ਕੈਨੇਡਾ ’ਚ ਭਾਰਤੀ ਨੌਜਵਾਨ ਦੇ ਕਤਲ ਕੇਸ ’ਚ 3 ਵਿਰੁੱਧ ਦੋਸ਼ ਤੈਅ
ਸਰੀ, 4 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਸਰੀ ਦੇ ਵਾਸੀ ਪਵਨਦੀਪ ਚੋਪੜਾ ਦੇ ਕਤਲ ਕੇਸ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਵਿਰੁੱਧ ਫਸਟ ਡਿਗਰੀ ਮਰਡਰ ਦੇ ਦੋਸ਼ ਆਇਦ ਕਰ ਦਿੱਤੇ। ਪਵਨਦੀਪ ਨੂੰ ਪਿਛਲੇ ਸਾਲ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ, ਜਿਸ ਦੀ ਹਸਪਤਾਲ ਵਿੱਚ ਜਾ ਕੇ ਮੌਤ ਹੋ ਗਈ। ਸਰੀ ਦੇ […]
By : Hamdard Tv Admin
ਸਰੀ, 4 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਸਰੀ ਦੇ ਵਾਸੀ ਪਵਨਦੀਪ ਚੋਪੜਾ ਦੇ ਕਤਲ ਕੇਸ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਵਿਰੁੱਧ ਫਸਟ ਡਿਗਰੀ ਮਰਡਰ ਦੇ ਦੋਸ਼ ਆਇਦ ਕਰ ਦਿੱਤੇ। ਪਵਨਦੀਪ ਨੂੰ ਪਿਛਲੇ ਸਾਲ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ, ਜਿਸ ਦੀ ਹਸਪਤਾਲ ਵਿੱਚ ਜਾ ਕੇ ਮੌਤ ਹੋ ਗਈ।
ਸਰੀ ਦੇ ਪਵਨਦੀਪ ਚੋਪੜਾ ਦੀ ਪਿਛਲੇ ਸਾਲ ਹੋਈ ਸੀ ਹੱਤਿਆ
ਸਰੀ ਆਰਸੀਐਮਪੀ ਨੇ ਦੱਸਿਆ ਕਿ ਪਿਛਲੇ ਸਾਲ 3 ਨਵੰਬਰ 2022 ਨੂੰ ਰਾਤੀ ਸਵਾ 10 ਵਜੇ 24 ਸਾਲ ਦੇ ਇੱਕ ਨੌਜਵਾਨ ’ਤੇ ਕਾਤਲਾਨਾ ਹਮਲਾ ਹੋਇਆ ਸੀ, ਜਿਸ ਦੀ ਪਛਾਣ ਸਰੀ ਦੇ ਵਾਸੀ ਪਵਨਦੀਪ ਚੋਪੜਾ ਵਜੋਂ ਹੋਈ। ਹਮਲੇ ’ਚ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹੋਏ ਪਵਨਦੀਪ ਨੂੰ ਹਸਪਤਾਲ ਵਿੱਚ ਦਾਖਲਾ ਕਰਵਾਇਆ ਗਿਆ ਸੀ, ਜਿੱਥੇ ਦੋ ਦਿਨ ਬਾਅਦ ਜ਼ਖਮਾਂ ਦੀ ਤਾਬ ਨਾਲ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ।
