਏ ਕਿ ਊਧਮ ਸਿੰਘ 1937 ਵਿਚ ਇੰਗਲੈਂਡ ਗਏ ਸੀ, ਜਦਕਿ ਹਕੀਕਤ ਵਿਚ ਉਹ ਸਾਲ 1934 ਵਿਚ ਇੰਗਲੈਂਡ ਗਏ ਸੀ। ਊਧਮ ਸਿੰਘ ਨੇ 21 ਸਾਲ ਬਾਅਦ ਬਦਲਾ ਲਿਆ ਸੀ, ਪਰ ਬਦਲੇ ਵਾਲੀ ਕੋਈ ਗੱਲ ਨਹੀਂ ਏ।
ਊਧਮ ਸਿੰਘ ਗਦਰ ਪਾਰਟੀ ਦਾ ਮੈਂਬਰ ਸੀ, ਇਸ ਗੱਲ ਦਾ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ। ਊਧਮ ਸਿੰਘ ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਦੋਸਤ ਸੀ, ਇਹ ਵੀ ਲੇਖ ਵਿਚ ਨਹੀਂ ਲਿਖਿਆ ਗਿਆ।
ਇੱਥੇ ਹੀ ਬਸ ਨਹੀਂ, ਇਸ ਤੋਂ ਇਲਾਵਾ ਲੇਖ ਵਿਚ ਛਪੀ ਊਧਮ ਸਿੰਘ ਤਸਵੀਰ ਅਸਲ ਤਸਵੀਰ ਨਾਲ ਨਹੀਂ ਮਿਲਦੀ। ਜਲਿ੍ਹਆ ਵਾਲਾ ਬਾਗ਼ ਹੱਤਿਆ ਕਾਂਡ ਦੇ ਲਈ ਅਸਲੀ ਦੋਸ਼ੀ ਬ੍ਰਿਗੇਡੀਅਰ ਜਨਰਲ ਡਾਇਰ ਸੀ, ਜਲਿ੍ਹਆਂ ਵਾਲਾ ਬਾਗ਼ ਦੀ ਘਟਨਾ ਤੋਂ ਬਾਅਦ ਬੈਠੇ ਹੰਟਰ ਕਮਿਸ਼ਨ ਅਤੇ ਆਰਮੀ ਕਾਊਂਸਲ ਨੇ ਡਾਇਰ ਨੂੰ ਹੀ ਦੋਸ਼ੀ ਠਹਿਰਾਇਆ ਸੀ। ਉਸੇ ਨੂੰ ਹੀ ਸਜ਼ਾ ਹੋਈ ਸੀ।
ਮਾਈਕਲ ਅਡਵਾਇਰ ਨੂੰ ਕਿਤੇ ਵੀ ਜਲਿ੍ਹਆਂ ਵਾਲਾ ਬਾਗ਼ ਦੀ ਘਟਨਾ ਨਾਲ ਸਬੰਧਤ ਦੋਸ਼ੀ ਨਹੀਂ ਠਹਿਰਾਇਆ ਗਿਆ ਸੀ ਜਦਕਿ ਇਸ ਲੇਖ ਵਿਚ ਮਾਈਕਲ ਅਡਵਾਇਰ ਨੂੰ ਦੋਸ਼ੀ ਠਹਿਰਾਇਆ ਗਿਆ ਏ ਜੋ ਗ਼ਲਤ ਐ।
ਮੰਚ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਆਖਿਆ ਕਿ ਲੇਖ ਵਿਚ ਸ਼ਹੀਦ ਦੀ ਜਨਮ ਤਰੀਕ, ਫਾਂਸੀ ਦੀ ਤਰੀਕ ਤੋਂ ਇਲਾਵਾ ਹੋਰ ਕਈ ਗਲਤੀਆਂ ਮੌਜੂਦ ਨੇ। ਉਨ੍ਹਾਂ ਆਖਿਆ ਕਿ ਹੈਰਾਨੀ ਦੀ ਗੱਲ ਐ ਕਿ ਵਿਭਾਗ ਵੱਲੋਂ ਲੰਬੇ ਸਮੇਂ ਤੋਂ ਬੱਚਿਆਂ ਨੂੰ ਸ਼ਹੀਦ ਬਾਰੇ ਗ਼ਲਤ ਜਾਣਕਾਰੀ ਦਿੱਤੀ ਜਾ ਰਹੀ ਐ।
ਮੰਚ ਨੇ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਚੇਅਰਮੈਨ ਸਿੱਖਿਆ ਬੋਰਡ ਨੂੰ ਚਿੱਠੀ ਲਿਖ ਕੇ ਇਨ੍ਹਾਂ ਗ਼ਲਤੀਆਂ ਨੂੰ ਤੁਰੰਤ ਸੁਧਾਰਨ ਦੀ ਮੰਗ ਕੀਤੀ ਐ। ਮੰਚ ਨੇ ਇਹ ਵੀ ਆਖਿਆ ਕਿ ਉਨ੍ਹਾਂ ਕੋਲ ਤੱਥਾਂ ਨਾਲ ਸਬੰਧਤ ਦਸਤਾਵੇਜ਼ ਮੌਜੂਦ ਨੇ, ਅਜਿਹੇ ਵਿਚ ਜਲਦ ਤੋਂ ਜਲਦ ਇਨ੍ਹਾਂ ਗ਼ਲਤੀਆਂ ਨੂੰ ਸੁਧਾਰਿਆ ਜਾਵੇ।
ਬਿਊਰੋ ਰਿਪੋਰਟ, ਹਮਦਰਦ ਟੀਵੀ