ਮਹਿੰਗੀਆਂ ਪੈ ਸਕਦੀਆਂ ਘਿਬਲੀ ਸਟਾਇਲ ਤਸਵੀਰਾਂ!
ਅੱਜਕੱਲ੍ਹ ਸੋਸ਼ਲ ਮੀਡੀਆ ’ਤੇ ਘਿਬਲੀ ਸਟਾਇਲ ’ਚ ਆਪਣੀਆਂ ਤਸਵੀਰਾਂ ਬਣਾਉਣ ਦਾ ਨਵਾਂ ਕ੍ਰੇਜ਼ ਚੱਲ ਰਿਹਾ ਏ, ਸਿਆਸਤਦਾਨ ਹੋਣ ਜਾਂ ਮਸ਼ਹੂਰ ਹਸਤੀਆਂ, ਹਰ ਕਿਸੇ ਵੱਲੋਂ ਫੇਸਬੁੱਕ ਇੰਸਟਾਗ੍ਰਾਮ ਅਤੇ ਐਕਸ ਵਰਗੇ ਪਲੇਟਫਾਰਮਾਂ ’ਤੇ ਆਪਣੀਆਂ ਏਆਈ ਜਨਰੇਟ ਘਿਬਲੀ ਸ਼ੈਲੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ,, ਪਰ ਇਹ ਤਸਵੀਰਾਂ ਦੇਖਣ ਨੂੰ ਜਿੰਨੀਆਂ ਮਜ਼ੇਦਾਰ ਦਿਸਦੀਆਂ ਨੇ, ਓਨੀਆਂ ਹੀ ਖ਼ਤਰਨਾਕ ਵੀ ਹੋ ਸਕਦੀਆਂ ਨੇ।

ਚੰਡੀਗੜ੍ਹ : ਅੱਜਕੱਲ੍ਹ ਸੋਸ਼ਲ ਮੀਡੀਆ ’ਤੇ ਘਿਬਲੀ ਸਟਾਇਲ ’ਚ ਆਪਣੀਆਂ ਤਸਵੀਰਾਂ ਬਣਾਉਣ ਦਾ ਨਵਾਂ ਕ੍ਰੇਜ਼ ਚੱਲ ਰਿਹਾ ਏ, ਸਿਆਸਤਦਾਨ ਹੋਣ ਜਾਂ ਮਸ਼ਹੂਰ ਹਸਤੀਆਂ, ਹਰ ਕਿਸੇ ਵੱਲੋਂ ਫੇਸਬੁੱਕ ਇੰਸਟਾਗ੍ਰਾਮ ਅਤੇ ਐਕਸ ਵਰਗੇ ਪਲੇਟਫਾਰਮਾਂ ’ਤੇ ਆਪਣੀਆਂ ਏਆਈ ਜਨਰੇਟ ਘਿਬਲੀ ਸ਼ੈਲੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ,, ਪਰ ਇਹ ਤਸਵੀਰਾਂ ਦੇਖਣ ਨੂੰ ਜਿੰਨੀਆਂ ਮਜ਼ੇਦਾਰ ਦਿਸਦੀਆਂ ਨੇ, ਓਨੀਆਂ ਹੀ ਖ਼ਤਰਨਾਕ ਵੀ ਹੋ ਸਕਦੀਆਂ ਨੇ। ਸੋ ਤਸਵੀਰਾਂ ਅਪਲੋਡ ਕਰਨ ਤੋਂ ਪਹਿਲਾਂ ਇਕ ਵਾਰ ਇਹ ਖ਼ਬਰ ਜ਼ਰੂਰ ਦੇਖ ਲਓ।
