ਕੈਨੇਡਾ ਵਿਰੁੱਧ ਸਖਤ ਕਦਮ ਚੁੱਕ ਸਕਦੈ ਭਾਰਤ
ਨਵੀਂ ਦਿੱਲੀ, (ਹਮਦਰਦ ਨਿਊਜ਼ ਸਰਵਿਸ) : ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿੱਚ ਭਾਰਤ ਅਤੇ ਕੈਨੇਡਾ ਵਿਚਾਲੇ ਪੈਦਾ ਹੋਈ ਤਲਖੀ ਲਗਾਤਾਰ ਵਧਦੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਮਿਲ ਰਹੀ ਹੈ ਕਿ ਭਾਰਤ ਸਰਕਾਰ ਕੈਨੇਡਾ ਵਿਰੁੱਧ ਇਸ ਮਾਮਲੇ ਵਿੱਚ ਹੋਰ ਸਖਤ ਕਦਮ ਚੁੱਕ ਸਕਦੀ ਹੈ। ਦਰਅਸਲ, ਭਾਰਤ ਸਰਕਾਰ ‘ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ’ ਤੱਕ ਪਹੁੰਚ ਕਰਨ ਦੀ ਯੋਜਨਾ […]
By : Hamdard Tv Admin
ਨਵੀਂ ਦਿੱਲੀ, (ਹਮਦਰਦ ਨਿਊਜ਼ ਸਰਵਿਸ) : ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿੱਚ ਭਾਰਤ ਅਤੇ ਕੈਨੇਡਾ ਵਿਚਾਲੇ ਪੈਦਾ ਹੋਈ ਤਲਖੀ ਲਗਾਤਾਰ ਵਧਦੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਮਿਲ ਰਹੀ ਹੈ ਕਿ ਭਾਰਤ ਸਰਕਾਰ ਕੈਨੇਡਾ ਵਿਰੁੱਧ ਇਸ ਮਾਮਲੇ ਵਿੱਚ ਹੋਰ ਸਖਤ ਕਦਮ ਚੁੱਕ ਸਕਦੀ ਹੈ। ਦਰਅਸਲ, ਭਾਰਤ ਸਰਕਾਰ ‘ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ’ ਤੱਕ ਪਹੁੰਚ ਕਰਨ ਦੀ ਯੋਜਨਾ ਬਣਾ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਟਰੂਡੋ ਸਰਕਾਰ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।
ਐਫ਼ਏਟੀਐਫ਼ ’ਚ ਘਸੀਟਣ ਦੀ ਤਿਆਰੀ
ਰਿਪੋਰਟਾਂ ਅਨੁਸਾਰ ਭਾਰਤ ਆਪਣੀ ਧਰਤੀ ’ਤੇ ਅੱਤਵਾਦੀ ਫੰਡਿੰਗ ਕਾਰਵਾਈਆਂ ਖ਼ਿਲਾਫ਼ ਕੈਨੇਡਾ ਦੀ ਅਸਫਲਤਾ ਨੂੰ ਲੈ ਕੇ ਐਫ਼ਏਟੀਐਫ਼ ਯਾਨੀ ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਤੱਕ ਪਹੁੰਚ ਕਰਨ ਦੇ ਬਦਲਾਂ ਦੀ ਤਲਾਸ਼ ਕਰ ਰਿਹਾ ਹੈ। ਦਿ ਸੰਡੇ ਗਾਰਡੀਅਨ ਦੀ ਰਿਪੋਰਟ ਮੁਤਾਬਕ ਭਾਰਤ ਸਰਕਾਰ ਅਜਿਹੇ ਵਿਕਲਪਾਂ ਦੀ ਖੋਜ ਕਰ ਰਹੀ ਹੈ, ਜਿਸ ਰਾਹੀਂ ਕੈਨੇਡਾ ਨੂੰ ਐਫ਼ਏਟੀਐਫ ਦੇ ਕਟਹਿਰੇ ’ਚ ਖੜ੍ਹਾ ਕੀਤਾ ਜਾ ਸਕੇ।
