Begin typing your search above and press return to search.

ਨਾਇਡੂ ਦੀ ਸਾਲੀ ਜ਼ਰੀਏ ਵੱਡੀ ਗੇਮ ਖੇਡ ਸਕਦੀ ਭਾਜਪਾ !

ਲੋਕ ਸਭਾ ਸੀਟ ਅੰਕੜਿਆਂ ਦੇ ਨਾਲ ਨਾਲ ਸੱਤਾਧਾਰੀ ਤੇ ਵਿਰੋਧੀਆਂ ਦੇ ਵਿਚਕਾਰ ਚੱਲ ਰਹੀ ਖਿੱਚੋਤਾਣ ਨੂੰ ਦੇਖਦਿਆ ਲੋਕ ਸਭਾ ਸਪੀਕਰ ਦਾ ਅਹੁਦਾ ਇਸ ਵਾਰ ਕਾਫ਼ੀ ਅਹਿਮ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿਚ ਦੋ ਵੱਡੀਆਂ ਸਹਿਯੋਗੀ ਪਾਰਟੀਆਂ ਟੀਡੀਪੀ ਅਤੇ ਜੇਡੀਯੂ ਵੀ ਇਸ ਹੋੜ ਵਿਚ ਸ਼ਾਮਲ ਦਿਸ ਰਹੀਆਂ ।

ਨਾਇਡੂ ਦੀ ਸਾਲੀ ਜ਼ਰੀਏ ਵੱਡੀ ਗੇਮ ਖੇਡ ਸਕਦੀ ਭਾਜਪਾ !
X

Dr. Pardeep singhBy : Dr. Pardeep singh

  |  11 Jun 2024 3:42 PM IST

  • whatsapp
  • Telegram

ਨਵੀਂ ਦਿੱਲੀ: ਲੋਕ ਸਭਾ ਸੀਟ ਅੰਕੜਿਆਂ ਦੇ ਨਾਲ ਨਾਲ ਸੱਤਾਧਾਰੀ ਤੇ ਵਿਰੋਧੀਆਂ ਦੇ ਵਿਚਕਾਰ ਚੱਲ ਰਹੀ ਖਿੱਚੋਤਾਣ ਨੂੰ ਦੇਖਦਿਆ ਲੋਕ ਸਭਾ ਸਪੀਕਰ ਦਾ ਅਹੁਦਾ ਇਸ ਵਾਰ ਕਾਫ਼ੀ ਅਹਿਮ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿਚ ਦੋ ਵੱਡੀਆਂ ਸਹਿਯੋਗੀ ਪਾਰਟੀਆਂ ਟੀਡੀਪੀ ਅਤੇ ਜੇਡੀਯੂ ਵੀ ਇਸ ਹੋੜ ਵਿਚ ਸ਼ਾਮਲ ਦਿਸ ਰਹੀਆਂ । ਚੰਦਰਬਾਬੂ ਨਾਇਡੂ ਅਤੇ ਨਿਤੀਸ਼ ਕੁਮਾਰ ਨੂੰ ਲਗਦਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਵਿਚ ਕਿਸੇ ਤਰ੍ਹਾਂ ਤੋੜਫੋੜ ਦੀ ਕੋਸ਼ਿਸ਼ ਹੋਈ ਤਾਂ ਸਪੀਕਰ ਅਹੁਦਾ ਉਨ੍ਹਾਂ ਲਈ ਜੀਵਨ ਬੀਮੇ ਦਾ ਕੰਮ ਕਰੇਗਾ।