ਮੌਜੂਦਾ ਸਮੇਂ ਸੋਸ਼ਲ ਮੀਡੀਆ ’ਤੇ ਬਹੁਤ ਸਾਰੇ ਲੋਕਾਂ ਵੱਲੋਂ ਕਾਰਟੂਨ ਸਟਾਇਲ ਤਸਵੀਰਾਂ ਕਾਫ਼ੀ ਸ਼ੇਅਰ ਕੀਤੀਆਂ ਜਾ ਰਹੀਆਂ ਨੇ, ਜਿਸ ਨੂੰ ਘਿਬਲੀ ਸਟਾਇਲ ਤਸਵੀਰਾਂ ਕਿਹਾ ਜਾ ਰਿਹਾ ਏ। ਸਿਆਸੀ ਲੀਡਰਾਂ ਤੋਂ ਲੈ ਕੇ ਫਿਲਮੀ ਹਸਤੀਆਂ ਤੱਕ ਵੱਲੋਂ ਅਜਿਹੀਆਂ ਤਸਵੀਰਾਂ ਵੱਖ ਵੱਖ ਪਲੇਟਫਾਰਮਾਂ ’ਤੇ ਏਆਈ ਜਨਰੇਟ ਘਿਬਲੀ ਸ਼ੈਲੀ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਲੋਕਾਂ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਵੀ ਕੀਤਾ ਜਾ ਰਿਹਾ ਏ ਪਰ ਕੀ ਤੁਸੀਂ ਸੋਚਿਆ ਏ ਕਿ ਇਹ ਤਸਵੀਰਾਂ ਕਿੱਥੇ ਸਟੋਰ ਕੀਤੀਆਂ ਜਾ ਰਹੀਆਂ ਨੇ?
ਕੀ ਇਸ ਰੁਝਾਨ ਦਾ ਹਿੱਸਾ ਬਣਨਾ ਅਤੇ ਬਿਨਾਂ ਸੋਚੇ ਏਆਈ ਪਲੇਟਫਾਰਮਾਂ ’ਤੇ ਆਪਣੀਆਂ ਤਸਵੀਰਾ ਸਾਂਝੀਆਂ ਕਰਨੀਆਂ ਸੁਰੱਖਿਅਤ ਨੇ? ਇਸ ਦਾ ਜਵਾਬ ਇਹ ਐ ਕਿ ਏਆਈ ਟੈਕਨਾਲੌਜੀ ਨੂੰ ਹਲਕੇ ਵਿਚ ਲੈਣ ਦੀ ਗ਼ਲਤੀ ਨਾ ਕਰੋ ਕਿਉਂਕਿ ਬਿਨਾਂ ਸੋਚੇ ਸਮਝੇ ਕਿਸੇ ਵੀ ਏਆਈ ਪਲੇਟਫਾਰਮ ’ਤੇ ਤਸਵੀਰਾਂ ਅਪਲੋਡ ਕਰਨਾ ਤੁਹਾਨੂੰ ਵੱਡੀ ਮੁਸੀਬਤ ਵਿਚ ਪਾ ਸਕਦਾ ਏ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੁੱਝ ਸਮਾਂ ਪਹਿਲਾਂ ਕਲੀਅਰਵਿਊ ਏਆਈ ਨਾਂਅ ਦੀ ਇਕ ਕੰਪਨੀ ’ਤੇ ਸੋਸ਼ਲ ਮੀਡੀਆ ਅਤੇ ਨਿਊਜ਼ ਵੈਬਸਾਈਟਾਂ ਤੋਂ ਬਿਨਾਂ ਇਜਾਜ਼ਤ ਦੇ 3 ਬਿਲੀਅਨ ਤੋਂ ਜ਼ਿਆਦਾ ਤਸਵੀਰਾਂ ਚੋਰੀ ਕਰਨ ਦਾ ਇਲਜ਼ਾਮ ਲੱਗਿਆ ਸੀ ਅਤੇ ਇਹ ਡਾਟਾ ਪ੍ਰਾਈਵੇਟ ਕੰਪਨੀਆਂ ਅਤੇ ਪੁਲਿਸ ਨੂੰ ਵੇਚਿਆ ਗਿਆ ਸੀ। ਇੱਥੇ ਹੀ ਬਸ ਨਹੀਂ,, ਮਈ 2024 ਵਿਚ ਆਸਟ੍ਰੇਲੀਆ ਦੀ ਕੰਪਨੀ ਆਊਟਬਾਕਸ ਦਾ ਡਾਟਾ ਵੀ ਲੀਕ ਹੋ ਗਿਆ ਸੀ, ਜਿਸ ਵਿਚ 10 ਲੱਖ ਤੋਂ ਜ਼ਿਆਦਾ ਲੋਕਾਂ ਦੇ ਚਿਹਰਿਆਂ ਦੇ ਸਕੈਨ, ਡਰਾਈਵਿੰਗ ਲਾਇਸੰਸ ਅਤੇ ਅਡਰੈੱਸ ਚੋਰੀ ਹੋਏ ਸੀ। ਜਿਸ ਤੋਂ ਬਾਅਦ ਹਜ਼ਾਰਾਂ ਲੋਕ ਪਛਾਣ ਦੀ ਚੋਰੀ ਅਤੇ ਸਾਈਬਰ ਧੋਖਾਧੜੀ ਦੇ ਸ਼ਿਕਾਰ ਹੋਏ ਸਨ।
ਜੇਕਰ ਤੁਸੀਂ ਇਹ ਸੋਚਦੇ ਹੋ ਕਿ ਏਆਈ ਵੱਲੋਂ ਤਿਆਰ ਕੀਤੀਆਂ ਤੁਹਾਡੀਆਂ ਤਸਵੀਰਾਂ ਨੂੰ ਪ੍ਰਾਪਤ ਕਰਨਾ ਸਿਰਫ਼ ਮਨੋਰੰਜਨ ਦੇ ਲਈ ਐ ਤਾਂ ਤੁਸੀਂ ਗ਼ਲਤ ਹੋ। ਸਟੈਟਿਸਟਾ ਦੀ ਰਿਪੋਰਟ ਮੁਤਾਬਕ ਚਿਹਰੇ ਦੀ ਪਛਾਣ ਤਕਨੀਕ ਦੀ ਮਾਰਕੀਟ 2025 ਤੱਕ 5.73 ਬਿਲੀਅਨ ਡਾਲਰ ਅਤੇ 2031 ਤੱਕ 14.55 ਬਿਲੀਅਨ ਡਾਲਰ ਤੱਕ ਹੋ ਸਕਦੀ ਐ। ਜਿਸ ਦਾ ਮਤਲਬ ਇਹ ਐ ਕਿ ਕੰਪਨੀਆਂ ਤੁਹਾਡੇ ਚਿਹਰੇ ਨੂੰ ਪਛਾਣਨ ਅਤੇ ਵਰਤਣ ਵਿਚ ਮੋਟੇ ਨਿਵੇਸ਼ ਕਰ ਰਹੀਆਂ ਨੇ।
ਮੈਟਾ ਅਤੇ ਗੂਗਲ ਵਰਗੀਆਂ ਵੱਡੀਆਂ ਕੰਪਨੀਆਂ ’ਤੇ ਵੀ ਆਪਣੇ ਏਆਈ ਮਾਡਲਾਂ ਨੂੰ ਸਿਖਲਾਈ ਦੇਣ ਲਈ ਖ਼ਪਤਕਾਰਾਂ ਦੀਆਂ ਤਸਵੀਰਾਂ ਦੀ ਵਰਤੋਂ ਕਰਨ ਦੇ ਇਲਜ਼ਾਮ ਲੱਗ ਚੁੱਕੇ ਨੇ। ਪਿਮ ਆਈਜ਼ ਵਰਗੀਆਂ ਵੈਬਸਾਈਟਾਂ ਕਿਸੇ ਵੀ ਵਿਅਕਤੀ ਦੀ ਤਸਵੀਰ ਅਪਲੋਡ ਕਰਕੇ ਉਸ ਦੀ ਪੂਰੀ ਡਿਜ਼ੀਟਲ ਮੌਜੂਦਗੀ ਨੂੰ ਐਕਸਟ੍ਰੈਕਟ ਕਰ ਸਕਦੀਆਂ ਨੇ। ਜਿਸ ਕਾਰਨ ਪਿੱਛਾ ਕਰਨਾ, ਬਲੈਕਮੇÇਲੰਗ ਅਤੇ ਸਾਈਬਰ ਕ੍ਰਾਈਮ ਦੇ ਮਾਮਲੇ ਵਧ ਸਕਦੇ ਨੇ। ਤੁਹਾਡੀ ਜਾਣਕਾਰੀ ਤੋਂ ਬਿਨਾਂ ਤੁਹਾਡੀ ਤਸਵੀਰ ਨੂੰ ਖ਼ਤਰਨਾਕ ਮਕਸਦਾਂ ਲਈ ਵਰਤਿਆ ਜਾ ਸਕਦਾ ਏ, ਜਿਸ ਨਾਲ ਤੁਸੀਂ ਕਿਸੇ ਵੱਡੀ ਮੁਸੀਬਤ ਵਿਚ ਫਸ ਸਕਦੇ ਹੋ।
