ਇੰਡੀਆ ਗਠਜੋੜ ਕੋਲ ਨਹੀਂ, ਭਾਜਪਾ ਦਾ ਕੋਈ ਤੋੜ!
ਚੰਡੀਗੜ੍ਹ, 7 ਦਸੰਬਰ (ਸ਼ਾਹ) : ਪੰਜ ਸੂਬਿਆਂ ਦੇ ਵਿਧਾਨ ਸਭਾ ਚੋਣ ਨਤੀਜੇ ਆਉਣ ਤੋਂ ਬਾਅਦ ਭਾਜਪਾ ਪਹਿਲਾਂ ਨਾਲੋਂ ਹੋਰ ਜ਼ਿਆਦਾ ਮਜ਼ਬੂਤ ਹੋ ਗਈ ਐ ਕਿਉਂਕਿ ਇਨ੍ਹਾਂ ਨਤੀਜਿਆਂ ਮਗਰੋਂ ਦੇਸ਼ ਦੇ ਕੁੱਲ 28 ਰਾਜਾਂ ਅਤੇ ਦੋ ਕੇਂਦਰ ਸਾਸ਼ਤ ਪ੍ਰਦੇਸ਼ਾਂ ਵਿਚੋਂ 16 ਵਿਚ ਹੁਣ ਭਾਜਪਾ ਗਠਜੋੜ ਦੀ ਸਰਕਾਰ ਬਣ ਚੁੱਕੀ ਐ, ਜਿਨ੍ਹਾਂ ਵਿਚੋਂ 12 ਸੂਬਿਆਂ ਵਿਚ ਭਾਜਪਾ […]
By : Hamdard Tv Admin
ਚੰਡੀਗੜ੍ਹ, 7 ਦਸੰਬਰ (ਸ਼ਾਹ) : ਪੰਜ ਸੂਬਿਆਂ ਦੇ ਵਿਧਾਨ ਸਭਾ ਚੋਣ ਨਤੀਜੇ ਆਉਣ ਤੋਂ ਬਾਅਦ ਭਾਜਪਾ ਪਹਿਲਾਂ ਨਾਲੋਂ ਹੋਰ ਜ਼ਿਆਦਾ ਮਜ਼ਬੂਤ ਹੋ ਗਈ ਐ ਕਿਉਂਕਿ ਇਨ੍ਹਾਂ ਨਤੀਜਿਆਂ ਮਗਰੋਂ ਦੇਸ਼ ਦੇ ਕੁੱਲ 28 ਰਾਜਾਂ ਅਤੇ ਦੋ ਕੇਂਦਰ ਸਾਸ਼ਤ ਪ੍ਰਦੇਸ਼ਾਂ ਵਿਚੋਂ 16 ਵਿਚ ਹੁਣ ਭਾਜਪਾ ਗਠਜੋੜ ਦੀ ਸਰਕਾਰ ਬਣ ਚੁੱਕੀ ਐ, ਜਿਨ੍ਹਾਂ ਵਿਚੋਂ 12 ਸੂਬਿਆਂ ਵਿਚ ਭਾਜਪਾ ਇਕੱਲੇ ਆਪਣੇ ਦਮ ’ਤੇ ਸੱਤਾ ਚਲਾ ਰਹੀ ਐ, ਜਦਕਿ ਕਾਂਗਰਸ ਪਾਰਟੀ ਮਹਿਜ਼ 3 ਰਾਜਾਂ ਤੱਕ ਸਿਮਟ ਕੇ ਰਹਿ ਗਈ ਐ, ਜਦਕਿ ਗਠਜੋੜ ਦੇ ਨਾਲ ਕਾਂਗਰਸ 5 ਸੂਬਿਆਂ ’ਚ ਬਚੀ ਹੋਈ ਐ। ਮਈ 2014 ਵਿਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੇ ਸਮੇਂ ਭਾਜਪਾ ਗਠਜੋੜ ਦਾ ਕੀ ਹਾਲ ਸੀ,,, ਪੂਰੇ ਸ਼ਿਖਰਾਂ ’ਤੇ ਕਦੋਂ ਸੀ ਭਾਜਪਾ ਦਾ ਗ੍ਰਾਫ਼ ਅਤੇ ਹੁਣ ਚਾਰ ਸੂਬਿਆਂ ਦੇ ਨਤੀਜਿਆਂ ਮਗਰੋਂ ਕਿਵੇਂ ਦਿਸਦਾ ਏ ਭਾਰਤ ਦਾ ਸਿਆਸੀ ਨਕਸ਼ਾ? ਦੇਖੋ ਇਹ ਖ਼ਾਸ ਰਿਪੋਰਟ।
