Begin typing your search above and press return to search.

ਮੱਧ–ਪੂਰਬ ਦੇ 11 ਦੇਸ਼ਾਂ 'ਤੋਂ ਨਹੀਂ ਲੰਘਣਗੇ ਭਾਰਤੀ ਹਵਾਈ ਜਹਾਜ਼, ਡੀਜੀਸੀਏ ਨੇ ਏਅਰਲਾਈਨਜ਼ ਨੂੰ ਜਾਰੀ ਕੀਤੀ ਐਡਵਾਈਜ਼ਰੀ

ਮੱਧ-ਪੂਰਬ ਵਿੱਚ ਫੈਲ ਰਹੇ ਤਣਾਅ ਅਤੇ ਈਰਾਨ ਉੱਤੇ ਅਮਰੀਕਾ-ਇਜ਼ਰਾਈਲ ਵੱਲੋਂ 28 ਫਰਵਰੀ 2026 ਤੋਂ ਸ਼ੁਰੂ ਹੋਏ ਹਮਲਿਆਂ ਤੋਂ ਬਾਅਦ ਭਾਰਤੀ ਹਵਾਬਾਜ਼ੀ ਕੰਟਰੋਲ ਅਥਾਰਟੀ ਡੀਜੀਸੀਏ ਭਾਵ ਡਾਇਰੈਕਟੋਰੇਟ ਜਨਰਲ ਆੱਫ਼ ਸਿਵਿਲ ਏਵੀਏਸ਼ਨ ਨੇ ਭਾਰਤੀ ਏਅਰਲਾਈਨਜ਼ ਲਈ ਇੱਕ ਬਹੁਤ ਸਖ਼ਤ ਐਡਵਾਈਜ਼ਰੀ ਜਾਰੀ ਕੀਤੀ ਹੈ

ਮੱਧ–ਪੂਰਬ ਦੇ 11 ਦੇਸ਼ਾਂ ਤੋਂ ਨਹੀਂ ਲੰਘਣਗੇ ਭਾਰਤੀ ਹਵਾਈ ਜਹਾਜ਼, ਡੀਜੀਸੀਏ ਨੇ ਏਅਰਲਾਈਨਜ਼ ਨੂੰ ਜਾਰੀ ਕੀਤੀ ਐਡਵਾਈਜ਼ਰੀ
X

Mehtab-Ud-DinBy : Mehtab-Ud-Din

  |  20 March 2026 5:43 PM IST

  • whatsapp
  • Telegram

ਸਊਦੀ ਅਰਬ ਤੇ ਓਮਾਨ ਦੇ ਆਕਾਸ਼ 'ਤੇ ਰੱਖਣੀ ਹੋਵੇਗੀ 32 ਹਜ਼ਾਰ ਫ਼ੁੱਟ ਉਚਾਈ

ਨਵੀਂ ਦਿੱਲੀ: ਮੱਧ-ਪੂਰਬ ਵਿੱਚ ਫੈਲ ਰਹੇ ਤਣਾਅ ਅਤੇ ਈਰਾਨ ਉੱਤੇ ਅਮਰੀਕਾ-ਇਜ਼ਰਾਈਲ ਵੱਲੋਂ 28 ਫਰਵਰੀ 2026 ਤੋਂ ਸ਼ੁਰੂ ਹੋਏ ਹਮਲਿਆਂ ਤੋਂ ਬਾਅਦ ਭਾਰਤੀ ਹਵਾਬਾਜ਼ੀ ਕੰਟਰੋਲ ਅਥਾਰਟੀ ਡੀਜੀਸੀਏ ਭਾਵ ਡਾਇਰੈਕਟੋਰੇਟ ਜਨਰਲ ਆੱਫ਼ ਸਿਵਿਲ ਏਵੀਏਸ਼ਨ ਨੇ ਭਾਰਤੀ ਏਅਰਲਾਈਨਜ਼ ਲਈ ਇੱਕ ਬਹੁਤ ਸਖ਼ਤ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਸਾਰੀਆਂ ਭਾਰਤੀ ਏਅਰਲਾਈਨਜ਼ ਨੂੰ 11 ਦੇਸ਼ਾਂ ਦੇ ਹਵਾਈ ਖੇਤਰ ਉੱਤੋਂ ਉਡਾਣ ਭਰਨ ਤੋਂ ਸਪੱਸ਼ਟ ਤੌਰ ਉੱਤੇ ਰੋਕ ਲਗਾਈ ਗਈ ਹੈ। ਇਹ ਐਡਵਾਈਜ਼ਰੀ ਤੁਰੰਤ ਲਾਗੂ ਹੋ ਗਈ ਹੈ ਅਤੇ ਆਉਂਦੀ 28 ਮਾਰਚ ਤੱਕ ਲਾਗੂ ਰਹੇਗੀ।

ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਨੇ ਸਾਰੀਆਂ ਭਾਰਤੀ ਏਅਰਲਾਈਨਜ਼ ਨੂੰ ਇਹ ਹੁਕਮ ਦਿੱਤਾ ਹੈ ਕਿ ਉਹ ਪੂਰੀ ਤਰ੍ਹਾਂ ਈਰਾਨ, ਇਜ਼ਰਾਈਲ, ਲੇਬਨਾਨ, ਸਊਦੀ ਅਰਬ, ਬਹਿਰੀਨ, ਓਮਾਨ, ਇਰਾਕ, ਜਾਰਡਨ, ਯੂਏਈ, ਕਤਰ ਅਤੇ ਕੁਵੈਤ ਜਿਹੇ 11 ਦੇਸ਼ਾਂ ਦੇ ਹਵਾਈ ਖੇਤਰ ਵਿੱਚ ਦਾਖ਼ਲ ਨਾ ਹੋਣ।

ਖਾਸ ਤੌਰ ਉੱਤੇ ਸਊਦੀ ਅਰਬ ਅਤੇ ਓਮਾਨ ਉੱਤੇ ਉਡਾਣ ਭਰਨ ਲਈ ਘੱਟੋ-ਘੱਟ 32,000 ਫੁੱਟ ਉਚਾਈ ਰੱਖਣੀ ਲਾਜ਼ਮੀ ਹੈ। ਏਅਰਲਾਈਨਜ਼ ਨੂੰ ਰੂਟ ਬਦਲਣ ਲਈ ਬਦਲਵੀਆਂ ਯੋਜਨਾਵਾਂ ਤਿਆਰ ਰੱਖਣੀਆਂ ਹਨ, ਫਲਾਈਟ ਕਰੂ ਨੂੰ 'ਲਾਈਵ ਨੋਟਿਸ ਟੂ ਏਅਰਮੈਨ' ਬਾਰੇ ਜਾਣਕਾਰੀ ਦੇਣੀ ਹੈ ਅਤੇ ਲਗਾਤਾਰ ਨਿਗਰਾਨੀ ਰੱਖਣੀ ਹੈ। ਇਹ ਐਡਵਾਈਜ਼ਰੀ ਅੰਤਰਰਾਸ਼ਟਰੀ ਸੁਰੱਖਿਆ ਮਿਆਰਾਂ ਅਨੁਸਾਰ ਜਾਰੀ ਕੀਤੀ ਗਈ ਹੈ।

ਈਰਾਨ ਉੱਤੇ ਅਮਰੀਕੀ ਤੇ ਇਜ਼ਰਾਇਲੀ ਹਮਲਿਆਂ ਤੋਂ ਬਾਅਦ ਈਰਾਨ ਵੱਲੋਂ ਜਵਾਬੀ ਹਮਲਿਆਂ ਦਾ ਖ਼ਤਰਾ ਹਮੇਸ਼ਾ ਹੀ ਬਣਿਆ ਹੋਇਆ ਹੈ। ਇਸ ਵਿੱਚ ਮਿਜ਼ਾਈਲ, ਡ੍ਰੋਨ, ਗ਼ਲਤੀ ਨਾਲ ਹਮਲਾ ਜਾਂ ਹੋਰ ਫੌਜੀ ਗਤੀਵਿਧੀਆਂ ਦਾ ਖ਼ਤਰਾ ਹੈ, ਜੋ ਸਿਵਲ ਏਵੀਏਸ਼ਨ ਲਈ ਵੱਡਾ ਜਾਨਲੇਵਾ ਖ਼ਤਰਾ ਬਣਿਆ ਹੋਇਆ ਹੈ।

