ਲੰਬਾ ਸਮਾਂ ਮੂੰਹ ਫੁਲਾਅ ਕੇ ਨਹੀਂ ਰਹਿ ਸਕਦੇ ਭਾਰਤ-ਕੈਨੇਡਾ
ਚੰਡੀਗੜ੍ਹ, 27 ਸਤੰਬਰ : ਕੈਨੇਡਾ ਵਿਚ ਖ਼ਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਅਜਿਹੀ ਖੱਟਾਸ ਆਈ ਕਿ ਉਸ ਨੇ ਕਾਫ਼ੀ ਉਥਲ ਪੁਥਲ ਮਚਾ ਕੇ ਰੱਖ ਦਿੱਤੀ ਐ। ਦਰਅਸਲ ਇਹ ਵਿਵਾਦ ਨੇ ਤੂਲ ਉਸ ਸਮੇਂ ਫੜਿਆ ਜਦੋਂ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਨੇ ਨਿੱਝਰ ਦੀ ਹੱਤਿਆ ਦਾ ਦੋਸ਼ ਭਾਰਤ […]
By : Hamdard Tv Admin
ਚੰਡੀਗੜ੍ਹ, 27 ਸਤੰਬਰ : ਕੈਨੇਡਾ ਵਿਚ ਖ਼ਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਅਜਿਹੀ ਖੱਟਾਸ ਆਈ ਕਿ ਉਸ ਨੇ ਕਾਫ਼ੀ ਉਥਲ ਪੁਥਲ ਮਚਾ ਕੇ ਰੱਖ ਦਿੱਤੀ ਐ। ਦਰਅਸਲ ਇਹ ਵਿਵਾਦ ਨੇ ਤੂਲ ਉਸ ਸਮੇਂ ਫੜਿਆ ਜਦੋਂ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਨੇ ਨਿੱਝਰ ਦੀ ਹੱਤਿਆ ਦਾ ਦੋਸ਼ ਭਾਰਤ ਸਰਕਾਰ ਸਿਰ ਮੜ੍ਹ ਦਿੱਤਾ। ਭਾਵੇਂ ਕਿ ਇਸ ਬਿਆਨ ਤੋਂ ਬਾਅਦ ਵਿਵਾਦ ਕਾਫ਼ੀ ਜ਼ਿਆਦਾ ਵਧ ਚੁੱਕਿਆ ਏ ਪਰ ਦੋਵੇਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧ ਇੰਨੇ ਜ਼ਿਆਦਾ ਗੂੜ੍ਹੇ ਨੇ ਕਿ ਇਹ ਦੋਵੇਂ ਦੇਸ਼ ਜ਼ਿਆਦਾ ਸਮੇਂ ਤੱਕ ਇਕ ਦੂਜੇ ਨਾਲ ਮੂੰਹ ਫੁਲਾਅ ਕੇ ਨਹੀਂ ਰਹਿ ਸਕਦੇ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਆਖ਼ਰਕਾਰ ਪੂਰੀ ਕਹਾਣੀ ਹੈ ਕੀ?
ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਭਾਰਤ ’ਤੇ ਲਗਾਏ ਗਏ ਇਲਜ਼ਾਮਾਂ ਮਗਰੋਂ ਪੈਦਾ ਹੋਇਆ ਵਿਵਾਦ ਅਜੇ ਤੱਕ ਠੰਡਾ ਨਹੀਂ ਹੋ ਸਕਿਆ ਪਰ ਸੱਚਾਈ ਇਹ ਵੀ ਐ ਕਿ ਦੋਵੇਂ ਦੇਸ਼ਾਂ ਵਿਚਾਲੇ ਇਹ ਵਿਵਾਦ ਜ਼ਿਆਦਾ ਲੰਬੇ ਸਮੇਂ ਤੱਕ ਵੀ ਨਹੀਂ ਰਹਿ ਸਕਦਾ ਕਿਉਂਕਿ ਦੋਵੇਂ ਦੇਸ਼ਾਂ ਦੇ ਕਾਫ਼ੀ ਗੂੜੇ ਸਬੰਧ ਨੇ। ਖ਼ਾਲਿਸਤਾਨੀ ਸਮਰਥਕ ਦੀ ਹਰਦੀਪ ਨਿੱਝਰ ਦੀ ਹੱਤਿਆ ਨੂੰ ਲੈ ਕੇ ਇਹ ਵਿਵਾਦ ਉਸ ਸਮੇਂ ਖੜ੍ਹਾ ਹੋਇਆ ਸੀ, ਜਦੋਂ ਜਸਟਿਨ ਟਰੂਡੋ ਨੇ ਇਸ ਹੱਤਿਆ ਦਾ ਦੋਸ਼ ਭਾਰਤ ਸਰਕਾਰ ਦੇ ਸਿਰ ਮੜ੍ਹ ਦਿੱਤਾ ਸੀ।
ਇਸ ਮਗਰੋਂ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿਚਾਲੇ ਕਾਫ਼ੀ ਤਣਾਅ ਪੈਦਾ ਹੋ ਗਿਆ ਜੋ ਅਜੇ ਤੱਕ ਜਾਰੀ ਐ। ਭਾਰਤ ਵੱਲੋਂ ਵੀ ਕੈਨੇਡਾ ਨੂੰ ਇਸ ਦਾ ਅਜਿਹਾ ਕਰਾਰਾ ਜਵਾਬ ਦਿੱਤਾ ਗਿਆ, ਜਿਸ ਦੀ ਸ਼ਾਇਦ ਕੈਨੇਡਾ ਨੂੰ ਉਮੀਦ ਵੀ ਨਹੀਂ ਹੋਣੀ। ਇਸ ਨੇ ਪੂਰੀ ਦੁਨੀਆ ਦਾ ਧਿਆਨ ਦੋਵੇਂ ਦੇਸ਼ਾਂ ਵੱਲ ਮੋੜ ਦਿੱਤਾ। ਦੋਵੇਂ ਦੇਸ਼ਾਂ ਨੇ ਜਦੋਂ ਦੂਜੇ ਦੇ ਟੌਪ ਡਿਪਲੋਮੈਟ ਨੂੰ ਆਪੋ ਆਪਣੇ ਦੇਸ਼ ਜਾਣ ਲਈ ਆਖ ਦਿੱਤਾ ਤਾਂ ਇਸ ਨੇ ਹੋਰ ਚਿੰਤਾ ਪੈਦਾ ਕਰ ਦਿੱਤੀ।
ਇਨਵੈਸਟ ਇੰਡੀਆ ਦੇ ਮੁਤਾਬਕ ਅਪ੍ਰੈਲ 2000 ਤੋਂ ਮਾਰਚ 2023 ਤੱਕ ਲਗਭਗ 330 ਕਰੋੜ ਡਾਲਰ ਦੇ ਕੁੱਲ ਨਿਵੇਸ਼ ਦੇ ਨਾਲ ਕੈਨੇਡਾ ਭਾਰਤ ਵਿਚ 18ਵਾਂ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਦੇਸ਼ ਐ। ਇਸ ਤਰ੍ਹਾਂ ਕੈਨੇਡੀਅਨ ਨਿਵੇਸ਼ ਭਾਰਤ ਵਿਚ ਕੁੱਲ ਐਫਡੀਆਈ ਪ੍ਰਵਾਹ ਦਾ 0.5 ਫ਼ੀਸਦੀ ਐ। ਸਾਲ 2022 ਵਿਚ ਭਾਰਤ ਕੈਨੈਡਾ ਦਾ ਨੌਵਾਂ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਵੀ ਕੈਨੇਡਾ ਹੀ ਸੀ। ਕੈਨੇਡਾ ਤੋਂ ਭਾਰਤ ਵਿਚ ਕੁੱਲ ਐਫਡੀਆਈ ਨਿਵੇਸ਼ ਵਿਚ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਦਾ ਯੋਗਦਾਨ 40.63 ਫ਼ੀਸਦੀ ਸੀ। ਅੰਕੜਿਆਂ ਤੋਂ ਪਤਾ ਚਲਦਾ ਏ ਕਿ 600 ਤੋਂ ਜ਼ਿਆਦਾ ਕੈਨੇਡੀਅਨ ਕੰਪਨੀਆਂ ਭਾਰਤ ਵਿਚ ਕੰਮ ਕਰਦੀਆਂ ਨੇ, ਜਦਕਿ ਇਕ ਹਜ਼ਾਰ ਤੋਂ ਜ਼ਿਆਦਾ ਕੈਨੇਡੀਅਨ ਕੰਪਨੀਆਂ ਭਾਰਤੀ ਬਜ਼ਾਰ ਵਿਚ ਸਰਗਰਮ ਰੂਪ ਨਾਲ ਕਾਰੋਬਾਰ ਕਰ ਰਹੀਆਂ ਨੇ। ਲੰਬੇ ਸਮੇਂ ਤੱਕ ਮੂੰਹ ਫੁਲਾਅ ਕੇ ਦੋਵੇਂ ਦੇਸ਼ਾਂ ਦਾ ਵੱਡਾ ਨੁਕਸਾਨ ਹੋਵੇਗਾ।