ਇਸ ਸਮੇਂ ਦੇਸ਼ ਵਿਚ 30 ਵਿਧਾਨ ਸਭਾਵਾਂ ਮੌਜੂਦ ਨੇ,, ਜਿਨ੍ਹਾਂ ਵਿਚੋਂ ਦੋ ਕੇਂਦਰ ਸਾਸ਼ਤ ਪ੍ਰਦੇਸ਼ ਦਿੱਲੀ ਅਤੇ ਪੁੱਡੂਚੇਰੀ ਵੀ ਸ਼ਾਮਲ ਨੇ। ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਨਤੀਜਿਆਂ ਤੋਂ ਬਾਅਦ 16 ਸੂਬਿਆਂ ਦੀ ਸੱਤਾ ਵਿਚ ਭਾਜਪਾ ਆ ਚੁੱਕੀ ਐ। ਇੱਥੇ ਦੇਸ਼ ਦੀ ਕਰੀਬ 52 ਫ਼ੀਸਦੀ ਆਬਾਦੀ ਰਹਿੰਦੀ ਐ। ਯਾਨੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦੀ 52 ਫ਼ੀਸਦੀ ਆਬਾਦੀ ’ਤੇ ਭਾਜਪਾ ਦੀ ਸੱਤਾ ਕਾਇਮ ਐ। ਇਨ੍ਹਾਂ ਵਿਚ 12 ਸੂਬਿਆਂ ਅੰਦਰ ਭਾਜਪਾ ਨੇ ਆਪਣੇ ਬਲਬੂਤੇ ’ਤੇ ਸਰਕਾਰ ਬਣਾਈ ਐ, ਜਦਕਿ ਬਾਕੀ ਚਾਰ ਸੂਬਿਆਂ ਵਿਚ ਭਾਜਪਾ ਗਠਜੋੜ ਦੇ ਨਾਲ ਸੱਤਾ ਵਿਚ ਬਣੀ ਹੋਈ ਐ। ਖ਼ਾਸ ਗੱਲ ਇਹ ਐ ਕਿ ਇਨ੍ਹਾਂ ਵਿਚ ਕੋਈ ਵੀ ਦੱਖਣ ਭਾਰਤ ਦਾ ਸੂਬਾ ਨਹੀਂ।
ਜਿਹੜੇ ਸੂਬਿਆਂ ਵਿਚ ਭਾਜਪਾ ਨੇ ਆਪਣੇ ਦਮ ’ਤੇ ਸਰਕਾਰ ਬਣਾਈ ਐ, ਉਨ੍ਹਾਂ ਵਿਚ ਉਤਰਾਖੰਡ, ਹਰਿਆਣਾ, ਉਤਰ ਪ੍ਰਦੇਸ਼, ਗੁਜਰਾਤ, ਗੋਆ, ਆਸਾਮ, ਤ੍ਰਿਪੁਰਾ, ਮਨੀਪੁਰ, ਅਰੁਣਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਸ਼ਾਮਲ ਨੇ, ਜਦਕਿ ਗਠਜੋੜ ਵਾਲੇ ਸੂਬਿਆਂ ਵਿਚ ਮਹਾਰਾਸ਼ਟਰ, ਮੇਘਾਲਿਆ, ਨਾਗਾਲੈਂਡ ਅਤੇ ਸਿੱਕਿਮ ਦੇ ਨਾਂਅ ਸ਼ਾਮਲ ਨੇ। ਜੇਕਰ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੀ ਗੱਲ ਕਰੀਏ ਤਾਂ ਉਹ ਸਿਰਫ਼ ਤਿੰਨ ਸੂਬਿਆਂ ਅੰਦਰ ਆਪਣੇ ਦਮ ’ਤੇ ਸਰਕਾਰ ਚਲਾ ਰਹੀ ਐ, ਜਿਨ੍ਹਾਂ ਵਿਚ ਕਰਨਾਟਕ, ਹਿਮਾਚਲ ਪ੍ਰਦੇਸ਼ ਅਤੇ ਹੁਣ ਤੇਲੰਗਾਨਾ। ਇਸ ਤੋਂ ਇਲਾਵਾ ਬਿਹਾਰ ਅਤੇ ਝਾਰਖੰਡ ਵਿਚ ਉਹ ਗਠਜੋੜ ਦੇ ਨਾਲ ਸਰਕਾਰ ਵਿਚ ਸ਼ਾਮਲ ਐ।
ਜੇਕਰ ਦੇਸ਼ ਨੂੰ ਛੇ ਹਿੱਸਿਆਂ ਵਿਚ ਵੰਡ ਕੇ ਦੇਖਿਆ ਜਾਵੇ ਤਾਂ ਦੱਖਣ ਅਤੇ ਪੂਰਬੀ ਭਾਰਤ ਨੂੰ ਛੱਡ ਕੇ ਬਾਕੀ ਚਾਰ ਥਾਵਾਂ ’ਤੇ ਭਾਜਪਾ ਕਾਫ਼ੀ ਤਾਕਤਵਰ ਦਿਖਾਈ ਦਿੰਦੀ ਐ। ਨਾਰਥ ਈਸਟ ਦੇ 8 ਸੂਬਿਆਂ ਵਿਚ ਕੁੱਲ 498 ਵਿਧਾਇਕ ਨੇ, ਜਿਨ੍ਹਾਂ ਵਿਚੋਂ ਭਾਜਪਾ ਦੇ 206 ਵਿਧਾਇਕ ਹਨ, ਯਾਨੀ 41.3 ਫ਼ੀਸਦੀ ਵਿਧਾਇਕ ਭਾਜਪਾ ਦੇ ਹਨ। ਇਸੇ ਤਰ੍ਹਾਂ ਨਾਰਥ ਈਸਟ ਦੇ ਰਾਜਾਂ ਤੋਂ ਕੁੱਲ 25 ਸਾਂਸਦ ਆਉਂਦੇ ਨੇ, ਜਿਨ੍ਹਾਂ ਵਿਚੋਂ 15 ਸਾਂਸਦ ਭਾਜਪਾ ਦੇ ਹਨ।
ਮਹਾਰਾਸ਼ਟਰ ਵਿਚ ਸ਼ਿੰਦੇ ਦੀ ਸ਼ਿਵ ਸੈਨਾ ਦੇ ਨਾਲ ਭਾਜਪਾ ਦੀ ਗਠਜੋੜ ਵਾਲੀ ਸਰਕਾਰ ਐ, ਜਦਕਿ ਗੁਜਰਾਤ ਵਿਚ ਭਾਜਪਾ ਦੀ ਪੂਰਨ ਬਹੁਮਤ ਵਾਲੀ ਸਰਕਾਰ ਐ ਅਤੇ ਹੁਣ ਰਾਜਸਥਾਨ ਵਿਚ ਵੀ ਭਾਜਪਾ ਨੂੰ ਪੂਰਨ ਬਹੁਮਤ ਹਾਸਲ ਹੋ ਚੁੱਕਿਆ ਏ। ਇਨ੍ਹਾਂ ਤਿੰਨੇ ਸੂਬਿਆਂ ਦੇ ਕੁੱਲ 670 ਵਿਧਾਇਕਾਂ ਵਿਚੋਂ 331 ਭਾਜਪਾ ਦੇ ਕੋਲ ਸਨ ਜੋ ਹੁਣ ਰਾਜਸਥਾਨ ਦੀ ਜਿੱਤ ਦੇ ਨਾਲ ਹੋਰ ਜ਼ਿਆਦਾ ਵਧ ਚੁੱਕੇ ਨੇ। ਇਸੇ ਤਰ੍ਹਾਂ ਇਨ੍ਹਾਂ ਸੂਬਿਆਂ ਦੇ ਕੁੱਲ 99 ਸਾਂਸਦਾਂ ਵਿਚੋਂ 73 ਭਾਜਪਾ ਦੇ ਕੋਲ ਮੌਜੂਦ ਸਨ, ਜਿਨ੍ਹਾਂ ਵਿਚੋਂ ਕਈਆਂ ਨੇ ਵਿਧਾਨ ਸਭਾ ਦੀ ਚੋਣ ਲੜੀ ਅਤੇ ਵਿਧਾਇਕ ਬਣ ਗਏ।
