ਧੋਤੀ ਵਾਲੇ ਬਜ਼ੁਰਗ ਕਿਸਾਨ ਨੂੰ ਸ਼ਾਪਿੰਗ ਮਾਲ ’ਚ ਜਾਣੋਂ ਰੋਕਿਆ ਤਾਂ ਸਰਕਾਰ ਨੇ ਸ਼ਾਪਿੰਗ ਮਾਲ ਨੂੰ ਠੋਕਿਆ ਤਾਲਾ
ਧੋਤੀ ਪਹਿਨਣ ਕਾਰਣ ਬਜ਼ੁਰਗ ਕਿਸਾਨ ਨੂੰ ਸ਼ਾਪਿੰਗ ਮਾਲ ਵਿਚ ਦਾਖ਼ਲ ਹੋਣ ਤੋਂ ਰੋਕੇ ਜਾਣ ਸਰਕਾਰ ਨੇ ਸ਼ਾਪਿੰਗ ਮਾਲ ਤੇ ਤਾਲਾ ਲਗਵਾ ਦਿੱਤਾ ।
By : lokeshbhardwaj
ਬੰਗਲੁਰੂ : ਵੱਡੀਆਂ ਵੱਡੀਆਂ ਨਾਮੀ ਕੰਪਨੀਆਂ ਕਿਸਾਨਾਂ ਦੀ ਉਪਜ ਤੋਂ ਕਰੋੜਾਂ ਅਰਬਾਂ ਦੀ ਕਮਾਈ ਕਰਦੀਆਂ ਨੇ ਅਤੇ ਕਿਸਾਨਾਂ ਨੂੰ ਹੀ ਮਾੜਾ ਆਖਦੀਆਂ ਨੇ। ਅਜਿਹਾ ਹੀ ਇਕ ਮਾਮਲਾ ਕਰਨਾਟਕ ਦੇ ਬੰਗਲੁਰੂ ਵਿਖੇ ਸਾਹਮਣੇ ਆਇਆ, ਜਿੱਥੇ ਜੀਟੀ ਰੋ਼ਡ ਸਥਿਤ ਇੱਕ ਮਾਲ ਦੇ ਸੁਰੱਖਿਆ ਗਾਰਡਾਂ ਨੇ ਇਕ ਬਜ਼ੁਰਗ ਕਿਸਾਨ ਨੂੰ ਸ਼ਾਪਿੰਗ ਵਿਚ ਦਾਖ਼ਲ ਹੋਣ ਤੋਂ ਇਸ ਕਰਕੇ ਰੋਕ ਦਿੱਤਾ ਕਿਉਂਕਿ ਉਸ ਨੇ ਧੋਤੀ ਪਹਿਨੀ ਹੋਈ ਸੀ। ਮਾਮਲਾ ਜਿਵੇਂ ਹੀ ਮੀਡੀਆ ਵਿਚ ਆਇਆ ਤਾਂ ਪੂਰੇ ਕਰਨਾਟਕ ਵਿਚ ਭੂਚਾਲ ਖੜ੍ਹਾ ਹੋ ਗਿਆ। ਆਮ ਲੋਕਾਂ ਤੋਂ ਲੈ ਕੇ ਸੱਤਾਧਾਰੀ ਅਤੇ ਵਿਰੋਧੀ ਵਿਧਾਇਕ ਵੀ ਕਿਸਾਨ ਦੇ ਸਮਰਥਨ ਵਿਚ ਖੜ੍ਹੇ ਹੋ ਗਏ। ਵਿਧਾਨ ਸਭਾ ਵਿਚ ਵਿਧਾਇਕਾਂ ਨੇ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ। ਇਸ ਤੋਂ ਬਾਅਦ ਸਰਕਾਰ ਨੇ ਇਕ ਕਿਸਾਨ ਦੇ ਕਥਿਤ ਅਪਮਾਨ ਨੂੰ ਕਿਸੇ ਵਿਅਕਤੀ ਦੀ ‘ਇੱਜ਼ਤ ਅਤੇ ਸਵੈ-ਮਾਣ’ ਦੀ ਉਲੰਘਣਾ ਕਰਾਰ ਦਿੱਤਾ ਅਤੇ ਆਖਿਆ ਕਿ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪਿਛਲੇ ਹਫਤੇ ਵਿਧਾਨ ਸਭਾ ’ਚ ਇਕ ਪਿੰਡ ਦੇ ਇਕ ਕਿਸਾਨ ਨੂੰ ਧੋਤੀ ਪਹਿਨਣ ’ਤੇ ਮਾਲ ’ਚ ਦਾਖਲ ਹੋਣ ਤੋਂ ਮਨ੍ਹਾ ਕਰਨਾ ਬੇਹੱਦ ਮੰਦਭਾਗਾ ਏ, ਜਦਕਿ ਪੰਚੇ ਸਾਡਾ ਸਭਿਆਚਾਰਕ ਪਹਿਰਾਵਾ ਏ, ਅਸੀਂ ਇਸ ਤੋਂ ਵੱਖ ਨਹੀਂ ਹੋ ਸਕਦੇ। ਇਸ ਘਟਨਾ ਤੋਂ ਬਾਅਦ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵ ਕੁਮਾਰ ਨੇ ਧੋਤੀ ਪਹਿਨੇ ਕਿਸਾਨ ਨੂੰ ਉਸ ਦੇ ਇਸ ਪਹਿਰਾਵੇ ਕਾਰਨ ਦਾਖਲ ਹੋਣ ਤੋਂ ਮਨ੍ਹਾਂ ਕੀਤੇ ਜਾਣ ਦੇ ਮੱਦੇਨਜ਼ਰ ਜਿੱਥੇ ਸਰਕਾਰ ਮਾਲ ਅਤੇ ਹੋਰ ਅਦਾਰਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ, ਉਥੇ ਹੀ ਜੀਟੀ ਵਰਲਡ ਮਾਲ ਨੂੰ ਸੱਤ ਦਿਨਾਂ ਲਈ ਬੰਦ ਕਰਨ ਦਾ ਹੁਕਮ ਦਿੱਤਾ। ਜਿਸ ਤੋਂ ਬਾਅਦ ਸਰਕਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਇਸ ਵੱਡੇ ਮਾਲ ਨੂੰ ਤਾਲਾ ਠੋਕ ਦਿੱਤਾ ਗਿਆ।