ਪਹਿਲਗਾਮ ਅੱਤਵਾਦੀ ਹਮਲਾ : ਕਸ਼ਮੀਰ ’ਚ 21 ਹਜ਼ਾਰ ਕਰੋੜ ਦੀ ਕਮਾਈ ਖੂਹ ਖਾਤੇ!
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦਾ ਸੂਬੇ ਦੇ ਸੈਰ ਸਪਾਟਾ ਉਦਯੋਗ ’ਤੇ ਇੰਨਾ ਜ਼ਿਆਦਾ ਪ੍ਰਭਾਵ ਪੈ ਚੁੱਕਿਆ ਏ ਕਿ ਇਸ ਹਮਲੇ ਤੋਂ ਬਾਅਦ ਘਬਰਾਏ ਸੈਲਾਨੀਆਂ ਨੇ ਆਪਣੇ ਕਸ਼ਮੀਰ ਦੇ ਟੂਰ ਰੱਦ ਕਰ ਦਿੱਤੇ ਨੇ,, ਬਲਕਿ ਜਿਹੜੇ ਲੋਕ ਕਸ਼ਮੀਰ ਟੂਰ ’ਤੇ ਗਏ ਹੋਏ ਨੇ, ਉਹ ਵੀ ਵਾਪਸ ਪਰਤ ਰਹੇ ਨੇ।

By : Makhan shah
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦਾ ਸੂਬੇ ਦੇ ਸੈਰ ਸਪਾਟਾ ਉਦਯੋਗ ’ਤੇ ਇੰਨਾ ਜ਼ਿਆਦਾ ਪ੍ਰਭਾਵ ਪੈ ਚੁੱਕਿਆ ਏ ਕਿ ਇਸ ਹਮਲੇ ਤੋਂ ਬਾਅਦ ਘਬਰਾਏ ਸੈਲਾਨੀਆਂ ਨੇ ਆਪਣੇ ਕਸ਼ਮੀਰ ਦੇ ਟੂਰ ਰੱਦ ਕਰ ਦਿੱਤੇ ਨੇ,, ਬਲਕਿ ਜਿਹੜੇ ਲੋਕ ਕਸ਼ਮੀਰ ਟੂਰ ’ਤੇ ਗਏ ਹੋਏ ਨੇ, ਉਹ ਵੀ ਵਾਪਸ ਪਰਤ ਰਹੇ ਨੇ। ਹੋਰ ਅਡਵਾਂਸ ਵਿਚ ਕੀਤੀਆਂ ਬੁਕਿੰਗਾਂ ਤੱਕ ਕੈਂਸਲ ਹੋ ਰਹੀਆਂ ਨੇ, ਜਿਸ ਕਾਰਨ ਸੈਰ ਸਪਾਟਾ ਸੈਕਟਰ ਦੀ ਕਮਾਈ ਨੂੰ ਵੱਡਾ ਨੁਕਸਾਨ ਹੋ ਰਿਹਾ ਏ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਮਾਹਿਰਾਂ ਮੁਤਾਬਕ ਇਸ ਹਮਲੇ ਨਾਲ ਕਸ਼ਮੀਰ ਦੀ ਕਮਾਈ ਨੂੰ ਹੋ ਸਕਦੈ ਕਿੰਨਾ ਨੁਕਸਾਨ?
ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਹਮਲੇ ਤੋਂ ਬਾਅਦ ਇਸ ਦਾ ਸਭ ਤੋਂ ਵੱਡਾ ਅਸਰ ਘਾਟੀ ਦੇ ਸੈਰ ਸਪਾਟਾ ਉਦਯੋਗ ’ਤੇ ਪੈਂਦਾ ਦਿਖਾਈ ਦੇ ਰਿਹਾ ਏ,,, ਇਸ ਸੀਜ਼ਨ ਦੌਰਾਨ ਪੀਕ ’ਤੇ ਰਹਿਣ ਵਾਲਾ ਸੀਜ਼ਨ ਇਸ ਹਮਲੇ ਮਗਰੋਂ ਹੇਠਾਂ ਵੱਲ ਜਾਣਾ ਸ਼ੁਰੂ ਹੋ ਗਿਆ ਏ ਕਿਉਂਕਿ ਲੋਕਾਂ ਵੱਲੋਂ ਆਪਣੇ ਕਸ਼ਮੀਰ ਟੂਰ ਦੀਆਂ ਬੁਕਿੰਗਾਂ ਕੈਂਸਲ ਕਰਵਾਈਆਂ ਜਾ ਰਹੀਆਂ ਨੇ ਅਤੇ ਕਸ਼ਮੀਰ ਗਏ ਲੋਕ ਵੀ ਵਾਪਸ ਘਰਾਂ ਨੂੰ ਪਰਤ ਰਹੇ ਨੇ। ਭਾਵੇਂ ਕਿ ਇਸ ਹਮਲੇ ਮਗਰੋਂ ਸਰਕਾਰ ਨੇ ਹਰ ਪਾਸੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਦਿੱਤੇ ਨੇ ਪਰ ਲੋਕਾਂ ਦੇ ਮਨਾਂ ਵਿਚੋਂ ਇਸ ਹਮਲੇ ਦਾ ਖ਼ੌਫ਼ ਨਹੀਂ ਨਿਕਲ ਪਾ ਰਿਹਾ। ਹੋਟਲ ਕਾਰੋਬਾਰੀ ਖ਼ਦਸ਼ਾ ਜਤਾ ਰਹੇ ਨੇ ਕਿ ਇਸ ਹਮਲੇ ਦਾ ਰਾਜ ਵਿਚ ਸੈਰ ਸਪਾਟੇ ’ਤੇ ਨਿਰਭਰ ਲੋਕਾਂ ਦੀ ਰੋਜ਼ੀ ਰੋਟੀ ’ਤੇ ਨਕਰਾਤਮਕ ਪ੍ਰਭਾਵ ਪਏਗਾ,,, ਜੋ ਲਗਭਗ ਦਿਸਣਾ ਸ਼ੁਰੂ ਹੋ ਗਿਆ ਏ।
ਇਕ ਟਰੈਵਲ ਕੰਪਨੀ ਦੇ ਮਾਲਕ ਨੇ ਦੱਸਿਆ ਕਿ ‘‘23 ਅਪ੍ਰੈਲ ਦੀ ਸਵੇਰ ਤੋਂ ਹੀ ਉਨ੍ਹਾਂ ਨੂੰ ਕੈਂਸਲੇਸ਼ਨ ਦੇ ਕਾਲ ਹੀ ਮਿਲ ਰਹੇ ਨੇ, ਕਸ਼ਮੀਰ ਵਾਲੇ ਪਾਸੇ ਦੀ ਬੁਕਿੰਗ ਕੋਈ ਨਹੀਂ ਹੋ ਰਹੀ। ਸ੍ਰੀਨਗਰ ਵਿਚ ਮੌਜੂਦ ਸੈਲਾਨੀ ਵਾਪਸ ਪਰਤਣਾ ਚਾਹੁੰਦੇ ਨੇ।’’ ਟਰੈਵਲ ਕੰਪਨੀ ਦੇ ਮਾਲਕ ਨੇ ਅੱਗੇ ਦੱਸਿਆ ਕਿ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਤੋਂ ਉਨ੍ਹਾਂ ਦੀ ਕੰਪਨੀ ਦੇ 30 ਤੋਂ ਜ਼ਿਆਦਾ ਸਮਰ ਟੂਰ ਰੱਦ ਹੋ ਚੁੱਕੇ ਨੇ, ਜਿਨ੍ਹਾਂ ਵਿਚੋਂ ਜ਼ਿਆਦਾਤਰ ਅਮਰਨਾਥ ਯਾਤਰਾ ਨਾਲ ਜੁੜੇ ਹੋਏ ਸਨ। ਜਦਕਿ ਇੰਡੀਅਨ ਐਸੋਸੀਏਸ਼ਨ ਫਾਰ ਟੂਰ ਅਪਰੇਟਰਜ਼ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ 23 ਅਪੈ੍ਰਲ ਦੀ ਦੁਪਹਿਰ ਤੱਕ ਜੰਮੂ ਕਸ਼ਮੀਰ ਦੇ ਤੈਅ ਟੂਰਾਂ ਦੀ 35 ਫ਼ੀਸਦੀ ਬੁਕਿੰਗ ਰੱਦ ਹੋ ਚੁੱਕੀ ਸੀ।
ਦਰਅਸਲ ਪਹਿਲਗਾਮ ਵਿਚ ਇਹ ਹਮਲਾ ਅਜਿਹੇ ਸਮੇਂ ਹੋਇਆ ਏ, ਜਦੋਂ ਕੋਵਿਡ ਤੋਂ ਬਾਅਦ ਰਾਜ ਵਿਚ ਟੂਰਿਜ਼ਮ ਇੰਡਸਟਰੀ ਇਕ ਵਾਰ ਫਿਰ ਤੋਂ ਰਫ਼ਤਾਰ ਫੜ ਚੁੱਕੀ ਸੀ। ਹੋਟਲ ਫੁੱਲ ਸੀ, ਡੱਲ ਲੇਕ ’ਤੇ ਸ਼ਿਕਾਰੇ ਸਜੇ ਹੋਏ ਸਨ, ਟੈਕਸੀਆਂ ਲਾਈਨਾਂ ਵਿਚ ਖੜ੍ਹੀਆਂ ਦਿਖਾਈ ਦੇ ਰਹੀਆਂ ਸੀ ਅਤੇ ਹਵਾਈ ਅੱਡੇ ਤੋਂ ਲੈ ਕੇ ਪਹਿਲਗਾਮ ਤੱਕ ਹਰ ਜਗ੍ਹਾ ਸੈਲਾਨੀਆਂ ਦੀ ਚਹਿਲ ਪਹਿਲ ਦਿਖਾਈ ਦੇ ਰਹੀ ਸੀ ਪਰ ਇਸ ਘਟਨਾ ਨੇ ਇਕ ਵਾਰ ਫਿਰ ਕਸ਼ਮੀਰ ਦੀਆਂ ਵਾਦੀਆਂ ਵਿਚ ਡਰ ਅਤੇ ਖ਼ੌਫ਼ ਦਾ ਸੰਨਾਟਾ ਫੈਲਾਅ ਦਿੱਤਾ ਹੈ। ਖ਼ੂਨ ਦੀ ਹੋਲੀ ਖੇਡਣ ਵਾਲੇ ਅੱਤਵਾਦੀਆਂ ਨੇ ਜਿੱਥੇ ਕਸ਼ਮੀਰ ਦੇ ਹੋਟਲ ਤੇ ਟਰੈਵਲ ਉਦਯੋਗ ਨੂੰ ਵੱਡੀ ਢਾਅ ਲਗਾਈ ਐ, ਉਥੇ ਹੀ ਉਨ੍ਹਾਂ ਜ਼ਾਲਮਾਂ ਨੇ ਗ਼ਰੀਬ ਲੋਕਾਂ ਦੇ ਹੱਥਾਂ ਵਿਚੋਂ ਵੀ ਰੋਟੀ ਖੋਹ ਲਈ ਐ, ਜਿਨ੍ਹਾਂ ਦੇ ਚੁੱਲ੍ਹੇ ਸੈਲਾਨੀਆਂ ਦੀ ਆਮਦ ਦੇ ਨਾਲ ਚਲਦੇ ਸੀ।
ਪਿਛਲੇ ਸਮੇਂ ਦੀ ਗੱਲ ਕਰੀਏ ਤਾਂ 2019 ਵਿਚ ਧਾਰਾ 370 ਹਟਾਏ ਜਾਣ ਤੋਂ ਬਾਅਦ ਘਾਟੀ ਵਿਚ ਅਸਥਿਤਰਦਾ ਮਾਹੌਲ ਫੈਲ ਗਿਆ ਸੀ,, ਫਿਰ ਕੋਵਿਡ ਨੇ ਸਭ ਕੁੱਝ ਰੋਕ ਦਿੱਤਾ ਪਰ ਸਾਲ 2021 ਤੋਂ ਹਾਲਾਤ ਬਿਹਤਰ ਹੋਣੇ ਸ਼ੁਰੂ ਹੋ ਗਏ ਸੀ। ਜੰਮੂ ਕਸ਼ਮੀਰ ਦੇ ਟੂਰਿਜ਼ਮ ਵਿਭਾਗ ਦੇ ਅੰਕੜਿਆਂ ਮੁਤਾਬਕ ਸਾਲ 2021 ਵਿਚ ਕੁੱਲ 1.13 ਕਰੋੜ ਸੈਲਾਨੀ ਰਾਜ ਵਿਚ ਪੁੱਜੇ, ਜਦਕਿ ਸਾਲ 2022 ਵਿਚ ਇਹ ਅੰਕੜਾ ਵਧ ਕੇ 1.88 ਕਰੋੜ ਹੋ ਗਿਆ ਅਤੇ 2023 ਵਿਚ ਇਹ ਅੰਕੜਾ 2.11 ਕਰੋੜ ਤੱਕ ਪੁੱਜ ਗਿਆ।
ਪਿਛਲੇ ਸਾਲ 2024 ਵਿਚ ਤਾਂ ਸਾਰੇ ਰਿਕਾਰਡ ਟੁੱਟ ਗਏ ਜਦੋਂ 2.36 ਕਰੋੜ ਸੈਲਾਨੀ ਜੰਮੂ ਕਸ਼ਮੀਰ ਵਿਚ ਘੁੰਮਣ ਲਈ ਪੁੱਜੇ। ਇਨ੍ਹਾਂ ਵਿਚੋਂ 27 ਲੱਖ ਸੈਲਾਨੀ ਇਕੱਲੇ ਕਸ਼ਮੀਰ ਵਿਚ ਪੁੱਜੇ ਸੀ। ਜੰਮੂ ਕਸ਼ਮੀਰ ਦੇ ਅਧਿਕਾਰਕ ਆਰਥਿਕ ਸਰਵੇਖਣ ਮੁਤਾਬਕ ਸੈਲਾਨੀ ਜੰਮੂ ਕਸ਼ਮੀਰ ਦੇ ਜੀਐਸਡੀਪੀ ਵਿਚ 7 ਤੋਂ 8 ਫ਼ੀਸਦੀ ਦਾ ਯੋਗਦਾਨ ਪਾਉਂਦੇ ਨੇ। ਆਰਥਿਕ ਸਰਵੇਖਣ ਅਤੇ ਬਜਟ ਦਸਤਾਵੇਜ਼ ਵਿਚ ਇਸ ਦਾ ਸਪੈਸੀਫਿਕ ਅੰਕੜਾ ਨਹੀਂ ਮਿਲਦਾ। ਜੰਮੂ ਕਸ਼ਮੀਰ ਦੀ ਸਾਲਾਨਾ ਜੀਐਸਡੀਪੀ 2.65 ਲੱਖ ਕਰੋੜ ਰੁਪਏ ਹੈ, ਇਸ ਵਿਚ ਟੂਰਿਜ਼ਮ ਦੀ ਹਿੱਸੇਦਾਰੀ 18,500 ਤੋਂ 21200 ਕਰੋੜ ਰੁਪਏ ਦੀ ਆਉਣੀ ਸੀ ਜੋ ਇਸ ਅੱਤਵਾਦੀ ਹਮਲੇ ਕਾਰਨ ਖੂਹ ਖਾਤੇ ਵਿਚ ਪੈਂਦੀ ਦਿਖਾਈ ਦੇ ਰਹੀ ਐ।