ਭਾਜਪਾ ਬਹੁਤ ਸੋਚ ਸਮਝ ਦੇ ਸਿਆਸੀ ਮੈਦਾਨ ਵਿਚ ਉਤਰ ਰਹੀ ਐ, ਇਸੇ ਕਰਕੇ ਉਸ ਨੂੰ ਹਰ ਪਾਸੇ ਫ਼ਤਿਹ ਮਿਲ ਰਹੀ ਐ। ਭਾਜਪਾ ਨੂੰ ਪਤਾ ਸੀ ਕਿ ਲੋਕ ਸਭਾ ਚੋਣਾਂ ਵਿਚ ਬਹੁਤ ਥੋੜ੍ਹਾ ਸਮਾਂ ਬਾਕੀ ਰਹਿ ਗਿਆ ਏ, ਇਸ ਕਰਕੇ ਉਸ ਨੇ ਆਪਣੇ ਕਈ ਸਾਂਸਦਾਂ ਨੂੰ ਵਿਧਾਨ ਸਭਾ ਦੀ ਟਿਕਟ ਦਿੱਤੀ ਜੋ ਜਿੱਤ ਕੇ ਵਿਧਾਇਕ ਬਣ ਗਏ। ਸਮਾਂ ਥੋੜ੍ਹਾ ਹੋਣ ਕਰਕੇ ਹੁਣ ਲੋਕ ਸਭਾ ਜ਼ਿਮਨੀ ਚੋਣ ਤਾਂ ਨਹੀਂ ਹੋਵੇਗੀ। ਅਜਿਹਾ ਕਰਕੇ ਭਾਜਪਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਈ ਖੇਤਰਾਂ ਦੀ ਪਰਖ਼ ਵੀ ਕਰ ਲਈ। ਇਸੇ ਕਰਕੇ ਇਨ੍ਹਾਂ ਵਿਧਾਨ ਸਭਾ ਚੋਣਾਂ ਨੂੰ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਕਿਹਾ ਜਾ ਰਿਹਾ ਏ।
ਪੂਰਬੀ ਭਾਰਤ ਦੀ ਗੱਲ ਕਰੀਏ ਤਾਂ ਬਿਹਾਰ ਵਿਚ ਮਹਾਂਗਠਜੋੜ ਦੀ ਸਰਕਾਰ ਐ, ਪੱਛਮ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ, ਝਾਰਖੰਡ ਵਿਚ ਜੇਐਮਐਮ ਦੀ ਸਰਕਾਰ ਅਤੇ ਓਡੀਸ਼ਾ ਵਿਚ ਬੀਜੇਡੀ ਦੀ ਸਰਕਾਰ ਐ। ਯਾਨੀ ਪੂਰਬੀ ਭਾਰਤ ਵਿਚ ਕਿਤੇ ਵੀ ਭਾਜਪਾ ਦੀ ਸਰਕਾਰ ਨਹੀਂ। ਇੱਥੋਂ ਦੇ ਕੁੱਲ 722 ਵਿਧਾਇਕਾਂ ਵਿਚੋਂ 196 ਵਿਧਾਇਕ ਭਾਜਪਾ ਦੇ ਹਨ, ਇਸੇ ਤਰ੍ਹਾਂ ਇਨ੍ਹਾ ਸੂਬਿਆਂ ਦੇ ਕੁੱਲ 117 ਸਾਂਸਦਾਂ ਵਿਚੋਂ 54 ਭਾਜਪਾ ਦੇ ਸਾਂਸਦ ਹਨ।
ਜੇਕਰ ਉਤਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਭਾਜਪਾ ਅਤੇ ਆਮ ਆਦਮੀ ਪਾਰਟੀ ਦਾ ਦਬਦਬਾ ਬਣਿਆ ਹੋਇਆ ਏ। ਉਤਰ ਭਾਰਤ ਵਿਚ ਹਰਿਆਣਾ, ਯੂਪੀ ਅਤੇ ਉਤਰਾਖੰਡ ਵਿਚ ਭਾਜਪਾ ਦੀ ਸਰਕਾਰ ਐ, ਜਦਕਿ ਦਿੱਲੀ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਐ। ਉਤਰ ਭਾਰਤ ਦੇ ਕੁੱਲ 818 ਵਿਧਾਇਕਾਂ ਵਿਚੋਂ ਭਾਜਪਾ ਕੋਲ 377 ਵਿਧਾਇਕ ਨੇ, ਜਦਕਿ ਇਨ੍ਹਾਂ ਸੂਬਿਆਂ ਦੇ ਕੁੱਲ 189 ਸਾਂਸਦਾਂ ਵਿਚੋਂ 98 ਸਾਂਸਦ ਭਾਜਪਾ ਕੋਲ ਮੌਜੂਦ ਨੇ। ਇਸੇ ਤਰ੍ਹਾਂ ਮੱਧ ਭਾਰਤ ਦੀ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਛੱਤੀਸਗੜ੍ਹ ਵਿਚ ਵੀ ਭਾਜਪਾ ਦੀ ਸਰਕਾਰ ਬਣ ਚੁੱਕੀ ਐ। ਇਨ੍ਹਾਂ ਦੋਵੇਂ ਸੂਬਿਆਂ ਵਿਚ ਭਾਜਪਾ ਨੇ ਚੰਗੀ ਬੜ੍ਹਤ ਬਣਾਈ ਐ।
ਹੁਣ ਗੱਲ ਕਰਦੇ ਆਂ ਦੱਖਣ ਭਾਰਤ ਦੀ,,, ਕਰਨਾਟਕ ਦੀ ਹਾਰ ਤੋਂ ਬਾਅਦ ਦੱਖਣ ਦੇ ਪੰਜ ਵਿਚੋਂ ਕਿਸੇ ਰਾਜ ਵਿਚ ਭਾਜਪਾ ਦੀ ਸਰਕਾਰ ਨਹੀਂ। ਦੱਖਣ ਭਾਰਤ ਦੇ ਪੰਜ ਸੂਬਿਆਂ ਅਤੇ ਇਕ ਕੇਂਦਰ ਸਾਸ਼ਤ ਪ੍ਰਦੇਸ਼ ਤੋਂ ਕੁੱਲ 130 ਲੋਕ ਸਭਾ ਸਾਂਸਦ ਆਉਂਦੇ ਨੇ, ਜਿਨ੍ਹਾਂ ਵਿਚ ਭਾਜਪਾ ਦੇ ਸਿਰਫ਼ 29 ਸਾਂਸਦ ਨੇ ਅਤੇ ਇਨ੍ਹਾਂ ਵਿਚੋਂ ਵੀ 25 ਸਾਂਸਦ ਕਰਨਾਟਕ ਅਤੇ 4 ਤੇਲੰਗਾਨਾ ਤੋਂ ਨੇ। ਦੱਖਣ ਭਾਰਤ ਦੇ ਇਨ੍ਹਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਵਿਚ ਕੁੱਲ 923 ਵਿਧਾਇਕ ਨੇ। ਕਰਨਾਟਕ ਚੋਣਾਂ ਤੋਂ ਪਹਿਲਾਂ ਭਾਜਪਾ ਕੋਲ ਕੁੱਲ 135 ਵਿਧਾਇਕ ਸਨ, ਪਰ ਕਰਨਾਟਕ ਵਿਚ ਹੋਈ ਹਾਰ ਤੋਂ ਬਾਅਦ 40 ਵਿਧਾਇਕ ਘੱਟ ਹੋ ਕੇ ਇਹ ਅੰਕੜਾ ਹੁਣ 195 ਹੀ ਰਹਿ ਗਿਆ ਏ।