ਬੇਸ਼ੱਕ ਏਆਈ ਨੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੋਵੇ,, ਪਰ ਅਣਜਾਣੇ ਵਿਚ ਇਹ ਸਾਨੂੰ ਵੱਡੀ ਮੁਸੀਬਤ ਵਿਚ ਵੀ ਪਾ ਸਕਦਾ ਏ। ਜੇਕਰ ਤੁਸੀਂ ਸਾਈਬਰ ਧੋਖਾਧੜੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਖ਼ੁਦ ਹੀ ਸੁਚੇਤ ਹੋਣਾ ਹੋਵੇਗਾ। ਏਆਈ ਤੁਹਾਡੇ ਲਈ ਕਿੰਨਾ ਲਾਹੇਵੰਦ ਐ, ਸਵਾਲ ਇਹ ਨਹੀਂ,,, ਸਵਾਲ ਇਹ ਐ ਕਿ ਤੁਸੀਂ ਉਸ ਨੂੰ ਕਿੰਨੀ ਸਮਝਦਾਰੀ ਨਾਲ ਵਰਤ ਰਹੇ ਹੋ? ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਕਿਸੇ ਸਾਈਬਰ ਧੋਖਾਧੜੀ ਵਿਚ ਨਾ ਫਸੋ, ਤਾਂ ਸੋਸ਼ਲ ਮੀਡੀਆ ’ਤੇ ਹਾਈ ਰੈਜੂਲਿਊਸ਼ਨ ਵਾਲੀਆਂ ਤਸਵੀਰਾਂ ਅਪਲੋਡ ਕਰਨ ਤੋਂ ਬਚੋ।
ਫੇਸ ਅਨਲੌਕ ਦੀ ਬਜਾਏ ਮਜ਼ਬੂਤ ਪਾਸਵਰਡ ਜਾਂ ਪਿੰਨ ਦੀ ਵਰਤੋਂ ਕਰੋ। ਕਿਸੇ ਵੀ ਅਣਜਾਣ ਐਪ ਨੂੰ ਕੈਮਰੇ ਦੀ ਪਹੁੰਚ ਨਾ ਦਿਓ। ਏਆਈ ਵੱਲੋਂ ਤਿਆਰ ਤਸਵੀਰ ਐਪਸ ਦੀਆਂ ਗੋਪਨੀਅਤਾ ਨੀਤੀਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਯਕੀਨੀ ਬਣਾਓ ਕਿ ਉਹ ਤੁਹਾਡੀਆਂ ਤਸਵੀਰਾਂ ਦੀ ਦੁਰਵਰਤੋਂ ਨਾ ਕਰਨ। ਇਸ ਤੋਂ ਇਲਾਵਾ ਤੁਸੀਂ ਤਸਵੀਰਾਂ ਅਪਲੋਡ ਕਰਨ ਸਮੇਂ ਵਾਟਰ ਮਾਰਕ ਦੀ ਵਰਤੋਂ ਕਰ ਸਕਦੇ ਹੋ।
ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