ਜੰਮੂ ਕਸ਼ਮੀਰ ਦੇ ਡੋਡਾ ’ਚ ਮੁਠਭੇੜ, ਫ਼ੌਜ ਦਾ ਕੈਪਟਨ ਸ਼ਹੀਦ
ਜੰਮੂ ਕਸ਼ਮੀਰ ਦੇ ਡੋਡਾ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿਚਾਲੇ ਹੋਏ ਮੁਕਾਬਲੇ ਦੌਰਾਨ ਫ਼ੌਜ ਦਾ ਇਕ ਕੈਪਟਨ ਸ਼ਹੀਦ ਹੋ ਗਿਆ, ਜਦਕਿ ਕਈ ਅੱਤਵਾਦੀਆਂ ਦੇ ਮਾਰੇ ਜਾਣ ਦੀ ਵੀ ਖ਼ਬਰ ਸਾਹਮਣੇ ਆ ਰਹੀ ਹੈ। ਫ਼ੌਜ ਦੇ ਮੁਤਾਬਕ ਸ਼ਹੀਦ ਕੈਪਟਨ ਦੀਪ ਸਿੰਘ 48 ਰਾਸ਼ਟਰੀ ਰਾਈਫ਼ਲ ਤੋਂ ਹਨ, ਉਹ ਡੋਡਾ ਵਿਚ ਆਸਾਰ ਜੰਗਲੀ ਖੇਤਰ...
By : Makhan shah
ਸ੍ਰੀਨਗਰ : ਜੰਮੂ ਕਸ਼ਮੀਰ ਦੇ ਡੋਡਾ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿਚਾਲੇ ਹੋਏ ਮੁਕਾਬਲੇ ਦੌਰਾਨ ਫ਼ੌਜ ਦਾ ਇਕ ਕੈਪਟਨ ਸ਼ਹੀਦ ਹੋ ਗਿਆ, ਜਦਕਿ ਕਈ ਅੱਤਵਾਦੀਆਂ ਦੇ ਮਾਰੇ ਜਾਣ ਦੀ ਵੀ ਖ਼ਬਰ ਸਾਹਮਣੇ ਆ ਰਹੀ ਹੈ। ਫ਼ੌਜ ਦੇ ਮੁਤਾਬਕ ਸ਼ਹੀਦ ਕੈਪਟਨ ਦੀਪ ਸਿੰਘ 48 ਰਾਸ਼ਟਰੀ ਰਾਈਫ਼ਲ ਤੋਂ ਹਨ, ਉਹ ਡੋਡਾ ਵਿਚ ਆਸਾਰ ਜੰਗਲੀ ਖੇਤਰ ਵਿਚ ਚੱਲ ਰਹੀ ਮੁਠਭੇੜ ਵਿਚ ਟੀਮ ਨੂੰ ਲੀਡ ਕਰ ਰਹੇ ਸੀ। ਇਸ ਤੋਂ ਪਹਿਲਾਂ 16 ਜੁਲਾਈ ਨੂੰ ਵੀ ਡੋਡਾ ਦੇ ਡੇਸਾ ਇਲਾਕੇ ਵਿਚ ਮੁਠਭੇੜ ਦੌਰਾਨ ਇਕ ਕੈਪਟਨ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ ਸੀ।
ਫ਼ੌਜ ਦੇ ਅਨੁਸਾਰ ਅੱਤਵਾਦੀਆਂ ਵੱਲੋਂ ਜੰਗਲ ਵਿਚ ਇਕ ਨਦੀ ਦੇ ਨੇੜੇ ਗੋਲੀਬਾਰੀ ਕੀਤੀ ਜਾ ਰਹੀ ਐ। ਸਵੇਰੇ ਉਹ ਗੋਲੀਬਾਰੀ ਦੌਰਾਨ ਪਿੱਛੇ ਭੱਜ ਗਏ ਸੀ। ਉਥੋਂ ਫ਼ੌਜ ਦੇ ਜਵਾਨਾਂ ਨੂੰ ਅਮਰੀਕੀ ਐਮ4 ਰਾਈਫ਼ਲ ਅਤੇ ਤਿੰਨ ਬੈਗ ਵਿਸਫ਼ੋਟਕ ਨਾਲ ਭਰੇ ਹੋਏ ਮਿਲੇ ਸੀ। ਜੰਮੂ ਕਸ਼ਮੀਰÇ ਵਚ ਵਧਦੀਆਂ ਅੱਤਵਾਦੀ ਘਟਨਾਵਾਂ ਨੂੰ ਲੈ ਕੇ ਦਿੱਲੀ ਵਿਚ ਕੇਂਦਰੀ ਰੱਖਿਆ ਮੰਤਰੀ ਵੱਲੋਂ ਮੀਟਿੰਗ ਬੁਲਾਈ ਗਈ ਐ, ਜਿਸ ਵਿਚ ਐਨਐਸਏ ਅਜੀਤ ਡੋਵਾਲ, ਫ਼ੌਜ ਮੁਖੀ ਜਨਰਲ ਦੀਪੇਂਦਰ ਦਿਵੇਦੀ ਅਤੇ ਸੁਰੱਖਿਆ ਏਜੰਸੀਆਂ ਦੇ ਮੁਖੀ ਸ਼ਾਮਲ ਹੋਏ।
ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਪਹਿਲਾਂ ਹੀ ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ। ਜੰਮੂ ਵਿਚ 3000 ਤੋਂ ਜ਼ਿਆਦਾ ਫ਼ੌਜੀ ਜਵਾਨ ਅਤੇ ਬੀਐਸਐਫ 2000 ਜਵਾਨ ਤਾਇਨਾਤ ਕੀਤੇ ਗਏ ਹਨ, ਜਦਕਿ ਅਸਾਮ ਰਾਈਫ਼ਲਜ਼ ਦੇ ਕਰੀਬ 2000 ਜਵਾਨ ਵੀ ਤਾਇਨਾਤ ਕੀਤੇ ਗਏ ਹਨ।
ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ 30 ਦਿਨਾਂ ਦੇ ਅੰਦਰ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ 15 ਜੁਲਾਈ ਦੀ ਰਾਤ 9 ਵਜੇ ਡੇਸਾ ਜੰਗਲੀ ਖੇਤਰ ਵਿਚ ਅੱਤਵਾਦੀਆਂ ਨਾਲ ਫ਼ੌਜ ਦੀ ਮੁਠਭੇੜ ਹੋਈ ਸੀ, ਜਿਸ ਦੌਰਾਨ ਇਕ ਕੈਪਟਨ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼ ਵੱਲੋਂ ਲਈ ਗਈ ਸੀ।