ਕੈਨੇਡਾ-ਭਾਰਤ ਸਬੰਧ ਵਿਗੜੇ ਤਾਂ ਪੰਜਾਬੀਆਂ ’ਤੇ ਹੋਵੇਗਾ ਅਸਰ
ਨਵੀਂ ਦਿੱਲੀ/ਔਟਵਾ, 19 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਅਤੇ ਭਾਰਤ ਵਿਚਾਲੇ ਸ਼ੁਰੂ ਹੋਏ ਵਿਵਾਦ ਕਾਰਨ ਦੋਵਾਂ ਮੁਲਕਾਂ ਵਿਚਾਲੇ ਵਪਾਰ ਹੀ ਨਹੀਂ, ਸਗੋਂ ਉੱਥੇ ਰਹਿ ਰਹੇ ਲੋਕਾਂ ’ਤੇ ਵੀ ਅਸਰ ਪਏਗਾ। ਸਭ ਤੋਂ ਵੱਧ ਮਾਰ ਪੰਜਾਬੀਆਂ ’ਤੇ ਪਏਗੀ, ਕਿਉਂਕਿ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਵਿੱਚ ਸਭ ਤੋਂ ਵੱਧ ਗਿਣਤੀ ਇਸ ਭਾਈਚਾਰੇ ਦੀ […]
By : Hamdard Tv Admin
ਨਵੀਂ ਦਿੱਲੀ/ਔਟਵਾ, 19 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਅਤੇ ਭਾਰਤ ਵਿਚਾਲੇ ਸ਼ੁਰੂ ਹੋਏ ਵਿਵਾਦ ਕਾਰਨ ਦੋਵਾਂ ਮੁਲਕਾਂ ਵਿਚਾਲੇ ਵਪਾਰ ਹੀ ਨਹੀਂ, ਸਗੋਂ ਉੱਥੇ ਰਹਿ ਰਹੇ ਲੋਕਾਂ ’ਤੇ ਵੀ ਅਸਰ ਪਏਗਾ। ਸਭ ਤੋਂ ਵੱਧ ਮਾਰ ਪੰਜਾਬੀਆਂ ’ਤੇ ਪਏਗੀ, ਕਿਉਂਕਿ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਵਿੱਚ ਸਭ ਤੋਂ ਵੱਧ ਗਿਣਤੀ ਇਸ ਭਾਈਚਾਰੇ ਦੀ ਹੈ।
ਕੈਨੇਡਾ ਦੀ ਕੁੱਲ ਅਬਾਦੀ ਦਾ 2.6 ਫੀਸਦੀ ਯਾਨੀ 9 ਲੱਖ 42 ਹਜ਼ਾਰ 170 ਪੰਜਾਬੀ ਉੱਥੇ ਰਹਿੰਦੇ ਹਨ। ਇਹ ਨਾ ਸਿਰਫ਼ ਉੱਥੇ ਨੌਕਰੀ ਪੇਸ਼ਾ ਕਰਦੇ ਨੇ, ਸਗੋਂ ਇਨ੍ਹਾਂ ਵੱਲੋਂ ਆਪਣਾ ਕਾਰੋਬਾਰ ਵੀ ਚਲਾਇਆ ਜਾ ਰਿਹਾ ਹੈ।
ਦੋਵਾਂ ਦੇਸ਼ਾਂ ਦੇ ਵਪਾਰਕ ਅੰਕੜਿਆਂ ’ਤੇ ਝਾਤ ਮਾਰੀਏ ਤਾਂ 2021-22 ਵਿੱਤੀ ਸਾਲ ਦੌਰਾਨ ਭਾਰਤ ਅਤੇ ਕੈਨੇਡਾ ਵਿਚਾਲੇ 7 ਅਰਬ ਡਾਲਰ ਦਾ ਵਪਾਰ ਹੋਇਆ ਸੀ, ਜਦਕਿ ਸਾਲ 2022-23 ਦੇ ਵਿੱਤੀ ਸਾਲ ਵਿੱਚ 8.16 ਅਰਬ ਡਾਲਰ ਦਾ ਵਪਾਰ ਦੋਵਾਂ ਦੇਸ਼ਾਂ ਵਿਚਾਲੇ ਹੁਣ ਤੱਕ ਹੋ ਚੁੱਕਾ ਹੈ। ਪਰ ਜਿਸ ਤਰ੍ਹਾਂ ਭਾਰਤ ਨੇ ਕੈਨੈਡਾ ਦੀ ਧਰਤੀ ’ਤੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਵਪਾਰ ਸਮਝੌਤਿਆਂ ’ਤੇ ਰੋਕ ਲਾਈ ਹੈ, ਉਸ ਨਾਲ ਕਾਰੋਬਾਰ ਪ੍ਰਭਾਵਿਤ ਹੋ ਸਕਦਾ ਹੈ।
ਕੈਨੇਡਾ ’ਚ ਪੰਜਾਬੀ ਕਿਸਾਨਾਂ ’ਤੇ ਵੀ ਪਏਗਾ ਮਾੜਾ ਅਸਰ : ਜੀ ਹਾਂ, ਕਿਉਂਕਿ ਕੈਨੇਡਾ ਤੋਂ ਭਾਰਤ ਵਿੱਚ ਜ਼ਿਆਦਾਤਰ ਖੇਤੀ ਅਤੇ ਬਾਗਬਾਨੀ ਨਾਲ ਜੁੜੇ ਉਤਪਾਦ ਹੀ ਸਪਲਾਈ ਹੁੰਦੇ ਹਨ। ਦੇਸ਼ ਵਿੱਚ ਇਸ ਬਿਜ਼ਨਸ ’ਤੇ ਪੰਜਾਬੀਆਂ ਦਾ ਹੀ ਦਬਦਬਾ ਹੈ। ਖੇਤੀ ਅਤੇ ਬਾਗਬਾਨੀ ਕੈਨੇਡਾ ਵਿੱਚ ਲਗਭਗ ਪੰਜਾਬੀਆਂ ਦੇ ਹੀ ਹੱਥ ਵਿੱਚ ਹੈ। ਜੇਕਰ ਭਾਰਤ ਦੇ ਕੈਨੇਡਾ ਨਾਲ ਵਪਾਰਕ ਸਬੰਧ ਠੀਕ ਨਾ ਰਹੇ ਤਾਂ ਇਸ ਦੀ ਸਿੱਧੀ ਮਾਰ ਕੈਨੇਡਾ ਵਿੱਚ ਖੇਤੀ ਅਤੇ ਬਾਗਬਾਨੀ ਕਾਰੋਬਾਰ ਨਾਲ ਜੁੜੇ ਲੋਕਾਂ ’ਤੇ ਪਏਗੀ।
ਇਸ ਦੇ ਅਸਰ ਲਈ ਨਵੰਬਰ 2017 ਦੀ ਉਦਾਹਰਨ ਵੀ ਦੇਖੀ ਜਾ ਸਕਦੀ ਹੈ। ਭਾਰਤ ਨੇ ਪੀਲੀ ਮਟਰ ਦੀ ਦਾਲ ਆਯਾਤ ’ਤੇ ਰੋਕ ਲਾਉਣ ਲਈ ਇਸ ’ਤੇ ਟੈਰਿਫ਼ ਵਧਾ ਕੇ 50 ਫੀਸਦੀ ਕਰ ਦਿੱਤਾ ਸੀ। ਇਸ ਦੀ ਵਰਤੋਂਬੇਸਣ ਬਣਾਉਣ ਵਿੱਚ ਹੁੰਦੀ ਹੈ। ਇਸ ਪਾਬੰਦੀ ਦਾ ਕੈਨੇਡਾ ਦੇ ਕਿਸਾਨਾਂ ’ਤੇ ਕਾਫ਼ੀ ਬੁਰਾ ਅਸਰ ਪਿਆ। ਕੈਨੇਡਾ ਦੇ ਕਿਸਾਨਾਂ ਨੂੰ ਆਪਣੀ ਪੈਦਾਵਾਰ ਘੱਟ ਕੀਮਤ ’ਤੇ ਪਾਕਿਸਤਾਨ ਨੂੰ ਭੇਜਣੀ ਪਈ ਸੀ।
ਦੱਸ ਦੇਈਏ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ’ਤੇ ਗੰਭੀਰ ਦੋਸ਼ ਲਾਏ ਨੇ। ਸੰਸਦ ਵਿੱਚ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਸਿੱਖ ਨੇਤਾ ਦੇ ਕਤਲ ਪਿੱਛੇ ਭਾਰਤ ਦਾ ਹੱਥ ਹੈ। ਇਹ ਦੋਸ਼ ਲਾਉਣ ਦੇ ਨਾਲ ਹੀ ਕੈਨੇਡਾ ਨੇ ਭਾਰਤੀ ਡਿਪਲੋਮੈਟ ਨੂੰ ਵੀ ਦੇਸ਼ ਵਿੱਚੋਂ ਕੱਢ ਦਿੱਤਾ। ਉੱਧਰ ਭਾਰਤ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਲਾਏ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਇਸ ਦੇ ਨਾਲ ਹੀ ਬਦਲਾ ਲਊ ਕਾਰਵਾਈ ਕਰਦੇ ਹੋਏ ਕੈਨੇਡੀਅਨ ਡਿਪਲੋਮੈਟ ਨੂੰ ਦੇਸ਼ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ।
ਇਸ ਤੋਂ ਪਹਿਲਾਂ ਜੀ-20 ਬੈਠਕ ਵਿੱਚ ਸ਼ਾਮਲ ਹੋਣ ਮਗਰੋਂ ਕੈਨੇਡਾ ਵਾਪਸ ਜਾਂਦੇ ਹੀ ਜਸਟਿਨ ਟਰੂਡੋ ਨੇ ਭਾਰਤ ਨਾਲ ਟਰੇਡ ਮਿਸ਼ਨ ਨੂੰ ਰੋਕਣ ਦਾ ਐਲਾਨ ਕਰ ਦਿੱਤਾ ਸੀ। ਇਸ ਬਾਰੇ ਫਿਲਹਾਲ ਅਜੇ ਤੱਕ ਕੋਈ ਵੀ ਕਾਰਨ ਪਤਾ ਨਹੀਂ ਲੱਗਾ। ਮਿਲੀ ਜਾਣਕਾਰੀ ਮੁਤਾਬਕ ਵਪਾਰਕ ਸੰਧੀ ਲਈ ਭਾਰਤ ਨਾਲ ਗੱਲਬਾਤ ਨੂੰ ਅਜੇ ਮੁਲਤਵੀ ਕੀਤਾ ਦਿੱਤਾ ਗਿਆ ਹੈ।