ਭਾਰਤ ਸਮੇਤ ਕਈ ਦੇਸ਼ਾਂ ਦੇ ਸਿਰ ’ਤੇ ਮੰਡਰਾ ਰਹੀ ਮੌਤ!
ਹੁਣ ਉਸੇ ਸਾਇਜ਼ ਦਾ ਇਕ ਐਸਟੋਰਾਈਡ ਫਿਰ ਤੋਂ ਲਗਾਤਾਰ ਧਰਤੀ ਵੱਲ ਵਧਦਾ ਆ ਰਿਹਾ ਏ, ਜਿਸ ਦੇ ਚਲਦਿਆਂ ਖਗੋਲ ਵਿਗਿਆਨੀ ਹਾਈ ਅਲਰਟ ’ਤੇ ਨੇ। ਕਿਹਾ ਜਾ ਰਿਹਾ ਏ ਕਿ ਇਹ ਵਿਸ਼ਾਲ ਐਸਟੋਰਾਈਡ ਧਰਤੀ ਦੇ ਜਿਸ ਹਿੱਸੇ ਨਾਲ ਟਕਰਾਏਗਾ, ਉਥੇ ਤਬਾਹੀ ਮਚਾ ਕੇ ਰੱਖ ਦੇਵੇਗਾ।
By : Makhan shah
ਚੰਡੀਗੜ੍ਹ : ਸਾਲ 1908 ਵਿਚ ਸੋਵੀਅਤ ਸੰਘ ਦੇ ਸਾਈਬੇਰੀਆ ਇਲਾਕੇ ਵਿਚ ਇਕ ਐਸਟੋਰਾਈਡ ਡਿੱਗਿਆ ਸੀ, ਜਿਸ ਨੇ 2000 ਵਰਗ ਕਿਲੋਮੀਟਰ ਦੇ ਖੇਤਰ ਵਿਚ ਤਬਾਹੀ ਮਚਾ ਕੇ ਰੱਖ ਦਿੱਤੀ ਸੀ, ਲੱਖਾਂ ਦਰੱਖ਼ਤ ਜੜ੍ਹਾਂ ਤੋਂ ਪੁੱਟੇ ਗਏ,, ਗ਼ਨੀਮਤ ਇਹ ਰਹੀ ਉਹ ਇਕ ਸੁੰਨਸਾਨ ਇਲਾਕਾ ਸੀ, ਨਹੀਂ ਤਾਂ ਇੰਨੀ ਤਬਾਹੀ ਹੋਣੀ ਸੀ ਕਿ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਜਾਣਾ ਸੀ,, ਪਰ ਹੁਣ ਉਸੇ ਸਾਇਜ਼ ਦਾ ਇਕ ਐਸਟੋਰਾਈਡ ਫਿਰ ਤੋਂ ਲਗਾਤਾਰ ਧਰਤੀ ਵੱਲ ਵਧਦਾ ਆ ਰਿਹਾ ਏ, ਜਿਸ ਦੇ ਚਲਦਿਆਂ ਖਗੋਲ ਵਿਗਿਆਨੀ ਹਾਈ ਅਲਰਟ ’ਤੇ ਨੇ। ਕਿਹਾ ਜਾ ਰਿਹਾ ਏ ਕਿ ਇਹ ਵਿਸ਼ਾਲ ਐਸਟੋਰਾਈਡ ਧਰਤੀ ਦੇ ਜਿਸ ਹਿੱਸੇ ਨਾਲ ਟਕਰਾਏਗਾ, ਉਥੇ ਤਬਾਹੀ ਮਚਾ ਕੇ ਰੱਖ ਦੇਵੇਗਾ। ਕਿੰਨਾ ਵੱਡਾ ਹੈ ਇਹ ਐਸਟੋਰਾਈਡ ਅਤੇ ਕਦੋਂ ਟਕਰਾਅ ਸਕਦੈ ਧਰਤੀ ਨਾਲ ਅਤੇ ਕੀ ਇਸ ਐਸਟੋਰਾਈਡ ਦਾ ਰਸਤਾ ਮੋੜਿਆ ਨਹੀਂ ਜਾ ਸਕਦਾ? ਆਓ ਜਾਣਦੇ ਆਂ ਸਾਰੇ ਸਵਾਲਾਂ ਦੇ ਜਵਾਬ।
27 ਦਸੰਬਰ 2024 ਨੂੰ ਟੈਲੀਸਕੋਪ ਦੀ ਮਦਦ ਨਾਲ ਸਪੇਸ ਵਿਚ ਇਕ ਐਸਟੋਰਾਈਡ ਦੇਖਿਆ ਗਿਆ, ਉਦੋਂ ਇਹ ਧਰਤੀ ਤੋਂ ਦੂਰ ਜਾ ਰਿਹਾ ਸੀ। ਜਦੋਂ ਇਸ ’ਤੇ ਹੋਰ ਸਟੱਡੀ ਕੀਤੀ ਗਈ ਤਾਂ ਪਤਾ ਚੱਲਿਆ ਕਿ ਇਕ ਫੁੱਟਬਾਲ ਗਰਾਊਂਡ ਜਿੰਨੀ ਵੱਡੀ ਇਹ ਚੱਟਾਨ ਦੋ ਦਿਨ ਪਹਿਲਾਂ ਹੀ ਧਰਤੀ ਦੇ ਬਹੁਤ ਨੇੜਿਓਂ ਲੰਘੀ ਐ,, ਪਰ ਹੁਣ ਵਿਗਿਆਨੀਆਂ ਦਾ ਕਹਿਣਾ ਏ ਕਿ ਇਹ ਐਸਟੋਰਾਈਡ ਦੁਬਾਰਾ ਵਾਪਸ ਆਵੇਗਾ ਅਤੇ 22 ਦਸੰਬਰ 2032 ਨੂੰ ਇਸ ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਐ।
ਇਸ ਐਸਟੋਰਾਈਡ ਦਾ ਨਾਮ ਵਾਈਆਰ4 ਐ। ਪੁਲਾੜ ਵਿਗਿਆਨੀਆਂ ਵੱਲੋਂ ਇਸ ਐਸਟੋਰਾਈਡ ਨੂੰ ਧਰਤੀ ਦੇ ਸਭ ਤੋਂ ਕਰੀਬੀ ਪਿੰਡਾਂ ਵਾਲੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਏ। ਵਿਗਿਆਨੀਆਂ ਦਾ ਮੰਨਣਾ ਏ ਕਿ ਇਹ ਐਸਟੋਰਾਈਡ ਸਾਡੇ ਵਾਯੂਮੰਡਲ ਵਿਚ ਦਾਖਲ ਹੋਣ ਤੋਂ ਬਾਅਦ ਸਾਡੇ ਗ੍ਰਹਿ ਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦਾ ਏ। ਦੁਨੀਆ ਭਰ ਦੇ ਵਿਗਿਆਨੀਆਂ ਨੂੰ ਇਸ ਐਸਟੋਰਾਈਡ ’ਤੇ ਲਗਾਤਾਰ ਨਜ਼ਰ ਰੱਖਣ ਦੀ ਅਪੀਲ ਕੀਤੀ ਗਈ ਐ।
2024 ਵਾਈਆਰ4 ਕੋਡ ਨਾਮ ਵਾਲੇ ਇਸ ਐਸਟੋਰਾਈਡ ਦੀ ਖੋਜ ਯੂਰਪੀ ਪੁਲਾੜ ਏਜੰਸੀ ਦੀ ਪਲੈਨੇਟਰੀ ਡਿਫੈਂਸ ਆਫ਼ਿਸ ਨੇ ਸਭ ਤੋਂ ਪਹਿਲਾਂ ਇਸ ਐਸਟੋਰਾਈਡ ਦੀ ਖੋਜ ਕੀਤੀ ਸੀ, ਜਿਸ ਨੇ ਚਿਤਾਵਨੀ ਜਾਰੀ ਕਰਦਿਆਂ ਆਖਿਆ ਸੀ ਕਿ 22 ਦਸੰਬਰ 2032 ਨੂੰ ਇਸ ਐਸਟੋਰਾਈਡ ਦੇ ਧਰਤੀ ਦੇ ਕੋਲੋਂ ਲੰਘਣ ਦੀ ਲਗਭਗ 99 ਫ਼ੀਸਦੀ ਸੰਭਾਵਨਾ ਏ। ਪੁਲਾੜ ਏਜੰਸੀ ਨੇ ਮੀਡੀਆ ਅਲਰਟ ਵਿਚ ਆਖਿਆ ਕਿ ਜਿਵੇਂ ਜਿਵੇਂ ਸਾਡੀ ਐਸਟੋਰਾਈਡ ਸਰਵੇਖਣ ਟੈਕਨਾਲੌਜੀ ਵਿਚ ਸੁਧਾਰ ਹੁੰਦਾ ਏ, ਓਵੇਂ ਓਵੇਂ ਅਸੀਂ ਧਰਤੀ ਦੇ ਨੇੜੇ ਤੋਂ ਲੰਘਣ ਵਾਲੀਆਂ ਵਸਤਾਂ ਦੀ ਵਧਦੀ ਗਿਣਤੀ ਦਾ ਪਤਾ ਲਗਾਉਣ ਵਿਚ ਸਮਰੱਥ ਹੋਏ ਆਂ, ਜਿਨ੍ਹਾਂ ਨੂੰ ਪਹਿਲਾਂ ਅਸੀਂ ਦੇਖ ਵੀ ਨਹੀਂ ਸੀ ਸਕਦੇ। ਪੁਲਾੜ ਏਜੰਸੀ ਦਾ ਕਹਿਣਾ ਏ ਕਿ ਇਸ ਐਸਟੋਰਾਈਡ ਦਾ ਅਕਾਰ 40 ਮੀਟਰ ਲੰਬਾ ਅਤੇ 100 ਮੀਟਰ ਚੌੜਾ ਹੋ ਸਕਦਾ ਏ ਅਤੇ 99 ਫ਼ੀਸਦੀ ਸੰਭਾਵਨਾ ਏ ਕਿ ਇਹ ਧਰਤੀ ਨਾਲ ਨਹੀਂ ਟਕਰਾਏਗਾ ਪਰ ਇਕ ਫੀਸਦੀ ਸੰਭਾਵਨਾ ਟਕਰਾਉਣ ਦੀ ਐ। ਇਸੇ ਕਰਕੇ ਇਸ ਐਸਟੋਰਾਈਡ ਨੂੰ ਖ਼ਤਰਨਾਕ ਐਸਟੋਰਾਈਡ ਦੀ ਸੂਚੀ ਵਿਚ ਰੱਖਿਆ ਗਿਆ ਏ।
ਜੇਕਰ ਇਸ ਦੇ ਧਰਤੀ ’ਤੇ ਡਿੱਗਣ ਦੇ ਥਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਲੈ ਕੇ ਪੁਲਾੜ ੲੈਜੰਸੀ ਦਾ ਕਹਿਣਾ ਏ ਕਿ ਫਿਲਹਾਲ ਇਹ ਕਹਿਣਾ ਮੁਸ਼ਕਲ ਐ ਕਿ ਇਸ ਦਾ ਪ੍ਰਭਾਵ ਧਰਤੀ ਦੇ ਕਿਹੜੇ ਹਿੱਸੇ ’ਤੇ ਪਵੇਗਾ। ਰਿਪੋਰਟ ਵਿਚ ਕਿਹਾ ਗਿਆ ਏ ਕਿ ਇਸ ਦੂਰੀ ’ਤੇ ਇਹ ਪੱਛਮੀ ਮੱਧ ਅਮਰੀਕਾ ਤੋਂ ਲੈ ਕੇ ਉਤਰੀ ਦੱਖਣ ਅਮਰੀਕਾ, ਫਿਰ ਮੱਧ ਅਟਲਾਂਟਿਕ ਮਹਾਂਸਾਗਰ ਅਤੇ ਅਫ਼ਰੀਕਾ ਦੇ ਕੁੱਝ ਹਿੱਸਿਆਂ ਤੋਂ ਹੁੰਦੇ ਹੋਏ ਭਾਰਤ ਤੱਕ ਪਹੁੰਚਣ ਵਾਲੀ ਇਕ ਛੋਟੀ ਪੱਟੀ ਵਿਚ ਧਰਤੀ ਦੇ ਨਾਲ ਟਕਰਾ ਸਕਦਾ ਏ।
ਫਿਲਹਾਲ 2024 ਵਾਈਆਰ4 ਐਸਟੋਰਾਈਡ ਨੂੰ ਟੋਰਿਨ ਇੰਪੈਕਟ ਹੇਜ਼ਾਰਡ ਸਕੇਲ ਦੇ ਲੇਵਲ 3 ਵਿਚ ਰੱਖਿਆ ਗਿਆ ਏ, ਜਿਸ ਦਾ ਮਤਲਬ ਇਹ ਐ ਕਿ ਇਸ ’ਤੇ ਪੁਲਾੜ ਵਿਗਿਆਨੀ ਨੇੜਿਓਂ ਨਜ਼ਰ ਰੱਖਣਗੇ ਅਤੇ ਇਸ ਨੂੰ ਆਮ ਲੋਕਾਂ ਦੀ ਜਾਣਕਾਰੀ ਵਿਚ ਲਿਆਉਣਾ ਵੀ ਜ਼ਰੂਰੀ ਐ। ਤੁਹਾਡਾ ਲਈ ਵੀ ਇਹ ਜਾਣਨਾ ਜ਼ਰੂਰੀ ਐ ਕਿ ਸ਼ੁਰੂਆਤੀ ਡਾਟਾ ਵਿਚ ਐਸਟੋਰਾਈਡ ਦੇ ਧਰਤੀ ਦੇ ਬਿਲਕੁਲ ਨੇੜੇ ਹੋਣ ਦੀ ਸੰਭਾਵਨਾ ਅਕਸਰ ਕਾਫ਼ੀ ਜ਼ਿਆਦਾ ਹੁੰਦੀ ਐ ਪਰ ਹੋਰ ਡਾਟਾ ਆਉਣ ਨਾਲ ਇਸ ਦੀਆਂ ਸੰਭਾਵਨਾਵਾਂ ਘੱਟ ਹੋ ਜਾਂਦੀਆਂ ਨੇ।