ਕੇਂਦਰ ਵਿਚ ਐਨਡੀਏ ਗਠਜੋੜ ਦੀ ਸਰਕਾਰ ਬਣ ਚੁੱਕੀ ਹੈ, ਜਿਸ ਵਿਚ ਦੋ ਸਹਿਯੋਗੀ ਪਾਰਟੀਆਂ ਪ੍ਰਮੁੱਖ ਨੇ, ਇਕ ਟੀਡੀਪੀ ਅਤੇ ਦੂਜੀ ਜੇਡੀਯੂ। ਦੋਵੇਂ ਪਾਰਟੀਆਂ ਦੇ ਨੇਤਾਵਾਂ ਦੀ ਨਜ਼ਰ ਲੋਕ ਸਭਾ ਸਪੀਕਰ ਦੇ ਅਹੁਦੇ ’ਤੇ ਟਿਕੀ ਹੋਈ ਹੈ। ਟੀਡੀਪੀ ਦੇ ਨੇਤਾ ਐਨ ਚੰਦਰਬਾਬੂ ਅਤੇ ਜੇਡੀਯੂ ਨੇਤਾ ਨਿਤਿਸ਼ ਕੁਮਾਰ ਨੂੰ ਇੰਝ ਜਾਪਦਾ ਏ ਕਿ ਜੇਕਰ ਉਨ੍ਹਾਂ ਦੀ ਪਾਰਟੀ ਵਿਚ ਤੋੜਫੋੜ ਦੀ ਕੋਸ਼ਿਸ਼ ਹੋਵੇਗੀ ਤਾਂ ਸਪੀਕਰ ਅਹੁਦਾ ਉਸ ਸਮੇਂ ਉਨ੍ਹਾਂ ਲਈ ਜੀਵਨ ਰੱਖਿਆ ਸਾਬਤ ਹੋਵੇਗਾ। ਉਧਰ ਇੰਡੀਆ ਗਠਜੋੜ ਵੱਲੋਂ ਵੀ ਐਲਾਨ ਕੀਤਾ ਗਿਆ ਏ ਕਿ ਜੇਕਰ ਸਪੀਕਰ ਅਹੁਦਾ ਟੀਡੀਪੀ ਦੇ ਕੋਲ ਜਾਂਦਾ ਹੈ ਤਾਂ ਉਹ ਸਮਰਥਨ ਦੇਣ ਲਈ ਤਿਆਰ ਹਨ। ਹਾਲਾਂਕਿ ਮੋਦੀ ਦੇ ਦੂਜੇ ਕਾਰਜਕਾਲ ਵਿਚ ਸਪੀਕਰ ਰਹੇ ਕੋਟਾ ਤੋਂ ਸਾਂਸਦ ਓਮ ਬਿੜਲਾ ਫਿਰ ਦਾਅਵੇਦਾਰੀ ਵਿਚ ਅੱਗੇ ਦੱਸੇ ਜਾ ਰਹੇ ਨੇ। ਉਨ੍ਹਾਂ ਦੇ ਕੈਬਨਿਟ ਮੰਤਰੀ ਨਾ ਬਣਨ ਤੋਂ ਇਨ੍ਹਾਂ ਅਟਕਲਾਂ ਨੇ ਹੋਰ ਜ਼ੋਰ ਫੜ ਲਿਆ ਏ। ਇਸੇ ਵਿਚਕਾਰ ਆਂਧਰਾ ਪ੍ਰਦੇਸ਼ ਤੋਂ ਭਾਜਪਾ ਦੀ ਪ੍ਰਧਾਨ ਡੀ. ਪੁਰੰਦੇਸ਼ਵਰੀ ਦਾ ਨਾਮ ਵੀ ਇਸ ਅਹੁਦੇ ਲਈ ਸਾਹਮਣੇ ਆ ਰਿਹਾ ਹੈ।

ਖ਼ਾਸ ਗੱਲ ਇਹ ਹੈ ਕਿ ਪੁਰੰਦੇਸ਼ਵਰੀ ਚੰਦਰਬਾਬੂ ਨਾਇਡੂ ਦੀ ਸਾਲੀ ਹੈ। ਉਨ੍ਹਾਂ ਨੇ ਨਾਇਡੂ ਦਾ ਉਸ ਸਮੇਂ ਸਮਰਥਨ ਕੀਤਾ ਸੀ ਜਦੋਂ ਉਨ੍ਹਾਂ ਦੀ ਆਪਣੇ ਸਹੁਰੇ ਐਨਟੀ ਰਾਮਾਰਾਓ ਦਾ ਤਖ਼ਤਾ ਪਲਟ ਕਰਨ ’ਤੇ ਆਲੋਚਨਾ ਹੋ ਰਹੀ ਸੀ। ਅਜਿਹੇ ਵਿਚ ਉਨ੍ਹਾਂ ਨੂੰ ਸਪੀਕਰ ਬਣਾਇਆ ਜਾਂਦਾ ਹੈ ਤਾਂ ਨਾਇਡੂ ’ਤੇ ਸਾਫ਼ਟ ਪ੍ਰੈਸ਼ਰ ਹੋਵੇਗਾ। ਉਨ੍ਹਾਂ ਦੀ ਪਾਰਟੀ ਟੀਡੀਪੀ ਪੁਰੰਦੇਸ਼ਵਰੀ ਦਾ ਵਿਰੋਧ ਨਹੀਂ ਕਰ ਸਕੇਗੀ। ਪੁਰੰਦੇਸ਼ਵਰੀ ਕੰਮਾ ਸਮਾਜ ਨਾਲ ਸਬੰਧਤ ਹੈ ਜੋ ਆਂਧਰਾ ਪ੍ਰਦੇਸ਼ ਦੀ ਰਾਜਨੀਤੀ ਵਿਚ ਪ੍ਰਭਾਵਸ਼ਾਲੀ ਸਮਾਜ ਮੰਨਿਆ ਜਾਂਦੈ। ਕੰਮਾ ਸਮਾਜ ਨੂੰ ਟੀਡੀਪੀ ਦਾ ਰਵਾਇਤੀ ਵੋਟਰ ਮੰਨਿਆ ਜਾਂਦਾ ਏ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਏ ਕਿ ਪੁਰੰਦੇਸ਼ਵਰੀ ਦੇ ਬਹਾਨੇ ਭਾਜਪਾ ਨਾਇਡੂ ਦੀ ਪਾਰਟੀ ਦੇ ਰਵਾਇਤੀ ਵੋਟ ਬੈਂਕ ’ਚ ਸੰਨ੍ਹ ਲਗਾਉਣਾ ਚਾਹੁੰਦੀ ਹੈ।

