Begin typing your search above and press return to search.

ਹਰਿਆਣਾ ਵਿਚ ਭਾਜਪਾ ਦੀ ‘ਹੈਟ੍ਰਿਕ’

ਹਰਿਆਣਾ ਵਿਧਾਨ ਸਭਾ ਚੋਣਾਂ ਦੇ ਹੈਰਾਨਕੁੰਨ ਨਤੀਜਿਆਂ ਵਿਚ ਭਾਜਪਾ ਲਗਾਤਾਰ ਤੀਜੀ ਵਾਰ ਜੇਤੂ ਰਹੀ ਅਤੇ ਸੂਬੇ ਵਿਚ ਇਹ ਮਾਣ ਹਾਸਲ ਵਾਲੀ ਪਹਿਲੀ ਪਾਰਟੀ ਬਣ ਗਈ।

ਹਰਿਆਣਾ ਵਿਚ ਭਾਜਪਾ ਦੀ ‘ਹੈਟ੍ਰਿਕ’
X

Upjit SinghBy : Upjit Singh

  |  8 Oct 2024 5:04 PM IST

  • whatsapp
  • Telegram

ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਚੋਣਾਂ ਦੇ ਹੈਰਾਨਕੁੰਨ ਨਤੀਜਿਆਂ ਵਿਚ ਭਾਜਪਾ ਲਗਾਤਾਰ ਤੀਜੀ ਵਾਰ ਜੇਤੂ ਰਹੀ ਅਤੇ ਸੂਬੇ ਵਿਚ ਇਹ ਮਾਣ ਹਾਸਲ ਵਾਲੀ ਪਹਿਲੀ ਪਾਰਟੀ ਬਣ ਗਈ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਮਗਰੋਂ ਕਾਂਗਰਸ 65 ਸੀਟਾਂ ’ਤੇ ਲੀਡ ਕਰ ਰਹੀ ਸੀ ਪਰ ਅਚਨਚੇਤ ਰੁਝਾਨ ਬਦਲਣ ਲੱਗੇ ਅਤੇ ਭਾਜਪਾ 17 ਸੀਟਾਂ ਤੋਂ 51 ਸੀਟਾਂ ’ਤੇ ਪੁੱਜ ਗਈ। ਅੰਤਮ ਨਤੀਜਿਆਂ ਮੁਤਾਬਕ 90 ਮੈਂਬਰਾਂ ਵਾਲੀ ਹਰਿਆਣਾ ਵਿਧਾਨ ਸਭਾ ਵਿਚ ਭਾਜਪਾ ਨੂੰ 47 ਸੀਟਾਂ ਮਿਲੀਆਂ ਜਦਕਿ ਇਕ ਵੇਲੇ ਜਿੱਤ ਦੇ ਘੋੜੇ ’ਤੇ ਸਵਾਰ ਕਾਂਗਰਸ ਨੂੰ 37 ਸੀਟਾਂ ਨਾਲ ਹੀ ਸਬਰ ਕਰਨਾ ਪਿਆ। ਦੂਜੇ ਪਾਸੇ ਜੰਮੂ-ਕਸ਼ਮੀਰ ਵਿਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦਾ ਗਠਜੋੜ ਬਹੁਮਤ ਹਾਸਲ ਕਰਨ ਵਿਚ ਸਫਲ ਰਿਹਾ ਅਤੇ ਉਮਰ ਅਬਦੁੱਲਾ ਨਵੇਂ ਮੁੱਖ ਮੰਤਰੀ ਹੋਣਗੇ। ਕਾਂਗਰਸ ਤੋਂ ਵੀ ਮਾੜਾ ਹਾਲ ਚੌਟਾਲਾ ਪਰਵਾਰ ਦਾ ਹੋਇਆ ਜਿਨ੍ਹਾਂ ਦੀਆਂ ਦੋ ਪਾਰਟੀਆਂ ਵਿਚੋਂ ਸਿਰਫ਼ ਇਕ ਉਮੀਦਵਾਰ ਜਿੱਤ ਸਕਿਆ ਜਦਕਿ ਕਿੰਗ ਮੇਕਰ ਵਜੋਂ ਉਭਰਨ ਦਾ ਦਾਅਵਾ ਕਰ ਰਹੀ ਆਮ ਆਦਮੀ ਪਾਰਟੀ ਖਾਤਾ ਵੀ ਨਾ ਖੋਲ੍ਹ ਸਕੀ ਅਤੇ ਅਰਵਿੰਦ ਕੇਜਰੀਵਾਲ ਦਾ ਚੋਣ ਪ੍ਰਚਾਰ ਕੋਈ ਰੰਗ ਨਾ ਲਿਆ ਸਕਿਆ।

ਆਮ ਆਦਮੀ ਪਾਰਟੀ ਨੇ ਹਰਿਆਣਾ ਦੀ ਬਜਾਏ ਜੰਮੂ-ਕਸ਼ਮੀਰ ਵਿਚ ਖਾਤਾ ਖੋਲਿ੍ਹਆ

ਇਥੇ ਦਸਣਾ ਬਣਦਾ ਹੈ ਕਿ ਮੰਗਲਵਾਰ ਸਵੇਰੇ ਅੱਠ ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਮਗਰੋਂ ਕਾਂਗਰਸ ਨੂੰ ਜ਼ਬਰਦਸਤ ਲੀਡ ਮਿਲਦੀ ਨਜ਼ਰ ਆਈ ਅਤੇ ਇਕ ਵੇਲੇ ਉਸ ਦੇ ਉਮੀਦਵਾਰ 65 ਸੀਟਾਂ ’ਤੇ ਅੱਗੇ ਚੱਲ ਰਹੇ ਸਨ। ਹਰ ਚੋਣ ਸਰਵੇਖਣ ਵਿਚ ਕਾਂਗਰਸ ਦੀ ਜਿੱਤ ਦਾ ਜ਼ਿਕਰ ਹੋਣ ਕਰ ਕੇ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਜ਼ੋਰ ਅਜ਼ਮਾਇਸ਼ ਵੀ ਸ਼ੁਰੂ ਹੋ ਗਈ ਪਰ 9.30 ਵਜੇ ਤੱਕ ਭਾਜਪਾ ਮੁੜ ਟੱਕਰ ਵਿਚ ਆ ਚੁੱਕੀ ਸੀ ਅਤੇ ਦੋਹਾਂ ਪਾਰਟੀਆਂ ਦਰਮਿਆਨ ਸਿਰਫ ਦੋ ਸੀਟਾਂ ਦਾ ਫਰਕ ਰਹਿ ਗਿਆ। ਪੌਣੇ ਦਸ ਵਜੇ ਦੋਵੇਂ ਪਾਰਟੀਆਂ 43-43 ਸੀਟਾਂ ’ਤੇ ਲੀਡ ਕਰਨ ਲੱਗੀਆਂ ਅਤੇ ਇਸ ਮਗਰੋਂ ਅਚਾਨਕ ਭਾਜਪਾ 51 ਸੀਟਾਂ ’ਤੇ ਪੁੱਜ ਗਈ। ਕਾਂਗਰਸ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਵੱਲੋਂ ਜਾਣ-ਬੁੱਝ ਕੇ ਆਪਣੀ ਵੈਬਸਾਈਟ ’ਤੇ ਰੁਝਾਨਾਂ ਨੂੰ ਸੁਸਤ ਰਫ਼ਤਾਰ ਨਾਲ ਸ਼ੇਅਰ ਕੀਤਾ ਗਿਆ। ਪ੍ਰਮੁੱਖ ਉਮੀਦਵਾਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਪੈਰਿਸ ਓਲੰਪਿਕਸ ਵਿਚ ਜ਼ਿਆਦਾ ਵਜ਼ਨ ਕਾਰਨ ਗੋਲਡ ਮੈਡਲ ਤੋਂ ਵਾਂਝੀ ਰਹਿਣ ਵਾਲੀ ਮਹਿਲਾ ਭਲਵਾਨ ਵਿਨੇਸ਼ ਫੋਗਾਟ ਜੁਲਾਣਾ ਹਲਕੇ ਤੋਂ ਜੇਤੂ ਰਹੀ ਅਤੇ ਕਾਂਗਰਸ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਭੁਪਿੰਦਰ ਸਿੰਘ ਹੁੱਡਾ ਵੀ ਜੇਤੂ ਰਹੇ।

ਜੰਮੂ-ਕਸ਼ਮੀਰ ਵਿਚ ਨੈਸ਼ਨਲ ਕਾਨਰਫਰੰਸ ਅਤੇ ਕਾਂਗਰਸ ਦੀ ਬਣੇਗੀ ਸਰਕਾਰ

ਇਸੇ ਤਰ੍ਹਾਂ ਕਾਰਜਕਾਰੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲਾਡਵਾ ਤੋਂ ਜਿੱਤ ਦਰਜ ਕੀਤੀ ਅਤੇ ਅਨਿਲ ਵਿਜ ਅੰਬਾਲਾ ਕੈਂਟ ਤੋਂ ਜੇਤੂ ਰਹੇ।ਉਧਰ ਜੰਮੂ-ਕਸ਼ਮੀਰ ਵਿਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਗਠਜੋੜ ਵਾਲੀ ਸਰਕਾਰ ਬਣੇਗੀ। 90 ਸੀਟਾਂ ਵਾਲੀ ਵਿਧਾਨ ਸਭਾ ਵਿਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਗਠਜੋੜ ਨੂੰ 47 ਸੀਟਾਂ ਮਿਲੀਆਂ ਜਦਕਿ ਭਾਜਪਾ 29 ਸੀਟਾਂ ਜਿੱਤਣ ਵਿਚ ਸਫਲ ਰਹੀ। ਮਹਿਬੂਬਾ ਮੁਫ਼ਤੀ ਦੀ ਅਗਵਾਈ ਵਾਲੀ ਪੀ.ਡੀ.ਪੀ. ਚਾਰ ਸੀਟਾਂ ’ਤੇ ਜੇਤੂ ਰਹੀ ਅਤੇ ਹਰਿਆਣਾ ਦੇ ਉਲਟ ਜੰਮੂ ਕਸ਼ਮੀਰ ਵਿਚ ਆਮ ਆਦਮੀ ਪਾਰਟੀ ਦਾ ਖਾਤਾ ਖੁੱਲ੍ਹ ਗਿਆ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਸੂਬੇ ਦੇ ਨਵੇਂ ਮੁੱਖ ਮੰਤਰੀ ਉਮਰ ਅਬਦੁੱਲਾ ਹੋਣਗੇ। ਉਮਰ ਅਬਦੁੱਲਾ ਨੇ ਦੋ ਸੀਟਾਂ ’ਤੇ ਚੋਣ ਲੜੀ ਅਤੇ ਦੋਹਾਂ ’ਤੇ ਜੇਤੂ ਰਹੇ। ਇਸ ਦੇ ਉਲਟ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਬੇਟੀ ਇਲਤਜਾ ਮੁਫ਼ਤੀ ਚੋਣ ਹਾਰ ਗਈ। ਭਾਜਪਾ ਦੇ ਸੂਬਾ ਸਰਕਾਰ ਰਵਿੰਦਰ ਰੈਨਾ ਨੂੰ ਨੌਸ਼ਹਿਰਾ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਹਰਿਆਣਾ ਅਤੇ ਜੰਮੂ ਕਸ਼ਮੀਰ ਦੋਹਾਂ ਰਾਜਾਂ ਵਿਚ ਸਾਧਾਰਣ ਬਹੁਮਤ ਦਾ ਅੰਕੜਾ 46 ਬਣਦਾ ਹੈ।

Next Story
ਤਾਜ਼ਾ ਖਬਰਾਂ
Share it