IndiGo: ਇੰਡੀਗੋ ਨੇ ਜਾਣ ਬੁੱਝ ਕੇ ਖੁਦ ਪੈਦਾ ਕੀਤਾ ਸੰਕਟ, ਸਰਕਾਰ ਦੇ ਨਵੇਂ ਨਿਯਮਾਂ ਤੋਂ ਬਚਣ ਲਈ ਰਚਾਇਆ ਡਰਾਮਾ?
ਏਅਰਲਾਈਨ ਦੇ CEO ਅਤੇ COO ਨੂੰ ਕੀਤਾ ਜਾ ਸਕਦਾ ਹੈ ਤਲਬ

By : Annie Khokhar
Indigo Crisis: ਪੂਰੇ ਭਾਰਤ ਵਿੱਚ ਇਸ ਸਮੇਂ ਹਾਹਾਕਾਰ ਮਚੀ ਹੋਈ ਹੈ। ਜਦੋਂ ਤੋਂ ਇੰਡੀਗੋ ਸੰਕਟ ਹੋਇਆ ਹੈ, ਪੂਰਾ ਸਿਸਟਮ ਹਿੱਲ ਗਿਆ ਹੈ। ਪਰ ਅੱਜ ਸੱਤਵੇਂ ਦਿਨ ਵੀ ਇਸ ਸੰਕਟ ਦਾ ਕੋਈ ਹੱਲ ਨਜ਼ਰ ਨਹੀਂ ਆਉਣ ਲੱਗਾ। ਸਰਕਾਰ ਫੁੱਲ ਐਕਸ਼ਨ ਵਿਚ ਹੈ, ਪਰ ਬਾਵਜੂਦ ਇਸ ਦੇ ਕੋਈ ਵੀ ਰਸਤਾ ਨਜ਼ਰ ਨਹੀਂ ਆ ਰਿਹਾ। ਲੋਕ ਫਸੇ ਹੋਏ ਹਨ ਅਤੇ ਚਾਰੇ ਪਾਸੇ ਚੀਕ ਚਿਹਾੜਾ ਮਚਿਆ ਨਜ਼ਰ ਆ ਰਿਹਾ ਹੈ। ਸਰਕਾਰ ਨਵੇਂ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ (FDTL) ਨਿਯਮਾਂ ਨੂੰ ਲਾਗੂ ਕਰਨ ਵਿੱਚ ਇੰਡੀਗੋ ਦੀ ਕਥਿਤ ਲਾਪਰਵਾਹੀ ਦੀ ਜਾਂਚ ਕਰੇਗੀ।
ਇਹ ਦੋਸ਼ ਹੈ ਕਿ ਏਅਰਲਾਈਨ ਨੇ 1 ਨਵੰਬਰ ਤੋਂ ਲਾਗੂ ਹੋਏ ਨਿਯਮਾਂ ਦੀ ਤਿਆਰੀ ਕਰਨ ਦੀ ਥਾਈਂ ਛੋਟਾਂ ਅਤੇ ਢਿੱਲਾਂ ਮੰਗਣ ਵਿੱਚ ਹਫ਼ਤੇ ਬਿਤਾਏ। ਇੱਕ ਚਾਰ ਮੈਂਬਰੀ ਕਮੇਟੀ ਇਹ ਵੀ ਜਾਂਚ ਕਰੇਗੀ ਕਿ ਕੀ ਚਾਲਕ ਦਲ ਅਤੇ ਪਾਇਲਟ ਡਿਊਟੀ ਤੈਨਾਤੀਆਂ ਨਿਯਮਾਂ ਅਨੁਸਾਰ ਨਹੀਂ ਕੀਤੀਆਂ ਗਈਆਂ ਸਨ, ਜਿਸ ਕਾਰਨ ਦੇਸ਼ ਭਰ ਵਿੱਚ ਫਲਾਈਟਾਂ ਕੈਂਸਲ ਅਤੇ ਲੇਟ ਹੋਈਆਂ। ਪਰ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਇੰਡੀਗੋ ਸੰਕਟ ਦੀ ਜਾਂਚ ਕਰ ਰਹੀ DGCA ਕਮੇਟੀ ਬੁੱਧਵਾਰ ਨੂੰ CEO ਪੀਟਰ ਐਲਬਰਸ ਅਤੇ COO ਇਸਿਦਰੇ ਪੋਰਕੇਰਾਸ ਨੂੰ ਤਲਬ ਕਰ ਸਕਦੀ ਹੈ।
ਇੰਡੀਗੋ ਨੇ ਨਿਯਮਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ?
ਸੂਤਰਾਂ ਅਨੁਸਾਰ, ਕਮੇਟੀ ਅਕਤੂਬਰ ਦੇ ਅੰਤ ਤੱਕ DGCA ਨਾਲ ਇੰਡੀਗੋ ਦੀਆਂ ਚਰਚਾਵਾਂ ਦੀ ਸਮੀਖਿਆ ਕਰੇਗੀ ਤਾਂ ਜੋ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਕੀ ਏਅਰਲਾਈਨ ਨੇ ਨਿਯਮਾਂ ਨੂੰ ਘਟਾਉਣ ਜਾਂ ਨਿਯਮਾਂ ਵਿੱਚ ਢਿੱਲ ਦੇਣ ਦੀ ਕੋਸ਼ਿਸ਼ ਕੀਤੀ, ਖਾਸ ਕਰਕੇ ਰਾਤ ਦੀ ਲੈਂਡਿੰਗ ਪਾਬੰਦੀਆਂ ਨਾਲ ਸਬੰਧਤ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਦੌਰਾਨ ਛੋਟਾਂ ਮੰਗਣ ਦੀ ਬਜਾਏ, ਏਅਰਲਾਈਨ ਨੂੰ ਆਪਣੇ ਸੰਚਾਲਨ ਪ੍ਰਣਾਲੀਆਂ ਵਿੱਚ ਸੁਧਾਰ ਕਰਨਾ ਚਾਹੀਦਾ ਸੀ।
ਡੀਜੀਸੀਏ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿੱਚ
ਜਾਂਚ ਇਹ ਵੀ ਦੱਸਦੀ ਹੈ ਕਿ ਡੀਜੀਸੀਏ ਨੇ ਨਵੇਂ ਸਿਸਟਮ ਨੂੰ ਸਮੇਂ ਸਿਰ ਲਾਗੂ ਕਰਨ ਦੇ ਅਦਾਲਤੀ ਆਦੇਸ਼ਾਂ ਦੇ ਬਾਵਜੂਦ ਇੰਡੀਗੋ ਦੀਆਂ ਬੇਨਤੀਆਂ ਨੂੰ ਕਿਵੇਂ ਸੰਭਾਲਿਆ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਕਿ ਹੋਰ ਏਅਰਲਾਈਨਾਂ ਨੇ ਆਪਣੀਆਂ ਤਿਆਰੀ ਰਿਪੋਰਟਾਂ ਜਮ੍ਹਾਂ ਕਰਵਾਈਆਂ, ਇੰਡੀਗੋ ਨੇ ਨਹੀਂ ਕੀਤੀਆਂ।


