ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਨਵੇਂ ਸੈਸ਼ਨ ਲਈ ਸਰਕਾਰੀ ਸਕੂਲਾਂ ਨਾਲ ਜੁੜੀ ਅਹਿਮ ਖ਼ਬਰ
ਚੰਡੀਗੜ੍ਹ, 11ਮਈ, ਪਰਦੀਪ ਸਿੰਘ: ਚੰਡੀਗੜ੍ਹ ਸਿੱਖਿਆ ਵਿਭਾਗ ਵਲੋਂ ਨਵੇਂ ਸੈਸ਼ਨ ਲਈ ਸ਼ਹਿਰ ਦੇ ਸਰਕਾਰੀ ਸਕੂਲਾਂ ਲਈ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਸਿੱਖਿਆ ਵਿਭਾਗ ਵੱਲੋਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਕਾਰੀ ਸਕੂਲਾਂ ’ਚ ਸਿੱਖਿਆ ਵਿਚ ਸੁਧਾਰ ਤੇ ਅਧਿਆਪਕਾਂ ਦੀ ਘਾਟ ਪੂਰਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਸਕੂਲਾਂ ’ਚ 23 […]
By : Editor Editor
ਚੰਡੀਗੜ੍ਹ, 11ਮਈ, ਪਰਦੀਪ ਸਿੰਘ: ਚੰਡੀਗੜ੍ਹ ਸਿੱਖਿਆ ਵਿਭਾਗ ਵਲੋਂ ਨਵੇਂ ਸੈਸ਼ਨ ਲਈ ਸ਼ਹਿਰ ਦੇ ਸਰਕਾਰੀ ਸਕੂਲਾਂ ਲਈ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਸਿੱਖਿਆ ਵਿਭਾਗ ਵੱਲੋਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਕਾਰੀ ਸਕੂਲਾਂ ’ਚ ਸਿੱਖਿਆ ਵਿਚ ਸੁਧਾਰ ਤੇ ਅਧਿਆਪਕਾਂ ਦੀ ਘਾਟ ਪੂਰਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਸਕੂਲਾਂ ’ਚ 23 ਮਈ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਹੋਣ ਜਾ ਰਹੀਆਂ ਹਨ। ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ’ਚ 11ਵੀਂ ’ਚ ਆਨਲਾਈਨ ਦਾਖ਼ਲੇ ਦੇ ਨਾਲ 594 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਪੂਰਾ ਕਰਨ ਜਾ ਰਿਹਾ ਹੈ। 2 ਸਰਕਾਰੀ ਸਕੂਲਾਂ ’ਚ ਬਲਾਕ ਤੇ 3 ਨਵੇਂ ਸਕੂਲ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਸਿੱਖਿਆ ਵਿਭਾਗ ਵੱਲੋਂ ਸੈਕਟਰ-7 ਦੇ ਸਰਕਾਰੀ ਹਾਈ ਸਕੂਲ ’ਚ ਪ੍ਰੀ-ਪ੍ਰਾਇਮਰੀ ਤੋਂ ਇਲਾਵਾ ਮਲੋਆ ਸਥਿਤ ਜੀ. ਐੱਸ. ਐੱਸ. ਐੱਸ. ਬਲਾਕ ਐਕਸਟੈਨਸ਼ਨ ਤੋਂ ਇਲਾਵਾ ਧਨਾਸ, ਮਨੀਮਾਜਰਾ ਅਤੇ ਹੱਲੋਮਾਜਰਾ ’ਚ ਨਵੇਂ ਸਕੂਲ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ’ਚ ਸਿੱਖਿਆ ਦਾ ਪੱਧਰ ਉੱਚਾ ਚੁੱਕ ਕੇ ਅਧਿਆਪਕਾਂ ਦੀ ਘਾਟ ਨੂੰ ਦੂਰ ਕਰਨ ਜਾ ਰਿਹਾ ਹੈ। ਇਸ ਦੀ ਤਿਆਰੀ ਵਿਭਾਗ ਵੱਲੋਂ ਪਿਛਲੇ ਸਾਲ ਤੋਂ ਸ਼ੁਰੂ ਕਰ ਦਿੱਤੀ ਗਈ ਹੈ।
ਚੋਣ ਜ਼ਾਬਤਾ ਲਾਗੂ ਹੋਣ ਕਾਰਨ ਅਧਿਆਪਕਾਂ ਦੀ ਭਰਤੀ ਦੌਰਾਨ ਪ੍ਰੀਖਿਆ ਨਤੀਜੇ ਐਲਾਨਣ ’ਚ ਦੇਰੀ ਹੋ ਰਹੀ ਹੈ। ਜੂਨ ’ਚ ਨਵੇਂ ਅਧਿਆਪਕਾਂ ਦੀ ਭਰਤੀ ਮੁਕੰਮਲ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਅਧਿਆਪਕਾਂ ਦੀਆਂ 594 ਅਸਾਮੀਆਂ ’ਚੋਂ 396 ਜੇ.ਬੀ.ਟੀ ਅਧਿਆਪਕ, 100 ਐੱਨ.ਟੀ.ਟੀ ਅਧਿਆਪਕ ਤੇ 98 ਪੀ.ਜੀ.ਟੀ ਅਧਿਆਪਕ ਨਵੇਂ ਮਿਲਣਗੇ। ਵਿਭਾਗ ਵੱਲੋਂ ਲਿਖਤੀ ਪ੍ਰੀਖਿਆ ਲਈ ਗਈ ਹੈ। ਸਿਰਫ਼ ਨਤੀਜੇ ਐਲਾਨ ਹੋਣੇ ਹਨ।
ਸਿੱਖਿਆ ਵਿਭਾਗ ਅਨੁਸਾਰ ਟੀ. ਜੀ. ਟੀ. ਦੀਆਂ 303 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਲਈ ਜੂਨ ਅੰਤ ’ਚ ਪ੍ਰੀਖਿਆਵਾਂ ਹੋਣਗੀਆਂ। ਟੀ. ਜੀ. ਟੀ. ਤੇ ਸਪੈਸ਼ਲ ਐਜੂਕੇਟਰ ਦੇ ਅਹੁਦਿਆਂ ਨੂੰ ਛੱਡ ਕੇ ਹੋਰ ਨਿਯੁਕਤੀਆਂ ਜੂਨ ’ਚ ਕੀਤੀਆਂ ਜਾਣਗੀਆਂ। ਜੁਲਾਈ ਮਹੀਨੇ ’ਚ ਜਦੋਂ ਸਕੂਲ ਖੁੱਲ੍ਹਣਗੇ ਤਾਂ ਨਵੇਂ ਅਧਿਆਪਕ ਬੱਚਿਆਂ ਦਾ ਸਵਾਗਤ ਕਰਨਗੇ। ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ 112 ਸਰਕਾਰੀ ਸਕੂਲਾਂ ’ਚ ਅਧਿਆਪਕਾਂ ਤੇ ਬੱਚਿਆਂ ਦੀ ਗਿਣਤੀ ਇਲਾਕੇ ’ਤੇ ਨਿਰਭਰ ਕਰਦੀ ਹੈ।