ਦੱਸਿਆ ਜਾ ਰਿਹਾ ਹੈ ਕਿ ਭਾਰਤ ਨੇ ਕਈ ਵਾਰ ਵੱਖਵਾਦੀਆਂ ਨੂੰ ਫੰਡਿੰਗ ਦੇ ਸਬੰਧ ਵਿੱਚ ਠੋਸ ਅਤੇ ਭਰੋਸੇਯੋਗ ਸਬੂਤ ਪੇਸ਼ ਕੀਤੇ, ਪਰ ਹੁਣ ਤੱਕ ਕੈਨੇਡਾ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਲਿਹਾਜ਼ਾ ਭਾਰਤ ਨੇ ਪੈਰਿਸ ਸਥਿਤ ਨਿਗਰਾਨੀ ਸੰਸਥਾ ਐਫ਼ਏਟੀਐਫ਼ ਨਾਲ ‘ਪੁਰਾਣੇ ਅਤੇ ਨਵੇਂ ਸਬੂਤਾਂ ਦਾ ਇੱਕ ਡੋਜ਼ੀਅਰ’ ਸਾਂਝਾ ਕਰਨ ਦੀ ਯੋਜਨਾ ਬਣਾਈ ਹੈ, ਜੋ ਮਨੀ ਲਾਂਡਰਿੰਗ ਅਤੇ ਅੱਤਵਾਦੀ ਵਿੱਤ ਪੋਸ਼ਣ ਦਾ ਮੁਕਾਬਲਾ ਕਰਨ ਲਈ ਕਾਨੂੰਨੀ, ਰੈਗੂਲੇਟਰੀ ਅਤੇ ਅਪ੍ਰੇਸ਼ਨਲ ਉਪਾਵਾਂ ਨੂੰ ਲਾਗੂ ਕਰਨ ਦੀ ਨਿਗਰਾਨੀ ਕਰਦਾ ਹੈ।
ਵਧ ਸਕਦੀਆਂ ਨੇ ਟਰੂਡੋ ਸਰਕਾਰ ਦੀਆਂ ਮੁਸ਼ਕਲਾਂ
ਨਿੱਜਰ ਮੁੱਦੇ ਕਾਰਨ ਦੋਵਾਂ ਮੁਲਕਾਂ ਵਿਚਾਲੇ ਤਣਾਅ ਜਾਰੀ
ਦੱਸਣਾ ਬਣਦਾ ਹੈ ਕਿ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਵੀ ਇਹੀ ਤਰੀਕਾ ਅਪਣਾਇਆ ਸੀ, ਜਿਸ ਕਾਰਨ ਪਾਕਿਸਤਾਨ ਨੂੰ ਵਾਰ-ਵਾਰ ਐਫ਼ਏਟੀਐਫ਼ ਦੀ ਗ੍ਰੇ ਸੂਚੀ ’ਚ ਭੇਜਿਆ ਜਾਂਦਾ ਰਿਹਾ ਹੈ। ਹਾਲਾਂਕਿ ਕੈਨੇਡਾ ਨੂੰ ਐਫ਼ਏਟੀਐਫ਼ ਦੀ ਗ੍ਰੇ ਸੂਚੀ ਵਿੱਚ ਭੇਜਣਾ ਇੰਨਾ ਆਸਾਨ ਨਹੀਂ ਹੋਵੇਗਾ ਪਰ ਜੇਕਰ ਭਾਰਤ ਇਹ ਕਦਮ ਚੁੱਕਦਾ ਹੈ ਤਾਂ ਇਹ ਕੈਨੇਡਾ ਖ਼ਿਲਾਫ਼ ਵੱਡੀ ਕਾਰਵਾਈ ਹੋਵੇਗੀ ਅਤੇ ਐਫ਼ਏਟੀਐਫ਼ ਦੀ ਕਮੇਟੀ ਨੂੰ ਮਜਬੂਰਨ ਕੈਨੇਡਾ ਵਿਰੁੱਧ ਜਾਂਚ ਸ਼ੁਰੂ ਕਰਨੀ ਪਏਗੀ।
