2.16 ਲੱਖ ਭਾਰਤੀਆਂ ਨੇ ਛੱਡੀ ਆਪਣੀ ਨਾਗਰਿਕਤਾ
ਆਰਥਿਕ ਜ਼ਰੂਰਤਾਂ ਲਈ ਵਿਦੇਸ਼ ਜਾ ਰਹੇ ਲੱਖਾਂ ਭਾਰਤੀ ਹਰ ਸਾਲ ਆਪਣੇ ਜੱਦੀ ਮੁਲਕ ਦੀ ਨਾਗਰਿਕਤਾ ਛੱਡ ਰਹੇ ਹਨ ਅਤੇ 2023 ਵਿਚ 2 ਲੱਖ 16 ਹਜ਼ਾਰ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡ ਦਿਤੀ।
By : Upjit Singh
ਨਵੀਂ ਦਿੱਲੀ : ਆਰਥਿਕ ਜ਼ਰੂਰਤਾਂ ਲਈ ਵਿਦੇਸ਼ ਜਾ ਰਹੇ ਲੱਖਾਂ ਭਾਰਤੀ ਹਰ ਸਾਲ ਆਪਣੇ ਜੱਦੀ ਮੁਲਕ ਦੀ ਨਾਗਰਿਕਤਾ ਛੱਡ ਰਹੇ ਹਨ ਅਤੇ 2023 ਵਿਚ 2 ਲੱਖ 16 ਹਜ਼ਾਰ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡ ਦਿਤੀ। ਸਿਰਫ ਐਨਾ ਹੀ ਨਹੀਂ 17 ਹਜ਼ਾਰ ਕਰੋੜ ਵੀ ਪਿਛਲੇ ਤਿੰਨ ਸਾਲ ਦੌਰਾਨ ਭਾਰਤ ਛੱਡ ਕੇ ਵਿਦੇਸ਼ ਜਾ ਵਸੇ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵੱਲੋਂ ਰਾਜ ਸਭਾ ਵਿਚ ਸਵਾਲਾਂ ਦੇ ਲਿਖਤੀ ਜਵਾਬ ਦਿੰਦਿਆਂ ਦੱਸਿਆ ਕਿ 2022 ਵਿਚ ਸਵਾ ਦੋ ਲੱਖ ਭਾਰਤੀਆਂ ਨੇ ਨਾਗਰਿਕਤਾ ਛੱਡੀ ਜਦਕਿ 2021 ਵਿਚ ਇਹ ਅੰਕੜਾ 1 ਲੱਖ 63 ਹਜ਼ਾਰ ਦਰਜ ਕੀਤਾ ਗਿਆ। 2020 ਵਿਚ ਮਹਾਂਮਾਰੀ ਦੇ ਬਾਵਜੂਦ 85 ਹਜ਼ਾਰ ਤੋਂ ਵੱਧ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡ ਦਿਤੀ ਜਦਕਿ 2019 ਵਿਚ ਇਹ ਅੰਕੜਾ 1 ਲੱਖ 44 ਹਜ਼ਾਰ ਦਰਜ ਕੀਤਾ ਗਿਆ। ਉਧਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਇਨ੍ਹਾਂ ਅੰਕੜਿਆਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕਾਰੋਬਾਰੀ ਹਸਤੀਆਂ ਲਗਾਤਾਰ ਪ੍ਰਵਾਸ ਕਰ ਰਹੀਆਂ ਹਨ ਅਤੇ ਉਨ੍ਹਾਂ ਦਾ ਨਵਾਂ ਘਰ ਯੂ.ਕੇ., ਸਿੰਗਾਪੁਰ ਤੇ ਸੰਯੁਕਤ ਅਰਬ ਅਮੀਰਾਤ ਵਰਗੇ ਮੁਲਕ ਬਣ ਰਹੇ ਹਨ।
ਆਰਥਿਕ ਜ਼ਰੂਰਤਾਂ ਲਈ ਵਿਦੇਸ਼ ਜਾਣ ਦਾ ਰੁਝਾਨ ਬਣਿਆ ਮੁੱਖ ਕਾਰਨ