ਇਹ ਜੰਗ ਬੀਤੀ 28 ਫਰਵਰੀ ਨੂੰ ਅਮਰੀਕਾ-ਇਜ਼ਰਾਈਲ ਵੱਲੋਂ ਈਰਾਨ ਉੱਤੇ ਹਮਲਿਆਂ ਨਾਲ ਸ਼ੁਰੂ ਹੋਈ ਸੀ, ਜਿਸ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲ੍ਹਾ ਅਲੀ ਖਮੇਨੀ ਸਮੇਤ ਕਈ ਉੱਚ ਅਧਿਕਾਰੀ ਮਾਰੇ ਗਏ। ਈਰਾਨ ਵੱਲੋਂ ਜਵਾਬੀ ਹਮਲੇ ਖਾੜੀ ਦੇਸ਼ਾਂ, ਇਜ਼ਰਾਈਲ ਅਤੇ ਅਮਰੀਕੀ ਟਿਕਾਣਿਆਂ ਉੱਤੇ ਹੋ ਰਹੇ ਹਨ। ਇਸ ਨਾਲ ਲੇਬਨਾਨ ਵਿੱਚ ਵੀ ਤਣਾਅ ਵਧਿਆ ਹੈ।

ਇਸੇ ਜੰਗ ਕਾਰਣ ਕੱਚੇ ਤੇਲ ਦੀ ਕੀਮਤ 72 ਡਾਲਰ ਤੋਂ ਵਧ ਕੇ 106 ਡਾਲਰ ਪ੍ਰਤੀ ਬੈਰਲ ਹੋ ਗਈ ਹੈ, ਜੋ 40 ਫ਼ੀ ਸਦੀ ਤੋਂ ਵੱਧ ਵਾਧਾ ਹੈ। ਜੈੱਟ ਹਵਾਈ ਜਹਾਜ਼ ਦੇ ਤੇਲ ਦੀ ਕੀਮਤ 85-90 ਡਾਲਰ ਤੋਂ ਵਧ ਕੇ 150-200 ਡਾਲਰ ਪ੍ਰਤੀ ਬੈਰਲ ਹੋ ਗਈ ਹੈ। ਸਟ੍ਰੇਟ ਆਫ ਹਾਰਮੁਜ਼ ਦੁਨੀਆ ਦਾ 20% ਤੇਲ ਅਤੇ ਗੈਸ ਆਉਣ ਵਾਲਾ ਰਸਤਾ ਹੈ। ਪਰ ਉਸ ਉਤੇ ਈਰਾਨੀ ਹਮਲਿਆਂ ਕਾਰਨ ਟ੍ਰੈਫਿਕ ਬਹੁਤ ਘਟ ਗਿਆ ਹੈ। ਏਸ਼ੀਆ ਨੂੰ ਜਾਣ ਵਾਲਾ 80 ਤੋਂ 84 ਫ਼ੀ ਸਦੀ ਤੇਲ ਇਸੇ ਰਾਹੀਂ ਆਉਂਦਾ ਹੈ।

ਭਾਰਤ ਆਪਣੀਆਂ 85-90 ਫ਼ੀ ਸਦੀ ਤੇਲ ਜ਼ਰੂਰਤਾਂ ਮੁਤਾਬਕ ਦਰਾਮਦ ਕਰਦਾ ਹੈ ਅਤੇ ਲਗਭਗ ਅੱਧਾ ਤੇਲ ਮੱਧ–ਪੂਰਬ ਤੋਂ ਆਉਂਦਾ ਹੈ।

ਹਰ 10 ਡਾਲਰ ਵਾਧੇ ਨਾਲ ਕਰੰਟ ਅਕਾਊਂਟ ਡੈਫਿਸਿਟ 0.5% ਵਧ ਜਾਂਦਾ ਹੈ ਅਤੇ ਮਹਿੰਗਾਈ ਦੀ ਦਰ 35 ਬੇਸਿਸ ਪੁਆਇੰਟ ਵਧਦੀ ਹੈ। ਰੁਪਏ ਦੀ ਵੈਲਿਊ ਘਟ ਕੇ 93 ਡਾਲਰ ਪ੍ਰਤੀ ਡਾਲਰ ਤੱਕ ਪਹੁੰਚ ਗਈ ਹੈ।

ਅਰ ਇੰਡੀਆ ਅਤੇ ਇੰਡੀਗੋ ਨੇ ਮੱਧ ਪੂਰਬ ਵੱਲ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਰੂਟ ਬਦਲਣ ਕਾਰਨ ਯਾਤਰਾ ਸਮਾਂ ਵਧਿਆ ਹੈ ਅਤੇ ਟਿਕਟਾਂ ਮਹਿੰਗੀਆਂ ਹੋ ਗਈਆਂ ਹਨ। ਮੁੰਬਈ ਏਅਰਪੋਰਟ ਉੱਤੇ ਪਿਛਲੇ ਹਫ਼ਤਿਆਂ ਵਿੱਚ ਦਰਜਨਾਂ ਉਡਾਣਾਂ ਰੱਦ ਹੋ ਚੁੱਕੀਆਂ ਹਨ। ਹਫ਼ਤਾਵਾਰੀ ਨੁਕਸਾਨ ਲਗਭਗ 875 ਕਰੋੜ ਰੁਪਏ ਤੱਕ ਹੋ ਰਿਹਾ ਹੈ।

