ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੌਰਾ ਰੱਦ ਕੀਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੌਰਾ ਰੱਦ ਕਰ ਦਿਤਾ ਅਤੇ ਉਹ 9 ਮਈ ਨੂੰ ਮਾਸਕੋ ਵਿਖੇ ਹੋਣ ਵਾਲੀ ਵਿਕਟਰੀ ਡੇਅ ਪਰੇਡ ਵਿਚ ਸ਼ਾਮਲ ਨਹੀਂ ਹੋਣਗੇ।

By : Upjit Singh
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੌਰਾ ਰੱਦ ਕਰ ਦਿਤਾ ਅਤੇ ਉਹ 9 ਮਈ ਨੂੰ ਮਾਸਕੋ ਵਿਖੇ ਹੋਣ ਵਾਲੀ ਵਿਕਟਰੀ ਡੇਅ ਪਰੇਡ ਵਿਚ ਸ਼ਾਮਲ ਨਹੀਂ ਹੋਣਗੇ। ਭਾਰਤ ਸਰਕਾਰ ਦਾ ਇਹ ਫੈਸਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਤਾਉਲ੍ਹਾ ਤਰਾਰ ਨੇ ਅੱਧੀ ਰਾਤ ਵੇਲੇ ਪ੍ਰੈਸ ਕਾਨਫਰੰਸ ਕਰਦਿਆਂ ਦਾਅਵਾ ਕੀਤਾ ਕਿ 24 ਤੋਂ 36 ਘੰਟੇ ਦੇ ਅੰਦਰ ਭਾਰਤੀ ਫੌਜ, ਪਾਕਿਸਤਾਨ ਉਤੇ ਹਮਲਾ ਕਰ ਸਕਦੀ ਹੈ। ਪ੍ਰਧਾਨ ਮੰਤਰੀ ਦਾ ਦੌਰਾ ਰੱਦ ਬਾਰੇ ਕੋਈ ਠੋਸ ਕਾਰਨ ਨਹੀਂ ਦੱਸਿਆ ਗਿਆ ਪਰ ਸੁਰੱਖਿਆ ਮਾਹਰਾਂ ਦਾ ਕਹਿਣਾ ਹੈਕਿ ਪਹਿਲਗਾਮ ਕਤਲੇਆਮ ਤੋਂ ਬਾਅਦ ਸੁਰੱਖਿਆ ਰਣਨੀਤੀ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।
ਪਾਕਿਸਤਾਨ ਦੇ ਮੰਤਰੀ ਨੂੰ ਹਮਲਾ ਹੋਣ ਦਾ ਖਦਸ਼ਾ
ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦੀ ਥਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਮਾਸਕੋ ਜਾ ਸਕਦੇ ਹਨ। ਇਥੇ ਦਸਣਾ ਬਣਦਾ ਹੈ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਰੂਸ ਦੀ ਵਿਕਟਰੀ ਡੇਅ ਪਰੇਡ ਵਿਚ ਸ਼ਾਮਲ ਹੋਣ ਦੀ ਹਾਮੀ ਭਰ ਚੁੱਕੇ ਹਨ। ਰੂਸ ਵੱਲੋਂ ਦੂਜੀ ਆਲਮੀ ਜੰਗ ਦੌਰਾਨ ਜਰਮਨੀ ਉਤੇ ਜਿੱਤ ਦੇ ਜਸ਼ਨਾਂ ਵਜੋਂ ਵਿਕਟਰੀ ਪਰੇਡ ਕੱਢੀ ਜਾਂਦੀ ਹੈ। ਉਧਰ ਪਾਕਿਸਤਾਨ ਦੇ ਸੂਚਨਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਫੀਆ ਜਾਣਕਾਰੀ ਮਿਲੀ ਹੈ ਕਿ ਭਾਰਤ ਪਹਿਲਗਾਮ ਘਟਨਾ ਦੇ ਬਹਾਨੇ ਅਜਿਹਾ ਕਰ ਸਕਦਾ ਹੈ ਪਰ ਪਾਕਿਸਤਾਨ ਖੁਦ ਅਤਿਵਾਦ ਦਾ ਸ਼ਿਕਾਰ ਰਿਹਾ ਹੈ ਅਤੇ ਇਸ ਸਮੱਸਿਆ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇ ਭਾਰਤ ਫੌਜੀ ਕਾਰਵਾਈ ਕਰਦਾ ਹੈ ਤਾਂ ਪਾਕਿਸਤਾਨ ਯਕੀਨੀ ਤੌਰ ’ਤੇ ਇਸ ਦਾ ਜਵਾਬ ਦੇਵੇਗਾ।