ਕੁੱਝ ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਪੁਰੰਦੇਸ਼ਵਰੀ ਭਾਵੇਂ ਚੰਦਰਬਾਬੂ ਨਾਇਡੂ ਦੀ ਸਾਲੀ ਹੈ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਭਾਜਪਾ ਦੀ ਸੂਬਾ ਪ੍ਰਧਾਨ ਐ, ਇਸ ਲਈ ਸਾਲੀ ਦੇ ਚੱਕਰ ਵਿਚ ਚੰਦਰਬਾਬੂ ਨਾਇਡੂ ਆਪਣੇ ਵੋਟ ਬੈਂਕ ਨੂੰ ਕਿਸੇ ਵੀ ਹਾਲਤ ਵਿਚ ਸੰਨ੍ਹ ਨਹੀਂ ਲਗਾਉਣ ਦੇਣਗੇ। ਜੇਕਰ ਭਾਜਪਾ ਨੇ ਸਰਕਾਰ ਬਣਨ ਦੀ ਸ਼ੁਰੂਆਤ ਵਿਚ ਹੀ ਚੰਦਰਬਾਬੂ ਨਾਇਡੂ ਦੇ ਨਾਲ ਕੋਈ ਅਜਿਹੀ ਗੇਮ ਖੇਡਣ ਦੀ ਕੋਸ਼ਿਸ਼ ਕੀਤੀ ਤਾਂ ਨਵੀਂ ਨਵੀਂ ਬਣੀ ਸਰਕਾਰ ਦੇ ਖਿਲਾਰੇ ਪੈਂਦਿਆਂ ਦੇਰ ਨਹੀਂ ਲੱਗੇਗੀ ਕਿਉਂਕਿ ਟੀਡੀਪੀ ਇਸ ਤੋਂ ਪਹਿਲਾਂ ਵੀ ਭਾਜਪਾ ਦੀ ਅਗਵਾਈ ਵਾਲੀ ਵਾਜਪਾਈ ਸਰਕਾਰ ਨੂੰ ਦਿਨ ਵਿਚ ਤਾਰੇ ਦਿਖਾ ਚੁੱਕੀ ਐ, ਜਦੋਂ ਟੀਡੀਪੀ ਦੇ ਸਪੀਕਰ ਨੇ ਮਹਿਜ਼ ਇਕ ਵੋਟ ਦੇ ਨਾਲ ਵਾਜਪਾਈ ਦੀ ਸਰਕਾਰ ਗਿਰਾ ਦਿੱਤੀ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਵਿਚ ਪਿਛਲੇ ਕਾਰਜਕਾਲ ਦੌਰਾਨ ਲੋਕ ਸਭਾ ਸਪੀਕਰ ਰਹੇ ਓਮ ਬਿੜਲਾ ਨੂੰ ਜਗ੍ਹਾ ਨਹੀਂ ਦਿੱਤੀ ਗਈ, ਜਿਸ ਤੋਂ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਸਪੀਕਰ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਬਿੜਲਾ ਨੂੰ ਕੈਬਨਿਟ ਵਿਚ ਜਗ੍ਹਾ ਦਿੱਤੀ ਜਾਵੇਗੀ ਪਰ ਅਜਿਹਾ ਨਾ ਹੋਣ ’ਤੇ ਹੁਣ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਸੂਤਰਾਂ ਮੁਤਾਬਕ ਬਿੜਲਾ ਦੇ ਲਈ ਵੱਡੀ ਭੂਮਿਕਾ ਵਾਲੇ ਰਸਤੇ ਅਜੇ ਵੀ ਖੁੱਲ੍ਹੇ ਹੋਏ ਹਨ। ਉਂਝ ਭਾਜਪਾ ਦੇ ਸੂਤਰਾਂ ਅਨੁਸਾਰ ਓਮ ਬਿੜਲਾ ਦਾ ਨਾਮ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਦੇ ਸੰਭਾਵਿਤ ਨਾਵਾਂ ਵਿਚ ਵੀ ਲਿਆ ਜਾ ਰਿਹਾ ਹੈ ਪਰ ਇਸ ਮਾਮਲੇ ਵਿਚ ਇਕ ਅੜਚਨ ਵੀ ਪੈਦਾ ਹੋ ਰਹੀ । ਉਹ ਇਹ ਐ ਕਿ ਮਹਾਰਾਸ਼ਟਰ, ਬਿਹਾਰ, ਹਰਿਆਣਾ, ਦਿੱਲੀ ਵਰਗੇ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ, ਜਿਸ ਕਰਕੇ ਭਾਜਪਾ ਚੋਣਾਵੀ ਫ਼ਾਇਦਾ ਲੈਣ ਲਈ ਇਨ੍ਹਾਂ ਰਾਜਾਂ ਵਿਚੋਂ ਕਿਸੇ ਇਕ ਰਾਜ ਦੇ ਨੇਤਾ ਦਾ ਨਾਮ ਪ੍ਰਧਾਨ ਅਹੁਦੇ ਲਈ ਚੁਣ ਸਕਦੀ ਹੈ।