ਘਰੇਲੂ ਐਲਪੀਜੀ ਭਾਵ ਰਸੋਈ ਗੈਸ ਸੰਕਟ ਕਾਰਣ ਉਦਯੋਗਾਂ ਦੇ ਬੰਦ ਹੋਣ ਤੱਕ ਦਾ ਖ਼ਤਰਾ ਬਣਿਆ ਹੋਇਆ ਹੈ। ਤੇਲ ਕੀਮਤਾਂ ਵਧਣ ਕਾਰਣ ਮਹਿੰਗਾਈ ਵੀ ਜ਼ਰੂਰ ਵਧੇਗੀ।

ਏਸ਼ੀਆ ਵਿੱਚ ਤੇਲ ਰਿਜ਼ਰਵ ਘੱਟ ਹਨ। ਭਾਰਤ ਵਿੱਚ ਹਾਲ਼ੇ 2 ਮਹੀਨੇ ਵਰਤਣ ਜੋਗਾ ਤੇਲ ਪਿਆ ਹੈ। ਵੀਅਤਨਾਮ ਵਿੱਚ ਸਿਰਫ਼ 20 ਦਿਨਾਂ ਦਾ ਤੇਲ ਰਹਿ ਗਿਆ ਹੈ। ਬਹੁਤੇ ਦੇਸ਼ਾਂ ਵਿੱਚ ਤੇਲ ਬਚਾਅ ਲਈ ਛੁੱਟੀਆਂ, ਵਰਕ ਫ਼ਰਮ ਹੋਮ ਅਤੇ ਰਾਸ਼ਨਿੰਗ ਸ਼ੁਰੂ ਹੋ ਗਈਆਂ ਹਨ।

ਇਸ ਤੋਂ ਇਲਾਵਾ ਹਵਾਈ ਜਹਾਜ਼ਾਂ ਦੇ ਕਿਰਾਏ ਵੀ ਕਾਫ਼ੀ ਵਧ ਗਏ ਹਨ। ਜੇ ਜੰਗ ਥੋੜ੍ਹੀ ਹੋਰ ਲੰਮੀ ਚੱਲ ਗਈ, ਤਾਂ ਏਸ਼ੀਆਈ ਮੁਲਕਾਂ ਦੀ ਵਿਕਾਸ ਦਰ ਘਟ ਸਕਦੀ ਹੈ ਤੇ ਮਹਿੰਗਾਈ ਦਰ ਵਧ ਸਕਦੀ ਹੈ।

ਜੰਗ ਵਿੱਚ ਹਜ਼ਾਰਾਂ ਲੋਕ ਮਾਰੇ ਜਾ ਰਹੇ ਹਨ। ਹੁਣ ਤੱਕ ਇੱਕ ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਈਰਾਨ ਵਿੱਚ ਫੌਜੀ ਅਤੇ ਸਿਵਲ ਟਿਕਾਣਿਆਂ ਉੱਤੇ ਹਮਲੇ ਚੱਲ ਰਹੇ ਹਨ ਅਤੇ ਖਾੜੀ ਦੇਸ਼ਾਂ ਵਿੱਚ ਵੀ ਤਣਾਅ ਵਧਿਆ ਹੈ।

ਡੀਜੀਸੀਏ ਵੱਲੋਂ ਲਗਾਤਾਰ ਸਥਿਤੀ ਉਤੇ ਨਿਗਰਾਨੀ ਰੱਖੀ ਜਾ ਰਹੀ ਹੈ। ਜੇ ਸਥਿਤੀ ਵਿਗੜੀ ਤਾਂ ਤੇਲ ਦੀਆਂ ਕੀਮਤਾਂ 130 ਡਾਲਰ ਤੱਕ ਵਧ ਸਕਦੀਆਂ ਹਨ ਅਤੇ ਭਾਰਤ ਵਿੱਚ ਵਿਕਾਸ ਦਰ ਅਤੇ ਮਹਿੰਗਾਈ ਦਰ ਉੱਤੇ ਵੱਡਾ ਅਸਰ ਪੈ ਸਕਦਾ ਹੈ।

Next Story
ਤਾਜ਼ਾ ਖਬਰਾਂ
Share it