3 ਨਵੰਬਰ 2022 ਨੂੰ ਹੋਇਆ ਸੀ ਜਾਨਲੇਵਾ ਹਮਲਾ
ਆਈ ਹਿਟ ਭਾਵ ਇੰਟੀਗਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਇਸ ਕਤਲ ਕੇਸ ਦੀ ਡੂੰਘਾਈ ਨਾਲ ਪੜਤਾਲ ਸ਼ੁਰੂ ਕੀਤੀ, ਜਿਸ ਵਿੱਚ ਸਰੀ ਆਰਸੀਐਮਪੀ, ਬੀ.ਸੀ. ਕੌਰੋਨਰਸ ਸਰਵਿਸ, ਸੀਰੀਅਸ ਕਰਾਈਮ ਯੂਨਿਟ ਅਤੇ ਇੰਟੀਗਰੇਟਡ ਫੌਰੈਂਸਿਕ ਆਈਡੈਂਟੀਫਿਕੇਸ਼ਨ ਸੈਕਸ਼ਨ ਨੇ ਉਨ੍ਹਾਂ ਨੂੰ ਭਰਵਾਂ ਸਹਿਯੋਗ ਦਿੱਤਾ।
3 ਮੁਲਜ਼ਮ ਗ੍ਰਿਫ਼ਤਾਰ, ਫਸਟ ਡਿਗਰੀ ਮਰਡਰ ਦੇ ਦੋਸ਼ ਆਇਦ
ਕਈ ਮਹੀਨੇ ਦੀ ਲੰਮੀ ਜਾਂਚ-ਪੜਤਾਲ ਮਗਰੋਂ ਪੁਲਿਸ ਨੇ ਹੁਣ ਪਵਨਦੀਪ ਦੇ ਕਤਲ ਮਾਮਲੇ ਵਿੱਚ ਤਿੰਨ ਲੋਕਾਂ ਵਿਰੁੱਧ ਫਸਟ ਡਿਗਰੀ ਮਰਡਰ ਦੇ ਦੋਸ਼ ਆਇਦ ਕਰ ਦਿੱਤੇ। ਇਨ੍ਹਾਂ ਵਿੱਚ ਉਨਟਾਰੀਓ ਦੇ ਨੌਰਥ ਯਾਰਕ ਦਾ ਵਾਸੀ 24 ਸਾਲਾ ਲਸੈਲ ਟਿਨਡੇਲ, ਬਰੈਂਪਟਨ ਦਾ ਵਾਸੀ 22 ਸਾਲਾ ਸਗੋਵੀਆ ਸੈਨਵੇਜ਼ਾ ਅਤੇ ਬੀ.ਸੀ. ਦੇ ਐਬਟਸਫੋਰਡ ਦਾ ਵਾਸੀ 25 ਸਾਲਾ ਟੈਰੀ ਮੈਕਡੌਨਾਲਡ ਸ਼ਾਮਲ ਹੈ।
ਇੰਟੀਗਰੇਟਡ ਹੋਮਸਾਈਡ ਇਨਵੈਸਟੀਗੇਸ਼ਨ ਟੀਮ ਦੇ ਸਾਰਜੈਂਟ ਟਿਮਥੀ ਪਿਉਰੋਟੀ ਨੇ ਦੱਸਿਆ ਕਿ ਇਸ ਵਾਰਦਾਤ ਦੀਆਂ ਤਾਰਾਂ ਕਈ ਸੂਬਿਆਂ ਵਿੱਚ ਬੈਠੇ ਮੁਲਜ਼ਮਾਂ ਨਾਲ ਜੁੜੀਆਂ ਹੋਈ ਸੀ, ਜਿਸ ਨੂੰ ਹੱਲ ਕਰਨ ਵਿੱਚ ਕਈ ਮਹੀਨੇ ਲੱਗ ਗਏ। ਇਹ ਕੇਸ ਹੱਲ ਕਰਨ ਵਿੱਚ ਸਹਿਯੋਗ ਦੇਣ ਵਾਲੀਆਂ ਸਾਰੀਆਂ ਭਾਈਵਾਲ ਟੀਮਾਂ ਦਾ ਸਾਰਜੈਂਟ ਟਿਮਥੀ ਨੇ ਇੰਟੀਗਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਵਿੱਚ ਉਨ੍ਹਾਂ ਨੇ ਖਾਸ ਤੌਰ ’ਤੇ ਸਰੀ ਆਰਸੀਐਮਪੀ, ਵੈਸਟ ਕੈਲੋਨਾ ਆਰਸੀਐਮਪੀ, ਪੀਲ ਰੀਜਨਲ ਪੁਲਿਸ ਸਰਵਿਸ ਅਤੇ ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਦਾ ਜ਼ਿਕਰ ਕੀਤਾ। ਪਵਨਦੀਪ ਚੋਪੜਾ ਦੇ ਕੇਸ ਸਬੰਧੀ ਹੋਰ ਵੇਰਵੇ ਦੇਣ ਤੋਂ ਇਨਕਾਰ ਕਰਦਿਆਂ ਸਾਰਜੈਂਟ ਟਿਮਥੀ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਨਹੀਂ ਦੇ ਸਕਦੇ, ਕਿਉਂਕਿ ਹੁਣ ਇਹ ਕੇਸ ਕੋਰਟ ਵਿੱਚ ਚੱਲੇਗਾ, ਜਿੱਥੇ ਸਾਰੇ ਸਬੂਤ ਤੇ ਗਵਾਹ ਆਦਿ ਪੇਸ਼ ਕੀਤੇ ਜਾਣਗੇ।
ਦੱਸ ਦੇਈਏ ਕਿ ਮਈ 2018 ਵਿੱਚ ਵੈਨਕੁਵਰ ਪੁਲਿਸ ਨੇ ਲੋਅਰ ਮੇਨਲੈਂਡ ਵਿੱਚ ਅਪਰਾਧਕ ਗਤੀਵਿਧੀਆਂ ਦੇ ਦੋਸ਼ਾਂ ਤਹਿਤ ‘ਤਕਦੀਰ ਗਿੱਲ’ ਨਾਂ ਦੇ ਇੱਕ ਗਰੁੱਪ ਦੇ 7 ਮੈਂਬਰ ਗ੍ਰਿਫ਼ਤਾਰ ਕੀਤੇ ਸੀ। ਇਨ੍ਹਾਂ ਵਿੱਚ ਪਵਨਦੀਪ ਚੋਪੜਾ ਦਾ ਨਾਮ ਵੀ ਸ਼ਾਮਲ ਸੀ, ਜਿਸ ਦੀ ਉਮਰ ਉਸ ਵੇਲੇ 20 ਸਾਲ ਸੀ। ਪਵਨਦੀਪ ’ਤੇ ਉਸ ਵੇਲੇ ਪਾਬੰਦੀਸ਼ੁਧਾ ਹਥਿਆਰ ਰੱਖਣ ਦੇ ਦੋਸ਼ ਲੱਗੇ ਸੀ।
ਉੱਧਰ ਐਬਟਸਫੋਰਡ ਦਾ ਟੈਰੀ ਮੈਕਡੌਨਾਲਡ ਅਤੇ ਇੱਕ ਹੋਰ ਵਿਅਕਤੀ ਹਥਿਆਰਾਂ ਨਾਲ ਸਬੰਧਤ ਅਪਰਾਧਕ ਕੇਸ ਵਿੱਚ ਜੇਲ੍ਹ ਵਿੱਚ ਬੰਦ ਸਨ, ਜਿਨ੍ਹਾਂ ਨੂੰ ਇਸ ਸਾਲ 25 ਮਈ ਨੂੰ ਕੋਰਟ ਨੇ ਸ਼ਰਤਾਂ ਤਹਿਤ ਜ਼ਮਾਨਤ ਦੇ ਦਿੱਤੀ। ਇਨ੍ਹਾਂ ਦੋਵਾਂ ਨੇ ਜ਼ਮਾਨਤੀ ਸ਼ਰਤਾਂ ਦਾ ਉਲੰਘਣ ਕਰਦਿਆਂ ਐਂਕਲ ਮੋਨੀਟਰ ਭਾਵ ਗਿੱਟੇ ’ਤੇ ਲੱਗਿਆ ਕੈਮਰਾ ਵੀ ਉਤਾਰ ਦਿੱਤਾ ਤੇ ਘਰੋਂ ਫਰਾਰ ਹੋ ਗਏ। ਸਰੀ ਆਰਸੀਐਮਪੀ ਨੇ ਕੋਰਟ ਵਿੱਚ ਇਸ ਸਬੰਧੀ ਰਿਪੋਰਟ ਪੇਸ਼ ਕੀਤੀ।
ਉਸ ਤੋਂ ਬਾਅਦ 7 ਜੂਨ ਨੂੰ ਇੰਟੀਗਰੇਟਡ ਲੋਅਰ ਮੇਨਲੈਂਡ ਐਮਰਜੰਸੀ ਰਿਸਪੌਂਸ ਟੀਮ ਦੇ ਸਹਿਯੋਗ ਨਾਲ ਸਰੀ ਆਰਸੀਐਮਪੀ ਦੀ ਸਟਰਾਈਕ ਫੋਰਸ ਟਾਰਗੇਟ ਟੀਮ ਨੇ ਟੈਰੀ ਮੈਕਡੌਨਾਲਡ ਨੂੰ ਸਰੀ ਦੇ ਫਲੀਟਵੁੱਡ ਖੇਤਰ ਵਿੱਚੋਂ ਗ੍ਰਿਫ਼ਤਾਰ ਕਰ ਲਿਆ। ਉਸ ’ਤੇ ਕਈ ਅਪਰਾਧਕ ਕੇਸ ਚੱਲ ਰਹੇ ਹਨ। ਉਸ ਮਗਰੋਂ ਹੁਣ ਪਵਨਦੀਪ ਚੋਪੜਾ ਦੇ ਕਤਲ ਕੇਸ ਵਿੱਚ ਵੀ ਫਸਟ ਡਿਗਰੀ ਮਰਡਰ ਦੇ ਦੋਸ਼ ਆਇਦ ਕਰ ਦਿੱਤੇ ਗਏ।