‘ਕੈਨੇਡਾ ਜਾ ਰਹੇ ਭਾਰਤੀ ਸੁਚੇਤ ਰਹਿਣ’, ਭਾਰਤ ਸਰਕਾਰ ਨੇ ਜਾਰੀ ਕੀਤੀ ਐਡਵਾਇਜ਼ਰੀ
ਨਵੀਂ ਦਿੱਲੀ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਮਗਰੋਂ ਭਾਰਤ ਸਰਕਾਰ ਨੇ ਵੀ ਆਪਣੇ ਨਾਗਰਿਕਾਂ ਨੂੰ ਟਰੈਵਲ ਐਡਵਾਇਜ਼ਰੀ ਜਾਰੀ ਕਰਦਿਆਂ ਕੈਨੇਡਾ ’ਚ ਵਿਚਰਦਿਆਂ ਸੁਚੇਤ ਰਹਿਣ ਦਾ ਸੁਝਾਅ ਦਿਤਾ ਹੈ। ਕੌਮਾਂਤਰੀ ਵਿਦਿਆਰਥੀਆਂ ਨੂੰ ਖਾਸ ਹਦਾਇਤ ਦਿਤੀ ਗਈ ਹੈ ਕਿ ਕੈਨੇਡਾ ਵਿਚ ਭਾਰਤ ਵਿਰੋਧੀ ਸਰਗਰਮੀਆਂ ਅਤੇ ਹਿੰਸਕ ਅਪਰਾਧ ਵਧ ਰਹੇ ਜਿਸ ਨੂੰ ਵੇਖਦਿਆਂ ਖਬਰਦਾਰ ਰਹਿਣਾ ਲਾਜ਼ਮੀ ਹੈ। […]
By : Hamdard Tv Admin
ਨਵੀਂ ਦਿੱਲੀ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਮਗਰੋਂ ਭਾਰਤ ਸਰਕਾਰ ਨੇ ਵੀ ਆਪਣੇ ਨਾਗਰਿਕਾਂ ਨੂੰ ਟਰੈਵਲ ਐਡਵਾਇਜ਼ਰੀ ਜਾਰੀ ਕਰਦਿਆਂ ਕੈਨੇਡਾ ’ਚ ਵਿਚਰਦਿਆਂ ਸੁਚੇਤ ਰਹਿਣ ਦਾ ਸੁਝਾਅ ਦਿਤਾ ਹੈ।
ਕੌਮਾਂਤਰੀ ਵਿਦਿਆਰਥੀਆਂ ਨੂੰ ਖਾਸ ਹਦਾਇਤ ਦਿਤੀ ਗਈ ਹੈ ਕਿ ਕੈਨੇਡਾ ਵਿਚ ਭਾਰਤ ਵਿਰੋਧੀ ਸਰਗਰਮੀਆਂ ਅਤੇ ਹਿੰਸਕ ਅਪਰਾਧ ਵਧ ਰਹੇ ਜਿਸ ਨੂੰ ਵੇਖਦਿਆਂ ਖਬਰਦਾਰ ਰਹਿਣਾ ਲਾਜ਼ਮੀ ਹੈ।
ਟਰੈਵਲ ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਹਾਲ ਹੀ ਵਿਚ ਭਾਰਤੀ ਡਿਪਲੋਮੈਟਸ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਜਦਕਿ ਭਾਰਤ ਵਿਰੋਧੀ ਏਜੰਡੇ ’ਤੇ ਇਤਰਾਜ਼ ਜ਼ਾਹਰ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਨੂੰ ਵੇਖਦਿਆਂ ਭਾਰਤੀ ਨਾਗਰਿਕਾਂ ਨੂੰ ਸੁਝਾਅ ਦਿਤਾ ਜਾਂਦਾ ਹੈ ਕਿ ਅਜਿਹੀਆਂ ਘਟਨਾਵਾਂ ਵਾਲੇ ਸ਼ਹਿਰਾਂ ਜਾਂ ਖਿਤਿਆਂ ਵੱਲ ਨਾ ਜਾਣ।
ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਯਾਤਰਾ ਸੁਝਾਵਾਂ ਮੁਤਾਬਕ ਸਾਡਾ ਹਾਈ ਕਮਿਸ਼ਨ ਲਗਾਤਾਰ ਕੈਨੇਡੀਅਨ ਅਧਿਕਾਰੀਆਂ ਦੇ ਸੰਪਰਕ ਵਿਚ ਹੈ ਤਾਂਕਿ ਕੈਨੇਡਾ ਵਿਚ ਭਾਰਤੀ ਕਮਿਊਨਿਟੀ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਭਾਰਤੀ ਵਿਦਿਆਰਥੀਆਂ ਨੂੰ ਸਭ ਤੋਂ ਜ਼ਿਆਦਾ ਸੁਚੇਤ ਰਹਿਣ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਜਾਂ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਜਾਂ ਵੈਨਕੂਵਰ ਸਥਿਤ ਕੌਂਸਲੇਟ ਵਿਚ ਆਪਣੇ ਨਾਂ ਦਰਜ ਕਰਵਾਉਣੇ ਚਾਹੀਦੇ ਹਨ।
ਰਜਿਸਟ੍ਰੇਸ਼ਨ ਰਾਹੀਂ ਕਿਸੇ ਐਮਰਜੰਸੀ ਦੀ ਸੂਰਤ ਵਿਚ ਭਾਰਤੀ ਹਾਈ ਕਮਿਸ਼ਨ ਵੱਲੋਂ ਉਨ੍ਹਾਂ ਨਾਲ ਸੰਪਰਕ ਕਾਇਮ ਕਰਨਾ ਸੌਖਾ ਹੋ ਜਾਵੇਗਾ। ਇਥੇ ਦਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਟਰੈਵਲ ਐਡਵਾਇਜ਼ਰੀ ਜਾਰੀ ਕਰਦਿਆਂ ਜੰਮੂ ਕਸ਼ਮੀਰ ਅਤੇ ਮਣੀਪੁਰ ਵਰਗੇ ਹਿੰਸਾ ਪ੍ਰਭਾਵਤ ਇਲਾਕਿਆਂ ਵੱਲ ਨਾ ਜਾਣ ਦੀ ਹਦਾਇਤ ਦਿਤੀ ਗਈ।
ਇਸ ਤੋਂ ਇਲਾਵਾ ਪਾਕਿਸਤਾਨ ਨਾਲ ਲਗਦੀ ਕੌਮਾਂਤਰੀ ਸਰਹੱਦ ਦੇ 10 ਕਿਲੋਮੀਟਰ ਦੇ ਘੇਰੇ ਤੋਂ ਦੂਰ ਰਹਿਣ ਦਾ ਸੁਝਾਅ ਵੀ ਦਿਤਾ ਗਿਆ।