ਦੱਸ ਦੇਈਏ ਕਿ ਭਾਰਤ ਸਰਕਾਰ ਦੇ ਅਧਿਕਾਰੀ ਇਕ-ਇਕ ਕਰਕੇ ਸਬੂਤ ਜੋੜਦੇ ਹੋਏ ਡੋਜ਼ੀਅਰ ਤਿਆਰ ਕਰ ਰਹੇ ਹਨ, ਜਿਸ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਐੱਫ.ਏ.ਟੀ.ਐੱਫ ਅਧਿਕਾਰੀਆਂ ਨੂੰ ਸੌਂਪਿਆ ਜਾ ਸਕਦਾ ਹੈ। ਭਾਰਤੀ ਵਿਦੇਸ਼ ਮੰਤਰਾਲਾ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਕੈਨੇਡਾ ਨੇ ਭਾਰਤੀ ਵੱਖਵਾਦੀਆਂ ਅਤੇ ਅੱਤਵਾਦੀਆਂ ਨੂੰ ਪਨਾਹ ਦਿੱਤੀ ਹੈ ਅਤੇ ਕੈਨੇਡਾ ਅੱਤਵਾਦੀਆਂ ਲਈ ਸੁਰੱਖਿਅਤ ਦੇਸ਼ ਬਣ ਗਿਆ ਹੈ। ਕੈਨੇਡਾ-ਭਾਰਤ ਸਬੰਧ ਆਪਸੀ ਦੋਸ਼ਾਂ ਅਤੇ ਕੂਟਨੀਤਕ ਬੇਦਖਲੀ ਦੇ ਨਾਲ ਲਗਾਤਾਰ ਤਣਾਅ ਵਿੱਚ ਰਹਿੰਦੇ ਹਨ।
ਭਾਰਤੀ ਡਿਪਲੋਮੈਟਿਕ ਅਧਿਕਾਰੀਆਂ ਮੁਤਾਬਕ ਟਰੂਡੋ ਸਰਕਾਰ ਤਣਾਅ ਵਧਾ ਕੇ ਅਤੇ ਕੈਨੇਡਾ ਦੀ ਕੂਟਨੀਤਕ ਮੌਜੂਦਗੀ ਸਬੰਧੀ ਭਾਰਤ ’ਤੇ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾ ਕੇ ਅੱਤਵਾਦੀ ਗਤੀਵਿਧੀਆਂ ਦੇ ਮੁੱਖ ਮੁੱਦੇ ਤੋਂ ਵਿਸ਼ਵ ਭਾਈਚਾਰੇ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਦਰਅਸਲ, ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਤੁਰੰਤ ਰੱਦ ਕਰ ਦਿੱਤਾ, ਆਪਣੀ ਸਥਿਤੀ ਨੂੰ ਜ਼ੋਰਦਾਰ ਢੰਗ ਨਾਲ ਸਪੱਸ਼ਟ ਕੀਤਾ। ਨਾਲ ਹੀ ਭਾਰਤ ਸਰਕਾਰ ਨੇ ਇਹ ਯਕੀਨੀ ਬਣਾਉਣ ਦਾ ਫ਼ੈਸਲਾ ਕੀਤਾ ਹੈ ਕਿ ਕੈਨੇਡੀਅਨ ਧਰਤੀ ’ਤੇ ਅੱਤਵਾਦੀ ਫੰਡਿੰਗ ਦੇ ਮੁੱਖ ਮੁੱਦੇ ਤੋਂ ਦੁਨੀਆ ਦਾ ਧਿਆਨ ਨਾ ਭਟਕਾਇਆ ਜਾਵੇ, ਇਸ ਲਈ ਭਾਰਤ ਨੇ ਕੈਨੇਡਾ ਨੂੰ ਘੇਰਿਆ ਹੈ। ਦਰਅਸਲ ਭਾਰਤ ਅਤੇ ਕੈਨੇਡਾ ਵਿਚਾਲੇ ਸਬੰਧ ਉਸ ਸਮੇਂ ਕਾਫੀ ਵਿਗੜ ਗਏ ਸਨ, ਜਦੋਂ 18 ਸਤੰਬਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਭਾਰਤ ਸਰਕਾਰ ਦੀਆਂ ਖੁਫੀਆ ਏਜੰਸੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ।