ਅਖੌਤੀ ਧਾਰਮਿਕ ਆਗੂ ਚੈਤਨਯਾਨੰਦ ਸਰਸਵਤੀ ਗ੍ਰਿਫਤਾਰ, ਜਿਣਸੀ ਸ਼ੋਸ਼ਣ ਦੇ ਲੱਗੇ ਸਨ ਆਰੋਪ
ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਟੀਮ ਨੇ ਸੂਚਨਾ ਦੇ ਆਧਾਰ ਉੱਤੇ ਅਖੌਤੀ ਧਾਰਮਿਕ ਆਗੂ ਨੂੰ ਆਗਰਾ ਵਿੱਚੋਂ ਕਾਬੂ ਕੀਤਾ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਸਰਸਵਤੀ ਨਾਲ ਜੁੜੇ ਕਈ ਬੈਂਕ ਖਾਤਿਆਂ ਵਿੱਚ ਜਮ੍ਹਾਂ 8 ਕਰੋੜ ਰੁਪਏ ਦੇ ਲੈਣ-ਦੇਣ ਉੱਤੇ ਰੋਕ ਲਾ ਦਿੱਤੀ ਸੀ।

By : Upjit Singh
ਦਿੱਲੀ (ਗੁਰਪਿਆਰ ਥਿੰਦ): ਦਿੱਲੀ ਦੀ ਇੱਕ ਨਿੱਜੀ ਸੰਸਥਾ ਵਿੱਚ 17 ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਅਖੌਤੀ ਧਾਰਮਿਕ ਆਗੂ ਚੈਤਨਯਾਨੰਦ ਸਰਸਵਤੀ ਨੂੰ ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਟੀਮ ਨੇ ਸੂਚਨਾ ਦੇ ਆਧਾਰ ਉੱਤੇ ਸਰਸਵਤੀ (62) ਨੂੰ ਆਗਰਾ ਵਿੱਚੋਂ ਕਾਬੂ ਕੀਤਾ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਸਰਸਵਤੀ ਨਾਲ ਜੁੜੇ ਕਈ ਬੈਂਕ ਖਾਤਿਆਂ ਵਿੱਚ ਜਮ੍ਹਾਂ 8 ਕਰੋੜ ਰੁਪਏ ਦੇ ਲੈਣ-ਦੇਣ ਉੱਤੇ ਰੋਕ ਲਾ ਦਿੱਤੀ ਸੀ। ਅਖੌਤੀ ਧਾਰਮਿਕ ਆਗੂ ਵਿਰੁੱਧ ਦਰਜ ਐਫਆਈਆਰ ਮੁਤਾਬਕ ਉਹ ਵਿਦਿਆਰਥਣਾਂ ਨੂੰ ਦੇਰ ਰਾਤ ਆਪਣੇ ਕਮਰੇ ਵਿੱਚ ਬਲਾਉਂਦਾ ਸੀ ਅਤੇ ਉਹਨਾਂ ਨੂੰ ਆਪਣੇ ਕਮਰੇ ਵਿੱਚ ਆਉਣ ਲਈ ਮਜ਼ਬੂਰ ਕਰਦਾ ਸੀ ਅਤੇ ਨਾਲ ਹੀ ਉਨ੍ਹਾਂ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਲਈ ਮਜਬੂਰ ਕਰਦਾ ਸੀ।
ਉਸ ਉੱਤੇ ਆਪਣੇ ਫ਼ੋਨ ਰਾਹੀਂ ਵਿਦਿਆਰਥਣਾਂ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਦਾ ਵੀ ਦੋਸ਼ ਹੈ। ਅਧਿਕਾਰੀ ਜਾਂਚ ਦੌਰਾਨ ਖੁਲਾਸਾ ਕੀਤਾ ਕਿ ਮੁਲਜ਼ਮ ਨੇ ਕਥਿਤ ਤੌਰ ਉੱਤੇ ਕਈ ਬੈਂਕ ਖਾਤੇ ਚਲਾਉਣ ਲਈ ਵੱਖ-ਵੱਖ ਨਾਵਾਂ ਅਤੇ ਵੇਰਵਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਆਪਣੇ ਵਿਰੁੱਧ ਐੱਫਆਈਆਰ ਦਰਜ ਹੋਣ ਤੋਂ ਬਾਅਦ 50 ਲੱਖ ਰੁਪਏ ਤੋਂ ਵੱਧ ਕਢਵਾ ਲਏ। ਖਾਤਾ ਖੋਲ੍ਹਣ ਸਮੇਂ ਉਸ ਨੇ ਕਥਿਤ ਤੌਰ ਵੱਖ-ਵੱਖ ਵੇਰਵਿਆਂ ਵਾਲੇ ਦਸਤਾਵੇਜ਼ ਪੇਸ਼ ਕੀਤੇ ਸਨ। ਪੁਲਿਸ ਨੂੰ ਉਸ ਕੋਲੋਂ ਕੁਝ ਫ਼ਰਜ਼ੀ ਵਿਜ਼ਟਿੰਗ ਕਾਰਡ ਵੀ ਮਿਲੇ ਹਨ ਜੋ ਉਸ ਨੂੰ ਸੰਯੁਕਤ ਰਾਸ਼ਟਰ ਅਤੇ ਬ੍ਰਿਕਸ ਨਾਲ ਜੁੜੇ ਹੋਏ ਦਿਖਾਉਂਦੇ ਹਨ।


