NTA ਨੇ NEET UG ਦੇ ਆਖ਼ਰੀ ਨਤੀਜੇ ਐਲਾਨੇ
ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸ਼ੁਕਰਵਾਰ ਨੂੰ ਵਿਵਾਦਪੂਰਨ ਮੈਡੀਕਲ ਦਾਖਲਾ ਇਮਤਿਹਾਨ NEET UG ਦੇ ਆਖ਼ਰੀ ਨਤੀਜੇ ਐਲਾਨ ਦਿਤੇ।
By : Dr. Pardeep singh
ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ ਨੇ ਸ਼ੁਕਰਵਾਰ ਨੂੰ ਵਿਵਾਦਪੂਰਨ ਮੈਡੀਕਲ ਦਾਖਲਾ ਇਮਤਿਹਾਨ NEET UG ਦੇ ਆਖ਼ਰੀ ਨਤੀਜੇ ਐਲਾਨ ਦਿਤੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਭੌਤਿਕ ਵਿਗਿਆਨ ਦੇ ਇਕ ਪ੍ਰਸ਼ਨ ਦੇ ਅੰਕਾਂ ਨੂੰ ਧਿਆਨ ’ਚ ਰੱਖਣ ਤੋਂ ਬਾਅਦ ਨਤੀਜੇ ਐਲਾਨੇ ਗਏ ਸਨ। NTA ਨੇ ਕਿਹਾ ਸੀ ਕਿ ਇਸ ਸਵਾਲ ਦੇ ਦੋ ਸਹੀ ਜਵਾਬ ਹਨ। NTA ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੋਧਿਆ ਹੋਇਆ ਸਕੋਰ ਕਾਰਡ ਹੁਣ ਐਲਾਨ ਕੀਤਾ ਗਿਆ ਹੈ।
ਪਹਿਲੇ ਟਾਪਰ ਐਲਾਨੇ ਗਏ 67 ਉਮੀਦਵਾਰਾਂ ਵਿਚੋਂ 44 ਨੇ ਉਸ ਵਿਸ਼ੇਸ਼ ਭੌਤਿਕ ਵਿਗਿਆਨ ਪ੍ਰਸ਼ਨ ਲਈ ਦਿਤੇ ਗਏ ਅੰਕਾਂ ਕਾਰਨ ਪੂਰੇ ਅੰਕ ਪ੍ਰਾਪਤ ਕੀਤੇ ਸਨ। ਬਾਅਦ ’ਚ ਟਾਪਰਾਂ ਦੀ ਗਿਣਤੀ ਘਟਾ ਕੇ 61 ਕਰ ਦਿਤੀ ਗਈ ਸੀ ਕਿਉਂਕਿ ਏਜੰਸੀ ਨੇ ਕੁੱਝ ਇਮਤਿਹਾਨ ਕੇਂਦਰਾਂ ’ਤੇ ਸਮੇਂ ਦੇ ਨੁਕਸਾਨ ਦੀ ਭਰਪਾਈ ਲਈ ਛੇ ਉਮੀਦਵਾਰਾਂ ਨੂੰ ਦਿਤੇ ਗਏ ਗ੍ਰੇਸ ਅੰਕ ਵਾਪਸ ਲੈ ਲਏ ਸਨ। ਹੁਣ ਕੁਲ 17 ਟਾਪਰ ਬਚ ਗਏ ਹਨ, ਜਿਨ੍ਹਾਂ ਨੂੰ 720 ’ਚੋਂ 720 ਅੰਕ ਮਿਲੇ ਹਨ।
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੌਮੀ ਯੋਗਤਾ-ਦਾਖਲਾ ਪ੍ਰੀਖਿਆ-ਗ੍ਰੈਜੂਏਟ (NEET UG) 2024 ਦੇ ਅਸਫਲ ਉਮੀਦਵਾਰਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਇਮਤਿਹਾਨ ਰੱਦ ਕਰਨ ਅਤੇ ਦੁਬਾਰਾ ਕਰਵਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਖਾਰਜ ਕਰ ਦਿਤੀਆਂ। ਅਦਾਲਤ ਨੇ ਕਿਹਾ ਸੀ ਕਿ ਇਮਤਿਹਾਨ ਦੀ ਭਰੋਸੇਯੋਗਤਾ ਨੂੰ ਪ੍ਰਭਾਵਤ ਕਰਨ ਵਾਲੇ ਪ੍ਰਣਾਲੀਗਤ ਅਤੇ ਹੋਰ ਗਲਤ ਕੰਮਾਂ ਨੂੰ ਦਰਸਾਉਣ ਲਈ ਰੀਕਾਰਡ ’ਤੇ ਕੋਈ ਸਮੱਗਰੀ ਨਹੀਂ ਹੈ।