ਸੋ 2014 ਵਿਚ ਜਦੋਂ ਭਾਜਪਾ ਸੱਤਾ ਵਿਚ ਆਈ ਸੀ ਅਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਸਨ ਤਾਂ ਉਸ ਸਮੇਂ ਦੇਸ਼ ਦੇ ਸੱਤ ਰਾਜਾਂ ਅਤੇ 25 ਫ਼ੀਸਦੀ ਆਬਾਦੀ ’ਤੇ ਭਾਜਪਾ ਦਾ ਸਾਸ਼ਨ ਸੀ। ਸਾਲ 2018 ਵਿਚ ਭਾਜਪਾ ਨੇ ਹਨ੍ਹੇਰੀ ਲਿਆ ਦਿੱਤੀ,,,, ਭਾਜਪਾ ਦੇ ਲਈ ਸਾਲ 2018 ਅਜਿਹਾ ਸਮਾਂ ਸੀ ਜਦੋਂ ਭਾਜਪਾ ਪੂਰੇ ਸ਼ਿਖ਼ਰਾਂ ’ਤੇ ਪਹੁੰਚ ਗਈ ਸੀ। ਉਸ ਸਮੇਂ ਦੇਸ਼ ਦੇ 21 ਰਾਜਾਂ ਅਤੇ ਕਰੀਬ 71 ਫ਼ੀਸਦੀ ਆਬਾਦੀ ’ਤੇ ਭਾਜਪਾ ਦਾ ਸਾਸ਼ਨ ਸੀ ਪਰ ਇਸ ਮਗਰੋਂ ਭਾਜਪਾ ਦਾ ਡਾਊਨ ਫਾਲ ਹੋਣਾ ਸ਼ੁਰੂ ਹੋ ਗਿਆ।
ਮੌਜੂਦਾ ਸਮੇਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਭਾਜਪਾ ਦੀ ਦੇਸ਼ ਦੇ 16 ਸੂਬਿਆਂ ਵਿਚ ਸਰਕਾਰ ਬਣ ਚੁੱਕੀ ਐ, ਜੋ 2018 ਵਿਚ 21 ਸੂਬਿਆਂ ਤੱਕ ਪਹੁੰਚ ਗਈ ਸੀ। ਭਾਵੇਂ ਕਿ ਭਾਜਪਾ ਦੇ ਜੇਤੂ ਰਥ ਨੂੰ ਰੋਕਣ ਲਈ ਕਾਂਗਰਸ ਨੇ ਕਈ ਪਾਰਟੀਆਂ ਨਾਲ ਮਿਲ ਕੇ ਪੂਰਾ ਜ਼ੋਰ ਲਗਾਇਆ ਹੋਇਆ ਏ, ਇਸ ਨੂੰ ਉਸੇ ਦਾ ਅਸਰ ਕਿਹਾ ਜਾ ਸਕਦਾ ਏ ਕਿ ਭਾਜਪਾ ਭਾਵੇਂ ਕੇਂਦਰੀ ਸੱਤਾ ਤੋਂ ਬਾਹਰ ਤਾਂ ਨਹੀਂ ਹੋਈ ਪਰ ਉਸ ਦੀ ਸੱਤਾ 21 ਸੂਬਿਆਂ ਤੋਂ ਘਟ ਕੇ 16 ਸੂਬਿਆਂ ਤੱਕ ਰਹਿ ਗਈ ਐ ਪਰ ਜਿਸ ਹਿਸਾਬ ਨਾਲ ਭਾਜਪਾ ਨੇ ਹੁਣ ਦੋ ਸੂਬੇ ਕਾਂਗਰਸ ਕੋਲੋਂ ਖੋਹ ਲਏ ਨੇ, ਉਸ ਤੋਂ ਇੰਝ ਜਾਪਦਾ ਏ ਕਿ ਭਾਜਪਾ ਦੇ ਜੇਤੂ ਰਥ ਨੂੰ ਰੋਕਣਾ ਫਿਲਹਾਲ ਵਿਰੋਧੀ ਪਾਰਟੀਆਂ ਦੇ ਵੱਸ ਦੀ ਗੱਲ ਨਹੀਂ ਰਹੀ।
ਸੋ ਤੁਹਾਡਾ ਇਸ ਮਾਮਲੇ ਨੂੰ ਲੈਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