ਇਹ ਵੀ ਜਾਣਕਾਰੀ ਮਿਲ ਰਹੀ ਐ ਕਿ ਦੋਵੇਂ ਦੇਸ਼ਾਂ ਦੇ ਮਾਹਿਰ ਅੰਦਰਖ਼ਾਤੇ ਮਸਲੇ ਦਾ ਹੱਲ ਕੱਢਣ ਵਿਚ ਲੱਗੇ ਹੋਏ ਨੇ। ਵਪਾਰਕ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਵਿੱਤੀ ਸਾਲ 2023 ਵਿਚ ਕੈਨੇਡਾ ਨੂੰ ਭਾਰਤ ਦਾ ਕੁੱਲ ਨਿਰਯਾਤ 410.97 ਕਰੋੜ ਡਾਲਰ ਸੀ। ਇਹ ਇਸ ਦੇ ਪਿਛਲੇ ਵਿੱਤੀ ਸਾਲ ਵਿਚ ਭਾਰਤ ਦੇ ਕੁੱਲ ਨਿਰਯਾਤ 45095.84 ਕਰੋੜ ਡਾਲਰ ਦਾ 0.9 ਫ਼ੀਸਦੀ ਸੀ। ਦੂਜੇ ਪਾਸੇ ਵਿੱਤੀ ਸਾਲ 2023 ਵਿਚ ਕੈਨੇਡਾ ਤੋਂ ਭਾਰਤ ਦਾ ਕੁੱਲ ਆਯਾਤ 405.12 ਕਰੋੜ ਡਾਲਰ ਸੀ। ਸਾਲ ਦੇ ਲਈ ਭਾਰਤ ਦੇ 71404.24 ਕਰੋੜ ਡਾਲਰ ਦੇ ਕੁੱਲ ਆਯਾਤ ਦਾ ਲਗਭਗ 0.6 ਫ਼ੀਸਦੀ ਸੀ।
ਕੈਨੇਡਾ ਨੂੰ ਭਾਰਤ ਦੇ ਨਿਰਯਾਤ ਵਿਚ ਫਾਰਮਾਸਿਊਟੀਕਲ, ਰਤਨ, ਗਹਿਣੇ, ਕੱਪੜਾ ਅਤੇ ਮਸ਼ੀਨਰੀ ਸ਼ਾਮਲ ਐ, ਜਦਕਿ ਕੈਨੇਡਾ ਦੇ ਭਾਰਤ ਨੂੰ ਨਿਰਯਾਤ ਵਿਚ ਦਾਲਾਂ, ਲੱਕੜੀ, ਕਾਗਜ਼ ਅਤੇ ਮਾਈਨਿੰਗ ਉਤਪਾਦ ਸ਼ਾਮਲ ਨੇ। ਇਨ੍ਹਾਂ ਅੰਕੜਿਆਂ ਤੋਂ ਕੁੱਝ ਗੱਲਾਂ ਸਾਫ਼ ਹੋ ਜਾਂਦੀਆਂ ਨੇ ਕਿ ਦੋਵੇਂ ਦੇਸ਼ਾਂ ਦੇ ਕੋਲ ਇਕ ਦੂਜੇ ਅਤੇ ਦੁਨੀਆ ਨੂੰ ਦੇਣ ਵਾਸਤੇ ਵੱਖ ਵੱਖ ਚੀਜ਼ਾਂ ਨੇ, ਯਾਨੀ ਦੋਵੇਂ ਦੇਸ਼ ਗਲੋਬਲ ਮਾਰਕਿਟ ਵਿਚ ਕੰਪੀਟੀਟਰ ਦੀ ਬਜਾਏ ਕੰਪਲੀਮੈਂਟਰੀ ਰੋਲ ਵਿਚ ਦਿਸਦੇ ਨੇ। ਦੂਜੇ ਸ਼ਬਦਾਂ ਵਿਚ ਕਹਿ ਲਈਏ ਕਿ ਜੋ ਚੀਜ਼ਾਂ ਕੈਨੇਡਾ ਦੇ ਕੋਲ ਨੇ, ਉਨ੍ਹਾਂ ਦੀ ਭਾਰਤ ਨੂੰ ਲੋੜ ਐ, ਜਦਕਿ ਬਹੁਤ ਸਾਰੀਆਂ ਚੀਜ਼ਾਂ ਭਾਰਤ ਕੋਲ ਨੇ ਜਿਨ੍ਹਾਂ ਦੀ ਕੈਨੇਡਾ ਨੂੰ ਲੋੜ ਐ। ਇਸ ਤਰ੍ਹਾਂ ਦੋਵੇਂ ਦੇਸ਼ਾਂ ਵਿਚ ਕਿਸੇ ਤਰ੍ਹਾਂ ਦੀ ਮੁਕਾਬਲੇਬਾਜ਼ੀ ਨਹੀਂ, ਜਿਵੇਂ ਕਿ ਚੀਨ ਦੇ ਨਾਲ ਐ।