ਨਵੀਂ ਸਰਕਾਰ ਬਣਨ ’ਤੇ ਸਭ ਤੋਂ ਪਹਿਲਾਂ ਸਦਨ ਦੇ ਸਭ ਤੋਂ ਸੀਨੀਅਰ ਨੇਤਾ ਨੂੰ ਲੋਕ ਸਭਾ ਦਾ ਪ੍ਰੋਟੇਮ ਸਪੀਕਰ ਬਣਾਇਆ ਜਾਂਦਾ। ਇਸ ਵਾਰ ਭਾਜਪਾ ਦੇ ਵਿਰੇਂਦਰ ਕੁਮਾਰ ਅਤੇ ਕਾਂਗਰਸ ਦੇ ਕੋਡੀਕੁਨਿਲ ਸੁਰੇਸ਼ ਅਜਿਹੇ ਦੋ ਮੈਂਬਰ ਨੇ ਜੋ ਸਭ ਤੋਂ ਜ਼ਿਆਦਾ ਸੱਤਵੀਂ ਵਾਰ ਚੋਣ ਜਿੱਤ ਕੇ ਲੋਕ ਸਭਾ ਵਿਚ ਪੁੱਜੇ ਹਨ। ਵੀਰੇਂਦਰ ਕੁਮਾਰ ਕੈਬਨਿਟ ਵਿਚ ਸ਼ਾਮਲ ਹਨ, ਜਿਸ ਕਰਕੇ ਕਾਂਗਰਸ ਦੇ ਸੁਰੇਸ਼ ਪ੍ਰੋਟੇਮ ਸਪੀਕਰ ਬਣਾਏ ਜਾ ਸਕਦੇ ਨੇ। ਪ੍ਰੋਟੇਮ ਸਪੀਕਰ ਸਾਂਸਦਾਂ ਨੂੰ ਸਹੁੰ ਚੁਕਾਉਣ ਦੇ ਨਾਲ ਹੀ ਸਪੀਕਰ ਦੀ ਚੋਣ ਕਰਵਾਏਗਾ, ਜੋ ਸਧਾਰਨ ਬਹੁਮਤ ਨਾਲ ਕੀਤੀ ਜਾਂਦੀ ਹੈ।

Next Story
ਤਾਜ਼ਾ ਖਬਰਾਂ
Share it