ਆਪ ਦੇ ਰਾਜ ਸਭਾ ਸਾਂਸਦ ਰਾਘਵ ਚੱਢਾ ਨੇ ਟੈਕਸ ਦੇ ਮੁੱਦੇ ਤੇ ਘੇਰੀ ਕੇਂਦਰ ਸਰਕਾਰ, ਜਾਣੋ ਖਬਰ
ਉਨ੍ਹਾਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀਆਂ ਸੀਟਾਂ ਘਟਣ ਬਾਰੇ ਤੰਜ ਕਸਦੇ ਹੋਏ ਕਿਹਾ ਕਿ ਇਸ ਦੇਸ਼ ਦੇ ਲੋਕਾਂ ਨੇ ਭਾਜਪਾ ਦੀਆਂ ਸੀਟਾਂ ’ਤੇ 18 ਫੀਸਦੀ ਜੀਐਸਟੀ ਲਗਾ ਕੇ ਪਾਰਟੀ ਨੂੰ 240 ਤੱਕ ਪਹੁੰਚਾ ਦਿੱਤਾ ਹੈ ।
By : lokeshbhardwaj
ਦਿੱਲੀ : ਰਾਜ ਸਭਾ 'ਚ ਮਾਨਸੂਨ ਸੈਸ਼ਨ ਦੌਰਾਨ ਬਜਟ 'ਤੇ ਚਰਚਾ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ । ਉਨ੍ਹਾਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀਆਂ ਸੀਟਾਂ ਘਟਣ ਬਾਰੇ ਤੰਜ ਕਸਦੇ ਹੋਏ ਕਿਹਾ ਕਿ ਇਸ ਦੇਸ਼ ਦੇ ਲੋਕਾਂ ਨੇ ਭਾਜਪਾ ਦੀਆਂ ਸੀਟਾਂ ’ਤੇ 18 ਫੀਸਦੀ ਜੀਐਸਟੀ ਲਗਾ ਕੇ ਪਾਰਟੀ ਨੂੰ 240 ਤੱਕ ਪਹੁੰਚਾ ਦਿੱਤਾ ਹੈ । ਰਾਜ ਸਭਾ ਸਾਂਸਦ ਰਾਘਵ ਚੱਢਾ ਨੇ ਗੁਡਸ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਨੂੰ ਸੋਧਣ, ਸਮੀਖਿਆ ਕਰਨ ਅਤੇ ਸਰਲ ਬਣਾਉਣ ਦਾ ਸੁਝਾਅ ਦਿੱਤਾ। ਜੀਐਸਟੀ ਨੂੰ 'ਗੱਬਰ ਸਿੰਘ ਟੈਕਸ' ਦੱਸਦਿਆਂ ਉਨ੍ਹਾਂ ਕਿਹਾ, "ਭਾਜਪਾ ਨੇ 2019 ਵਿੱਚ 303 ਸੀਟਾਂ ਜਿੱਤੀਆਂ ਸਨ । ਇਸ ਦੇਸ਼ ਦੇ ਲੋਕਾਂ ਨੇ ਸੀਟਾਂ 'ਤੇ 18% ਜੀਐਸਟੀ ਲਗਾਇਆ ਅਤੇ 2024 ਵਿੱਚ ਇਨ੍ਹਾਂ ਦੀ ਗਿਣਤੀ 240 ਤੱਕ ਪਹੁੰਚਾ ਦਿੱਤੀ ।"
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੇ ਕਿਹਾ, "ਅੱਜ ਸਥਿਤੀ ਅਜਿਹੀ ਹੈ ਕਿ ਇੱਕ ਔਸਤ ਦਿਹਾੜੀਦਾਰ ਜੋ 2014 ਵਿੱਚ 3 ਕਿਲੋ ਅਰਹਰ ਦੀ ਦਾਲ ਖਰੀਦ ਸਕਦਾ ਸੀ, ਅੱਜ ਉਹੀ ਦਾਲ ਸਿਰਫ 1.5 ਕਿਲੋ ਖਰੀਦ ਸਕਦਾ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਇਹ ਸਥਿਤੀ ਵਧਦੀ ਮਹਿੰਗਾਈ ਅਤੇ ਘਟਦੀਆਂ ਤਨਖਾਹਾਂ ਦਾ ਨਤੀਜਾ ਹੈ। ਉਨ੍ਹਾਂ ਨੇ 2024 ਦੀਆਂ ਚੋਣਾਂ ਵਿੱਚ ਪੇਂਡੂ ਖੇਤਰਾਂ ਵਿੱਚ ਭਾਜਪਾ ਦੀ ਵੋਟ ਹਿੱਸੇਦਾਰੀ ਵਿੱਚ ਪੰਜ ਫੀਸਦੀ ਦੀ ਗਿਰਾਵਟ ਲਈ ਇਨ੍ਹਾਂ ਕਾਰਨਾਂ ਨੂੰ ਜ਼ਿੰਮੇਵਾਰ ਠਹਿਰਾਇਆ।
ਆਪਣੇ ਭਾਸ਼ਣ ਵਿੱਚ ਰਾਘਵ ਚੱਢਾ ਨੇ ਵੱਧ ਰਹੀ ਪੇਂਡੂ ਮਹਿੰਗਾਈ, ਘਟਦੀ ਪੇਂਡੂ ਆਮਦਨ, ਵੱਧ ਰਹੀ ਖੁਰਾਕੀ ਮਹਿੰਗਾਈ ਅਤੇ ਬੇਰੁਜ਼ਗਾਰੀ ਸਮੇਤ ਕਈ ਮੁੱਦਿਆਂ 'ਤੇ ਭਾਜਪਾ 'ਤੇ ਤਿੱਖੇ ਹਮਲੇ ਕੀਤੇ। ਪੇਂਡੂ ਆਮਦਨ ਵਿੱਚ ਗਿਰਾਵਟ ਅਤੇ ਵਧਦੀ ਮਹਿੰਗਾਈ ਨੂੰ ਲੈ ਕੇ ਸਰਕਾਰ 'ਤੇ ਹਮਲਾ ਕਰਦੇ ਹੋਏ ਚੱਢਾ ਨੇ ਕਿਹਾ ਕਿ ਵਿੱਤੀ ਸਾਲ 2023-24 ਵਿੱਚ ਪੇਂਡੂ ਆਮਦਨ ਵਾਧਾ ਇੱਕ ਦਹਾਕੇ ਦੇ ਹੇਠਲੇ ਪੱਧਰ 'ਤੇ ਹੈ ਅਤੇ ਪਿਛਲੇ 25 ਮਹੀਨਿਆਂ ਵਿੱਚ ਅਸਲ ਪੇਂਡੂ ਮਜ਼ਦੂਰੀ ਵਿੱਚ ਲਗਾਤਾਰ ਗਿਰਾਵਟ ਆਈ ਹੈ ।