ਹੁਣ ਇਕ ਵੱਖਰੇ ਪਹਿਲੂ ’ਤੇ ਗੱਲ ਕਰਦੇ ਆਂ, ਉਹ ਐ ਮਾਈਗ੍ਰੇਸ਼ਨ। ਪਿਛਲੇ ਕੁੱਝ ਦਹਾਕਿਆਂ ਵਿਚ ਕੈਨੇਡਾ ਵਿਚ ਭਾਰਤੀਆਂ ਦੀ ਗਿਣਤੀ ਲਗਾਤਾਰ ਵਧੀ ਐ, ਜਿਸ ਦੀ ਮੁੱਖ ਵਜ੍ਹਾ ਕੈਨੇਡਾ ਦੀ ਪਾਲਿਸੀ ਐ। ਵੱਡੀ ਗਿਣਤੀ ਵਿਚ ਭਾਰਤੀ ਟੂਰਿਸਟ ਅਤੇ ਵਿਦਿਆਰਥੀ ਕੈਨੇਡਾ ਪਹੁੰਚਦੇ ਨੇ ਅਤੇ ਫਿਰ ਉਥੋਂ ਦੇ ਹੀ ਹੋ ਕੇ ਰਹਿ ਜਾਂਦੇ ਨੇ। ਕੈਨੇਡਾ ਦਾ ਪੁਆਇੰਟ ਬੇਸਡ ਇਮੀਗੇ੍ਰਸ਼ਨ ਸਿਸਟਮ ਭਾਰਤੀਆਂ ਨੂੰ ਆਕਰਸ਼ਿਤ ਕਰਦਾ ਏ। ਇਸ ਨਾਲ ਉਥੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵਾਧੂ ਪੁਆਇੰਟ ਮਿਲਦੇ ਨੇ। ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਏ। ਜੇਕਰ ਥੋੜ੍ਹੀ ਮਦਦ ਮਿਲੇ ਤਾਂ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਤਹਿਤ ਪਰਮਾਨੈਂਟ ਰੈਜੀਡੈਂਟ ਦਾ ਰਸਤਾ ਵੀ ਖੁੱਲ੍ਹ ਜਾਂਦਾ ਏ।
ਮਾਹਿਰਾਂ ਦਾ ਵੀ ਇਹੀ ਮੰਨਣਾ ਏ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਇਹ ਤਣਾਅ ਲੰਬੇ ਸਮੇਂ ਤੱਕ ਟਿਕਣ ਵਾਲਾ ਨਹੀਂ। ਦੋਵੇਂ ਦੇਸ਼ਾਂ ਦੇ ਰਿਸ਼ਤੇ ਅਜਿਹੇ ਨੇ, ਜਿਨ੍ਹਾਂ ਨਾਲ ਇਕ ਝਟਕੇ ਵਿਚ ਇਹ ਗੁੱਸਾ ਅਤੇ ਗਰਮੀ ਦੂਰ ਹੋ ਜਾਵੇਗੀ। ਕਿਸੇ ਵੀ ਤਰ੍ਹਾਂ ਇਨ੍ਹਾਂ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਦੀ ਤੁਲਨਾ ਪਾਕਿਸਤਾਨ ਜਾਂ ਚੀਨ ਨਾਲ ਭਾਰਤ ਦੇ ਰਿਸ਼ਤਿਆਂ ਨਾਲ ਨਹੀਂ ਕਰਨੀ ਚਾਹੀਦੀ। ਖ਼ੈਰ ਦੇਖਣਾ ਹੋਵੇਗਾ ਕਿ ਦੋਵੇਂ ਦੇਸ਼ਾਂ ਵਿਚਾਲੇ ਪੈਦਾ ਹੋਇਆ ਤਣਾਅ ਕਦੋਂ ਦੂਰ ਹੋਵੇਗਾ ਅਤੇ ਰਿਸ਼ਤੇ ਫਿਰ ਤੋਂ ਆਮ ਦੀ ਤਰ੍ਹਾਂ ਹੋਣਗੇ।