ਕਾਰੋਬਾਰੀਆਂ ਤੋਂ ਇਲਾਵਾ ਹੁਨਰਮੰਦ ਕਾਮੇ ਵੀ ਭਾਰਤ ਛੱਡ ਕੇ ਕੈਨੇਡਾ ਅਤੇ ਅਮਰੀਕਾ ਵਰਗੇ ਮੁਲਕਾਂ ਵੱਲ ਜਾ ਰਹੇ ਹਨ ਅਤੇ ਇਸ ਰੁਝਾਨ ਦਾ ਮੁਲਕ ਦੇ ਅਰਥਚਾਰੇ ’ਤੇ ਡੂੰਘਾ ਅਸਰ ਪਵੇਗਾ ਜਦੋਂ ਆਉਣ ਵਾਲੇ ਵਰਿ੍ਹਆਂ ਦੌਰਾਨ ਟੈਕਸ ਦੇ ਰੂਪ ਵਿਚ ਹੋਣ ਵਾਲੀ ਆਮਦਨ ਵਿਚ ਕਮੀ ਆਵੇਗੀ। ਜੈਰਾਮ ਰਮੇਸ਼ ਨੇ ਕਿਹਾ ਕਿ ਸਰਕਾਰੀ ਅੰਕੜਿਆਂ ਮੁਤਾਬਕ 2011 ਵਿਚ 1 ਲੱਖ 23 ਹਜ਼ਾਰ ਭਾਰਤੀਆਂ ਨੇ ਆਪਣਾ ਜੱਦੀ ਮੁਲਕ ਛੱਡਿਆ ਅਤੇ ਇਸ ਵੇਲੇ ਇਹ ਅੰਕੜਾ ਤਕਰੀਬਨ ਦੁੱਗਣਾ ਹੋ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਛੱਡਣ ਵਾਲੇ ਅਮੀਰਾਂ ਦੀ ਘੱਟੋ ਘੱਟ ਜਾਇਦਾਦ ਇਕ ਮਿਲੀਅਨ ਡਾਲਰ ਜਾਂ ਅੱਠ ਕਰੋੜ ਰੁਪਏ ਸੀ। ਕਾਂਗਰਸੀ ਆਗੂ ਨੇ ਦਾਅਵਾ ਕੀਤਾ ਕਿ ਟੈਕਸ ਨੀਤੀਆਂ ਕਰ ਕੇ ਵੀ ਵੱਡੀ ਗਿਣਤੀ ਵਿਚ ਲੋਕ ਭਾਰਤ ਛੱਡ ਕੇ ਜਾ ਰਹੇ ਹਨ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਰਾਜ ਸਭਾ ਵਿਚ ਸਵਾਲ ਕੀਤਾ ਕਿ ਕੀ ਭਾਰਤੀਆਂ ਵੱਲੋਂ ਵੱਡੀ ਗਿਣਤੀ ਵਿਚ ਨਾਗਰਿਕਤਾ ਛੱਡਣ ਦੇ ਕਾਰਨ ਪਤਾ ਕਰਨ ਬਾਰੇ ਸਰਕਾਰ ਕੋਈ ਯਤਨ ਕਰ ਰਹੀ ਹੈ ਜਿਸ ਦੇ ਜਵਾਬ ਵਿਚ ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਨਾਗਰਿਕਤਾ ਛੱਡਣਾ ਜਾਂ ਹਾਸਲ ਕਰਨਾ ਇਕ ਨਿਜੀ ਮਸਲਾ ਹੈ। ਕੀਰਤੀ ਵਰਧਨ ਸਿੰਘ ਨੇ ਅੱਗੇ ਕਿਹਾ ਕਿ ਸਫਲ, ਖੁਸ਼ਹਾਲ ਅਤੇ ਪ੍ਰਭਾਵਸ਼ਾਲੀ ਪ੍ਰਵਾਸੀ ਭਾਰਤੀ ਸਾਡੇ ਮੁਲਕ ਦਾ ਸਰਮਾਇਆ ਹਨ ਅਤੇ ਉਨ੍ਹਾਂ ਵੱਲੋਂ ਆਪਣੇ ਜੱਦੀ ਮੁਲਕ ਦੀ ਵੱਡੇ ਪੱਧਰ ’ਤੇ ਮਦਦ ਕੀਤੀ ਜਾ ਰਹੀ ਹੈ। ਰੂਸ ਵਿਚ ਭਾਰਤੀਆਂ ਦੀ ਮੌਤ ਬਾਰੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਹੁਣ ਤੱਕ ਰੂਸੀ ਫੌਜ ਵੱਲੋਂ ਲੜਦਿਆਂ ਅੱਠ ਭਾਰਤੀ ਆਪਣੀ ਜਾਨ ਗਵਾ ਚੁੱਕੇ ਹਨ।